Ponty Chadha Case : Pb. Govt. Ordered Mohali Police to register case against Namdhari Sukhdev Singh

ਪੌਂਟੀ ਚੱਢਾ ਕੇਸ: ਪੰਜਾਬ ਸਰਕਾਰ ਵੱਲੋਂ ਮੁਹਾਲੀ ਪੁਲੀਸ ਨੂੰ ਨਾਮਧਾਰੀ ਸੁਖਦੇਵ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਹੁਕਮ
ਕਬਾੜੀਏ ਦੀ ਤਸਦੀਕ ‘ਤੇ ਬਣਾ ਦਿੱਤਾ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਮਧਾਰੀ ਤੇ ਉਸ ਦੇ ਭਰਾ ਅਸਲਾ ਲਾਇਸੈਂਸ
ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਂਚ ਮੁਕੰਮਲ: ਸਰਕਾਰ ਨੂੰ ਕੀਤੀ ਐਫ.ਆਈ.ਆਰ. ਦਰਜ ਕਰਨ ਦੀ ਸਿਫਾਰਿਸ਼
ਜ਼ਿਲ੍ਹਾ ਰੂਪਨਗਰ ਅਤੇ ਮੁਹਾਲੀ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਦੀ ਨੀਂਦ ਉੱਡੀ
ਮੁਹਾਲੀ, 10 ਦਸੰਬਰ : ਪੌਂਟੀ ਚੱਢਾ ਕਤਲ ਕੇਸ ਵਿਚ ਨਾਮਜ਼ਦ ਅਤੇ ਉੱਤਰਾਖੰਡ ਦੇ ਘੱਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸੁਖਦੇਵ ਸਿੰਘ ਨਾਮਧਾਰੀ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਗਈਆਂ ਹਨ| ਪੰਜਾਬ ਸਰਕਾਰ ਨੇ ਮੁਹਾਲੀ ਪੁਲੀਸ ਨੂੰ ਨਾਮਧਾਰੀ ਭਰਾਵਾਂ ਦੇ ਖ਼ਿਲਾਫ਼ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਅਸਲਾ ਲਾਇਸੈਂਸ ਬਣਾਉਣ ਦੇ ਦੋਸ਼ ਵਿਚ ਫੌਜਦਾਰੀ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਹੈ| ਇਸ ਤੋਂ ਇਲਾਵਾ ਨਾਮਧਾਰੀ ਦਾ ਪਾਸਪੋਰਟ ਵੀ ਜਾਅਲੀ ਪਾਇਆ ਗਿਆ ਹੈ| ਨਾਮਧਾਰੀ ਖ਼ਿਲਾਫ਼ ਵੱਖ-ਵੱਖ ਪੁਲੀਸ ਥਾਣਿਆਂ ਵਿਚ 13 ਅਪਰਾਧਿਕ ਮਾਮਲੇ ਦਰਜ ਹਨ| ਇਸ ਦੇ ਬਾਵਜੂਦ ਪਾਸਪੋਰਟ ਬਣਾਉਣ ਲਈ ਪੁਲੀਸ ਵੱਲੋਂ ਉਸਦੀ ਤਸੱਲੀਬਖ਼ਸ ਵੈਰੀਫਿਕੇਸ਼ਨ ਰਿਪੋਰਟ ਕੀਤੀ ਗਈ|
ਜ਼ਿਕਰਯੋਗ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ 28 ਨਵੰਬਰ ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਸਨ| ਹਾਲਾਂਕਿ ਇਸ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਪਰ ਸੀ ਬਾਅਦ ਵਿਚ 30 ਨਵੰਬਰ ਨੂੰ ਸਥਾਨਕ ਪੁਲੀਸ ਨੇ ਸਬੰਧਤ ਸਾਰਾ ਰਿਕਾਰਡ ਵੀ ਗ੍ਰਹਿ ਵਿਭਾਗ ਨੂੰ ਸੌਂਪ ਦਿੱਤਾ ਸੀ| ਇਸ ਮਾਮਲੇ ਦੀ ਜਾਂਚ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਐਸ. ਬੈਂਸ ਵੱਲੋਂ ਕੀਤੀ ਗਈ ਹੈ| ਜਿਨ੍ਹਾਂ ਆਪਣੀ ਪੜਤਾਲੀਆਂ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ| ਜਿਸ ਵਿਚ ਉਨ੍ਹਾਂ ਨਾਮਧਾਰੀ ਭਰਾਵਾਂ ਦੇ ਖ਼ਿਲਾਫ਼ ਫੌਜਦਾਰੀ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ|
ਇਸ ਗੱਲ ਦੀ ਪੁਸ਼ਟੀ ਕਰਦਿਆਂ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਐਸ. ਬੈਂਸ ਨੇ ਦੱਸਿਆ ਕਿ ਨਾਮਧਾਰੀ ਸੁਖਦੇਵ ਸਿੰਘ ਅਤੇ ਉਸਦੇ ਭਰਾ ਬਲਦੇਵ ਸਿੰਘ ਦਾ ਅਸਲਾ ਲਾਇਸੈਂਸ ਬਣਾਉਣ ਦੇ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤੀ ਗਈ ਕਥਿਤ ਘੋਰ ਅਣਗਹਿਲੀ ਅਤੇ ਲਾਪਰਵਾਹੀ ਸਾਹਮਣੀ ਹੈ| ਇਸ ਤੋਂ ਇਲਾਵਾ ਨਾਮਧਾਰੀ ਭਰਾਵਾਂ ਵੱਲੋਂ ਜਿਹੜੇ ਦਸਤਾਵੇਜ਼ ਆਪਣੀਆਂ ਅਰਜ਼ੀਆਂ ਨਾਲ ਨੱਥੀ ਕੀਤੇ ਗਏ ਸਨ| ਉਹ ਵੀ ਸਾਰੇ ਜਾਅਲੀ ਪਾਏ ਗਏ ਹਨ| ਜਾਂਚ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਅਤੇ ਜ਼ਿਲ੍ਹਾ ਮੁਹਾਲੀ ਦੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਦੀ ਨੀਂਦ ਉੱਡ ਗਈ ਹੈ| ਉਧਰ ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਾਮਧਾਰੀ ਸੁਖਦੇਵ ਸਿੰਘ ਅਤੇ ਉਸਦੇ ਵੱਡੇ ਭਰਾ ਬਲਦੇਵ ਸਿੰਘ ਨੇ ਆਪਣਾ ਅਸਲਾ ਲਾਇਸੈਂਸ ਕੁਰਾਲੀ ਦੇ ਪਤੇ ‘ਤੇ ਬਣਾਇਆ ਸੀ ਅਤੇ ਜਿਨ੍ਹਾਂ ਦੀ ਤਸਦੀਕ ਕਬਾੜੀਏ ਦੀ ਦੁਕਾਨਦਾਰ ਕਰਦੇ ਵਾਰਡ ਨੰਬਰ-11 ਦੇ ਵਾਸੀ ਸਤਪਾਲ ਸਿੰਘ ਵੱਲੋਂ ਕੀਤੀ ਗਈ ਹੈ| ਜਿਸ ਨੇ ਆਪਣੇ ਬਿਆਨਾਂ ਵਿਚ ਸਪੱਸ਼ਟ ਆਖਿਆ ਗਿਆ ਹੈ ਕਿ ਉਹ ਨਾਮਧਾਰੀ ਸੁਖਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਕਾਫੀ ਚਿਰ ਤੋਂ ਜਾਣਦਾ ਹੈ ਅਤੇ ਉਹ ਮਾਸਟਰ ਕਲੋਨੀ ਵਿਚ ਰਹਿੰਦੇ ਹਨ| ਇਹੀ ਨਹੀਂ ਉਨ੍ਹਾਂ ਦੇ ਚਾਲ-ਚਲਨ ਬਾਰੇ ਉਸ ਸਮੇਂ ਕੁਰਾਲੀ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਏ.ਐਸ.ਆਈ. ਗੁਰਚਰਨ ਸਿੰਘ ਅਤੇ ਥਾਣੇ ਦੇ ਮੁਨਸ਼ੀ ਨੇ ਵੈਰੀਫਿਕੇਸ਼ਨ ਕੀਤੀ ਸੀ|
ਜ਼ਿਕਰਯੋਗ ਹੈ ਕਿ ਨਾਮਧਾਰੀ ਸੁਖਦੇਵ ਸਿੰਘ ਨੂੰ ਅਸਲਾ ਲਾਇਸੈਂਸ ਬਣਾ ਕੇ ਦੇਣ ਦੇ ਮਾਮਲੇ ਵਿਚ ਵੀ ਸਬੰਧਤ ਪੁਲੀਸ ਵੱਲੋਂ ਪੂਰੀ ਤਰ੍ਹਾਂ ਸਿੱਧੇ ਤੌਰ ‘ਤੇ ਲਾਪਰਵਾਹੀ ਵਰਤੀ ਗਈ ਹੈ ਕਿਉਂਕਿ ਨਾਮਧਾਰੀ ਵੱਲੋਂ ਆਪਣੀ ਫਾਈਲ ਨਾਲ ਜਿਹੜਾ ਰਾਸ਼ਨ ਕਾਰਡ ਲਾਇਆ ਹੋਇਆ ਹੈ, ਉਸ ‘ਤੇ ਨਾਮਧਾਰੀ ਦੇ ਘਰ ਦਾ ਪਤਾ ਕੇਵਲ ਮਾਸਟਰ ਕਲੋਨੀ ਚੰਡੀਗੜ੍ਹ ਰੋਡ ਕੁਰਾਲੀ ਲਿਖਿਆ ਹੋਇਆ ਹੈ ਅਤੇ ਨਾ ਕੋਈ ਮਕਾਨ ਨੰਬਰ ਅਤੇ ਨਾ ਹੀ ਕਿਸੇ ਗਲੀ ਮੁਹੱਲੇ ਦਾ ਵੇਰਵਾ ਦਿੱਤਾ ਗਿਆ ਹੈ|
ਜਾਣਕਾਰੀ ਨਾਮਧਾਰੀ ਨੇ 20 ਸਤੰਬਰ 1994 ਨੂੰ ਅਸਲਾ ਲਾਇਸੈਂਸ ਲੈਣ ਲਈ ਉਸ ਸਮੇਂ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਦਰਖ਼ਾਸਤ ਦਿੱਤੀ ਗਈ ਸੀ| ਉਨ੍ਹਾਂ ਆਪਣੀ ਜਾਨ-ਮਾਲ ਦੀ ਰੱਖਿਆ ਦੀ ਗੁਹਾਰ ਲਾਉਂਦਿਆਂ ਮੰਗ ਕੀਤੀ ਸੀ ਕਿ ਉਸ ਨੂੰ ਆਪਣੇ ਕੋਲ ਹਥਿਆਰ ਰੱਖਣ ਲਈ ਅਸਲਾ ਲਾਇਸੈਂਸ ਬਣਾ ਕੇ ਦਿੱਤਾ ਜਾਵੇ| ਕੁਰਾਲੀ ਪੁਲੀਸ ਦੀ ਵੈਰੀਫਿਕੇਸ਼ਨ ਰਿਪੋਰਟ ਨੂੰ ਆਧਾਰ ਬਣਾ ਕੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਉਨ੍ਹਾਂ ਨੂੰ 12 ਅਕਤੂਬਰ 1995 ਨੂੰ ਲਾਇਸੈਂਸ ਬਣਾ ਕੇ ਦੇ ਦਿੱਤਾ ਸੀ, ਕਿਉਂਕਿ ਉਦੋਂ ਮੁਹਾਲੀ ਤੇ ਕੁਰਾਲੀ ਜ਼ਿਲ੍ਹਾ ਰੂਪਨਗਰ ਦਾ ਹਿੱਸਾ ਹੁੰਦੇ ਸਨ| ਇਸ ਦੀ ਮਿਆਦ ਪਹਿਲੀ ਮਾਰਚ 2013 ਤੱਕ ਦੀ ਹੈ|
ਉਧਰ ਨਾਮਧਾਰੀ ਦਾ ਲਾਇਸੈਂਸ ਮੁਹਾਲੀ ਦੇ ਤਤਕਾਲੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਪਾਲ ਮਿੱਤਲ ਵੱਲੋਂ 30 ਮਾਰਚ 2010 ਨੂੰ ਰਿਨਿਊ ਕੀਤਾ ਗਿਆ ਸੀ ਪਰ ਅਧਿਕਾਰੀ ਵੱਲੋਂ ਲਾਇਸੈਂਸ ਰਿਨਿਊ ਕਰਨ ਵੇਲੇ ਪੁਲੀਸ ਤੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ| ਨਾਮਧਾਰੀ ਦੇ ਲਾਇਸੈਂਸ ਉੱਤੇ 12 ਬੋਰ, 315 ਬੋਰ ਅਤੇ 7.62 ਬੋਰ ਦੇ ਹਥਿਆਰ ਦਾ ਬਿਊਰਾ ਦਰਜ ਹੈ| ਉਸ ਨੇ 3 ਮਾਰਚ 1995 ਨੂੰ 315 ਬੋਰ ਦੀ ਰਾਈਫਲ ਅਤੇ 21 ਸਤੰਬਰ 1995 ਨੂੰ 12 ਬੋਰ ਦਾ ਪਿਸਤੌਲ ਅਤੇ 15 ਦਸੰਬਰ 2008 ਨੂੰ 7.62 ਬੋਰ ਦਾ ਮਾਊਜਰ ਚੜ੍ਹਾਇਆ ਗਿਆ ਸੀ ਅਤੇ ਇਸ ਦੀ ਮਿਆਦ ਪਹਿਲੀ ਮਾਰਚ 2013 ਤੱਕ ਦੀ ਹੈ| ਉਧਰ ਸੰਪਰਕ ਕਰਨ ‘ਤੇ ਮੁਹਾਲੀ ਦੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਹਾਲੇ ਤੱਕ ਇਸ ਸਬੰਧੀ ਉਨ੍ਹਾਂ ਨੂੰ ਨਾਮਧਾਰੀ ਖ਼ਿਲਾਫ਼ ਕੇਸ ਦਰਜ ਕਰਨ ਲਈ ਕੋਈ ਸਰਕਾਰੀ ਹੁਕਮ ਨਹੀਂ ਮਿਲਿਆ ਹੈ| ਉਨ੍ਹਾਂ ਕਿਹਾ ਕਿ ਹੁਕਮ ਮਿਲਣ ਤੋਂ ਤੁਰੰਤ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ|

Leave a Reply

Your email address will not be published. Required fields are marked *