ਸੈਕਟਰ 69 ਵਿੱਚ ਗ੍ਰੇਸ਼ੀਅਨ ਹਸਪਤਾਲ ਦੇ ਸਾਮ੍ਹਣੇ ਖੁੱਲੇ ਠੇਕੇ ਨੂੰ 8 ਹਫਤਿਆਂ ਵਿੱਚ ਤਬਦੀਲ ਕਰਨ ਦੇ ਹੁਕਮ

ਸੈਕਟਰ 69 ਵਿੱਚ ਗ੍ਰੇਸ਼ੀਅਨ ਹਸਪਤਾਲ ਦੇ ਸਾਮ੍ਹਣੇ ਖੁੱਲੇ        ਠੇਕੇ ਨੂੰ 8 ਹਫਤਿਆਂ ਵਿੱਚ ਤਬਦੀਲ ਕਰਨ ਦੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਡਿਪਟੀ ਕਮਿਸ਼ਨਰ, ਐਸ ਐਸ ਪੀ, ਗਮਾਡਾ ਅਤੇ ਐਕਸਾਈਜ ਵਿਭਾਗ ਨੂੰ ਕਾਰਵਾਈ ਕਰਨ ਦੀ ਹਿਦਾਇਤ
ਐਸ.ਏ.ਐਸ ਨਗਰ, 19 ਸਤਬੰਰ (ਸ.ਬ.) ਸਥਾਨਕ ਸੈਕਟਰ 69 ਵਿੱਚ ਗ੍ਰੇਸ਼ਿਅਨ ਹਸਪਤਾਲ ਦੇ ਸਾਹਮਣੇ ਵਾਲੀ ਥਾਂ ਤੇ ਖੁੱਲੇ ਸ਼ਰਾਬ ਦੇ ਠੇਕੇ (ਜਿਸਦੇ ਵਿਰੋਧ ਵਿੱਚ ਸੈਕਟਰ 69 ਅਤੇ ਪਿੰਡ ਕੁੰਭੜਾ ਦੇ ਵਸਨੀਕਾਂ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ) ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਵਲੋਂ ਅਗਲੇ 8 ਹਫਤਿਆਂ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ| ਇਸ ਸੰਬੰਧੀ ਆਲ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 69 ਵਲੋਂ ਮਾਣਯੋਗ ਅਦਾਲਤ ਵਿੱਚ ਪਾਈ ਗਈ ਇੱਕ ਪਟੀਸ਼ਨ ਤੇ ਕਾਰਵਾਈ ਕਰਦਿਆਂ ਮਾਣਯੋਗ ਮੁੱਖ ਜੱਜ ਸ੍ਰੀ ਕ੍ਰਿਸ਼ਨਾ ਮੁਰਾਰੀ ਅਤੇ ਮਾਣਯੋਗ ਜੱਜ ਸ੍ਰੀ ਅਰੁਣ ਪਿਲਈ ਤੇ ਆਧਾਰਿਤ ਡਿਵੀਜਨ ਬੈਂਚ ਨੇ ਗਮਾਡਾ, ਡਿਪਟੀ ਕਮਿਸ਼ਨਰ ਮੁਹਾਲੀ, ਈ ਟੀ ਓ ਮੁਹਾਲੀ ਅਤੇ ਐਸ ਐਸ ਪੀ ਮੁਹਾਲੀ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਅਗਲੇ ਅੱਠ ਹਫਤਿਆਂ ਦੇ ਵਿੱਚ ਇਸ ਠੇਕੇ ਨੂੰ ਕਿਤੇ ਹੋਰ ਤਬਦੀਲ ਕੀਤਾ ਜਾਵੇ| 
ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲਾਂ ਸ੍ਰ. ਜੇ ਐਸ ਚਾਹਲ ਅਤੇ ਸ੍ਰੀ ਸੌਰਵ ਭਾਟੀਆ ਨੇ ਅਦਾਲਤ ਨੂੰ ਦੱਸਿਆ ਕਿ ਇਹ ਠੇਕਾ ਗ੍ਰੇਸ਼ੀਅਨ ਹਸਪਤਾਲ ਅਤੇ ਦੂਨ ਇੰਟਨੈਸ਼ਨਲ ਸਕੂਲ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਇਸਦੇ ਨੇੜੇ ਹੀ ਇੱਕ ਮੰਦਰ ਵੀ ਮੌਜੂਦ ਹੈ| ਉਹਨਾਂ ਕਿਹਾ ਕਿ ਠੇਕੇ ਦੇ ਮਾਲਕਾਂ ਵਲੋਂ ਗਮਾਡਾ ਨੂੰ ਇਹ ਲਿਖ ਕੇ ਦਿੱਤਾ ਜਾਂਦਾ ਹੈ ਕਿ ਜੇਕਰ ਵਸਨੀਕਾਂ ਦੀ ਕਿਸੇ ਸੰਸਥਾ ਵਲੋਂ ਠੇਕੇ ਦੇ ਮੌਜੂਦ ਹੋਣ ਤੇ ਇਤਰਾਜ ਹੋਵੇਗਾ ਤਾਂ ਉਹ ਆਪਣਾ ਠੇਕਾ ਕਿਤੇ ਹੋਰ ਤਬਦੀਲ ਕਰ ਲਵੇਗਾ| ਉਹਨਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸ ਸੰਬੰਧੀ ਪਟੀਸ਼ਨਰ ਵਲੋਂ ਵਾਰ ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਇਸ ਠੇਕੇ ਨੂੰ ਤਬਦੀਲ ਕਰਨ ਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| 
ਜਿਕਰਯੋਗ ਹੈ ਕਿ ਇਸ ਥਾਂ ਤੇ ਠੇਕਾ ਖੁੱਲਣ ਸਾਰ ਹੀ ਪਿੰਡ ਕੁੰਭੜਾ ਅਤੇ ਸੈਕਟਰ 69 ਦੇ ਵਸਨੀਕਾਂ ਵਲੋਂ ਇਸ ਠੇਕੇ ਦਾ ਵਿਰੋਧ ਆਰੰਭ ਹੋ ਗਿਆ ਸੀ ਅਤੇ ਇਸ ਸੰਬੰਧੀ ਵਸਨੀਕਾਂ ਵਲੋਂ ਇੱਥੇ ਧਰਨਾ ਵੀ ਲਾਇਆ ਗਿਆ ਸੀ ਪੰਰਤੂ ਸੰਬੰਧਿਤ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ ਅਤੇ ਹੁਣ ਮਾਣਯੋਗ ਅਦਾਲਤ ਵਲੋਂ ਇਸ ਸੰਬੰਧੀ ਹੁਕਮ ਜਾਰੀ ਕੀਤੇ ਜਾਣ ਨਾਲ ਇਹ ਮਾਮਲਾ ਹੱਲ ਹੋਣ ਦੀ ਸੰਭਾਵਨਾ ਬਣ ਗਈ ਹੈ|

Leave a Reply

Your email address will not be published. Required fields are marked *