Shri Guru Ramdas Ji’s Joti jot Purab in Gurdwara Singh Shaheedan Sohana

6sohana

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ

ਐਸ. ਏ.ਐਸ. ਨਗਰ, 6 ਸਤੰਬਰ : ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਚੌਥੇ ਪਾਤਿਸ਼ਾਹ ਸੋਢੀ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਇਸ ਪੁਰਬ ਦੇ ਸਬੰਧ ਵਿੱਚ ਸਵੇਰੇ 9:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
ਗਿਆ |

ਇਸ ਧਾਰਮਿਕ ਸਮਾਗਮ ਵਿੱਚ ਭਾਈ ਕੁਲਤਾਰ ਸਿੰਘ ਦੇ ਪੰਥਕ ਜੱਥੇ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਅਤੇ ਉਸਾਰੀ ਬਾਰੇ ਸੰਗਤਾਂ ਨੂੰ ਵਿਸਥਾਰ ਵਿੱਚ ਜਾਣੂੰ ਕਰਵਾਇਆ| ਉਨ੍ਹਾਂ ਇਹ ਵੀ ਦੱਸਿਆ ਕਿ ਆਪ ਜੀ ਸੱਤ ਸਾਲ ਗੁਰਿਆਈ ਦੀ ਗੱਦੀ ਤੇ ਸੁਸ਼ੋਭਿਤ ਰਹਿਣ ਤੋਂ ਬਾਅਦ ਸੰਨ 1581 ਵਿੱਚ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ|

ਭਾਈ ਸਵਿੰਦਰ ਸਿੰਘ ਮੁੰਬਈ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ | ਉਨ੍ਹਾਂ ਨੇ ਵਿਆਖਿਆ ਰਾਹੀਂ ਦੱਸਿਆ ਕਿ ਆਪ ਜੀ ਨੇ ਸਿੱਖ ਧਰਮ ਵਿੱਚ ਅਨੰਦ ਕਾਰਜ (ਲਾਵਾਂ) ਦੀ ਰਚਨਾ ਕੀਤੀ ਅਤੇ ਸਿੱਖੀ ਜੀਵਨ ਵਿੱਚ ਆਨੰਦ ਕਾਰਜ (ਲਾਵਾਂ) ਰਾਹੀਂ ਆਤਮਾ ਅਤੇ ਪ੍ਰਮਾਤਮਾ ਦੇ ਰਿਸ਼ਤੇ ਨੂੰ ਬਿਆਨ ਕੀਤਾ| ਇਸ ਤੋਂ ਇਲਾਵਾ ਭਾਈ ਗੁਰਦੀਪ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਕੁਲਤਾਰ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਗੁਰਵਿੰਦਰ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਗੁਰਬਖਸ਼ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਰਾਗੀ ਜੱਥੇ ਭਾਈ ਜਤਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਮੀਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ| ਮੰਚ ਸੰਚਾਲਕ ਦੀ ਸੇਵਾ ਭਾਈ ਧੰਨਾ ਸਿੰਘ ਨੇ ਨਿਭਾਈ| ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ| ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁ: ਸਾਹਿਬ ਵੱਲੋਂ ਫਰੀ ਦਿੱਤੀ ਗਈ| ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ |

ਇਸ ਮੌਕੇ ਤੇ ਪ੍ਰਬੰਧਕ ਕਮੇਟੀ ਗੁ: ਸਿੰਘ ਸ਼ਹੀਦਾਂ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ ਮਿਤੀ 12 ਸਤੰਬਰ ਨੂੰ ਇਸ ਅਸਥਾਨ ਤੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ | ਸਵੇਰੇ 9:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ| ਇਸ ਉਪਰੰਤ ਬੀਬੀ ਰਾਜਵਿੰਦਰ ਕੌਰ ਅਤੇ ਅਨੰਦਪੁਰ ਸਾਹਿਬ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਨਿਊ ਚੰਡੀਗੜ੍ਹ ਵਾਲੀਆਂ ਬੀਬੀਆ ਦਾ ਢਾਡੀ ਜੱਥਾ, ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ਼ੇਰ ਏ ਪੰਜਾਬ ਕਵਿਸ਼ਰੀ ਜੱਥਾ, ਕਵੀਸ਼ਰ ਭਾਈ ਜੁਝਾਰ ਸਿੰਘ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ |  ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ|

Leave a Reply

Your email address will not be published. Required fields are marked *