”Singh Sabha Punjab” formed for Religious, Social and Political Awareness in Punjab : Hardeep Singh

ਧਾਰਮਿਕ, ਸਮਾਜਿਕ ਅਤੇ ਰਾਜਸੀ ਜਾਗਰਤੀ ਲਈ ਸਿੰਘ ਸਭਾ ਪੰਜਾਬ ਦਾ ਗਠਨ : ਹਰਦੀਪ ਸਿੰਘ
ਐਸ ਏ ਐਸ ਨਗਰ, 2 ਅਕਤੁਬਰ : ਅਜੋਕੇ ਦੌਰ ਵਿੱਚ ਸਥਾਪਤ ਸਿੱਖ ਸੰਸਥਾਵਾਂ ਵੱਲੋਂ ਕੌਮ ਨੂੰ ਸੇਧ ਦੇਣ ਤੋਂ ਅਸਮਰਥ ਹੋਣ ਕਰਕੇ ਸਿੱਖ ਕੌਮ ਦੀ ਸ਼ਕਤੀ ਖਿੱਲਰ ਚੁੱਕੀ ਹੈ| ਜਿੱਥੇ ਸਥਾਪਤ ਸੰਸਥਾਵਾਂ ਸਿੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਸਰੋਕਾਰਾਂ ਨੂੰ ਅੰਜਾਮ ਦੇਣ ਅਤੇ ਸਿੱਖ ਭਾਵਨਾਵਾਂ ਦੀ ਪੂਰਤੀ ਕਰਨ ਵਿੱਚ ਨਾਕਾਮ ਹੋਈਆਂ ਹਨ ਉੱਥੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀਆਂ ਜਥੇਬੰਦੀਆਂ ਵੀ ਡੰਗ ਟਪਾਊ ਗਤੀਵਿਧੀਆਂ ਤੱਕ ਸੀਮਤ ਰਹਿ ਗਈਆਂ ਹਨ| ਨਾ ਸ਼੍ਰੋਮਣੀ ਕਮੇਟੀ ਸੁਧਾਰ ਲਈ ਕੋਈ ਬਦਲ ਉੱਭਰਿਆ ਹੈ ਤੇ ਨਾ ਕੌਮ ਨੂੰ ਰਾਜਸੀ ਸੇਧ ਦੇਣ ਲਈ|
ਇਹ ਵਿਚਾਰ ਸ੍ਰ. ਹਰਦੀਪ ਸਿੰਘ ਆਜਾਦ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਗਟ ਕੀਤੇ| ਉਹ ਅੱਜ ਧਾਰਮਿਕ, ਸਮਾਜਿਕ ਅਤੇ ਰਾਜਸੀ ਜਾਗਰਤੀ ਲਈ ਸਿੰਘ ਸਭਾ ਪੰਜਾਬ ਦੇ ਗਠਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ|
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਨਤੀਜੇ ਵੱਜੋਂ ਅੱਜ ਬਦਲਾਅ ਦੇ ਦੌਰ ਵਿੱਚ ਪੰਜਾਬ ਦੀਆਂ ਪੰਥਕ ਧਿਰਾਂ ਕੋਈ ਯੋਗ ਰੋਲ ਅਦਾ ਕਰਨ ਦੀ ਥਾਂ ਪਿਛਲੱਗ ਦੀ ਭੂਮਿਕਾ ਨਿਭਾ ਰਹੀਆ ਹਨ|  ਪੰਥਕ ਸੋਚ ਦਾ ਕੋਈ ਵਾਲੀਵਾਰਸ ਨਾ ਰਹਿਣ ਕਰਕੇ ਕਈਂ ਸਿੱਖ ਸੰਸਥਾਵਾਂ ਨਵੀਆਂ ਧਿਰਾਂ ਨਾਲ ਪੰਥਕ ਏਜੰਡੇ ਅਤੇ ਪੰਥਕ ਮਸਲਿਆਂ ਬਾਰੇ ਨੀਤੀ ਤਹਿ ਕਰਨ ਤੋਂ ਬਿਨਾਂ ਬੇਵਸੀ ਦੇ ਆਲਮ ਵਿੱਚ ਸਮਰਪਨ ਕਰੀ ਬੈਠੀਆਂ ਹਨ| ਧਾਰਮਿਕ ਪੰਥਕ ਬਿਰਤੀ ਦੇ ਸਿੱਖ ਯੋਗ ਅਗਵਾਈ ਨਾ ਮਿਲਨ ਕਰਕੇ ਮਾਯੂਸ ਹੋ ਰਹੇ ਹਨ|
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਇਤਿਹਾਸ ਵਿੱਚ ਝਾਤ ਮਾਰੀਏ ਤਾਂ ਸਾਫ ਹੁੰਦਾ ਹੈ ਕਿ ਪੰਥ ਨੂੰ ਜਦੋਂ ਵੀ ਚੁਣੌਤੀ ਦਾ ਸਮਾਂ ਆਇਆ ਹੈ ਉਦੋਂ ਪੰਥ ਨੇ ਮਿਲ ਬੈਠਕੇ ਪੰਥਕ ਜੁਗਤ ਤੋਂ ਕੰਮ ਲਿਆ ਹੈ| ਐਸੇ ਹੀ ਹਾਲਾਤ ਸਨ ਜਦੋਂ ਸੰਨ 1873 ਵਿੱਚ ਅੱਜ ਦੇ ਦਿਨ ” ਸਿੰਘ ਸਭਾ ਲਹਿਰ” ਦੀ ਸ਼ੁਰੂਆਤ ਹੋਈ ਸੀ| ਉਸ ਬਿਖੜੇ ਦੌਰ ਵਿੱਚ ਸਿੰਘ ਸਭਾ ਲਹਿਰ ਨੇ ਸਿੱਖ ਸਮਾਜ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਸੀ ਚੇਤਨਾ ਪੈਦਾ ਕਰਨ ਦਾ ਅਹਿਮ ਰੋਲ ਅਦਾ ਕੀਤਾ ਸੀ| ਗੁਰਦੁਆਰਾ ਸੁਧਾਰ ਲਹਿਰ ਅਤੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਰਾਜਸੀ ਜਥੇਬੰਦਕ ਸਰੂਪ ਨੇ ਕਰੀਬ ਇੱਕ ਸਦੀ ਸੰਤੁਸ਼ਟੀਜਨਕ ਕੰਮ ਕੀਤਾ|
ਉਨ੍ਹਾਂ ਕਿਹਾ ਕਿ ਅੱਜ ਦੇ ਨਾਜੁਕ ਦੌਰ ਵਿੱਚ ਫੇਰ ਲੋੜ ਹੈ ਇੱਕ ਐਸਾ ਹੰਭਲਾ ਮਾਰਨ ਦੀ ਕਿ ਕੌਮ ਦੀ ਬਿਖਰੀ ਸੱਚੀ ਸੁੱਚੀ ਤਾਕਤ ਨੂੰ ਇੱਕਮੁਠ ਕੀਤਾ ਜਾਵੇ| ਥਿੜਕ ਚੁੱਕੇ ਆਗੂਆ ਵੱਲ ਦੇਖਣ ਦੀ ਥਾਂ ਖੁਦ ਕੌਮ ਦੇ ਸਰੋਕਾਰਾਂ ਨੂੰ ਸਮਝੀਏ ਅਤੇ ਯੋਗ ਢੰਗ ਨਾਲ ਉਜਾਗਰ ਕਰੀਏ| ਇਸ ਇਰਾਦੇ ਨਾਲ ਪਿਛਲੇ ਸਮੇਂ ਦੇ ਵਿੱਚ ਪੰਜਾਬ ਭਰ ਦੇ ਉਸਾਰੂ ਸੋਚ ਰੱਖਣ ਵਾਲੇ ਚਿੰਤਕ ਗੁਰਸਿੱਖਾਂ ਨਾਲ ਹੋਏ ਵਿਚਾਰ ਮੁਤਾਬਕ  ਸਿੱਖ ਸ਼ਕਤੀ ਨੂੰ ” ਸਿੰਘ ਸਭਾ ਪੰਜਾਬ” ਦੇ ਮੰਚ ਤੇ ਇਕੱਠਿਆਂ ਕੀਤੇ ਜਾਣ ਦਾ ਨਿਰਣਾ ਹੋਇਆ ਹੈ|
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਸਿੰਘ ਸਭਾ ਪੰਜਾਬ ਦੇ ਤਿੰਨ ਵਿੰਗ ਧਾਰਮਿਕ, ਸਮਾਜਿਕ ਅਤੇ ਰਾਜਸੀ ਚੇਤੰਨਤਾ ਫੈਲਾਉਣ ਲਈ ਉੱਦਮਸ਼ੀਲ ਹੋਣਗੇ| ਇਸਦੀ ਬਣਤਰ ਵਿੱਚ ਜਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ ਦੀਆਂ ਇਕਾਈਆਂ ਹੋਣਗੀਆਂ ਜੋ ਪਿੰਡ ਸ਼ਹਿਰ ਪੱਧਰ ਦੇ ਹਮਖਿਆਲ ਸਿੱਖਾਂ ਦੀਆਂ ਪੰਚਾਇਤਾਂ ਬਣਾਕੇ ਜਾਗਰਤੀ ਲਹਿਰ ਚਲਾਉਣਗੀਆ| ਇਸ ਮੰਤਵ ਲਈ  ”ਸਿੰਘ ਸਭਾ ਪੰਜਾਬ” ਵਿਦਵਾਨ ਸਰਪ੍ਰਸਤਾਂ, ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ, ਇਸਤ੍ਰੀ ਸਭਾਵਾਂ ਅਤੇ ਨੌਜੁਆਨਾਂ ਦਾ ਵਿਸ਼ੇਸ਼ ਸਹਿਯੋਗ ਲਵੇਗੀ|
ਇਸ ਸਬੰਧੀ ਅੱਜ ਸਾਹਿਬਜਾਦਾ ਅਜੀਤ ਸਿੰਘ ਨਗਰ, ਖਰੜ ਅਤੇ ਡੇਰਾਬੱਸੀ ਇਲਾਕੇ ਤੋਂ ਚੋਣਵੇਂ ਸਿੱਖਾਂ ਤੇ ਜਥੇਬੰਦੀਆਂ ਦੀ ਇਕੱਤਰਤਾ ਹੋਈ ਜਿਥੇ ਇਤਿਹਾਸਕ ਪਰਿਪੇਖ ਵਿੱਚ ਮੌਜੂਦਾ ਹਾਲਾਤਾਂ ਨੂੰ ਵਿਚਾਰਿਆ ਗਿਆ|
ਇਸ ਮੌਕੇ ਸੁੱਖਪਾਲ ਸਿੰਘ, ਅਰਵਿੰਦਰ ਸਿੰਘ, ਮੋਹਿੰਦਰ ਸਿੰਘ, ਹਰਮੀਤ ਸਿੰਘ, ਕੰਵਰ ਹਰਬੀਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ, ਮਦਨਜੀਤ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ, ਨਰਿੰਦਰ ਸਿੰਘ, ਅਜੀਤ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ,  ਅਮਰਜੀਤ ਸਿੰਘ, ਅਮਰੀਕ ਸਿੰਘ, ਜੀਵਨ ਸਿੰਘ, ਕਾਬਲ ਸਿੰਘ, ਹਾਕਮ ਸਿੰਘ, ਜਗਦੇਵ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ, ਮਲਕੀਤ ਸਿੰਘ, ਗੁਰਬਖ਼ਸ਼ ਸਿੰਘ, ਜਸਪਾਲ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *