Shobha Yatra regarding Shri Krishan Janam Ashtami flagged off by Baljit Singh Kumbra

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਆਯੋਜਿਤ
– ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਸ਼ੋਭਾ ਯਾਤਰਾ ਕੀਤੀ ਗਈ ਰਵਾਨਾ
ਐੱਸ.ਏ.ਐੱਸ. ਨਗਰ, 21 ਅਗਸਤ :ਕੇਂਦਰੀ ਸਨਾਤਨ ਧਰਮ ਮੰਦਰ ਧਰਮ ਕਲਿਆਣ ਸਮਿਤੀ ਮੋਹਾਲੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ| ਸਮਿਤੀ ਦੀ ਪ੍ਰਧਾਨ ਸ੍ਰੀਮਤੀ ਕਾਂਤਾ ਗੁਪਤਾ, ਜਨਰਲ ਸਕੱਤਰ ਮਨੋਜ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਕੱਢੀ ਗਈ ਇਸ ਸ਼ੋਭਾ ਯਾਤਰਾ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਰਵਾਨਾ ਕੀਤਾ ਗਿਆ|
ਇਸ ਮੌਕੇ ਜਥੇਦਾਰ ਕੁੰਭੜਾ ਨੇ ਸਮੁੱਚੇ ਹਿੰਦੂ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਸਭ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ| ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੇਂਦਰੀ ਸਨਾਤਨ ਧਰਮ ਮੰਦਰ ਕਲਿਆਣ ਸਮਿਤੀ ਮੋਹਾਲੀ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ਕਰਦੀ ਹੋਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ| ਉਨ•ਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਜਿੱਥੇ ਸਾਨੂੰ ਸਾਡੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਦੇ ਹਨ, ਉਸ ਦੇ ਨਾਲ ਹੀ ਸਮਾਜ ਵਿੱਚ ਆਪਸੀ ਭਾਈਚਾਰਾ ਵੀ ਬਣਾਈ ਰੱਖਣ ਵਿੱਚ ਮੱਦਦ ਕਰਦੇ ਹਨ|
ਇਹ ਸ਼ੋਭਾ ਯਾਤਰਾ ਸ੍ਰੀ ਲਕਸ਼ਮੀ ਨਰਾਇਣ ਮੰਦਰ ਫੇਜ਼ 11 ਤੋਂ ਸ਼ੁਰੂ ਹੋ ਕੇ ਫੇਜ਼ 6 ਸਥਿਤ ਸ੍ਰੀ ਦੁਰਗਾ ਮੰਦਰ ਵਿਖੇ ਜਾ ਕੇ ਸੰਪੰਨ ਹੋਈ| ਸ਼ੋਭਾ ਯਾਤਰਾ ਵਿੱਚ ਸਭ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਦੇ ਮਨਮੋਹਕ ਝਾਕੀਆਂ ਸ਼ਾਮਿਲ ਕੀਤੀਆਂ ਗਈਆਂ ਸਨ| ਸ਼ੋਭਾ ਯਾਤਰਾ ਵਿੱਚ ਬਰਾਸ ਬੈਂਡ ਦੀਆਂ ਅਕਾਸ਼ ਗੁੰਜਾਊ ਧੁਨਾਂ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ| ਯਾਤਰਾ ਵਿੱਚ ਟਰੈਕਟਰ ਟਰਾਲੀਆਂ ਵਿੱਚ ਸਵਾਰ ਔਰਤਾਂ ਦੀਆਂ ਭਜਨ ਮੰਡਲੀਆਂ ਵੱਲੋਂ ਵੀ ਭਗਵਾਨ ਕ੍ਰਿਸ਼ਨ ਦੀ ਮਹਿਮਾ ਵਿੱਚ ਭਜਨ ਗਾਏ ਜਾ ਰਹੇ ਸਨ|
ਇਸ ਮੌਕੇ ਸਮਿਤੀ ਦੀ ਪ੍ਰਧਾਨ ਸ੍ਰੀਮਤੀ ਕਾਂਤਾ ਗੁਪਤਾ ਅਤੇ ਮਨੋਜ ਅਗਰਵਾਲ ਨੇ ਦੱਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ 24 ਅਗਸਤ ਨੂੰ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿੱਚ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ  ਜਾਣਗੇ| ਇਸੇ ਸਬੰਧ ਵਿੱਚ 24 ਅਗਸਤ ਦੀ ਰਾਤ ਨੂੰ 12 ਵਜੇ ਤੱਕ ਕੀਰਤਨ ਕੀਤੇ ਜਾਣਗੇ|
ਇਸ ਮੌਕੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਪ੍ਰੇਮ ਸ਼ਰਮਾ, ਮਨੋਜ ਅਗਰਵਾਲ, ਮੋਹਨ ਲਾਲ ਗੁਪਤਾ, ਦੇਸ ਰਾਜ, ਅਸ਼ੋਕ ਝਾਅ ਕੌਂਸਲਰ, ਮਨਮੋਹਨ ਦਾਦਾ, ਪਵਨ ਸ਼ਰਮਾ, ਦੀਪਕ ਸ਼ਰਮਾ, ਹਰਮੇਸ਼ ਸਿੰਘ ਕੁੰਭੜਾ ਸੀਨੀਅਰ ਅਕਾਲੀ ਆਗੂ, ਜਗਜੀਤ ਸਿੰਘ, ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *