Sikhya Providers raised slogans against Punjab Govt

ਸਿੱਖਿਆ ਪ੍ਰੋਵਾਈਡਰਾਂ ਵੱਲੋਂ ਸੜਕ ਕੰਢੇ ਖੜ੍ਹਕੇ ਸਰਕਾਰ ਵਿਰੁੱਧ ਗੂੰਜਾਏ ਨਾਅਰੇ
ਮੰਤਰੀ ਮੰਡਲ ਨੂੰ ਤੁਰੰਤ ਮੀਟਿੰਗ ਕਰਕੇ ਰੈਗੂਲਰ ਕਰਨ ਦੀ ਕੀਤੀ ਮੀਟਿੰਗ
ਧਰਨੇ ਤੇ ਭੁੱਖ ਹੜਤਾਲ 309ਵੇਂ ਦਿਨਾਂ ਨੂੰ ਟੱਪੀ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਹੱਕਾਂ ਦੀ ਪ੍ਰਾਪਤ ਲਈ ਖਾਧੀ ਸਹੁੰ

ਪਿਛਲੇ 12 ਸਾਲਾਂ ਤੋਂ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਜੱਦੋ-ਜਹਿਦ ਕਰਦੇ ਆ ਰਹੇ ਸਿੱਖਿਆ ਪ੍ਰੋਵਾਈਡਰ ਅਧਿਅਪਕਾਂ ਵੱਲੋਂ ਵਿੱਦਿਆ ਭਵਨ ਮੁਹਾਲੀ ਨੇੜੇ ਸ਼ੁਰੂ ਧਰਨਾ ਅਤੇ ਭੁੱਖ ਹੜਤਾਲ ਜਿੱਥੇ ਅੱਜ ਲਗਾਤਾਰ 309ਵੇਂ ਦਿਨ ਜਾਰੀ ਰੱਖੀ, ਉੱਥੇ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦੇ ਹੋਏ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਕੁਬਰਾਨੀ ਕਰਨ ਦੀ ਸਹੁੰ ਵੀ ਚੁੱਕੀ| ਉਨ੍ਹਾਂ ‘ਸ਼ਹੀਦੋ ਤੁਹਾਡੀ ਸੋਚ ਉਤੇ ਪਹਿਰਾ ਦਿਆਂਗੇ ਠੋਕਕੇ’ ਵਰਗੇ ਨਾਅਰੇ ਮਾਰਦੇ ਹੋਏ ਸਰਕਾਰ ਨੂੰ ਖੂਬ ਭੰਡਿਆ|
ਅੱਜ ਮੁਹਾਲੀ ਵਿਖੇ ਫਿਰੋਜਪੁਰ, ਮੁਹਾਲੀ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕ ਆਗੂਆਂ ਅਸ਼ੋਕ ਕੁਮਾਰ ਅਤੇ ਅਮਰੀਕ ਸਿੰਘ ਦੀ ਅਗਵਾਈ ਹੇਠ ਧਰਨੇ ‘ਚ ਪੁੱਜੇ ਸਿੱਖਿਆ ਪ੍ਰੋਵਾਈਡਰਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਪਿਛਲੇ 12 ਸਾਲਾਂ ਤੋਂ ਬਹੁਤ ਘੱਟ ਨਾ-ਗੁਜਾਰੇਯੋਗ ਤਨਖਾਹਾਂ ਦੇ ਬਾਵਜੂਦ ਸੂਬੇ ਦੇ ਸਰਕਾਰੀ ਸਕੂਲ ਵਿਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਲੱਖਾਂ ਬੱਚਿਆਂ ਦਾ ਭਵਿੱਖ ਸੰਵਾਰਨ ‘ਚ ਲੱਗੇ ਇਨ੍ਹਾਂ ਸਿੱਖਿਆ ਪ੍ਰੋਵਾਈਡਰਾਂ ਦਾ ਖੁਦ ਆਪਣਾ ਭਵਿੱਖ ਸਰਕਾਰੀ ਧੱਕੇਸ਼ਾਹੀ ਤੇ ਲਾਰਿਆਂ ਦੀ ਬਦੌਲਤ ਧੁੰਦਲਾ ਨਜਰ ਆ ਰਿਹਾ ਹੈ|
ਇਸੇ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ, ਸਕੱਤਰ ਜਨਰਲ ਕੁਲਦੀਪ ਸਿੰਘ ਬੱਡੂਵਾਲ, ਮੀਤ ਪ੍ਰਧਾਨ ਸਮਸ਼ੇਰ ਸਿੰਘ ਮੁਹਾਲੀ ਅਤੇ ਜ਼ੋਨ ਪ੍ਰਧਾਨ ਜਸਬੀਰ ਸਿੰਘ ਫਿਰੋਜਪੁਰ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਡੇਢ ਲੱਖ ਨੌਕਰੀਆਂ ਦੇਣ ਦੇ ਵਾਅਦੇ ਤੇ ਐਲਾਨ ਉਦੋਂ ਤੱਕ ਬੇ-ਮਾਇਨੇ ਹਨ, ਜਦੋਂ ਤੱਕ ਪਹਿਲਾਂ ਤੋਂ ਹੀ ਸਰਕਾਰੀ ਸੋਸ਼ਣ ਦਾ ਸ਼ਿਕਾਰ ਸਿੱਖਿਆ ਪ੍ਰੋਵਾਈਡਰਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ| ਸੂਬਾ ਪ੍ਰਧਾਨ ਨੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਹੋਰ ਉਚ ਪੱਧਰੀ ਸਰਕਾਰੀ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਹਰ ਮੀਟਿੰਗਾਂ ਦੌਰਾਨ ਜਥੇਬੰਦੀ ਨੂੰ ਕੁਝ ਦਿਨਾਂ ‘ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ, ਪ੍ਰੰਤੂ ਹੁਣ ਤੱਕ ਇਕ ਵੀ ਕੈਬਨਿਟ ਮੀਟਿੰਗ ਵਿਚ ਸਿੱਖਿਆ ਪ੍ਰੋਵਾਈਡਰਾਂ ਦਾ ਮਸਲਾ ਨਹੀਂ ਵਿਚਾਰਿਆ ਗਿਆ, ਜਿਸ ਤੋਂ ਸਰਕਾਰ ਦੀ ਨੀਅਤ ਅਤੇ ਕਾਰਵਾਈ ‘ਤੇ ਪ੍ਰਸ਼ਨ ਚਿੰਨ੍ਹ ਲੱਗਦੇ ਹਨ ਅਤੇ ਸਾਢੇ ਸੱਤ ਹਜ਼ਾਰ ਪਰਿਵਾਰਾਂ ਵਿਚ ਸਰਕਾਰ ਵਿਰੁੱਧ ਗੁੱਸਾ ਤੇ ਬੇਭਰੋਸਗੀ ਪੈਦਾ ਹੋ ਰਹੀ ਹੈ| ਅਧਿਆਪਕ ਆਗੂਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕੈਬਨਿਟ ਮੀਟਿੰਗ ਕਰਕੇ ਸਮੂਹ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਅ ਵਿਭਾਗ ਵਿਚ ਰੈਗੂਲਰ ਨਾ ਕੀਤਾ ਗਿਆ ਤਾਂ ਉਹ ਸੜਕਾਂ ‘ਤੇ ਉਤਰਕੇ ਅਕਾਲੀ ਮੰਤਰੀਆਂ ਦਾ ਸਖ਼ਤ ਵਿਰੋਧ ਕਰਨਗੇ ਅਤੇ ਸਰਕਾਰੀ ਦਾਅਵਿਆਂ ਦੀਆਂ ਤਿਆਰ ਕੀਤੀਆਂ ਵੀਡੀਓਜ਼ ਪਿੰਡਾਂ ਵਿਚ ਦਿਖਾਉਣਗੇ| ਅੱਜ ਦੀ ਭੁੱਖ ਹੜ•ਤਾਲ ‘ਤੇ ਜਗਸੀਰ ਸਿੰਘ, ਰਮਨ ਦੁੱਗੜ, ਪਾਲਾ ਸਿੰਘ, ਬਲਵਿੰਦਰ ਸਿੰਘ, ਅਨਵਰ ਅਤੇ ਰਾਜ ਕੁਮਾਰ ਬੈਠੇ|

Leave a Reply

Your email address will not be published. Required fields are marked *