Pendu Sangharsh Committee handed over memorandum to Mohali Mayor

ਪੇਂਡੂ ਸੰਘਰਸ਼ ਕਮੇਟੀ ਵਲੋਂ ਮੇਅਰ ਕੁਲਵੰਤ ਸਿੰਘ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਬੇਨਤੀ
ਮੇਅਰ ਨੂੰ ਕੀਤਾ ਸਨਮਾਨਿਤ

ਐਸ.ਏ.ਐਸ.ਨਗਰ, 7 ਸਤੰਬਰ (ਸ.ਬ.) ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਕਮੇਟੀ ਦਾ ਇੱਕ ਵਫਦ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਪਿੰਡ ਮਟੌਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਬੇਨਤੀ ਕੀਤੀ| ਮੰਗ ਪੱਤਰ ਵਿੱਚ ਖਾਸ ਤੌਰ ਤੇ ਟੈਲੀਕੌਮ ਕੰਪਨੀਆਂ ਜਿਵੇਂ ਰਿਲਾਇੰਸ, ਏਅਰ ਟੈਲ ਅਤੇ ਹੋਰਨਾ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਆਪਣੇ ਹਿਤਾਂ ਲਈ ਸੜਕਾਂ ਦੀ ਪੁਟਾਈ ਕੀਤੀ ਹੈ ਜਿਸ ਨਾਲ ਸੜਕਾਂ ਦਾ ਮਾੜਾ ਹਾਲ ਹੋ ਗਿਆ ਹੈ| ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਪਿੰਡ ਦੇ ਸਰਕਾਰੀ ਪਸ਼ੂਆਂ ਦੇ ਹਸਪਤਾਲ ਦੇ ਨੇੜੇ ਸੀਵਰੇਜ ਪਾਇਆ ਜਾਵੇ| ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਨੇ ਪਿਛਲੀ ਮੀਟਿੰਗ ਵਿੱਚ ਨਗਰ ਨਿਗਮ ਵਲੋਂ ਪਿੰਡਾਂ ਵਿਚ ਨਕਸ਼ਿਆਂ ਅਤੇ ਪ੍ਰਾਪਰਟੀ ਟੈਕਸ ਛੋਟ ਦੇਣ ਲਈ ਪਾਏ ਗਏ ਮਤੇ ਲਈ ਮੇਅਰ ਕੁਲਵੰਤ ਸਿੰਘ ਦਾ ਸਨਮਾਨ ਵੀ ਕੀਤਾ|
ਇਸ ਮੌਕੇ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਮਟੌਰ ਵਿਚ ਬਿਜਲੀ ਦੀਆਂ ਨਵੀਆਂ ਤਾਰਾਂ ਪਾ ਕੇ ਨਵੇਂ ਟਰਾਂਸਫਰ ਰਖੇ ਜਾਣ, ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਸੁਧਾਰ ਲਿਆਂਦਾ ਜਾਵੇ, ਪਿੰਡ ਦੀਆਂ ਬਰਸਾਤੀ ਪਾਣੀ ਦੀਆਂ ਪਾਇਪਾ ਦੀ ਢਲਾਣ ਠੀਕ ਕੀਤੀ ਜਾਵੇ ਕਿਉਂਕਿ ਮੌਜੂਦਾ ਸਮੇਂ ਢਲਾਣ ਠੀਕ ਨਾ ਹੋਣ ਕਾਰਨ ਪਿੰਡ ਦੇ ਸਾਰੇ ਗਟਰ ਬੰਦ ਰਹਿੰਦੇ ਹਨ ਜਿਸ ਕਾਰਨ ਪਾਣੀ ਗਲੀਆਂ ਵਿਚ ਖੜ੍ਹਦਾ ਹੈ|
ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਕਈ ਸਾਲ ਪਹਿਲਾਂ ਪਾਈ ਗਈ ਸੀਵਰੇਜ ਨੂੰ ਖੁਲ੍ਹਵਾਇਆ ਜਾਵੇ, ਪਿੰਡ ਦੇ ਫੁਟਪਾਥਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ, ਪਿੰਡ ਦੀ ਫਿਰਨੀ ਵਾਲੀ ਸੜਕ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਅਤੇ ਪਿੰਡ ਦੇ ਹਾਈ ਸਕੂਲ ਵਿਚ ਖੇਡ ਗਰਾਉਂਡ ਬਨਾਉਣ ਦੇ ਨਾਲ ਨਾਲ ਬੱਚਿਆਂ ਲਈ ਹੋਰ ਕਮਰੇ ਬਣਾਏ ਜਾਣ| ਮੇਅਰ ਸ੍ਰ. ਕੁਲਵੰਤ ਸਿੰਘ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਸੀ ਰਵਿੰਦਰ ਸਿੰਘ, ਜਸਵੰਤ ਸਿੰਘ ਮਟੌਰ, ਸਰਪੰਚ ਅਮਰੀਕ ਸਿੰਘ, ਗੁਰਮੇਜ ਸਿੰਘ ਫੌਜੀ, ਬੰਤ ਸਿੰਘ ਸ਼ਾਹੀਮਾਜਰਾ, ਜਗਦੇਵ ਸਿੰਘ ਸ਼ਾਹੀਮਾਜਰਾ, ਹਰਵਿੰਦਰ ਸਿੰਘ ਨੰਬਰਦਾਰ, ਨਛੱਤਰ ਸਿੰਘ ਮੁਹਾਲੀ, ਗੁਰਮੁੱਖ ਸਿੰਘ, ਗੁਰਬਖਸ਼ ਸਿੰਘ ਮਟੌਰ, ਬਹਾਦਰ ਸਿੰਘ ਮਦਨਪੁਰ, ਗੁਰਮੇਲ ਸਿੰਘ, ਭਿੰਦਰ ਸਿੰਘ, ਹਰਜੀਤ ਸਿੰਘ, ਜਮੇਰ ਸਿੰਘ, ਮਨਜੀਤ ਸਿੰਘ ਕੁੰਬੜਾ ਮੌਜੂਦ ਸਨ|

Leave a Reply

Your email address will not be published. Required fields are marked *