Sanitation problem big in Mohali : Kuljit Bedi

ਮੁਹਾਲੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ, ਫੈਲੀ ਗੰਦਗੀ
– ਸਫ਼ਾਈ ਸਬੰਧੀ ਅਵਾਰਡ ਲੈਣ ਤੋਂ ਬਾਅਦ ਅਵੇਸਲੀ ਹੋਈ ਕੰਪਨੀ ਅਤੇ ਲਾਪਰਵਾਹ ਹੋਇਆ ਸੈਨੇਟਰੀ ਵਿੰਗ : ਬੇਦੀ
– ਕਿਹਾ ‘ਸ਼ਹਿਰ ਦੇ ਵਸਨੀਕ ਥਾਂ ਥਾਂ ਫੈਲੀ ਗੰਦਗੀ ਅਤੇ ਅਵਾਰਾ ਕੁੱਤਿਆਂ ਦੇ ਅੱਤਵਾਦ ਤੋਂ ਦੁਖੀ’
– ਕੁਲਜੀਤ ਬੇਦੀ ਨੇ ਨਿਗਮ ਦੇ ਮੇਅਰ ਨੂੰ ਸਫ਼ਾਈ ਵਿਵਸਥਾ ਸੁਧਾਰਨ ਲਈ ਲਿਖਿਆ ਪੱਤਰ

ਐੱਸ.ਏ.ਐੱਸ. ਨਗਰ, 21 ਸਤੰਬਰ : ਨਗਰ ਨਿਗਮ ਵੱਲੋਂ ਪੂਰੇ ਸ਼ਹਿਰ ਦੀ ਸਫ਼ਾਈ ਦਾ ਪ੍ਰਬੰਧ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਕੇ ਕਰਵਾਉਣ ਦੇ ਬਾਵਜੂਦ ਵੀ ਸ਼ਹਿਰ ਵਿੱਚ ਇਹਨੀਂ ਦਿਨੀਂ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਸ਼ਹਿਰ ਵਿੱਚ ਚਾਰੇ ਪਾਸੇ ਗੰਦਗੀ ਪਸਰੀ ਹੋਈ ਹੈ| ਸ਼ਹਿਰ ਵਿੱਚ ਫੈਲੀ ਗੰਦਗੀ ਦੇਖਣ ਤੋਂ ਇੰਝ ਲੱਗਦਾ ਹੈ ਕਿ ਭਾਰਤ ਸਰਕਾਰ ਵੱਲੋਂ ਵਧੀਆ ਸਫ਼ਾਈ ਪ੍ਰਬੰਧਾਂ ਸਬੰਧੀ ਅਵਾਰਡ ਹਾਸਿਲ ਕਰਨ ਉਪਰੰਤ ਨਗਰ ਨਿਗਮ ਅਤੇ ਸਫ਼ਾਈ ਕਰਨ ਵਾਲੀ ਕੰਪਨੀ ਅਵੇਸਲੀ ਹੋ ਗਈ ਹੈ ਅਤੇ ਨਿਗਮ ਦਾ ਸੈਨੇਟਰੀ ਵਿੰਗ ਲਾਪਰਵਾਹ ਹੋ ਚੁੱਕਾ ਹੈ| ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਸਮੇਂ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਦੀ ਮੰਦੀ ਹਾਲਤ ਸਬੰਧੀ ਨਗਰ ਨਿਗਮ ਦੇ ਮੇਅਰ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ| ਇਸ ਪੱਤਰ ਦੀ ਇੱਕ ਕਾਪੀ ਨਿਗਮ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ|
ਨਿਗਮ ਦੇ ਮੇਅਰ ਨੂੰ ਲਿਖੇ ਪੱਤਰ ਵਿੱਚ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਦੀ ਸਫ਼ਾਈ ਉਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਸਫ਼ਾਈ ਵਿਵਸਥਾ ਡਗਮਗਾ ਰਹੀ ਹੈ| ਸਫ਼ਾਈ ਕਰਨ ਵਾਲੀ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਸਿਰਫ਼ ਮਾਰਕੀਟਾਂ ਅਤੇ ਮੁੱਖ ਸੜਕਾਂ ‘ਤੇ ਹੀ ਸਫ਼ਾਈ ਕਰਦੇ ਦਿਖਾਈ ਦਿੰਦੇ ਹਨ| ਇਸ ਤੋਂ ਇਲਾਵਾ ਰਿਹਾਇਸ਼ੀ ਖੇਤਰਾਂ ਅਤੇ ਮਾਰਕੀਟਾਂ ਵਿੱਚ ਦੁਕਾਨਾ ਦੇ ਪਿਛਲੇ ਪਾਸੇ ਕੋਈ ਸਫ਼ਾਈ ਨਹੀਂ ਹੋ ਰਹੀ ਹੈ, ਥਾਂ ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ|
ਉਨ੍ਹਾਂ ਸ਼ਹਿਰ ਦੇ ਫੇਜ਼ 3ਬੀ1 ਅਤੇ 3ਬੀ2 ਵਿੱਚ ਗੰਦਗੀ ਦੇ ਲੱਗੇ ਢੇਰ ਦਿਖਾਉਂਦਿਆਂ ਕਿਹਾ ਕਿ ਜੇਕਰ ਸ਼ਹਿਰ ਦੇ ਸੈਂਟਰ ਵਾਲੇ ਹਿੱਸੇ ਵਿੱਚ ਸਫ਼ਾਈ ਦੀ ਅਜਿਹੀ ਹਾਲਤ ਹੈ ਤਾਂ ਨਿਗਮ ਅਧੀਨ ਆਉਂਦੇ ਪਿੰਡਾਂ ਦੀ ਹਾਲਤ ਬਾਰੇ ਸਫ਼ਾਈ ਪ੍ਰਬੰਧਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ| ਇਹਨੀਂ ਦਿਨੀਂ ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਉਪਰੋਂ ਸ਼ਹਿਰ ਵਿੱਚ ਗੰਦਗੀ ਫੈਲੀ ਹੋਈ ਹੈ ਜੋ ਕਿ ਸ਼ਹਿਰ ਦੀ ਸੁੰਦਰਤਾ ਨੂੰ ਕਲੰਕਿਤ ਕਰ ਰਹੀ ਹੈ, ਉਸ ਦੇ ਨਾਲ ਹੀ ਭਿਆਨਕ ਬਿਮਾਰੀਆਂ ਨੂੰ ਅੰਜਾਮ ਦੇਣ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ|
ਉਨ੍ਹਾਂ ਨਿਗਮ ਦੇ ਸੈਨੇਟਰੀ ਵਿੰਗ ਦੇ ਅਧਿਕਾਰੀਆਂ ਬਾਰੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਲਈ ਪ੍ਰਤੀ ਮਹੀਨਾ ਲਗਭਗ ਇੱਕ ਕਰੋੜ ਰੁਪਏ ਵਸੂਲਣ ਵਾਲੀ ਕੰਪਨੀ ਤਾਂ ਸਫ਼ਾਈ ਪੱਖੋਂ ਅਵੇਸਲੀ ਹੋਈ ਹੀ ਹੈ ਪ੍ਰੰਤੂ ਉਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਨਿਗਮ ਦਾ ਸੈਨੇਟਰੀ ਵਿੰਗ ਬਿਲਕੁਲ ਲਾਪਰਵਾਹ ਹੋ ਚੁੱਕਾ ਹੈ ਜੋ ਕਿ ਸਫ਼ਾਈ ਦੀ ਸਹੀ ਢੰਗ ਨਾਲ ਸੁਪਰਵੀਜ਼ਨ ਨਹੀਂ ਕੀਤੀ ਜਾ ਰਹੀ|
ਸ੍ਰ. ਬੇਦੀ ਨੇ ਮੰਗ ਕੀਤੀ ਕਿ ਸਫ਼ਾਈ ਕਰਨ ਵਾਲੀ ਪ੍ਰਾਈਵੇਟ ਕੰਪਨੀ ਅਤੇ ਸੈਨੇਟਰੀ ਵਿਭਾਗ ਦੇ ਅਧਿਕਾਰੀਆਂ ਦੀ ਤੁਰੰਤ ਖਿਚਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਸੁਧਾਰ ਲਿਆਂਦਾ ਜਾ ਸਕੇ| ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਹ ਮਸਲਾ ਨਿਗਮ ਦੀ ਆਉਣ ਵਾਲੀ ਮੀਟਿੰਗ ਵਿੱਚ  ਉਠਾਉਣਗੇ|
ਅਵਾਰਾ ਕੁੱਤਿਆਂ ਦੇ ਅੱਤਵਾਦ ਤੋਂ ਵੀ ਲੋਕ ਦੁਖੀ
ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਦੇ ਮਸਲੇ ਨੂੰ ਵੀ ਗੰਭੀਰਤਾ ਨਾਲ ਲਿਆ ਹੈ| ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਅਵਾਰਾ ਕੁੱਤਿਆਂ ਦੇ ਅੱਤਵਾਦ ਤੋਂ ਵੀ ਕਾਫ਼ੀ ਦੁਖੀ ਹਨ| ਇਹ ਅਵਾਰਾ ਕੁੱਤਿਆਂ ਦੇ ਝੁੰਡ ਮਾਰਕੀਟਾਂ, ਸਿਵਲ ਹਸਪਤਾਲ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਆਮ ਘੁੰਮਦੇ ਦੇਖੇ ਜਾ ਸਕਦੇ ਹਨ| ਨਗਰ ਨਿਗਮ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *