Panth Rattan Tohra’s Family left SAD, joined AAP

ਪੰਥ ਰਤਨ ਸਵਰਗਵਾਸੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਹੋਇਆ ‘ਆਪ’ ਵਿਚ ਸ਼ਾਮਲ
ਟੌਹੜਾ ਪਰਿਵਾਰ ਨੇ ਸ੍ਰੋਮਣੀ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਛੱਡੀ ਪਾਰਟੀ

ਚੰਡੀਗੜ੍ਹ, 30 ਅਗਸਤ : ਪੰਜਾਬ ਦੇ ਪੰਥਕ ਹਲਕਿਆਂ ਅਤੇ ਸਿੱਖ ਸਿਆਸਤ ਵਿਚ ਆਪਣਾ ਅਲੱਗ ਮੁਕਾਮ ਰੱਖਣ ਵਾਲੇ ਪੰਥ ਰਤਨ ਸਵਰਗਵਾਸੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਅੱਜ ਸ੍ਰੋਮਣੀ ਅਕਾਲੀ ਦਲ (ਬਾਦਲ) ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ|
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ, ਪਾਰਟੀ ਦੇ ਬੁਲਾਰੇ ਗੁਰਪ੍ਰੀਤ ਘੁੱਗੀ, ਲੀਗਲ ਵਿੰਗ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ, ਪਾਰਟੀ ਦੇ ਬੁਲਾਰੇ ਅਤੇ ਪਟਿਆਲਾ ਜੋਨ ਦੇ ਇੰਚਾਰਜ ਡਾ. ਬਲਵੀਰ ਸਿੰਘ, ਟਰੇਡ ਅਤੇ ਇੰਡਸਟਰੀ ਵਿੰਗ ਦੇ ਪ੍ਰਧਾਨ ਅਮਨ ਅਰੋੜਾ, ਕਿਸਾਨ ਵਿੰਗ ਦੇ ਜਨਰਲ ਸਕੱਤਰ ਕਰਨਵੀਰ ਸਿੰਘ ਟਿਵਾਣਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਸਨ|
ਟੌਹੜਾ ਪਰਿਵਾਰ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਵਿਚ ਪੈਦਾ ਹੋਏ ਹਲਾਤਾਂ ਨੂੰ ਠੀਕ ਕਰਨ ਲਈ ਸਮੂਹ ਪੰਜਾਬੀਆਂ ਦਾ ਇਕੱਠਾ ਹੋਣਾ ਜਰੂਰੀ ਹੈ ਅਤੇ ਟੌਹੜਾ ਪਰਿਵਾਰ ਜਿਸਨੇ ਕਿ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਇਸ ਕਾਫਿਲੇ ਨੂੰ ਨਿਸ਼ਚਿਤ ਤੌਰ ਤੇ ਮਜਬੂਤੀ ਦੇਵੇਗਾ| ਸੰਜੇ ਸਿੰਘ ਨੇ ਕਿਹਾ ਕਿ ਟੌਹੜਾ ਪਰਿਵਾਰ ਦੀਆਂ ਪੰਜਾਬ ਅਤੇ ਪੰਥ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ|
ਪਾਰਟੀ ਵਿਚ ਸ਼ਮੂਲੀਅਤ ਦਾ ਐਲਾਨ ਕਰਦੇ ਹੋਏ ਜੱਥੇਦਾਰ ਟੌਹੜਾ ਦੀ ਬੇਟੀ ਬੀਬਾ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਪੰਜਾਬੀਆਂ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕੀਤਾ ਹੈ| ਉਨ੍ਹਾਂ ਕਿਹਾ ਕਿ ਜੱਥੇਦਾਰ ਟੌਹੜਾ ਨੇ ਆਪਣੀ ਸਾਰੀ ਉਮਰ ਸ੍ਰੋਮਣੀ ਅਕਾਲੀ ਦਲ (ਬ) ਦੀ ਸੇਵਾ ਵਿਚ ਲਗਾ ਦਿੱਤੀ ਪਰੰਤੂ ਪਾਰਟੀ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਂਦਿਆਂ ਹੀ ਉਨ੍ਹਾਂ ਨੇ ਟਕਸਾਲੀ ਅਕਾਲੀਆਂ ਨੂੰ ਅਣਗੋਲਿਆਂ ਕਰਨਾ ਸ਼ੁਰੂ ਕਰ ਦਿੱਤਾ|
ਟੌਹੜਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਹੱਕਾਂ ਲਈ ਹਰ ਮੋਰਚੇ ਵਿਚ ਸ਼ਾਮਲ ਹੁੰਦਾ ਰਿਹਾ ਅਤੇ ਜੇਲਾਂ ਕੱਟਦਾ ਰਿਹਾ| ਜੱਥੇਦਾਰ ਟੌਹੜਾ 27 ਸਾਲ ਤੱਕ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਕਰੀਬ 26 ਸਾਲ ਤੱਕ ਲੋਕ ਸਭਾ ਦੇ ਮੈਂਬਰ ਰਹੇ, ਪਰੰਤੂ ਸ੍ਰੋਮਣੀ ਅਕਾਲੀ ਦੇ ਬਦਲੇ ਰੂਪ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਉਹ ਪਾਰਟੀ ਛੱਡਣ ਲਈ ਮਜਬੂਰ ਹੋ ਗਏ| ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਸਾਫ-ਸੁਥਰੀ ਰਾਜਨੀਤੀ ਅਤੇ ਇਕ ਵਧੀਆ ਸਮਾਜ ਸਿਰਜਣ ਦੀ ਨੀਅਤ ਨਾਲ ਕਾਰਜ ਕਰ ਰਹੀ ਹੈ ਇਸ ਕਰਕੇ ਉਹ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ|
ਟੌਹੜਾ ਨੇ ਕਿਹਾ ਕਿ ਅਕਾਲੀ ਦਲ ਵਿਚ ਇਸ ਸਮੇਂ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਨਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ| ਅਜਿਹੇ ਹਲਾਤ ਵਿਚ ਉਨ੍ਹਾਂ ਦਾ ਅਕਾਲੀ ਦਲ ਵਿਚ ਦਮ ਘੁਟ ਰਿਹਾ ਸੀ ਅਤੇ ਉਹ ਬਿਨਾ ਸ਼ਰਤ ਆਪ ਵਿਚ ਸ਼ਾਮਲ ਹੋ ਗਏ ਹਨ|

Leave a Reply

Your email address will not be published. Required fields are marked *