Rain water entered in houses in Phase-V, Schools and dispensary in Sohana

ਪਿੰਡ ਸੋਹਾਣਾ ਦੇ ਸਕੂਲਾਂ, ਡਿਸਪੈਂਸਰੀ ਵਿੱਚ ਵੜਿਆਂ ਬਰਸਾਤੀ ਪਾਣੀ, ਲੋਕ ਪ੍ਰੇਸ਼ਾਨ
ਮੁਹਾਲੀ ਸ਼ਹਿਰ ਦੇ ਕਈ ਫੇਜ਼ਾਂ ਵਿੱਜ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ
ਐਸ.ਏ.ਐਸ. ਨਗਰ , 22 ਅਗਸਤ : ਬੀਤੀ ਰਾਤ ਹੋਈ ਤੇਜ਼ ਬਾਰਸ਼ ਅਤੇ ਹਨੇਰੀ ਕਾਰਨ ਸ਼ਹਿਰ ਦੇ ਵਸਨੀਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ| ਫੇਜ਼-3ਬੀ2 ਅਤੇ ਫੇਜ਼-5, ਪਿੰਡ ਬਲੌਂਗੀ ਸਮੇਤ ਕਈ ਹੋਰਨਾਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋਏ|
ਇਸ ਦੌਰਾਨ ਸੋਹਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਡਿਸਪੈਂਸਰੀ ਸੋਹਾਣਾ ਵਿੱਚ ਬਾਰਸ਼ ਦਾ ਗੰਦਾ ਪਾਣੀ ਦਾਖ਼ਲ ਹੋਣ ਕਾਰਨ ਅਧਿਆਪਕਾਂ, ਵਿਦਿਆਰਥੀਆਂ, ਡਾਕਟਰਾਂ ਤੇ ਮਰੀਜ਼ਾਂ ਨੂੰ ਆਪ ਬਾਲਟੀਆਂ ਨਾਲ ਪਾਣੀ ਕੱਢਦਿਆਂ ਵੇਖਿਆ ਗਿਆ| ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਬਾਰੇ ਕਈ ਵਾਰ ਸਰਕਾਰ ਨੂੰ ਦੱਸਿਆ ਗਿਆ ਹੈ ਪਰ ਸਮੱਸਿਆ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ|
ਫੇਜ਼-5 ਵਿੱਚ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਅਤੇ ਸ਼ਾਹੀ ਮਾਜਰਾ ਦੇ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਬੀਤੀ ਰਾਤ ਹੋਈ ਤੇਜ਼ ਬਾਰਸ਼ ਦਾ ਗੰਦਾ ਪਾਣੀ ਫੇਜ਼-5 ਵਿੱਚ ਕਈ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ| ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਅੱਜ ਸਵੇਰੇ ਨਗਰ ਨਿਗਮ ਦਫ਼ਤਰ ‘ਚੋਂ ਐਸਡੀਓ ਹਰਪ੍ਰੀਤ ਸਿੰਘ ਅਤੇ ਜੇਈ ਸੰਜੇ ਕਪਿਲਾ ਨੂੰ ਮੌਕੇ ‘ਤੇ ਸੱਦਿਆ ਗਿਆ| ਜਿਨ੍ਹਾਂ ਨੇ ਲੋਕਾਂ ਨੂੰ ਜਲਦੀ ਹੀ ਜਲ ਨਿਕਾਸੀ ਦਾ ਉਚਿਤ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ|
ਪਿੰਡ ਸੋਹਾਣਾ ਦੇ ਵਸਨੀਕ ਬੰਤ ਸਿੰਘ ਸੋਹਾਣਾ, ਗੁਰਦੀਪ ਸਿੰਘ ਘੋਲਾ, ਸੁਖਵੀਰ ਸਿੰਘ ਉਰਫ਼ ਪੰਮਾ, ਦਲਵਿੰਦਰ ਸਿੰਘ, ਗੁਰਦੀਪ ਸਿੰਘ, ਕ੍ਰਿਸ਼ਨ ਕੁਮਾਰ  ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਮਾਮਲੇ ਵਿੱਚ ਸਰਕਾਰ ਪੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ| ਉਨ੍ਹਾਂ ਕਿਹਾ ਕਿ ਸਰਕਾਰੀ ਅਣਦੇਖੀ ਦੇ ਚਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸੋਹਾਣਾ ਵਿੱਚ ਅਧਿਆਪਕ ਤੇ ਵਿਦਿਆਰਥੀ ਨਰਕ ਭੋਗਣ ਲਈ ਮਜਬੂਰ ਹਨ| ਸਕੂਲ ਦੇ ਵਿਹੜੇ ਅਤੇ ਕਲਾਸ ਰੂਮਾਂ ਵਿੱਚ ਗੰਦਾ ਪਾਣੀ ਦਾਖ਼ਲ ਹੋਣ ਕਾਰਨ ਪੂਰੇ ਸਕੂਲ ਵਿੱਚ ਬਦਬੂ ਫੈਲ ਗਈ ਜਿਸ ਕਾਰਨ ਕਾਫੀ ਦੇਰ ਤੱਕ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਰਹੀ| ਬਾਅਦ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਦੁਕਾਨਾਂ ਵਿੱਚ ਕਲਾਸਾਂ ਲਗਾਈਆਂ ਗਈਆਂ| ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲ ਦੀ ਹਾਲਤ ਸੁਧਾਰਨ ਲਈ ਗੰਭੀਰ ਨਹੀਂ ਹਨ|
ਇਸ ਸਬੰਧੀ ਸੰਪਰਕ ਕਰਨ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੁਖਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਹੁਣ ਤੱਕ ਕਿਸੇ ਅਧਿਆਪਕ ਜਾਂ ਪਿੰਡ ਵਾਸੀ ਵੱਲੋਂ ਅਜਿਹੀ ਕੋਈ ਸ਼ਿਕਾਇਤ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ|

Leave a Reply

Your email address will not be published. Required fields are marked *