ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਨਿਸ਼ਕਾਮ ਤੇ ਸਮਰਪਿਤ ਭਾਵਨਾ ਨਾਲ ਸਿਹਤ ਸਹੂਲਤਾਂ ਦਿੱਤੀਆਂ ਜਾਣ : ਸਿਵਲ ਸਰਜਨ


ਐਸ ਏ ਐਸ ਨਗਰ, 9 ਨਵੰਬਰ (ਸ.ਬ.) ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਨਾਲ ਨਿਮਰਤਾ ਤੇ ਪਿਆਰ ਭਰਿਆ ਵਿਹਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਨਿਸ਼ਕਾਮ, ਸਮਰਪਿਤ ਤੇ ਇਮਾਨਦਾਰਾਨਾ ਭਾਵਨਾ ਨਾਲ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਕਿ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਹੀ ਤੇ ਅਸਲ ਮਾਅਨਿਆਂ ਵਿਚ ਮਨਾਇਆ ਜਾ ਸਕੇ| ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਬੁਲਾਈ ਗਈ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੀਆਂ ਸਿਖਿਆਵਾਂ ਅਤੇ ਸਿਧਾਂਤਾਂ ਤੇ ਹਰ ਕਿਸੇ ਨੂੰ ਪਹਿਰਾ ਦੇਣ ਦੀ ਲੋੜ ਹੈ| 
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ ਦੇ ਮਹਾਂਵਾਕ ਦਾ ਹਵਾਲਾ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਕਿ ਮਿੱਠਤ ਭਾਵ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ ਅਤੇ ਹਰ ਕਿਸੇ ਦੀ ਜ਼ੁਬਾਨ ਵਿਚ ਮਿਠਾਸ ਹੋਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਜੇ ਅਸੀਂ ਮਰੀਜ਼ ਨਾਲ ਪਿਆਰ ਤੇ ਮਿਠਾਸ ਭਰਿਆ ਵਿਹਾਰ ਕਰਦਿਆਂ ਉਸ ਦੀ ਬੀਮਾਰੀ ਬਾਰੇ ਪੁੱਛਾਂਗੇ ਅਤੇ ਇਲਾਜ ਕਰਾਂਗੇ ਤਾਂ ਉਸ ਦਾ ਅੱਧਾ ਦੁੱਖ ਤਾਂ ਇੰਜ ਹੀ ਘਟਾਇਆ ਜਾ ਸਕਦਾ ਹੈ| 
ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਲਾਗੂ ਕੀਤਾ ਜਾਵੇ| ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਡਾ. ਮਨਜੀਤ ਸਿੰਘ ਨੇ  ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਅਤੇ ਉਹਨਾਂ ਦੇ ਤੀਮਾਰਦਾਰਾਂ ਨੂੰ ਲੱਡੂਆਂ ਦੇ ਡੱਬੇ ਵੰਡੇ ਅਤੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿਤੀਆਂ| 

Leave a Reply

Your email address will not be published. Required fields are marked *