Senior Citizens of Kumbra not given pension since 4 years

ਕੁੰਬੜਾ ਦੇ ਬਜ਼ੁਰਗਾਂ ਨੇ 4 ਸਾਲ ਤੋਂ ਨਹੀਂ ਵੇਖੀ ਪੈਨਸ਼ਨ ਦੀ ਸ਼ਕਲ

ਐਸ ਏ ਐਸ ਨਗਰ 25 ਸਤੰਬਰ (ਕੁਲਦੀਪ ਸਿੰਘ) ਅਕਾਲੀ ਦਲ ਦੇ ਸੱਭ ਤੋਂ ਜ਼ਿਆਦਾ ਲੀਡਰਾਂ ਵਾਲੇ ਸ਼ਹਿਰ ਮੁਹਾਲੀ ਦੇ ਬਜ਼ੁਰਗ ਪਿਛਲੇ ਚਾਰ ਸਾਲ ਤੋਂ ਬੁਢਾਪਾ ਪੈਨਸ਼ਨ ਦੀ ਸ਼ਕਲ ਵੇਖਣ ਨੂੰ ਤਰਸ ਰਹੇ ਹਨ| ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁੰਬੜਾ ਜਿਹੜਾ ਵਾਰਡ ਨੰਬਰ-39 ਅਤੇ ਵਾਰਡ ਨੰਬਰ-38 ਵਿਚ ਵੰਡਿਆ ਹੋਇਆ ਹੈ, ਵਿਚ ਹਾਲਾਂਕਿ ਦੋਵੇਂ ਕੌਂਸਲਰ ਅਕਾਲੀ ਦਲ ਨਾਲ ਸਬੰਧਤ ਹਨ ਪਰ ਬੁਜ਼ਰਗਾਂ ਨੂੰ ਪੈਨਸ਼ਨ ਦੁਆਉਣ ਵਿਚ ਇਹ ਨੁਮਾਇੰਦੇ ਨਾਕਾਮ ਸਾਬਤ ਹੋ ਰਹੇ ਹਨ|

ਪਿੰਡ ਦੇ ਬਜ਼ੁਰਗਾਂ ਨਸੀਬ ਸਿੰਘ, ਦੇਵ ਰਾਜ, ਮਿਹਰ ਸਿੰਘ, ਅਜੈਬ ਕੌਰ, ਗੁਰਮੀਤ ਕੌਰ, ਸਾਧੂ ਸਿੰਘ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਪਾਲਾ ਰਾਮ, ਨਰੰਗ ਸਿੰਘ, ਹਰਜਿੰਦਰ ਸਿੰਘ ਅਤੇ ਹੋਰਨਾਂ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਸਾਲ 2012 ਤੋਂ ਉਹ ਬੁਢਾਪਾ ਪੈਨਸ਼ਨ ਨੂੰ ਤਰਸ ਰਹੇ ਹਨ| ਬੈਂਕਾਂ ਦੇ ਚੱਕਰ ਲਗਾ ਕੇ ਆਖ਼ਰਕਾਰ ਹੁਣ ਉਹ ਨਾਉਮੀਦ ਹੋ ਚੁੱਕੇ ਹਨ| ਚਾਰ ਸਾਲਾਂ ਤੋਂ ਆਪਣੀ ਪੈਨਸ਼ਨ ਲੈਣ ਲਈ ਉਹ ਲਗਾਤਾਰ ਅਕਾਲੀ ਦਲ ਦੇ ਕੌਂਸਲਰਾਂ ਦੀਆਂ ਕਈ ਵਾਰ ਮਿੰਨਤਾਂ ਕਰ ਚੁੱਕੇ ਹਨ| ਐਸਡੀਐਮ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਵੀ ਖ਼ਾਕ ਛਾਣੀ ਜਾ ਚੁੱਕੀ ਪਰ ਪਿਛਲੇ ਚਾਰ ਸਾਲਾਂ ਵਿਚ ਬਾਦਲ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਆਖ਼ਰ ਇਨ੍ਹਾਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਜਾ ਕਿਥੇ ਰਹੀਆਂ ਹਨ|

ਸੂਚਨਾ ਮੁਤਾਬਕ ਇਨ੍ਹਾਂ ਸਾਰੇ ਪੈਨਸ਼ਨਰਾਂ ਦੇ ਨਾਮ ਉਸ ਸੂਚੀ ਵਿਚ ਦਰਜ ਹਨ ਜਿਸ ਮੁਤਾਬਕ ਹਾਲੇ ਵੀ ਇਨ੍ਹਾਂ ਪੈਨਸ਼ਨਰਾਂ ਨੂੰ ਪੈਨਸ਼ਨ ਦਿਤੀ ਜਾ ਰਹੀ ਹੈ| ਇਨ੍ਹਾਂ ਬਜ਼ੁਰਗਾਂ ਨੇ ਬਹੁਤ ਹੀ ਭਾਵੁਕ ਹੁੰਦਿਆਂ ਆਪਣੀਆਂ ਬੈਂਕ ਦੀਆਂ ਕਾਪੀਆਂ ਵੀ ਵਿਖਾਈਆਂ ਜਿਨ੍ਹਾਂ ਵਿਚ 2012 ਤੋਂ ਬਾਅਦ ਪੈਨਸ਼ਨ ਦਾ ਇੰਦਰਾਜ ਨਹੀਂ ਹੋਇਆ ਹੈ| ਇਕ 90 ਸਾਲਾ ਬਜ਼ੁਰਗ ਨੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਉਮਰ ਵਿਚ ਵੱਡੇ ਹਨ ਪਰ ਪੰਜ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਉਹ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਿਚ ਕਾਮਯਾਬ ਨਹੀਂ ਹੋ ਰਹੇ| ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ| ਪੈਨਸ਼ਨ ਦੀ ਰਕਮ ਵਧਾਉਣ ਲਈ ਛੋਟੀ ਜਿਹੜੀ ਪੈਨਸ਼ਨ ਵੀ ਨਹੀਂ ਦਿਤੀ ਜਾ ਰਹੀ|

ਇਸ਼ਤਿਹਾਰਬਾਜ਼ੀ ਬੰਦ ਕਰੇ ਸਰਕਾਰ : ਕੁੰਬੜਾ
ਇਸੇ ਪਿੰਡ ਦੇ ਵਾਸੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਲਵਿੰਦਰ ਸਿੰਘ ਕੁੰਬੜਾ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਅਖ਼ਬਾਰਾਂ ਅਤੇ ਟੀਵੀ ਵਿਚ ਹਰ ਰੋਜ਼ ਬਜ਼ੁਰਗਾਂ ਨੂੰ ਪੈਨਸ਼ਨ ਦਿਤੇ ਜਾਣ ਬਾਰੇ ਇਸ਼ਤਿਹਾਰ ਦੇ ਰਹੀ ਹੈ ਪਰ ਹਕੀਕਤ ਵਿਚ ਬਜ਼ਰੁਗਾਂ ਨੂੰ ਪੈਨਸ਼ਨ ਨਹੀਂ ਦਿਤੀ ਜਾ ਰਹੀ| ਕੁੰਬੜਾ ਵਿਚ ਹੀ 250 ਪੈਨਸ਼ਨਰ ਹਨ ਪਰ ਇਨ੍ਹਾਂ ਵਿਚੋਂ 50 ਦੇ ਕਰੀਬ ਬਜ਼ੁਰਗਾਂ ਨੂੰ ਚਾਰ ਸਾਲ ਤੋਂ ਪੈਨਸ਼ਨ ਨਹੀਂ ਮਿਲੀ| ਜੇ ਇਹ ਹਾਲ ਮੋਹਾਲੀ ਦਾ ਹੈ ਤਾਂ ਬਾਕੀ ਜ਼ਿਲ੍ਹਿਆਂ ਵਿਚ ਪੈਨਸ਼ਨਰਾਂ ਦੀ ਕੀ ਸਥਿਤੀ ਹੋਵੇਗੀ? ਇਸ ਬਾਰੇ ਅਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ| ਸਰਕਾਰ ਦੇ ਦਾਅਵੇ ਬਿਲਕੁਲ ਖੋਖਲੇ ਹਨ ਅਤੇ ਹਕੀਕਤ ਤੋਂ ਪਰੇ ਹਨ| ਸਿਰਫ਼ ਇਸ਼ਤਿਹਾਰਾਂ ਵਿਚ ਹੀ ਪੈਨਸ਼ਨ ਦਿੱਤੀ ਜਾ ਰਹੀ ਹੈ|

Leave a Reply

Your email address will not be published. Required fields are marked *