Poor development in vill. Jhanjeri : Garcha

ਅਕਾਲੀ ਸਰਕਾਰ ਦੇ ਵਿਕਾਸ ਦੀ ਪੋਲ ਖੋਲ੍ਹਦਾ ਪਿੰਡ ਝੰਜੇੜੀ : ਗਰਚਾ
– ਪਿੰਡ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਬਦਤਰ, ਸਰਕਾਰੀ ਸਕੂਲ ਕੋਲ ਦਲਦਲ ਬਣਿਆ ਟੋਭਾ ਕਿਸੇ ਭਿਆਨਕ ਬਿਮਾਰੀ ਨੂੰ ਅੰਜਾਮ ਦੇਣ ਦੀ ਉਡੀਕ ‘ਚ

ਖਰੜ, 30 ਸਤੰਬਰ : ਵਿਧਾਨ ਸਭਾ ਹਲਕਾ ਖਰੜ ਦਾ ਪਿੰਡ ਝੰਜੇੜੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੈ| ਪਿੰਡ ਵਿੱਚ ਗਲੀਆਂ ਨਾਲੀਆਂ ਦੀ ਖਸਤਾ ਹਾਲਤ ਇਸ ਸਰਕਾਰ ਵੱਲੋਂ ਵਿਕਾਸ ਦੇ ਗਾਏ ਜਾਂਦੇ ਸੋਹਲਿਆਂ ਦੀ ਪੋਲ ਖੋਲ੍ਹਦਾ ਹੈ| ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਟਿਕਟ ਦੀ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਇਹ ਵਿਚਾਰ ਪਿੰਡ ਝੰਜੇੜੀ ਵਿਖੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ|
ਇਸ ਮੌਕੇ ਪਿੰਡ ਦੇ ਵਸਨੀਕਾਂ ਰਣਬੀਰ ਸਿੰਘ ਰਾਣਾ, ਰਿੰਕੂ ਰਾਣਾ, ਅਮਨ ਰਾਣਾ, ਛਤਰਪਾਲ ਸਿੰਘ, ਸੂਬੇਦਾਰ ਸੰਤ ਸਿੰਘ, ਵਰਿੰਦਰ ਕੁਮਾਰ, ਸੂਬੇਦਾਰ ਮੇਜਰ ਧਰਮਵੀਰ, ਇਲਮ ਸਿੰਘ, ਪ੍ਰਮੋਦ ਕੁਮਾਰ ਆਦਿ ਨੇ ਸ੍ਰੀਮਤੀ ਗਰਚਾ ਨੂੰ ਦੱਸਿਆ ਕਿ ਪਿੰਡ ਵਿੱਚ ਗੰਦਾ ਪਾਣੀ ਗਲੀਆਂ ਵਿੱਚ ਅਕਸਰ ਫਿਰਦਾ ਦਿਖਾਈ ਦਿੰਦਾ ਹੈ| ਪਿੰਡ ਦੀ ਮੁੱਖ ਗਲੀ ਪੱਕੀ ਨਹੀਂ ਕੀਤੀ ਗਈ| ਇਸ ਤੋਂ ਇਲਾਵਾ ਪਿੰਡ ਵਿੱਚ ਸਰਕਾਰੀ ਸਕੂਲ ਦੇ ਨੇੜੇ ਗੰਦੇ ਪਾਣੀ ਵਾਲਾ ਟੋਭਾ ਜੋ ਕਿ ਦਲਦਲ ਦਾ ਰੂਪ ਧਾਰ ਚੁੱਕਾ ਹੈ, ਲੋਕਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ| ਇਸ ਟੋਭੇ ਤੋਂ ਉੱਠਣ ਵਾਲੀ ਬਦਬੋ ਨਾਲ ਹਰ ਸਮੇਂ ਕੋਈ ਨਾ ਕੋਈ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ|
ਸ੍ਰੀਮਤੀ ਗਰਚਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਅਕਾਲੀ ਆਗੂ ਸਿਰਫ਼ ਪਿੰਡਾਂ ਵਿੱਚ ਘੁੰਮ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜੁਟੇ ਹੋਏ ਹਨ ਅਤੇ ਵਿਕਾਸ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਤਾਂ ਜੋ ਪੰਜਾਬ ਵਿੱਚੋਂ ਜੰਗਲ ਰਾਜ ਦਾ ਸਫਾਇਆ ਕਰਦੇ ਹੋਏ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ|
ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਸ ਵਾਰ ਹਲਕਾ ਖਰੜ ਤੋਂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੂੰ ਟਿਕਟ ਦੇ ਕੇ ਚੋਣ ਲੜਾਈ ਜਾਵੇ ਤਾਂ ਉਹ ਸ੍ਰੀਮਤੀ ਗਰਚਾ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨਗੇ ਅਤੇ ਇਹ ਸੀਟ ਜਿੱਤ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ|

Leave a Reply

Your email address will not be published. Required fields are marked *