Punjab State Teachers Eligibility Test on September 25

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 25 ਸਤੰਬਰ ਦਿਨ ਐਤਵਾਰ ਨੂੰ : ਕਾਹਲੋਂ

ਐਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਲਿਆ ਜਾਵੇਗਾ ਟੈੱਸਟ 

ਪੰਜਾਬ ਰਾਜ ਅਧਿਆਪਕ ਟੈੱਸਟ-1 ਦਾ ਸਮਾਂ 2.30 ਸ਼ਾਮ ਤੋਂ 5.00 ਸ਼ਾਮ ਵਜੇ ਤੱਕ ਹੋਵੇਗਾ

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-2 ਦਾ ਸਮਾਂ ਸਵੇਰੇ 10.00 ਵਜੇ ਤੋਂ 12.30 ਵਜੇ ਦੁਪਿਹਰ  ਤੱਕ ਹੋਵੇਗਾ

ਟੈੱਸਟ ਲੈਣ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ 36 ਨੋਡਲ ਸੈਂਟਰ ਬਣਾਏ

ਜ਼ਿਲ੍ਹਾ/ਤਹਿਸੀਲ ਪੱਧਰ ਤੇ 312 ਪ੍ਰੀਖਿਆ ਕੇਂਦਰ ਕੀਤੇ ਸਥਾਪਿਤ 

ਐਸ.ਏ.ਐਸ.ਨਗਰ 22 ਸਤੰਬਰ : ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 25 ਸਤੰਬਰ 2016 (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਐਸ.ਸੀ.ਈ.ਆਰ.ਟੀ., ਪੰਜਾਬ ਨੂੰ ਇਸ ਟੈੱਸਟ ਦਾ ਕੰਮ ਸੌਂਪਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਐਸ.ਸੀ.ਈ.ਆਰ.ਟੀ.ਪੰਜਾਬ ਸ.ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਟੈੱਸਟ ਲੈਣ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ 36 ਨੋਡਲ ਸੈਂਟਰ ਬਣਾਏ ਗਏ ਹਨ। ਪ੍ਰੀਖਿਆਰਥੀਆਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ/ਤਹਿਸੀਲ ਪੱਧਰ ਤੇ 312 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। 

ਸ. ਕਾਹਲੋਂ ਨੇ ਦੱਸਿਆ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-1ਵਿੱਚ ਕੁੱਲ 42 ਹਜ਼ਾਰ 944 ਉਮੀਦਵਾਰ ਜਿਨਾ੍ਹਂ ਵਿਚ 27 ਹਜ਼ਾਰ 734 ਲੜਕੀਆਂ ਅਤੇ 15 ਹਜ਼ਾਰ 210 ਲੜਕੇ ਅਪੀਅਰ ਹੋਣਗੇ । ਉਨਾਂ ਦੱਸਿਆ ਕਿ  ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-2 ਵਿੱਚ 01 ਲੱਖ 28ਹਜ਼ਾਰ 648 ਉਮੀਦਵਾਰ ਜਿਨਾ੍ਹਂ ਵਿਚ 01ਲੱਖ 04 ਹਜ਼ਾਰ 839 ਲੜਕੀਆਂ ਅਤੇ 23 ਹਜ਼ਾਰ 809 ਲੜਕੇ ਅਪੀਅਰ ਹੋ ਰਹੇ ਹਨ। ਸ. ਕਾਹਲੋਂ ਨੇ ਹੋਰ ਦੱਸਿਆ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-2 ਦਾ ਸਮਾਂ ਸਵੇਰੇ 10.00 ਵਜੇ ਤੋਂ 12.30 ਵਜੇ ਦੁਪਿਹਰ ਅਤੇ ਪੰਜਾਬ ਰਾਜ ਅਧਿਆਪਕ ਟੈੱਸਟ-1 ਦਾ ਸਮਾਂ 2.30 ਸ਼ਾਮ ਤੋਂ 5.00 ਸ਼ਾਮ ਵਜੇ ਤੱਕ ਹੋਵੇਗਾ ਅਤੇ ਡਿਫਰੈਂਟਲੀ ਏਬਲਡ ਪ੍ਰੀਖਿਆਰਥੀਆਂ ਲਈ 20 ਮਿੰਟ ਪ੍ਰਤੀ ਘੰਟਾ ਵਾਧੂ ਸਮਾਂ ਦਿੱਤਾ ਜਾਵੇਗਾ। ਇਨ੍ਹਾਂ ਪ੍ਰੀਖਿਆਰਥੀਆਂ ਲਈ ਨੋਡਲ ਸੈਂਟਰ ਤੇ ਹੀ ਪ੍ਰੀਖਿਆ ਕੇਂਦਰ ਹੋਵੇਗਾ। ਪ੍ਰੀਖਿਆਰਥੀ ਆਪਣੇ ਪ੍ਰੀਖਿਆ ਕੇਂਦਰਾਂ ਉੱਤੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਪਹੁੰਚ ਜਾਣੇ ਚਾਹੀਦੇ ਹਨ। 

          ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ ਨੇ ਦੱਸਿਆ ਕਿ ਇਸ ਵਾਰ ਪ੍ਰੀਖਿਆ ਦੇਣ ਵਾਲੇ ਉਮੀਦਾਵਾਰਾਂ ਨੂੰ ਪ੍ਰੀਖਿਆ ਸਮਾਪਤੀ ਤੇ ਪ੍ਰਸ਼ਨ ਪਤ੍ਰਿਕਾ ਦੇ ਨਾਲ-ਨਾਲ ਉੱਤਰ ਪੱਤਰੀ ਦੀ ਇੱਕ-ਇੱਕ ਕਾਰਬਨ ਕਾਪੀ ਵੀ ਮਹੁੱਈਆ ਕਰਵਾਈ ਜਾਵੇਗੀ ਅਤੇ ਪ੍ਰੀਖਿਆ ਵਿੱਚ ਪਾਏ ਪ੍ਰਸ਼ਨਾਂ ਦੀ ਕੂੰਜੀ ਵੈਬਸਾਇਟ ਤੇ ਪਾ ਕੇ ਉਮੀਦਵਾਰਾਂ ਤੋਂ ਕਮੈਂਟਸ ਵੀ ਮੰਗੇ ਜਾਣਗੇ। ਇਸ ਪ੍ਰੀਖਿਆ ਨੂੰ ਪੂਰੇ ਪਾਰਦਰਸ਼ਤਾ ਨਾਲ ਕੰਡਕਟ ਕਰਵਾਉਣ ਲਈ ਵਿਭਾਗ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵਿਭਾਗ ਵੱਲੋਂ ਫਲਾਇੰਗ ਸੁਕੈਅਡਾਂ ਤੋਂ ਇਲਾਵਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਪੂਰੀ ਨਿਗਰਾਨੀ ਰੱਖਣ ਲਈ ਲਿਖਿਆ ਗਿਆ ਹੈ। ਪ੍ਰੀਖਿਆ ਕੇਂਦਰਾਂ ਤੇ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ। 

            ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੇ ਸਮੂਹ ਮੰਡਲ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਪ੍ਰੀਖਿਆ ਕੇਂਦਰ ਤੇ ਕੋਈ ਅਣਗਹਿਲੀ ਨਹੀਂ ਹੋਣੀ ਚਾਹੀਦੀ ਅਤੇ ਪ੍ਰੀਖਿਆਰਥੀਆਂ ਲਈ ਹਰ ਕੇਂਦਰ ਉੱਤੇ ਜ਼ਰੂਰੀ ਸਹੂਲਤਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਿਸੇ ਪ੍ਰਕਾਰ ਦੀ ਢਿੱਲ ਕਰਨ ਵਾਲੇ ਜਾਂ ਅਣਉਚਿਤ ਸਾਧਨ ਵਾਲੇ ਕੇਸਾਂ ਨਾਲ ਸਬੰਧਤਾ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵੱਲੋਂ ਇਸ ਪ੍ਰੀਖਿਆ ਸਬੰਧੀ ਕਿਸੇ ਕਿਸਮ ਦੀ ਸਹਾਇਤਾ ਜਾਂ ਕਿਸੇ ਗਲਤ ਤਰੀਕੇ ਨਾਲ ਉਮੀਦਵਾਰ ਦੀ ਮੱਦਦ ਕਰਨ ਲਈ ਅਫ਼ਵਾਹ ਫਲਾਉਣ ਵਾਲੇ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਅਤੇ ਅਜਿਹੇ ਅਨਸਰਾਂ ਬਾਰੇ ਕਿਸੇ ਦੇ ਧਿਆਨ ਵਿੱਚ ਆਉਣ ਤੇ ਇਲਾਕੇ ਦੇ ਪੁਲਿਸ ਅਧਿਕਾਰੀਆਂ ਨੂੰ ਇਤਲਾਹ ਕਰਨ ਲਈ ਵੀ ਕਿਹਾ ਹੈ।

ਉਨਾ੍ਹਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਵੱਡੀ ਮਾਤਰਾ ਵਿੱਚ ਉਮੀਦਵਾਰ ਪੇਪਰ ਦੇਣਗੇ ਇਸ ਲਈ ਸਿੱਖਿਆ ਵਿਭਾਗ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਤੱਕ ਸੰਭਵ ਹੋ ਸਕੇ ਉਮੀਦਵਾਰ ਦੋ ਪਹੀਆ ਵਾਹਾਨਾਂ/ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਕੇ ਪ੍ਰੀਖਿਆ ਕੇਂਦਰਾਂ ਤੇ ਪਹੁੰਚਣ ਦੀ ਖੇਚਲ ਕਰਨ ਕਿਉਂਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਪ੍ਰੀਖਿਆ ਵਾਲੇ ਦਿਨ ਵੱਡੀ ਮਾਤਰਾ ਵਿੱਚ ਕਾਰਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਸ਼ਹਿਰਾਂ ਵਿੱਚ ਟਰੈਫਿਕ ਜਾਮ ਲੱਗ ਜਾਂਦਾ ਹੈ ਅਤੇ ਬਹੁਤ ਸਾਰੇ ਉਮੀਦਵਾਰ ਪ੍ਰੀਖਿਆ ਕੇਂਦਰ ਤੇ ਸਮੇਂ ਸਿਰ ਪੁੱਜਣ ਤੋਂ ਅਸਮਰੱਥ ਹੋ ਜਾਂਦੇ ਹਨ। 

Leave a Reply

Your email address will not be published. Required fields are marked *