ਨਾਲੇ ਦੀ ਸਫਾਈ ਕਰਕੇ ਦੁਕਾਨਾਂ ਅਤੇ ਘਰਾਂ ਅੱਗੇ ਸੁੱਟੀ ਗੰਦਗੀ ਚੁਕਵਾਉਣ ਦੀ ਮੰਗ

ਖਰੜ, 27 ਫਰਵਰੀ (ਸ਼ਮਿੰਦਰ ਸਿੰਘ) ਨਗਰ ਕੌਂਸਲ ਖਰੜ ਵੱਲੋਂ ਪੰਜ ਦਿਨ ਪਹਿਲਾਂ  ਸੰਤੇਮਾਜਰਾ ਤੋਂ ਤਕਰੀਬਨ ਇੱਕ ਡੇਢ ਕਿਲੋਮੀਟਰ ਤੱਕ ਨਾਲੇ ਦੀ ਸਫ਼ਾਈ ਕੀਤੀ ਗਈ ਸੀ ਪਰੰਤੂ ਨਿਗਮ ਦੇ ਸਫਾਈ ਕਰਮਚਾਰੀਆਂ ਵਲੋਂ ਨਾਲੇ ਦਾ ਸਾਰਾ ਗੰਦ-ਮੰਦ  ਦੁਕਾਨਾਂ ਅਤੇ ਘਰਾਂ ਦੇ ਅੱਗੇ ਸੁੱਟ ਦਿੱਤਾ ਗਿਆ ਅਤੇ ਇਸ ਗੰਦਗੀ ਨੂੰ ਹੁਣ ਤੱਕ ਚੁਕਵਾਇਆ ਨਹੀਂ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੇ ਮਾਜਰਾ ਦੇ ਦੁਕਾਨਦਾਰਾਂ ਰਵਿੰਦਰ ਸਿੰਘ, ਅਜਮੇਰ ਸਿੰਘ, ਮਨਿੰਦਰ ਸਿੰਘ, ਪ੍ਰਿੰਸ ਗੋਪਾਲ ਅਤੇ ਹੋਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਖਰੜ ਨਗਰ ਕੌਂਸਲ ਵਲੋਂ ਨਾਲੇ ਦੀ ਸਫਾਈ ਕਰਵਾ ਕੇ ਸੁੱਟੀ ਗਈ ਇਸ  ਗੰਦਗੀ ਵਿੱਚ ਕਈ ਬੱਚੇ ਅਤੇ ਔਰਤਾਂ ਫਸ ਕੇ ਡਿੱਗ ਚੁੱਕੀਆਂ ਹਨ ਅਤੇ ਇਸ ਗੰਦਗੀ ਕਾਰਨ  ਦੁਕਾਨਦਾਰਾਂ ਦਾ ਲਾਂਘਾ ਬੰਦ ਹੋਣ ਕਰਕੇ ਉਨ੍ਹਾਂ ਦਾ ਕੰਮ ਠੱਪ ਪਿਆ ਹੈ|
ਉਹਨਾਂ ਕਿਹਾ ਕਿ ਉਹਨਾਂ ਨੇ  ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਗੰਦਗੀ ਨੂੰ ਚੁਕਵਾਉਣ ਲਈ  ਕਿਹਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ| ਉਹਨਾਂ ਕਿਹਾ ਕਿ ਇਕ ਪਾਸੇ ਖਰੜ ਨਗਰ ਕੌਂਸਲ ਨੂੰ ਸਵੱਛਤਾ ਲਈ ਸਨਮਾਨਿਤ ਕੀਤਾ ਗਿਆ ਹੈ ਪਰ ਸੰਤੇ ਮਾਜਰਾ ਵਿੱਚ ਨਾਲੇ ਵਿੱਚੋਂ ਕੱਢ ਕੇ ਖਿਲਾਰੀ ਗਈ ਗੰਦਗੀ ਆਪਣੀ ਕਹਾਣੀ ਖੁਦ ਕਹਿ ਰਹੀ ਹੈ| ਉਹਨਾਂ ਕਿਹਾ ਕਿ ਜੇ ਇਸ ਇਲਾਕੇ ਵਿੱਚ  ਮੀਂਹ ਪੈ ਜਾਂਦਾ ਹੈ ਤਾਂ ਇੱਥੇ ਬਿਮਾਰੀ ਫੈਲਣ ਦਾ ਖਤਰਾ ਹੈ| ਇਸ ਗੰਦਗੀ ਕਾਰਨ ਮੱਖੀ ਮੱਛਰ  ਬਹੁਤ ਪੈਦਾ ਹੋ ਗਏ ਹਨ| ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ  ਹੱਲ  ਕੱਢਿਆ ਜਾਵੇ ਤੇ ਇੱਥੋਂ ਸਫ਼ਾਈ ਕਰਵਾਈ ਜਾਵੇ| 

Leave a Reply

Your email address will not be published. Required fields are marked *