Short Story : ਆਜ਼ਾਦੀ ਦਿਹਾੜਾ

Sukhwinder 2

(ਮਿੰਨੀ ਕਹਾਣੀ)
ਆਜ਼ਾਦੀ ਦਿਹਾੜਾ

“ਮਾਂ ਛੇਤੀ ਕਰ……ਮੇਰੇ ਕੱਪੜੇ ਪ੍ਰੈਸ ਕਰਕੇ ਬੈਗ ‘ਚ ਪਾ ਦੇ। ਗੱਡੀ ਦਾ ਟਾਇਮ ਹੋਣ ਵਾਲਾ”, ਰਮੇਸ਼ ਨੇ ਕਾਹਲੀ-ਕਾਹਲੀ ਬੂਟ ਪਾਉਂਦਿਆ ਮਾਂ ਨੂੰ ਕਿਹਾ।
“ਕਿੱਥੇ ਜਾ ਰਿਹਾ ਤੂੰ”, ਰਮੇਸ਼ ਦੀ ਮਾਂ ਨੇ ਪੁੱਛਿਆ।
“ਤੇਰੀ ਆ ਟੋਕਨ ਵਾਲੀ ਆਦਤ ਨਾ ਗਈ। ਦਿੱਲੀ ਜਾ ਰਿਹਾ ਹਾਂ”, ਰਮੇਸ਼ ਨੇ ਮੱਥੇ ‘ਤੇ ਤਿਉੜੀਆਂ ਪਾਉਂਦਿਆਂ ਕਿਹਾ।
“ਪੁੱਤ ਫਿਰ ਮੈਂ ਵੀ ਤੇਰੇ ਨਾਲ ਚੱਲਦੀ ਹਾਂ। ਹੋਰ ਤਾਂ ਕਦੀ ਕੁਝ ਨਹੀਂ ਵੇਖਿਆ ਇਸ ਦੁਨੀਆ ‘ਤੇ, ਘਰ ‘ਚ ਔਲਾਦ ਤੋਂ ਬਿਨਾਂ। ਅੱਜ ਤੂੰ ਹੀ ਦਿੱਲੀ ਵਿਖਾ ਦੇ”, ਮਾਂ ਨੇ ਖੁਸ਼ੀ-ਖੁਸ਼ੀ ਕਿਹਾ।
“ਲੈ ਤੂੰ ਦੱਸ ਉੱਥੇ ਕੀ ਕਰਨਾ, ਤੇਰਾ ਕੀ ਕੰਮ ਏ? ਚੁੱਪ ਕਰਕੇ ਘਰੇ ਬੈਠੀ ਰਹਿ। ਮੈਂ ਉੱਥੇ ਆਜ਼ਾਦੀ ਦਿਵਸ ‘ਚ ਸ਼ਾਮਿਲ ਹੋਣ ਜਾ ਰਿਹਾ ਹਾਂ। ਆਜ਼ਾਦੀ ਮਨਾਵਾਂਗੇ”, ਰਮੇਸ਼ ਬੋਲਿਆ।
“ਉੱਥੇ ਹੋਰ ਕੀ ਹੁੰਦਾ ਏ ਇਹ ਤਾਂ ਦੱਸ ਦੇ”, ਮਾਂ ਰਮੇਸ਼ ਨੂੰ ਪੁੱਛਣ ਲੱਗੀ।
“ਉੱਥੈ ਆਜ਼ਾਦੀ ਦਾ ਦਿਹਾੜਾ ਬੜੀ ਧੁਮ-ਧਾਮ ਨਾਲਮਨਾਇਆ ਜਾਂਦਾ ਹੈ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੌਤਾ ਜਾਂਦਾ ਏ। ਜਿਨ੍ਹਾਂ ਨੇ ਸਾਡੇ ਖਾਤਿਰ ਜਾਨਾਂ ਵਾਰ ਕੇ ਆਜ਼ਾਦੀ ਲਿਆਂਦੀ ਏ”, ਰਮੇਸ਼ ਨੇ ਬੈਗ ਚੁਕਦਿਆਂ ਕਿਹਾ।
“ਫਿਰ ਤਾਂ ਇਹੋ ਜਿਹੀ ਆਜ਼ਾਦੀ ਦਿਵਸ ਤੋਂ ਮੈਂ ਘਰੇ ਹੀ ਚੰਗੀ ਆਂ। ਮੈਨੂੰ ਪਾਖੰਡ ਦੀ ਲੋੜ ਨਹੀਂ। ਮਾਂ ਨੂੰ ਘਰੇ ਰਹਿਣ ਦਾ ਹੁਕਮ ਦੇ ਕੇ ਸਵਾਹ ਆਜ਼ਾਦੀ ਮਨਾਏਗਾ। ਜਿਨ੍ਹਾਂ ਨੂੰ ਮਾਪਿਆਂ ਦੀ ਕੁਰਬਾਨੀ ਯਾਦ ਨਹੀਂ, ਉਹ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਿਵੇਂ ਯਾਦ ਰੱਖੋਗੇ। ਸਾਹਮਣੇ ਰਹਿੰਦੀ ਮਾਂ ਦੇ ਹੰਝੂ ਨਹੀਂ ਵਿਖਦੇ, ਬੱਚਿਆਂ ਖਾਤਿਰ ਗਵਾਇਆ ਆਪਣਾ ਆਪ ਨਹੀਂ ਵਿਖਦਾ। ਉਹ ਵਰ੍ਹਿਆਂ ਪਹਿਲਾਂ ਬੇਗਾਨੀ ਮਾਂ ਦੇ ਪੁੱਤਰਾਂ ਦੀ ਕੁਰਬਾਨੀ ਦਾ ਕੀ ਮੁੱਲ ਪਾਉਂਗੇ।ਲਾਹਨਤ ਹੋ ਅਜਿਹੇ ਆਜ਼ਾਦੀ ਦਿਹਾੜੇ ‘ਤੇ”, ਕਹਿ ਕੇ ਰਮੇਸ਼ ਦੀ ਮਾਂ ਰਸੋਈ ਵੱਲੋਂ ਤੁਰ ਗਈ। ਰਮੇਸ਼ ਤੋਂ ਅੱਗੇ ਪੈਰ ਨਹੀਂ ਪੁੱਟਿਆ ਗਿਆ। ਉਸ ਨੇ ਬੈਗ ਉੱਥੇ ਹੀ ਰੱਖ ਦਿੱਤਾ।

– ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ

Leave a Reply

Your email address will not be published. Required fields are marked *