Person Sitting on Hunger Strike not depot holder : Union

ਮਰਨ ਵਰਤ ‘ਤੇ ਬੈਠਣ ਵਾਲਾ ਪ੍ਰਧਾਨ ਖ਼ੁਦ ਡਿੱਪੂ ਹੋਲਡਰ ਹੀ ਨਹੀਂ
– ਪੰਜਾਬ ਰਾਜ ਡਿੱਪੂ ਹੋਲਡਰਸ ਐਸੋਸੀਏਸ਼ਨ ਨੇ ਡਿਪੂ ਹੋਲਡਰਾਂ ਦੇ ਕਮਿਸ਼ਨ ਨਾਲ ਪੰਜਾਬ ਸਰਕਾਰ ਨਾਲ

ਐੱਸ.ਏ.ਐੱਸ. ਨਗਰ, 5 ਸਤੰਬਰ : ਪੰਜਾਬ ਦੇ ਡਿੱਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਦੇ ਫੇਜ਼ 8 ਵਿਖੇ ਮਰਨ ਵਰਤ ਸ਼ੁਰੂ ਕਰਨ ਜਾਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਗੱਲ ਕਰਨ ਵਾਲੇ ਡਿੱਪੂ ਹੋਲਡਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਕੋਲ ਖ਼ੁਦ ਕੋਈ ਡਿੱਪੂ ਹੀ ਨਹੀਂ ਹੈ| ਇਹ ਖੁਲਾਸਾ ਪੰਜਾਬ ਰਾਜ ਡਿੱਪੂ ਹੋਲਡਰਜ਼ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਡਿਸਟ੍ਰਿਕਟ ਪ੍ਰੈੱਸ ਕਲੱਬ ਐੱਸ.ਏ.ਐੱਸ. ਨਗਰ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ|
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਖਰੜ, ਸਕੱਤਰ ਜਨਰਲ ਡਾ. ਨਿਰਵੈਰ ਸਿੰਘ ਉੱਪਲ, ਜਨਰਲ ਸਕੱਤਰ ਰਣਜੀਤ ਸਿੰਘ ਖੋਸਾ, ਸੁਖਵਿੰਦਰ ਸਿੰਘ ਕਾਂਜਲਾ, ਵਿਸਾਖਾ ਸਿੰਘ ਆਦਿ ਨੇ ਦੱਸਿਆ ਕਿ ਆਪਣੇ ਨੂੰ ਯੂਨੀਅਨ ਦਾ ਪ੍ਰਧਾਨ ਦੱਸਣ ਵਾਲੇ ਗੁਰਜਿੰਦਰ ਸਿੰਘ ਸਿੱਧੂ ਦਾ ਆਪਣਾ ਕੋਈ ਡਿਪੂ ਨਹੀਂ ਹੈ| ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਪਤਨੀ ਦੇ ਨਾਂ ਡਿੱਪੂ ਸੀ ਪ੍ਰੰਤੂ ਪਿਛਲੇ ਤਿੰਨ ਸਾਲ ਤੋਂ ਵਿਭਾਗ ਵੱਲੋਂ ਉਹ ਡਿੱਪੂ ਵੀ ਸਸਪੈਂਡ ਕੀਤਾ ਹੋਇਆ ਹੈ|
ਉਕਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਸਿੱਧੂ ਉਤੇ ਦੋਸ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਡਿੱਪੂ ਹੋਲਡਰਾਂ ਨਾਲ ਕੀਤੇ ਵਾਅਦੇ ਮੁਤਾਬਕ ਨੈਸ਼ਨਲ ਫੂਡ ਸੇਫ਼ਟੀ ਐਕਟ ਅਧੀਨ ਡਿੱਪੂਆਂ ਵਿੱਚ ਆਉਂਦੀ ਕਣਕ ਵੰਡਣ ਲਈ ਡਿੱਪੂ ਹੋਲਡਰਾਂ ਨੂੰ ਪਹਿਲਾਂ 25 ਰੁਪਏ ਪ੍ਰਤੀ ਕੁਇੰਟਲ ਅਤੇ ਫਿਰ ਬਾਅਦ ਵਿਚ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਮਿਸ਼ਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ| ਇਹ ਕਮਿਸ਼ਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਫਾਜ਼ਿਲਕਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਡਿਪੂ ਹੋਲਡਰਾਂ ਦੇ ਖਾਤਿਆਂ ਵਿੱਚ ਪੈਣਾ ਸ਼ੁਰੂ ਵੀ ਹੋ ਚੁੱਕਾ ਹੈ| ਇਸ ਦੇ ਬਾਵਜੂਦ ਗੁਰਜਿੰਦਰ ਸਿੰਘ ਸਿੱਧੂ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਿਆਸੀ ਸਲਾਹਕਾਰ ਵੀ ਹੈ, ਆਪਣੇ ਨਿਜੀ ਮੁਫ਼ਾਦਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਵਿਰੁੱਧ ਕਦੇ ਭੁੱਖ ਹੜਤਾਲ ਅਤੇ ਕਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਕਰਨ ਦੀ ਗੱਲ ਕਰ ਰਹੇ ਹਨ| ਸਿੱਧੂ ਵੱਲੋਂ ਅਜਿਹਾ ਕੀਤੇ ਜਾਣ ਨਾਲ ਪੰਜਾਬ ਦੇ ਹਜ਼ਾਰਾਂ ਡਿੱਪੂ ਹੋਲਡਰਾਂ ਦਾ ਨੁਕਸਾਨ ਹੁੰਦਾ ਹੈ|
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਗੁਰਜਿੰਦਰ ਸਿੰਘ ਸਿੱਧੂ ਨੂੰ ਸ਼ੁਰੂ ਵਿੱਚ ਪੰਜਾਬ ਦੇ ਡਿੱਪੂ ਹੋਲਡਰਾਂ ਨੇ ਪੰਜਾਬ ਰਾਜ ਡਿੱਪੂ ਹੋਲਡਰ ਯੂਨੀਅਨ (ਰਜਿ.) ਪੰਜਾਬ ਗਠਿਤ ਕਰਕੇ ਪ੍ਰਧਾਨ ਬਣਾਇਆ ਸੀ| ਪ੍ਰਧਾਨਗੀ ਮਿਲਣ ਉਪਰੰਤ ਸਿੱਧੂ ਵੱਲੋਂ ਯੂਨੀਅਨ ਦਾ ਗਲਤ ਢੰਗ ਨਾਲ ਇਸਤੇਮਾਲ ਕਰਕੇ ਅਤੇ ਗੁੰਮਰਾਹ ਕਰਕੇ ਆਪਣੇ ਨਿੱਜੀ ਫਾਇਦੇ ਲੈਣੇ ਸ਼ੁਰੂ ਕਰ ਦਿੱਤੇ ਗਏ ਅਤੇ ਡਿੱਪੂ ਹੋਲਡਰਾਂ ਦਾ ਨੁਕਸਾਨ ਹੁੰਦਾ ਚਲਾ ਗਿਆ| ਇਸੇ ਦੇ ਚਲਦਿਆਂ ਯੂਨੀਅਨ ਦੇ ਕਰੀਬ 17 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਕਰਕੇ ਸਿੱਧੂ ਦਾ ਵਿਰੋਧ ਕੀਤਾ ਸੀ ਅਤੇ ਇਸ ਯੂਨੀਅਨ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ| ਹੁਣ ਡਿੱਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਕਾਇਦਾ ਤੌਰ ‘ਤੇ ਐਸੋਸੀਏਸ਼ਨ ਬਣਾਈ ਗਈ ਹੈ|
ਜਦੋਂ ਇਸ ਸਬੰਧ ਵਿੱਚ ਯੂਨੀਅਨ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨਾਲ ਵਾਰ ਵਾਰ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਰਿਸੀਵ ਹੀ ਨਹੀਂ ਕੀਤਾ|

Leave a Reply

Your email address will not be published. Required fields are marked *