ਅਯੁੱਧਿਆ ਕੇਸ ਤੇ ਇਤਿਹਾਸਕ ਫੈਸਲਾ : ਸਰਕਾਰ ਨੂੰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ

ਅਯੁੱਧਿਆ ਕੇਸ ਤੇ ਇਤਿਹਾਸਕ ਫੈਸਲਾ : ਸਰਕਾਰ ਨੂੰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ
ਮੁਸਲਮਾਨਾਂ ਨੂੰ ਮਜਸਿਦ ਦੀ ਉਸਾਰੀ ਲਈ ਅਯੁਧਿਆ ਵਿੱਚ ਢੁੱਕਵੀਂ ਥਾਂ ਤੇ ਪੰਜ ਏਕੜ ਜਮੀਨ ਮਿਲੇਗੀ
ਨਵੀਂ ਦਿੱਲੀ, 9 ਨਵੰਬਰ (ਸ.ਬ.) ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਅੱਜ ਫੈਸਲਾ ਸੁਣਾ ਦਿੱਤਾ ਗਿਆ| ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਿੱਚ 5 ਜੱਜਾਂ ਦੀ ਸੰਵਿਧਾਨਕ ਬੈਂਚ ਵਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਵਿਵਾਦਿਤ ਜ਼ਮੀਨ ਮੰਦਰ ਦੀ ਉਸਾਰੀ ਲਈ ਦਿੱਤੀ ਜਾਵੇਗੀ ਅਤੇ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਮੰਦਰ ਦੀ ਉਸਾਰੀ ਲਈ ਸਰਕਾਰ ਨੂੰ 3 ਮਹੀਨੇ ਦੇ ਅੰਦਰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ|
ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ ਅਯੁੱਧਿਆ ਵਿੱਚ ਹੀ ਕਿਸੇ ਢੁੱਕਵੀਂ ਥਾਂ ਤੇ 5 ਏਕੜ ਜ਼ਮੀਨ ਦਿੱਤੀ ਜਾਵੇ| ਸੁਪਰੀਮ ਕੋਰਟ ਨੇ ਨਿਰਮੋਹੀ ਅਖਾੜੇ ਅਤੇ ਸ਼ੀਆ ਵਕਫ਼ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ| ਕੋਰਟ ਨੇ ਕਿਹਾ ਕਿ ਸਰਕਾਰ ਮੰਦਰ ਨਿਰਮਾਣ ਲਈ ਬੋਰਡ ਆਫ ਟਰੱਸਟ ਬਣਾਏ|
ਅਦਾਲਤ ਵਲੋਂ ਪੱਖਕਾਰ ਗੋਪਾਲ ਸਿੰਘ ਵਿਸ਼ਾਰਦ ਨੂੰ ਪੂਜਾ ਦਾ ਅਧਿਕਾਰ ਦਿੱਤਾ ਗਿਆ ਹੈ| ਜਿਕਰਯੋਗ ਹੈ ਕਿ ਅਯੁੱਧਿਆ ਮਾਮਲਾ 2.77 ਏਕੜ ਦੀ ਵਿਵਾਦਿਤ ਜ਼ਮੀਨ ਨਾਲ ਜੁੜਿਆ ਸੀ ਅਤੇ ਅਦਾਲਤ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਇਸ ਦਾ ਕਬਜ਼ਾ ਕੇਂਦਰ ਸਰਕਾਰ ਦੇ ਰਿਸੀਵਰ ਕੋਲ ਹੀ ਰਹੇਗਾ| ਸੰਵਿਧਾਨਕ ਬੈਂਚ ਨੇ 2.77 ਏਕੜ ਵਿਵਾਦਿਤ ਜ਼ਮੀਨ 3 ਪੱਖਕਾਰਾਂ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮਲਲਾ ਵਿਰਾਜਮਾਨ ਵਿਚਾਲੇ ਵੰਡਣ ਦੇ ਇਲਾਹਾਬਾਦ ਹਾਈ ਕੋਰਟ ਦੇ ਸਤੰਬਰ, 2010 ਦੇ ਫੈਸਲੇ ਵਿਰੁੱਧ ਦਾਇਰ 14 ਅਪੀਲਾਂ ਤੇ 16 ਅਕਤੂਬਰ ਨੂੰ ਸੁਣਵਾਈ ਪੂਰੀ ਕੀਤੀ ਸੀ|
ਸੰਵਿਧਾਨਕ ਬੈਂਚ ਵਿੱਚ ਰੰਜਨ ਗੋਗੋਈ ਸਮੇਤ ਜੱਜ ਐਸ.ਏ. ਬੋਬੜੇ, ਜੱਜ ਧੰਨਜੈ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐਸ. ਅਬਦੁੱਲ ਨਜ਼ੀਰ ਸ਼ਾਮਲ ਸਨ| ਸੁਪਰੀਮ ਕੋਰਟ ਨੇ ਰਾਮਲਲਾ ਵਿਰਾਜਮਾਨ ਅਤੇ ਸੁੰਨੀ ਵਕਫ਼ ਬੋਰਡ ਨੂੰ ਹੀ ਮੰਨਿਆ| ਸੁੰਨੀ ਪੱਖ ਨੇ ਵਿਵਾਦਿਤ ਥਾਂ ਨੂੰ ਮਸਜਿਦ ਐਲਾਨ ਕਰਨ ਦੀ ਮੰਗ ਕੀਤੀ ਸੀ| ਕੋਰਟ ਨੇ ਫੈਸਲੇ ਵਿਚ ਕਿਹਾ ਕਿ 1856-57 ਤਕ ਵਿਵਾਦਿਤ ਜ਼ਮੀਨ ਤੇ ਨਮਾਜ਼ ਪੜ੍ਹਨ ਦੇ ਸਬੂਤ ਨਹੀਂ ਹਨ| ਮੁਸਲਿਮ ਪੱਖ ਨੇ ਕਿਹਾ ਸੀ ਕਿ ਉੱਥੇ ਲਗਾਤਾਰ ਨਮਾਜ਼ ਪੜ੍ਹੀ ਜਾਂਦੀ ਰਹੀ ਸੀ, ਜਦਕਿ ਕੋਰਟ ਨੇ ਕਿਹਾ ਕਿ 1856 ਤੋਂ ਪਹਿਲਾਂ ਅੰਦਰੂਨੀ ਹਿੱਸੇ ਵਿਚ ਹਿੰਦੂ ਵੀ ਪੂਜਾ ਕਰਦੇ ਸਨ| ਕੋਰਟ ਨੇ ਇਹ ਵੀ ਕਿਹਾ ਕਿ ਅਦਾਲਤ ਭਾਰਤੀ ਪੁਰਾਤਤੱਵ ਸਰਵੇਖਣ (ਏ.ਐਸ. ਆਈ.) ਦੀ ਖੁਦਾਈ ਤੋਂ ਨਿਕਲੇ ਸਬੂਤਾਂ ਦੀ ਅਣਦੇਖੀ ਨਹੀਂ ਕਰ ਸਕਦੀ| ਬਾਬਰੀ ਮਸਜਿਦ ਖਾਲੀ ਜ਼ਮੀਨ ਤੇ ਨਹੀਂ ਬਣੀ ਸੀ| ਕੋਰਟ ਨੇ ਕਿਹਾ ਕਿ ਉੱਥੋਂ ਜੋ ਕਲਾਕ੍ਰਿਤੀਆਂ ਮਿਲੀਆਂ ਸਨ, ਉਹ ਇਸਲਾਮਿਕ ਨਹੀਂ ਸੀ|
ਕੋਰਟ ਨੇ ਇਹ ਵੀ ਕਿਹਾ ਕਿ ਏ.ਐਸ. ਆਈ. ਨੇ ਮੰਦਰ ਹੋਣ ਦੇ ਸਬੂਤ ਤਾਂ ਪੇਸ਼ ਕੀਤੇ ਪਰ ਇਹ ਸਾਬਤ ਨਹੀਂ ਹੋਇਆ ਕਿ ਉੱਥੇ ਮੰਦਰ ਢਾਹ ਕੇ ਮਸਜਿਦ ਬਣਾਈ ਗਈ| ਹਾਲਾਂਕਿ ਅਯੁੱਧਿਆ ਵਿਚ ਰਾਮ ਦੇ ਜਨਮ ਸਥਾਨ ਦੇ ਦਾਅਵੇ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ| ਵਿਵਾਦਿਤ ਜ਼ਮੀਨ ਤੇ ਹਿੰਦੂ ਪੂਜਾ ਕਰਦੇ ਸਨ| ਕੋਰਟ ਨੇ ਕਿਹਾ ਕਿ ਰਾਮਲਲਾ ਨੇ ਇਤਿਹਾਸਕ ਗ੍ਰੰਥਾਂ ਦੇ ਵੇਰਵੇ ਰੱਖੇ| ਰਾਮ ਚਬੂਤਰਾ, ਭੰਡਾਰ ਗ੍ਰਹਿ, ਸੀਤਾ ਰਸੋਈ ਤੋਂ ਇਹ ਸਾਬਤ ਹੁੰਦਾ ਹੈ ਕਿ ਇੱਥੇ ਹਿੰਦੂ ਪਰਿਕ੍ਰਮਾ ਕਰਦੇ ਸਨ|

Leave a Reply

Your email address will not be published. Required fields are marked *