Pensioners held meeting regarding demands

ਪੰਜਾਬ ਗੌਰਮਿੰਟ ਪੈਨਸ਼ਨਰਜ਼ ਵਲੋਂ ਵਿਸ਼ਾਲ ਰੈਲੀ ਦਾ ਆਯੋਜਨ

ਐਸ ਏ ਐਸ ਨਗਰ, 13 ਸਤੰਬਰ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ  ਵੱਲੋਂ ਸਥਾਨਕ ਫੇਜ਼ 3ਬੀ1 ਦੇ ਰੋਜ਼ ਗਾਰਡਨ ਦੇ ਨਾਲ ਰੈਲੀ ਕੀਤੀ ਗਈ  ਜਿਸ ਵਿੱਚ ਹਾਜ਼ਰ ਪੈਨਸ਼ਨਰਾਂ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੇ ਟਾਲ ਮਟੋਲ ਰਵੱਈਏ ਵਿਰੁੱਧ ਨਾਅਰੇਬਾਜ਼ੀ ਕੀਤੀ|
ਰੈਲੀ ਨੂੰ ਸਬੋਧਨ ਕਰਦੇ ਹੋਏ ਜਨਰਲ ਸਕੱਤਰ ਮੋਹਨ ਸਿੰਘ ਨੇ ਕਿਹਾ ਕਿ ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇਰੀ ਨਾਲ ਕਿਸ਼ਤਾਂ ਵਿੱਚ ਦਿੱਤੇ ਜਾ ਰਹੇ ਹਨ| ਜੁਲਾਈ ਤੋਂ ਦਸੰਬਰ 2015 ਤੱਕ ਡੀ.ਏ ਦੇ ਬਕਾਏ ਬਾਰੇ ਕੋਈ ਫੈਸਲਾ ਹੀ ਨਹੀਂ ਕੀਤਾ ਗਿਆ|
ਜਨਵਰੀ 2016 ਤੋਂ 6 ਫੀਸਦੀ ਡੀ.ਏ ਦੀ ਕਿਸ਼ਤ ਪਿਛਲੇ 9 ਮਹੀਨਿਆਂ ਤੋਂ ਲਟਕਾਈ ਹੋਈ ਹੈ ਅਤੇ ਜੁਲਾਈ 2016 ਤੋਂ ਅਗਲੀ ਕਿਸ਼ਤ ਵੀ ਤਿਆਰ ਹੈ|  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ  ਆਦੇਸ਼ ਦਿੱਤੇ ਹਨ ਕਿ ਇਸ ਮਿਤੀ ਤੋਂ ਤਿੰਨ ਮਹੀਨੇ ਦੇ ਅੰਦਰ ਅੰਦਰ ਪਾਲਸੀ ਬਣਾ ਕੇ ਪੈਨਸ਼ਨਰਾਂ ਨੂੰ ਬਕਾਏ ਦਿੱਤੇ ਜਾਣ ਪਰ ਪੰਜਾਬ ਸਰਕਾਰ ਨੇ ਚੁੱਪੀ ਧਾਰਨ ਕੀਤੀ ਹੋਈ ਹੈ| ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਲੇ ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਜਨਵਰੀ 2016 ਨੂੰ ਬਣਦਾ 125 ਫੀਸਦੀ ਮਹਿੰਗਾਈ ਭੱਤਾ ਜੋੜਦੇ ਹੋਏ 20 ਫੀਸਦੀ ਅੰਤ੍ਰਿਮ ਰਿਲੀਫ ਤੁਰੰਤ ਜਾਰੀ ਕੀਤੀ ਜਾਵੇ| ਇਸ ਮੌਕੇ ਪ੍ਰਧਾਨ ਰਘਬੀਰ ਸਿੰਘ ਸੰਧੂ ਨੇ  ਦੱਸਿਆ ਕਿ  ਸੰਘਰਸ਼ ਦੇ ਅਗਲੇ ਪੜਾਅ ਵਜੋਂ 22 ਸਤੰਬਰ ਨੂੰ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਦੇ ਸੱਦੇ ‘ਤੇ ਲੁਧਿਆਣਾ ਵਿਚ ਕੀਤੀ ਜਾ ਰਹੀ ਰੈਲੀ ਵਿੱਚ  ਮੁਹਾਲੀ ਦੇ ਪੈਨਸ਼ਨਰ ਵੀ ਵਧ ਚੜ੍ਹ ਕੇ ਹਿੱਸਾ ਲੈਣਗੇ| ਰੈਲੀ ਨੂੰ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਸਿੱਧੂ,  ਮੀਤ ਪ੍ਰਧਾਨ ਸੁੱਚਾ ਸਿੰਘ ਕਲੌੜ, ਮੂਲ ਰਾਜ ਸ਼ਰਮਾ ਵਧੀਕ ਜਨਰਲ ਸਕੱਤਰ, ਅਜੀਤ ਸਿੰਘ, ਜੋਗਿੰਦਰ ਸਿੰਘ ਅਤੇ ਭਾਗ ਰਾਮ ਗੁਪਤਾ  ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *