ਸਵੈ ਰੋਜ਼ਗਾਰ ਲਈ ਬਿਨਾਂ ਕਿਸੇ ਦੇਰੀ ਤੋਂ ਕਰਜ਼ੇ ਮੁਹੱਈਆ ਕਰਵਾਏ ਜਾਣ: ਅਮਰਦੀਪ ਸਿੰਘ ਬੈਂਸ

ਐਸ.ਏ.ਐਸ. ਨਗਰ, 12 ਸਤੰਬਰ (ਸ.ਬ.) ਬੈਂਕ ਸਵੈ ਰੋਜ਼ਗਾਰ ਲਈ ਘੱਟ ਵਿਆਜ ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ੇ ਦਿੱਤੇ ਜਾਣ| ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਬੈਂਸ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਪੱਧਰੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ|
ਇਸ ਮੋਕੇ ਸ੍ਰੀ ਬੈਂਸ ਨੇ 30 ਜੂਨ ਨੂੰ ਖਤਮ ਹੋਈ ਤਿਮਾਹੀ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਪੀ.ਐਮ.ਈ.ਜੀ.ਪੀ., ਨੈਸ਼ਨਲ ਅਰਬਨ ਲਾਈਵਲੀਹੁੱਡਜ਼ ਮਿਸ਼ਨ ਅਤੇ ਡੇਅਰੀ ਸਬੰਧੀ ਲੰਬਿਤ ਪਏ ਕੇਸਾਂ ਨੂੰ 30 ਸਤੰਬਰ ਤੱਕ ਨਿਬੇੜਨ ਦੀ ਹਦਾਇਤ ਕੀਤੀ| ਉਨ੍ਹਾਂ ਹਰੇਕ ਬੈਂਕ ਬ੍ਰਾਂਚ ਨੂੰ ਮੁਦਰਾ ਸਕੀਮ ਤਹਿਤ ਸਵੈ ਰੋਜ਼ਗਾਰ ਲਈ ਘੱਟੋ ਘੱਟ 10 ਲੋਨ ਕਰਨ ਦਾ ਟੀਚਾ ਦਿੱਤਾ ਅਤੇ ਸਟੈਂਡ ਅਪ ਇੰਡੀਆ ਤਹਿਤ ਪ੍ਰਤੀ ਬ੍ਰਾਂਚ ਘੱਟੋ ਘੱਟ 2 ਲੋਨ ਕਰਨ ਉਤੇ ਜ਼ੋਰ ਦਿੱਤਾ|
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਜਿਨ੍ਹਾਂ ਬੈਂਕਾਂ ਵੱਲੋਂ ਰੁਪਏ ਕਾਰਡ ਜਾਰੀ ਨਹੀਂ ਕੀਤੇ ਗਏ ਜਾਂ ਐਕਟੀਵੇਟ ਨਹੀਂ ਹੋਏ, ਦੇ ਲੰਬਿਤ ਪਏ ਕੰਮ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਕੰਮਲ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਪ੍ਰਤੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ| ਉਨ੍ਹਾਂ ਨਿੱਜੀ ਬੈਂਕਾਂ ਨੂੰ ਹਿਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਕਰਜ਼ਿਆਂ ਸਬੰਧੀ ਅੰਕੜੇ ਸਮੇਂ ਸਿਰ ਮੁਹੱਈਆ ਕਰਵਾਏ ਜਾਣ|
ਇਸ ਦੌਰਾਨ ਸਮੂਹ ਬੈਂਕ ਅਧਿਕਾਰੀਆਂ ਨੂੰ ਆਪਣੇ ਬੈਂਕਾਂ ਦੇ ਏ.ਟੀ.ਐਮਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਏ.ਟੀ.ਐਮਾਂ ਅਤੇ ਬੈਂਕਾਂ ਦੇ ਅੰਦਰ ਤੇ ਬਾਹਰਲੀ ਸਾਈਡ ਸੀ.ਸੀ.ਟੀ.ਵੀ. ਕੈਮਰੇ ਲਾਉਣ ਅਤੇ ਇਨ੍ਹਾਂ ਕੈਮਰਿਆਂ ਦੀ ਸਮੇਂ ਸਮੇਂ ਉਤੇ ਮੁਰੰਮਤ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ|
ਇਸ ਮੌਕੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਚੀਫ ਐਲ. ਡੀ. ਐਮ. ਸ੍ਰੀ ਦਰਸ਼ਨ ਸੰਧੂ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਵੱਖ ਵੱਖ ਸਕੀਮਾਂ ਸਬੰਧੀ ਬੈਂਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਇਆ ਗਿਆ ਬੈਂਕਾਂ ਵੱਲੋਂ ਟੀਚੇ ਪੂਰੇ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ|
ਮੀਟਿੰਗ ਵਿੱਚ ਸਰਕਲ ਹੈਡ ਪੀ.ਐਨ.ਬੀ. ਸ੍ਰੀ ਐਸ. ਕੇ ਥਾਪਰ, ਡੀ.ਡੀ.ਐਮ. ਨਾਬਾਰਡ ਸ੍ਰੀ ਸੰਜੀਵ ਸ਼ਰਮਾ, ਰਿਜ਼ਰਵ ਬੈਂਕ ਦੇ ਐਲ.ਡੀ.ਓ. ਸ੍ਰੀ ਬਿਮਲ ਸ਼ਰਮਾ, ਡੀ.ਐਸ.ਪੀ. ਹੈਡ ਕੁਆਰਟਰ ਸ੍ਰੀ ਦੀਪਕਮਲ ਸ਼ਰਮਾ, ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ|

Leave a Reply

Your email address will not be published. Required fields are marked *