ਸੜਕਾਂ ਕਿਨਾਰੇ ਖਾਲੀ ਥਾਂ ਤੇ ਵਸਨੀਕਾਂ ਦੇ ਕਬਜਿਆਂ ਕਾਰਨ ਆਉਂਦੀ ਹੈ ਪਾਰਕਿੰਗ ਦੀ ਸਮੱਸਿਆ


ਚੰਡੀਗੜ੍ਹ, 11 ਸਤੰਬਰ (ਸ.ਬ.) ਚੰਡੀਗੜ੍ਹ ਦੇ ਸੈਕਟਰ 51-ਏ ਵਿਚਲੇ  ਹਾਊਸਿੰਗ ਬੋਰਡ ਦੇ ਐੱਮ. ਆਈ. ਜੀ. ਫਲੈਟਾਂ ਦੇ ਵਸਨੀਕਾਂ ਦੀ ਇੱਕ ਮੀਟਿੰਗ ਵਿੱਚ ਵਸਨੀਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ|
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਇੰਜ: ਪੀ.ਐੱਲ. ਗਰਗ ਨੇ ਦੱਸਿਆ ਕਿ ਗਰਾਉਂਡ ਫਲੋਰ ਦੇ ਵਸਨੀਕਾਂ ਵੱਲੋਂ ਫਲੈਟਾਂ ਦੇ ਅੱਗੇ ਅਤੇ ਸਾਈਡ ਤੇ ਸਰਕਾਰੀ ਜਮੀਨ ਤੇ ਅਣ ਅਧਿਕਾਰਤ ਕਬਜਾ ਕੀਤਾ ਹੋਇਆ ਹੈ ਅਤੇ ਵਾੜ, ਛੋਟੀ ਦੀਵਾਰ ਲਗਾਈ ਹੋਈ ਹੈ ਜਾਂ ਸਲੈਬ ਖੜ੍ਹੀ ਕੀਤੀ ਹੋਈ ਹੈ ਅਤੇ ਰੋਡ ਬਰਮ ਦੇ ਲੈਵਲ ਨੂੰ ਉੱਚਾ ਚੁੱਕਿਆ ਗਿਆ ਹੈ| ਇਸ ਤਰੀਕੇ ਨਾਲ ਸਰਕਾਰੀ ਜਮੀਨ ਤੇ ਹੋਏ ਕਬਜਿਆਂ ਕਾਰਨ ਲੋਕ ਆਪਣੇ ਵਾਹਨ ਸੜਕ ਤੇ ਹੀ ਖੜ੍ਹੇ ਕਰ ਦਿੰਦੇ ਹਨ ਜਿਸ ਕਾਰਨ ਸੜਕ ਜਾਮ ਹੋ ਜਾਂਦੀ ਹੈ| ਅਤੇ ਕਈ ਥਾਵਾਂ ਤੇ ਐਮਰਜੈਂਸੀ ਹੋਣ ਤੇ ਵੀ ਵਾਹਨ (ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ) ਲੰਘਾਉਣ ਦੀ ਵੀ ਥਾਂ ਨਹੀਂ ਮਿਲਦੀ| ਉਹਨਾਂ ਦੱਸਿਆ ਕਿ ਇਸ ਤਰੀਕੇ ਨਾਲ ਸੜਕਾਂ ਤੇ ਖੜ੍ਹਦੀਆਂ ਗੱਡੀਆਂ ਕਾਰਨ ਅਕਸਰ ਵਸਨੀਕਾਂ ਵਿੱਚ ਝਗੜੇ ਹੁੰਦੇ ਹਨ ਅਤੇ ਪੁਲੀਸ ਨੂੰ ਬੁਲਾਉਣਾ ਪੈਂਦਾ ਹੈ|
ਸ੍ਰੀ ਗਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਪੱਤਰ ਲਿਖੇ ਗਏ ਹਨ ਪਰੰਤੂ ਕੋਈ ਕਾਰਵਾਈ ਨਹੀਂ ਹੋਈ| ਇਸ ਸੰਬੰਧੀ ਵਾਰਡ ਦੇ ਕੌਂਸਲਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰੰਤੂ ਕੁੱਝ ਨਹੀਂ ਹੋਇਆ| ਉਹਨਾਂ ਕਿਹਾ ਕਿ ਹੇਠਲੀ ਮੰਜਿਲ ਤੇ ਰਹਿ ਰਹੇ ਕੁਝ ਵਸਨੀਕ ਅਜਿਹੇ ਹਨ ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਪਹੁੰਚ ਹੋਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਬੰਧਤ ਕ੍ਰਮਚਾਰੀ ਅਤੇ ਅਧਿਕਾਰੀ ਨਜਾਇਜ ਕਬਜਿਆਂ ਨੂੰ ਦੂਰ ਕਰਨ ਲਈ ਕਾਰਵਾਈ ਨਹੀਂ ਕਰਦੇ|
ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਇਹ ਕਬਜੇ ਤੁਰੰਤ ਹਟਵਾਏ ਜਾਣ| ਵਸਨੀਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਾਜਾਇਜ ਕਬਜੇ ਹਟਾਉਣ ਸਬੰਧੀ ਕਾਰਵਾਈ ਛੇਤੀ ਸ਼ੁਰੂ ਨਾ ਹੋਈ ਤਾਂ ਵਸਨੀਕ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ| 

Leave a Reply

Your email address will not be published. Required fields are marked *