Police should register cases in defacement of property : Vineet Verma

25defacememnnt

ਜਗ੍ਹਾ ਜਗ੍ਹਾ ਤੇ ਪਬਲਿਕ ਪ੍ਰਾਪਰਟੀ ਤੇ ਲੱਗੇ ਹਨ ਸਿਆਸੀ ਪਾਰਟੀਆਂ ਅਤੇ ਇਸ਼ਤਿਹਾਰਬਾਜੀ ਦੇ ਵੱਡੇ ਵੱਡੇ ਪੋਸਟਰ
ਸ਼ਹਿਰ ਦੀ ਖੂਬਸੂਰਤੀ ਵਿਗਾੜਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਪ੍ਰਸ਼ਾਸ਼ਨ : ਵਿਨੀਤ ਵਰਮਾ

ਮੁਹਾਲੀ, 25 ਅਗਸਤ : ਮੁਹਾਲੀ ਨੂੰ ਕਹਿਣ ਨੂੰ ਤਾਂ ਚੰਡੀਗੜ੍ਹ ਦੀ ਐਕਸਟੈਂਸ਼ਨ ਕਿਹਾ ਜਾਂਦਾ ਹੈ ਪਰ ਜਿੱਥੇ ਚੰਡੀਗੜ੍ਹ ਵਿੱਚ ਵਿਭਾਗਾਂ ਦੀ ਸਖਤਾਈ ਕਾਰਨ ਲੋਕ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਡਰਦੇ ਹਨ, ਉੱਥੇ ਮੁਹਾਲੀ ਵਿੱਚ ਉਹ ਇਨ੍ਹਾਂ ਹੀ ਨਿਯਮਾਂ ਅਤੇ ਕਾਨੂੰਨਾਂ ਨੂੰ ਟਿੱਚ ਜਾਣ ਕੇ ਇਨ੍ਹਾਂ ਦੀ ਉਲੰਘਣਾ ਕਰਨਾ ਆਪਣੀ ਸ਼ਾਨ ਸਮਝਦੇ ਹਨ| ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਮੁਹਾਲੀ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਆਪਣੀ ਡਿਊਟੀ ਨੂੰ ਡਿਊਟੀ ਨਾ ਸਮਝ ਕੇ ਟਾਈਮ ਪਾਸ ਸਮਝਦੇ ਹਨ ਅਤੇ ਇਹੀ ਕਾਰਨ ਹੈ ਕਿ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਹੌਂਸਲੇ ਮੁਹਾਲੀ ਵਿੱਚ ਬੁਲੰਦ ਹਨ|
ਇਹ ਵਿਚਾਰ ਅੱਜ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਮੁਹਾਲੀ ਸ਼ਹਿਰ ਆਉਂਦੇ ਸਾਰ ਬੰਨ੍ਹੀ ਹੋਈ ਸੀਟ ਬੈਲਟ ਖੁਲ੍ਹ ਜਾਂਦੀ ਹੈ ਅਤੇ ਦੁਪਹੀਆ ਵਾਹਨ ਚਾਲਕ ਦਾ ਹੈਲਮਟ ਲੱਥ ਜਾਂਦਾ ਹੈ| ਉਨ੍ਹਾਂ ਕਿਹਾ ਕਿ ਰੈਡ ਲਾਈਟ ਜੰਪ ਵੀ ਸਭ ਤੋਂ ਜਿਆਦਾ ਮੁਹਾਲੀ ਵਿੱਚ ਹੀ ਹੁੰਦੀ ਹੈ| ਉਨ੍ਹਾਂ ਕਿਹਾ ਕਿ ਤਾਜਾ ਮਿਸਾਲ ਮੁਹਾਲੀ ਵਿੱਚ ਸਰਕਾਰੀ ਜਾਇਦਾਦ ਉੱਤੇ ਪੋਸਟਰ ਚਿਪਕਾ ਕੇ ਇਸਦੀ ਡਿਫੇਸਮੈਂਟ ਕਰਨ ਦਾ ਹੈ| ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਸਰਕਾਰੀ ਜਾਇਦਾਦ ਉੱਤੇ ਜੇਕਰ ਕੋਈ ਪੋਸਟਰ ਜਾਂ ਇਸ਼ਤਿਹਾਰ  ਚਪਕਾਉਂਦਾ ਹੈ ਤਾਂ ਉਸਦੇ ਖਿਲਾਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ ਦਾ ਮਾਮਲਾ ਦਰਜ ਹੁੰਦਾ ਹੈ| ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਹ ਕਾਨੂੰਨ ਮੁਹਾਲੀ ਵਿੱਚ ਨਹੀਂ ਹੈ, ਇਹੀ ਕਾਨੂੰਨ ਮੁਹਾਲੀ ਵਿੱਚ ਵੀ ਹੈ ਪਰ ਇਸਨੂੰ ਲਾਗੂ ਹੀ ਨਹੀਂ ਕੀਤਾ ਜਾਂਦਾ| ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕਿਸੇ ਵੀ ਪਾਸੇ ਨਿਗਾਹ ਮਾਰ ਲਓ, ਭਾਵੇਂ ਬਿਜਲੀ ਦੇ ਬਕਸੇ ਹੋਣ, ਸਰਕਾਰੀ ਇਮਾਰਤਾਂ ਦੀਆਂ ਕੰਧਾਂ ਹੋਣ, ਹੋਰ ਤਾਂ ਹੋਰ ਮੁਹਾਲੀ ਵਿੱਚ ਬਣਾਏ ਗਏ ਓਵਰਹੈਡ ਬ੍ਰਿਜਾਂ ਦੇ ਪਿਲਰ ਤੋਂ ਲੈ ਕੇ  ਸੂਚਨਾ ਵਾਲੇ ਬੋਰਡਾਂ ਅਤੇ ਦਰਖਤਾਂ ਤੱਕ ਤੇ ਅਜਿਹੇ ਇਸ਼ਤਿਹਾਰਨੁਮਾ ਪੋਸਟਰ ਚਿਪਕੇ ਹੋਏ ਹਨ, ਜਿਨ੍ਹਾਂ ਕਾਰਨ ਪੂਰੇ ਸ਼ਹਿਰ ਵਿੱਚ ਪੋਸਟਰ ਪ੍ਰਦੂਸ਼ਣ ਫੈਲ ਗਿਆ ਹੈ ਪਰ ਪ੍ਰਸ਼ਾਸ਼ਨ ਸੁੱਤਾ ਪਿਆ ਹੈ|  ਉਨ੍ਹਾਂ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਉਹ ਮੁਹਾਲੀ ਪੁਲੀਸ ਨੂੰ ਹਦਾਇਤਾਂ ਜਾਰੀ ਕਰਕੇ ਜਿਲੇ ਵਿੱਚ ਸਰਕਾਰੀ ਜਾਇਦਾਦਾ ਦੀ ਸੂਰਤ ਵਿਗਾੜਣ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰੇ ਅਤੇ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਜਾਣ|

Leave a Reply

Your email address will not be published. Required fields are marked *