ਪੁਲੀਸ ਵੱਲੋਂ ਦਰਪਨ ਸਿਟੀ ਖਰੜ ਵਿੱਚ ਹੋਏ ਕਤਲ ਦਾ ਕੇਸ ਸੁਲਝਾਉਣ ਦਾ ਦਾਅਵਾ, 2 ਵਿਅਕਤੀ ਗ੍ਰਿਫਤਾਰ

  ਖਰੜ, 9 ਨਵੰਬਰ (ਸ਼ਮਿੰਦਰ ਸਿੰਘ) ਖਰੜ ਪੁਲੀਸ ਨੇ ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ ਤੇ ਦਿਨ ਦਿਹਾੜੇ ਹੋਏ ਕਤਲ ਦੀ ਵਾਰਦਾਤ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ| ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ੍ਰੀ ਸਿਮਰਨਜੀਤ ਸਿੰਘ ਲੰਗ ਡੀ.ਐਸ.ਪੀ ਖਰੜ, ਸ੍ਰੀ ਦਮਨਬੀਰ ਸਿੰਘ (ਪ੍ਰੋਬੇਸ਼ਨਰ ਡੀ.ਐਸ.ਪੀ) ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ (ਡੀ) ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ.ਸਟਾਫ ਖਰੜ ਅਤੇ ਐਸ.ਐਚ.ਓ ਸਿਟੀ ਖਰੜ ਦੀਆਂ ਪੁਲੀਸ ਪਾਰਟੀਆਂ ਵੱਲੋਂ ਇਸ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਕਤਲ ਲਈ ਜਿੰਮੇਵਾਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ,ਜਿਹਨਾਂ ਨੇ ਆਪਣਾ ਜੁਰਮ ਕਬੂਲ ਕੀਤਾ ਹੈ| ਇਹਨਾਂ ਦੇ ਫਰਾਰ ਸਾਥੀਆਂ ਜਿਹੜੇ ਹੋਰ ਕਈ ਕੇਸਾਂ ਵਿੱਚ ਪਹਿਲਾਂ ਹੀ ਭਗੌੜੇ ਹਨ ਦੀ ਗ੍ਰਿਫਤਾਰੀਆਂ ਲਈ ਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਹਨ|
ਐਸ.ਐਸ.ਪੀ ਮੁਹਾਲੀ ਨੇ ਦੱਸਿਆ ਇਸ ਘਟਨਾਂ ਬਾਰੇ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਦੇ ਬਿਆਨ ਤੇ ਥਾਣਾ ਸਿਟੀ ਖਰੜ ਵਿਖੇ ਆਈ ਪੀ ਸੀ ਦੀ ਧਾਰਾ 302,34,120-ਬੀ ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਕੇਸ ਦਰਜ ਕੀਤਾ ਗਿਆ ਸੀ| ਇਸ ਮਾਮਲੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੇ ਸਾਥੀਆਂ  ਰੋਹਿਤ ਸੇਠੀ ਅਤੇ ਅਜੇ ਕੁਮਾਰ ਉਰਫ ਕਾਪਾ ਨੇ ਅਸੀਸ ਚੋਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ,ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰੱਚ ਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਤੋਂ ਸ਼ਾਪਿੰਗ ਕਰਵਾਉਣ ਬਹਾਨੇ 5 ਨਵੰਬਰ  ਨੂੰ ਫਿਰੋਜਪੁਰ ਤੋਂ ਚੰਡੀਗੜ੍ਹ ਬੁਲਾਇਆ ਸੀ| ਉਹਨਾਂ ਦੱਸਿਆ ਕਿ ਰੋਹਿਤ ਸੇਠੀ ਤੇ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਰਲ੍ਹ ਕੇ ਬਣਾਈ ਸਾਜਿਸ਼ ਨੂੰ ਸਿਰੇ ਚੜ੍ਹਾਉਦਿਆਂ 7 ਨਵੰਬਰ ਨੂੰ ਉਹਨਾਂ ਹੱਥੋਂ ਖਰੜ ਵਿਖੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰਵਾ ਦਿੱਤਾ| 
ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਮ੍ਰਿਤਕ ਨਾਲ ਪੁਰਾਣੇ ਇਰਾਦਾ ਕਤਲ ਦੇ ਮਾਮਲੇ ਵਿੱਚ ਰੰਜਿਸ਼ ਚੱਲਦੀ ਸੀ ਤੇ ਉਹ ਕਈ ਵਾਰ ਪਹਿਲਾਂ ਵੀ ਉਸ ਦੇ ਕਤਲ ਦੀ ਕੋਸ਼ਿਸ਼ਾਂ ਕਰ ਚੁੱਕੇ ਸਨ| ਜਿਨ੍ਹਾਂ ਦੇ ਸਿਰੇ ਨਾ ਚੜ੍ਹਨ ਤੇ ਢਿੰਡਾ ਦੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਿਲ ਕਰ ਲਿਆ ਗਿਆ| ਘਟਨਾ ਦੀ ਸੰਖੇਪ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 7 ਨਵੰਬਰ ਨੂੰ ਕਰੀਬ 2 ਵਜੇ ਦੁਪਹਿਰ ਵੇਲੇ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀਆਂ ਨੇ ਸਟੇਡੀਅਮ ਰੋਡ ਦਰਪਨ ਸਿਟੀ ਟੀ-ਪੁਆਇੰਟ ਦੇ ਲਾਗੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾ ਨੂੰ ਰੋਕ ਕੇ,ਵਿਚਾਲੇ ਬੈਠੇ 26-27 ਸਾਲਾ ਇੱਕ ਨੌਜਵਾਨ ਨੂੰ ਮੋਟਰਸਾਇਕਲ ਤੋਂ ਲਾਹ ਕੇ ਉਸ ਉਪਰ ਪਿਸਤੌਲਾਂ ਨਾਲ ਅੰਨ੍ਹੇਵਾਹ ਫਾਈਰਿੰਗ ਕਰਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ|
ਉਹਨਾਂ ਦੱਸਿਆ ਕਿ ਘਟਨਾ ਦੀ ਜਾਂਚ ਦੌਰਾਨ ਮੁੱਢ ਤੋਂ ਹੀ ਸ਼ੱਕ ਦੀ ਸੂਈ ਮ੍ਰਿਤਕ ਦੇ ਮੋਟਰਸਾਇਕਲ ਸਵਾਰ ਸਾਥੀਆਂ ਵੱਲ ਗਈ ਤੇ ਪੁਲੀਸ ਨੇ ਤਫਤੀਸ਼ ਨੂੰ ਟੈਕਨੀਕਲੀ ਤਰੀਕੇ ਨਾਲ ਅੱਗੇ ਵਧਾਇਆ ਅਤੇ ਬਰੀਕੀ ਨਾਲ ਰੋਹਿਤ ਸੇਠੀ ਅਤੇ ਅਜੇ ਕੁਮਾਰ ਪਾਸੋਂ ਪੁੱਛ-ਗਿੱਛ ਕੀਤੀ| ਜਿਸ ਤੇ ਦੋਨਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਕਤਲ ਵਿੱਚ ਸ਼ਾਮਿਲ ਆਪਣੇ ਸਾਥੀਆਂ ਬਾਰੇ ਦੱਸਿਆ| ਉਹਾਂ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਥਾਵਾਂ ਤੇ ਰਵਾਨਾ ਕੀਤੀਆਂ ਗਈਆਂ ਹਨ|

Leave a Reply

Your email address will not be published. Required fields are marked *