People dying of sanitation problem in Shaheed Udham Singh Colony

ਸ਼ਹੀਦ ਊਧਮ ਸਿੰਘ ਕਲੋਨੀ ਵਿੱਚ ਗੰਦੇ ਪਾਣੀ ਕਾਰਨ ਮਰ ਰਹੇ ਹਨ ਲੋਕ

ਐਸ ਏ ਐਸ ਨਗਰ, 19 ਸਤੰਬਰ : ਸਥਾਨਕ ਵਾਰਡ ਨੰ: 44 ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ| ਮ੍ਰਿਤਕ ਦੀ ਸ਼ਨਾਖਤ ਸੋਨੂੰ ਵਸਨੀਕ ਬਲੀਆ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ|

ਇੱਥੇ ਜਿਕਰਯੋਗ ਹੈ ਕਿ ਇਸ ਕਲੋਨੀ ਪਹਿਲਾਂ ਵੀ ਗੰਦੇ ਪਾਣੀ ਕਾਰਨ ਕਈ ਮੌਤਾਂ ਹੋ ਚੁੱਕੀਆਂ ਪਰ ਪ੍ਰਸ਼ਾਸ਼ਨ ਇਸ ਪਾਸਿਓਂ ਨਾ ਸਿਰਫ ਅਵੇਸਲਾ ਹੈ ਸਗੋਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਇਨ੍ਹਾਂ ਮੌਤਾਂ ਲਈ ਗੰਦਾ ਪਾਣੀ ਜਿੰਮੇਵਾਰ ਹੈ|
ਇਸ ਮਾਮਲੇ ਵਿੱਚ ਕਲੋਨੀ ਦੇ ਪ੍ਰਧਾਨ ਅਤੇ ਭਾਜਪਾ ਆਗੂ ਕਿਰਪਾ ਸ਼ੰਕਰ ਨੇ ਦੱਸਿਆ ਕਿ ਕਲੋਨੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਤੋਟ ਹੈ| ਇੱਥੇ ਸਵੱਛ ਭਾਰਤ ਦੀ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਹੈ ਕਿਉਂਕਿ ਨਾ ਤਾਂ ਇੱਥੇ ਕੋਈ ਪਖਾਨਾ ਹੈ ਅਤੇ ਨਾ ਹੀ ਬਾਥਰੂਮ| ਸਾਰਾ ਕੁੱਝ ਖੁਲ੍ਹੇ ਵਿੱਚ ਹੀ ਹੁੰਦਾ ਹੈ| ਪੀਣ ਵਾਲੇ ਪਾਣੀ ਦੀ ਸਮੱਸਿਆ ਇੰਨੀ ਜਿਆਦਾ ਹੈ ਕਿ ਕਲੋਨੀ ਦੇ ਲੋਕ ਸਾਰਾ ਦਿਨ ਪਾਣੀ ਦੀ ਢੋਹਾ ਢੁਹਾਈ ਕਰਨੀ ਪੈਂਦੀ ਹੈ| ਇਸ ਵਿਕਸਤ ਸ਼ਹਿਰ ਵਿੱਚ ਏਅਰ ਪੋਰਟ ਰੋਡ ਤੇ ਸਥਿਤ ਇਸ ਕਲੋਨੀ ਵਿੱਚ ਹਰੇਕ ਆਗੂ ਵੋਟਾਂ ਲੈਣ ਲਈ ਜਾਂਦਾ ਹੈ (ਕਲੋਨੀ ਵਿੱਚ 1200 ਵੋਟਾਂ ਹਨ) ਪਰ ਜਦੋਂ ਗੱਲ ਬੁਨਿਆਦੀ ਸੁਵਿਧਾਵਾਂ ਦੀ ਆਉਂਦੀ ਹੈ ਤਾਂ ਕੋਈ ਆਗੂ ਇਨ੍ਹਾਂ ਦਾ ਹਾਲੇ ਵੇਖਣ ਵੀ ਨਹੀਂ ਬਹੁੜਦਾ|
ਇਸ ਮਾਮਲੇ ਵਿੱਚ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਪਹਿਲਾਂ ਪ੍ਰਸ਼ਾਸਨ ਨੇ ਇਸ ਕਾਲੋਨੀ ਦੇ ਲੋਕਾਂ ਲਈ ਇਕ ਆਰਜ਼ੀ ਪਖ਼ਾਨਾ ਫ਼ਿਟ ਕੀਤਾ ਸੀ ਪਰ ਉਹ ਪਖਾਨੇ ਕਾਲੋਨੀ ਤੋਂ ਏਨੀ ਦੂਰੀ ‘ਤੇ ਹੈ ਕਿ ਬੱਚਿਆਂ ਅਤੇ ਔਰਤਾਂ ਉਸ ਕੋਲ ਪਹੁੰਚਣ ਤੋਂ ਇਸ ਕਰਕੇ ਡਰ ਰਹੇ ਹਨ ਕਿਉਂਕਿ ਇਸ ਪਾਖ਼ਾਨੇ ਨੂੰ ਜਾਂਦੇ ਰਸਤੇ ਦੇ ਆਲੇ ਦੁਆਲੇ ਵੱਡੇ ਵੱਡੇ ਦਰੱਖਤ ਅਤੇ ਝਾੜੀਆਂ ਹਨ|
ਇਸ ਮਾਮਲੇ ਵਿੱਚ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ  ਉਨ੍ਹਾਂ ਕਿਹਾ ਕਿ ਇਹ ਕਾਲੋਨੀ ਉਨ੍ਹਾਂ ਦੇ ਵਾਰਡ ਵਿਚ ਹੀ ਪੈਂਦੀ ਹੈ, ਉਹ ਲਗਾਤਾਰ ਕਾਲੋਨੀ ਦੀ ਤਰੱਕੀ ਲਈ ਜੱਦ ਜਹਿਦ ਕਰ ਰਹੇ ਹਨ ਪਰ ਕਾਲੋਨੀ ਗ਼ੈਰ ਕਾਨੂੰਨੀ ਹੋਣ ਕਾਰਨ ਨਾ ਤਾਂ ਇਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਦਿਤੇ ਜਾ ਸਕਦੇ ਹਨ ਅਤੇ ਨਾ ਹੀ ਪਾਣੀ ਦੇ ਕੁਨੈਕਸ਼ਨ ਵੰਡੇ ਜਾ ਸਕਦੇ ਹਨ| ਸੋਮਲ ਨੇ ਕਿਹਾ ਕਿ ਫੇਰ ਜੋ ਉਨ੍ਹਾਂ ਤੋਂ ਹੋ ਸਕਿਆ ਹੈ, ਉਹ ਕਰ ਰਹੇ ਹਨ|

Leave a Reply

Your email address will not be published. Required fields are marked *