Senior Citizen Blamed Police regarding cancellation of FIR without investigation in Balongi

ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਦਾ ਮਾਮਲਾ:
ਬਲੌਂਗੀ ਪੁਲੀਸ ਨੇ ਪੀੜਤ ਨੂੰ ਜਾਂਚ ਵਿੱਚ ਸ਼ਾਮਲ ਕੀਤੇ ਬਿਨਾਂ ਹੀ ਰੱਦ ਕੀਤੀ ਐਫਆਈਆਰ, ਮਾਮਲਾ ਡੀਜੀਪੀ ਕੋਲ ਪੁੱਜਾ

ਐਸ.ਏ.ਐਸ. ਨਗਰ, 17 ਅਗਸਤ (ਕੁਲਦੀਪ ਸਿੰਘ) ਬਲੌਂਗੀ ਪੁਲੀਸ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਬੇਗੁਨਾਹ ਕਰਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ| ਪੀੜਤ ਬਜ਼ੁਰਗ ਬਲਰਾਮ ਕੁਮਾਰ ਸ਼ਰਮਾ ਵਾਸੀ ਬਲੌਂਗੀ ਨੇ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕਰਦਿਆਂ ਬਲੌਂਗੀ ਥਾਣੇ ਐਸਐਚਓ ਸਤਨਾਮ ਸਿੰਘ ਵਿਰਕ ‘ਤੇ ਉਸ ਨੂੰ ਥਾਣੇ ‘ਚੋਂ ਧੱਕੇ ਮਾਰਨ ਦਾ ਦੋਸ਼ ਲਾਇਆ ਹੈ|
ਅੱਜ ਇੱਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਰਾਮ ਕੁਮਾਰ ਸ਼ਰਮਾ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਕੁੱਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਜਬਰਦਸਤੀ ਦਾਖ਼ਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ ਅਤੇ ਇਸ ਸਬੰਧੀ ਬਲੌਂਗੀ ਪੁਲੀਸ ਨੇ ਹਮਲਾਵਰਾਂ ਵਿਰੁੱਧ ਧਾਰਾ 323, 452, 506, 427, 379 ਤੇ 34 ਅਧੀਨ ਕੇਸ ਦਰਜ ਕੀਤਾ ਗਿਆ ਸੀ ਲੇਕਿਨ ਹੁਣ ਤੱਕ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ| ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਲਗਾਤਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੇ ਤਰਲੇ ਕੱਢ ਰਿਹਾ ਹੈ ਲੇਕਿਨ ਪੁਲੀਸ ਨੇ ਉਸ ਨੂੰ ਕੋਈ ਆਈ ਗਈ ਨਹੀਂ ਦਿੱਤੀ| ਜਿਸ ਕਾਰਨ ਉਸ ਨੇ ਤੰਗ ਪ੍ਰੇਸ਼ਾਨ ਹੋ ਕੇ ਆਰਟੀਆਈ ਤਹਿਤ ਪੁਲੀਸ ਤੋਂ ਕਾਰਵਾਈ ਰਿਪੋਰਟ ਮੰਗੀ ਗਈ|
ਬਲਰਾਮ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਆਰਟੀਆਈ ਤਹਿਤ ਦਿੱਤੀ ਜਾਣਕਾਰੀ ਵਿੱਚ ਲਿਖਿਆ ਹੈ ਕਿ ਮੁਲਜ਼ਮ ਉਪਿੰਦਰ ਮੋਹਨ ਸ਼ਰਮਾ ਨੂੰ ਮੁਕੱਦਮਾ ਨੰਬਰ-9 ਧਾਰਾ 341,323, 506,148|149 ਵਿੱਚ ਬੇਗੁਨਾਹ ਕਰਾਰ ਦਿੱਤਾ ਗਿਆ ਹੈ| ਇਹ ਸੁਣ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ| ਪੀੜਤ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਜਾਂਚ ਵਿੱਚ ਸ਼ਾਮਲ ਕਰਨਾ ਵੀ ਜਰੂਰੀ ਨਹੀਂ ਸਮਝਿਆ| ਜਦੋਂ ਉਹ ਆਰਟੀਆਈ ਤਹਿਤ ਹਾਸਲ ਕੀਤੀ ਜਾਣਕਾਰੀ ਲੈ ਕੇ ਬਲੌਂਗੀ ਥਾਣੇ ਵਿੱਚ ਪੁੱਜਾ ਤਾਂ ਐਸ
ਐਚ ਓ ਨੇ ਆਰਟੀਆਈ ਦੇ ਦਸਤਾਵੇਜ਼ ਜਬਰੀ ਆਪਣੇ ਕੋਲ ਰੱਖ ਕੇ ਉਸ ਨੂੰ ਥਾਣੇ ‘ਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ| ਜਿਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਗਈ| ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਦੇ ਕਹਿਣ ‘ਤੇ ਐਸਐਚਓ ਜਦੋਂ ਮੁੜ ਥਾਣੇ ਪੁੱਜਾ ਤਾਂ ਐਸਐਚਓ ਨੇ ਆਰਟੀਆਈ ਦੇ ਦਸਤਾਵੇਜ਼ ਤਾਂ ਮੋੜ ਦਿੱਤੇ ਪਰ ਉਨ੍ਹਾਂ ਨੂੰ ਮੁੜ ਜਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ|
ਪੀੜਤ ਨੇ ਦੋਸ਼ ਲਾਇਆ ਕਿ ਪੁਲੀਸ ਨੇ ਮੁਲਜ਼ਮ ਨੂੰ ਜਿਹੜੇ ਮਾਮਲੇ ਵਿੱਚ ਬੇਗੁਨਾਹ ਕੀਤਾ ਹੈ, ਉਸ ਕੇਸ ਦੀਆਂ ਧਰਾਵਾਂ ਵੀ ਉਨ੍ਹਾਂ ਦੀ ਸ਼ਿਕਾਇਤ ‘ਤੇ ਦਰਜ ਹੋਈ ਐਫ਼ਆਈਆਰ ਦੀਆਂ ਧਰਾਵਾਂ ਨਾਲ ਮੇਲ ਨਹੀਂ ਖਾਂਦੀਆਂ ਹਨ| ਜਾਂ ਇਹ ਕਹਿ ਲਓ ਕੀ ਪੁਲੀਸ ਨੇ ਸਖ਼ਤ ਧਰਾਵਾਂ ਹਟਾ ਲਈਆਂ ਹਨ| ਉਨ੍ਹਾਂ ਪੁਲੀਸ ਮੁਖੀ ਨੂੰ ਅੱਜ ਨਵੇਂ ਸਿਰਿਓਂ ਯਾਦ ਪੱਤਰ ਭੇਜਿਆ ਮੰਗ ਕੀਤੀ ਕਿ ਡਿਊਟੀ ਵਿੱਚ ਅਣਗਹਿਲੀ ਵਰਤਨ ਵਾਲੇ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਵਿਰੁੱਧ ਸਖ਼ਤ ਅਨੁਸ਼ਾਸਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ|
ਬਲਰਾਮ ਸ਼ਰਮਾ ਨੇ ਦੱਸਿਆ ਕਿ ਬੀਤੀ 8 ਅਪਰੈਲ 2016 ਨੂੰ ਬਲੌਂਗੀ ਥਾਣੇ ਵਿੱਚ ਉਪਿੰਦਰ ਮੋਹਨ, ਰਾਘਵ ਸ਼ਰਮਾ, ਅਨਿਲ ਸ਼ਰਮਾ ਦੇ ਖ਼ਿਲਾਫ਼ ਧਾਰਾ 323,452,506,427,379,34 ਦੇ ਤਹਿਤ ਐਫ.ਆਈ.ਆਰ. ਨੰਬਰ-36 ਦਰਜ ਕੀਤੀ ਗਈ ਸੀ| ਇਨ੍ਹਾਂ ਵਿਅਕਤੀਆਂ ਨੇ ਉਸ ਦੇ ਘਰ ਵਿੱਚ ਜਬਰਦਸਤੀ ਦਾਖ਼ਲ ਹੋ ਉਸ ਨਾਲ ਕੁੱਟਮਾਰ ਕੀਤੀ ਸੀ| ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਕੋਈ ਠੋਸ ਕਾਰਵਾਈ ਨਹੀਂ ਕੀਤੀ| ਜਿਸ ਕਾਰਨ ਉਸ ਨੇ ਤੰਗ ਪ੍ਰੇਸ਼ਾਨ ਹੋ ਕੇ ਹੈਲਪਲਾਈਨ ਨੰਬਰ-181 ‘ਤੇ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ| ਕੋਈ ਕਾਰਵਾਈ ਨਾ ਹੋਣ ‘ਤੇ ਕੁਝ ਦਿਨਾਂ ਬਾਅਦ ਜਦੋਂ ਉਸ ਨੇ ਆਰ.ਟੀ.ਆਈ. ਤਹਿਤ ਪੁਲੀਸ ਕੋਲੋਂ ਆਪਣੇ ਕੇਸ ਬਾਰੇ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਝੂਠੇ ਗਵਾਹ ਖੜ੍ਹੇ ਕਰ ਕੇ ਨਿਰਦੋਸ਼ ਸਾਬਤ ਕਰਕੇ ਐਫਆਈਆਰ ਹੀ ਕੈਂਸਲ ਕਰ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਉਪਿੰਦਰ ਮੋਹਨ ਦਾ ਬੇਟਾ ਪੰਜਾਬ ਪੁਲੀਸ ਵਿੱਚ ਇੱਕ ਆਈ.ਜੀ. ਨਾਲ ਤਾਇਨਾਤ ਹੈ| ਜਿਸ ਕਾਰਨ ਪੁਲੀਸ ਬਣਦੀ ਕਾਰਵਾਈ ਕਰਨ ਤੋਂ ਪੱਲਾ ਝਾੜ ਰਹੀ ਹੈ|

ਉਧਰ, ਜਦੋਂ ਇਸ ਸਬੰਧੀ ਪੁਲੀਸ ਦਾ ਪੱਖ ਜਾਣਨ ਲਈ ਬਲੌਂਗੀ ਥਾਣੇ ਦੇ ਐਸਐਚਓ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਸਟੋਰੀ ਬਾਰੇ ਸੁਣ ਕੇ ਝੱਟ ਫੋਨ ਕੱਟ ਦਿੱਤਾ ਅਤੇ ਦੁਬਾਰਾ ਲਗਾਤਾਰ ਫੋਨ ਕੀਤੇ ਗਏ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ| ਖ਼ਬਰ ਸਬੰਧੀ ਗੱਲ ਕਰਨ ਲਈ ਐਸਐਚਓ ਨੂੰ ਮੋਬਾਈਲ ਫੋਨ ‘ਤੇ ਸੰਦੇਸ਼ ਵੀ ਭੇਜਿਆ ਗਿਆ ਪ੍ਰੰਤੂ ਉਨ੍ਹਾਂ ਗੱਲ ਕਰਨੀ ਜਰੂਰੀ ਨਹੀਂ ਸਮਝੀ| ਇਸ ਮਗਰੋਂ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸੇ ਨੇ ਫੋਨ ਨਹੀਂ ਚੁੱਕਿਆ|

Leave a Reply

Your email address will not be published. Required fields are marked *