Sikh Sadbhavna Dal would contest all seats if DGPC elections on its own : Bhai Vadala

ਸਿੱਖ ਸਦਭਾਵਨਾ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਸੀਟਾਂ ਤੇ ਚੋਣ ਲੜੇਗਾ: ਭਾਈ ਵਡਾਲਾ
ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
ਨਵੀਂ ਦਿੱਲੀ  3 ਅਕਤੂਬਰ:- ਸਿੱਖ ਸਦਭਾਵਨਾ ਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਸੀਟਾਂ ਤੇ ਚੋਣ ਲੜੇਗਾ, ਇਨ੍ਹਾਂ ਚੋਣਾਂ ਲਈ ਮੁਢਲੀਆਂ ਤਿਆਰੀ ਸ਼ੁਰੂ ਕਰ ਦਿਤੀਆਂ ਗਈਆਂ ਹਨ| ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਸਿਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕੀਤਾ|
ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਨੇ ਪਿਛਲੇ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਦੀ ਲਹਿਰ ਵੀ ਸ਼ੁਰੂ ਕੀਤੀ ਹੋਈ ਹੈ, ਜਿਸ ਨੂੰ ਪੰਜਾਬ, ਦਿੱਲੀ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ|ਦੁਨੀਆਂ ਭਰ  ਦੇ ਸਿੱਖਾਂ ਨੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮੱਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ|
ਉਨ੍ਹਾਂ ਕਿਹਾ ਕਿ 2017 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਹੋਣੀਆਂ ਹਨ, ਇਸ ਲਈ ਉਨ੍ਹਾਂ ਦਿੱਲੀ ਵਿੱਚ ਵਸਦੇ ਸਮੂਹ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ, ਕਿ ਉਹ ਆਪਣੀਆਂ ਵੋਟਾਂ ਬਨਾਉਣ| ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਕੀਮਤ ਤੇ ਕੋਈ ਵੀ ਸਮਝੌਤਾ ਨਹੀ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਅਸੀਂ ਸਿੱਖ ਸਦਭਾਵਨਾ ਦਲ ਵਲੋਂ ਸ਼ਾਂਤੀਮਈ ਤਰੀਕੇ ਦੇ ਨਾਲ ਇਹ ਲੜਾਈ ਲੜਨੀ ਹੈ| ਸਾਡਾ ਮਕਸਦ ਧਰਨੇ, ਮੁਜਾਹਰੇ ਤੇ ਰੈਲੀਆਂ ਕਰਨਾ ਨਹੀਂ ਤੇ ਨਾ ਹੀ ਅਸੀਂ ਗਰਮ ਤੇ ਭੜਕਾਊ ਕਿਸਮ ਦਾ ਭਾਸ਼ਣ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨਾ ਹੈ| ਅਸੀਂ ਤਾਂ ਲੋਕ ਤੰਤਰ ਤਰੀਕੇ ਦੇ ਨਾਲ ਇਸ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਆਮ ਸਿੱਖਾਂ ਤੱਕ ਲੈ ਕੇ ਜਾਣਾ ਹੈ|
ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿੱਚ ਜਿੰਨੀਆਂ ਵੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਭਾ ਸੁਸਾਇਟੀਆਂ ਐਨ.ਜੀ.ਓ ਆਦਿ ਕੰਮ ਕਰ ਰਹੀਆ ਹਨ, ਉਨ੍ਹਾਂ ਦੇ ਨਾਲ ਰਾਬਤਾ ਬਣਾ ਕੇ ਉਨ੍ਹਾਂ ਨੂੰ ਆਪਣਾ ਪ੍ਰੋਗ੍ਰਾਮ ਦੱਸਣਗੇ ਤੇ ਉਨ੍ਹਾਂ ਤੋਂ ਸਹਿਯੋਗ ਲੈਣਗੇ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਚੰਗੇ ਨਤੀਜੇ ਆ ਸਕਣ|
ਭਾਈ ਵਡਾਲਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਉਨ੍ਹਾਂ ਸਿੱਖਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ, ਜਿਨ੍ਹਾਂ ਦੇ ਪਰਿਵਾਰ ਪੂਰਨ ਗੁਰਸਿੱਖ ਹਨ ਤਾਂ ਕਿ ਇਹ ਕਮੇਟੀ ਨਿਰੋਲ ਪੂਰਨ ਗੁਰਸਿੱਖਾਂ ਦੀ ਨੁਮਾਇੰਦਗੀ ਕਰ ਸਕੇ ਅਤੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਸੋਚ ‘ਤੇ ਪਹਿਰਾ ਦੇ ਸਕੀਏ| ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਵਡਾਲਾ ਨੇ ਕਿਹਾ ਕਿ ਸਾਡਾ ਮਕਸਦ ਕੇਵਲ ਚੋਣਾਂ  ਲੜਨਾ ਹੀ ਨਹੀਂ ਬਲਕਿ ਸਿੱਖਾਂ ਦੇ ਅੰਦਰ ਇਹ ਸਦਭਾਵਨਾ ਪੈਦਾ ਕਰਨੀ ਹੈ ਤਾਂ ਕਿ ਸਰਬੱਤ ਦਾ ਭਲਾ ਹੋ ਸਕੇ|

Leave a Reply

Your email address will not be published. Required fields are marked *