Singh Sabha Punjab to highlight ignored Fundamental issues of Punjab and Panth.

ਪੰਜਾਬ ਤੇ ਪੰਥ ਨੂੰ ਦਰਪੇਸ਼ ਅਣਗੌਲੇ ਜਾ ਰਹੇ ਮੁੱਦੇ ਰਾਜਨੀਤਕ ਪਾਰਟੀਆਂ ਸਾਹਮਣੇ ਰੱਖੇਗਾ ਸਿੰਘ ਸਭਾ ਪੰਜਾਬ
ਪਾਰਟੀਆਂ ਦੀ ਵਿਚਾਰਧਾਰਾ ਨੂੰ ਸਮਝੇ ਬਿਨਾ ਕੀਤਾ ਗਿਆ ਸਹਿਯੋਗ ਸਮਰਥਨ ਨਹੀਂ ਸਮਰਪਨ ਹੋਵੇਗਾ-ਹਰਦੀਪ ਸਿੰਘ

ਐਸ ਏ ਐਸ ਨਗਰ, 22 ਅਕਤੂਬਰ : ਪਹਿਲਾਂ ਤੋਂ ਰਾਜ ਕਰ ਰਹੀਆਂ ਪਾਰਟੀਆਂ ਨੇ ਪੰਜਾਬੀਅਤ ਅਤੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ| ਪਰ ਨਵੀਆਂ ਪਾਰਟੀਆਂ ਦੀ ਵਿਚਾਰਧਾਰਾ ਨੂੰ ਸਮਝੇ ਬਿਨਾ ਨੀਤੀ ਰਹਿਤ ਕੀਤਾ ਗਿਆ ਸਹਿਯੋਗ ਸਮਰਥਨ ਨਹੀਂ ਸਗੋਂ ਸਮਰਪਨ ਹੋਵੇਗਾ|  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ: ਹਰਦੀਪ ਸਿੰਘ ਆਜ਼ਾਦ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਕਨਵੀਨਰ ਸਿੰਘ ਸਭਾ ਪੰਜਾਬ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਅਤੇ ਪੰਥਕ ਧਿਰਾਂ ਇਸ ਸੋਚ ਨਾਲ ਸ੍ਰੀ ਕੇਜਰੀਵਾਲ ਦਾ ਸਹਿਯੋਗ ਕਰਨ ਤੁਰੀਆਂ ਸਨ ਕਿ ਪੰਥ ਤੇ ਪੰਜਾਬ ਮਾਰੂ ਰਾਜਨੀਤਕਾਂ ਨੂੰ ਪਰੇ ਕਰਕੇ ਰਾਜਨੀਤਕ ਸ਼ੈਲੀ ਵਿੱਚ ਬਦਲਾਓ ਲਿਆਂਦਾ ਜਾਵੇ| ਪਰ ਇਸ ਪਾਰਟੀ ਦੀ ਕਾਰਜਸ਼ੈਲੀ ਵੀ ਹੋਰਨਾਂ ਪਾਰਟੀਆਂ ਤੋਂ ਵੱਖਰੀ ਨਹੀਂ ਦਿੱਸ ਰਹੀ| ਉਨ੍ਹਾਂ ਸੁਆਲ ਕੀਤਾ ਕਿ ਇਹ ਕਿਵੇਂ ਜਾਇਜ਼ ਹੋਵੇਗਾ ਕਿ ਨਵੀਆਂ ਪਾਰਟੀਆਂ ਜ਼ਖਮੀ ਹੋਈ ਪੰਜਾਬੀ ਅਤੇ ਪੰਥਕ ਮਾਨਸਿਕਤਾ ਨੂੰ ਰਾਜਸੱਤਾ ਪ੍ਰਾਪਤੀ ਲਈ ਵਰਤ ਲੈਣ, ਪਰ ਮੂਲ ਮੁੱਦਿਆਂ ਦੀ ਗੱਲ ਵੀ ਨਾ ਕਰਨ| ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਸਰੋਕਾਰਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਪਰ ਧਰਮ ਨਿਰਪੱਖਤਾ ਦੀ ਆੜ ਹੇਠ ਰਾਜਨੀਤਕਾਂ ਵੱਲੋਂ ਸਿੱਖ ਮੁੱਦਿਆਂ ਨੂੰ ਪਿੱਛੇ ਸੁੱਟਿਆ ਜਾ ਰਿਹਾ ਹੈ| ਲੋਕਾਂ ਨੂੰ ਪਾਰਟੀਆਂ ਦੀ ਵਿਚਾਰਧਾਰਾ ਜਾਨਣ ਦਾ ਪੂਰਾ ਹੱਕ ਹੈ, ਕਿਉਂਕਿ ਇਆਣਿਆਂ ਵਾਂਗ ਅੱਖਾਂ ਬੰਦ ਕਰਕੇ ਆਤਮਘਾਤੀ ਰਸਤਾ ਨਹੀਂ ਅਪਣਾਇਆ ਜਾ ਸਕਦਾ|
ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੀ ਕੇਜਰੀਵਾਲ ਦੀ ਪਾਰਟੀ ਦਾ ਜਨਮ ਬਾਦਲ-ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ ਹੋਇਆ ਹੈ| ਸ੍ਰੀ ਕੇਜਰੀਵਾਲ ਵੱਲੋਂ ਹਾਲੇ ਕੋਈ ਕਾਰਗੁਜਾਰੀ ਨਹੀਂ ਦਿਖਾਈ ਗਈ ਬਲਕਿ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਦੁਖੀ ਪੰਜਾਬੀਆਂ ਅਤੇ ਪੰਥਕ ਧਿਰਾਂ ਨੂੰ ਇਸ ਪਾਰਟੀ ਤੋਂ ਆਸ ਬੱਝੀ ਸੀ| ਪਰ ਸ੍ਰੀ ਕੇਜਰੀਵਾਲ ਦੀ ਸੋਚ 2017 ਦੀਆਂ ਚੋਣਾਂ ਤੱਕ ਸੀਮਤ ਦਿਸਦੀ ਹੈ ਅਤੇ ਇਹ ਪਾਰਟੀ ਪੰਜਾਬ ਲਈ ਉਸਾਰੂ ਠੋਸ ਅਤੇ ਭਰੋਸੇਯੋਗ ਰਾਜਨੀਤਕ ਬਦਲ ਦੇ ਰੂਪ ਵਿੱਚ ਨਹੀਂ ਉੱਭਰ ਰਹੀ| ਉਨ੍ਹਾਂ ਕਿਹਾ ਕਿ ਇਸ ਵਰਤਾਰੇ ਕਰਕੇ ਬਾਦਲ-ਭਾਜਪਾ-ਕਾਂਗਰਸ ਦਾ ਬਦਲ ਚਾਹੁੰਦੇ ਗੰਭੀਰ ਲੋਕ ਚਿੰਤਤ ਹਨ|
ਉਨ੍ਹਾਂ ਕਿਹਾ ਕਿ ਕਾਫੀ ਮਹੀਨਿਆਂ ਤੋਂ ਕੇਜਰੀਵਾਲ ਪਾਰਟੀ ਨਾਲ ਨੇੜਿਉਂ ਸੰਪਰਕ ਵਿੱਚ ਰਹਿ ਕੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸ੍ਰੀ ਕੇਜਰੀਵਾਲ ਦੀਆਂ ਨੀਤੀਆਂ ਵਕਤੀ ਤੇ ਡੰਗ ਟਪਾਊ ਹਨ| ਜਿਸ ਦਾ ਕਾਰਨ ਜਾਂ ਤਾਂ ਇਮਾਨਦਾਰੀ ਦੀ ਘਾਟ ਹੈ ਜਾਂ ਇਨ੍ਹਾਂ ਨੂੰ ਪੰਜਾਬ ਅਤੇ ਪੰਥਕ ਮਸਲਿਆਂ ਬਾਰੇ ਸਹੀ ਜਾਣਕਾਰੀ ਨਹੀਂ| ਇਹ ਪੰਜਾਬ ਦੇ ਸੰਜੀਦਾ ਸਮਾਜ ਸ਼ਾਸਤਰੀਆਂ, ਅਰਥ ਸ਼ਾਸਤਰੀਆਂ, ਤੇ ਪੰਥਕ ਸਖਸ਼ੀਅਤਾਂ ਤੋਂ ਰਾਏ ਲੈਣ ਦਾ ਵਿਖਾਵਾ ਤਾਂ ਕਰਦੇ ਹਨ, ਪਰ ਅਮਲ ਨਹੀਂ|
ਸ੍ਰ: ਹਰਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਤਕਰੀਬਨ ਸਾਰੇ ਪੰਥਕ ਹਲਕਿਆਂ ਨੂੰ ਭਰਮਾਉਣ ਅਤੇ ਭਟਕਾਉਣ ਲਈ ਸ਼੍ਰੋਮਣੀ ਕਮੇਟੀ ਵਿੱਚ ਮਦਦ ਕਰਨ ਦੇ ਖੋਖਲੇ ਲਾਰੇ ਲਾ ਰਹੇ ਹਨ| ਇਸ ਲਈ ਸਿੰਘ ਸਭਾ ਪੰਜਾਬ ਪੰਥਕ ਸੰਸਥਾਵਾਂ ਨੂੰ ਅਪੀਲ ਕਰਦੀ ਹੈ ਕਿ ਰਾਜਨੀਤਕ ਹਵਾ ਦੇ ਬੁੱਲੇ ਨਾਲ ਉੱਡਣ ਨਾਲੋਂ ਸ੍ਰੀ ਕੇਜਰੀਵਾਲ ਨੂੰ ਸਿੱਖ ਕੌਮ ਅਤੇ ਪੰਜਾਬ ਬਾਰੇ ਆਪਣੀ ਵਿਚਾਰਧਾਰਾ ਸਪੱਸ਼ਟ ਕਰਣ ਦੀ ਮੰਗ ਕਰਣ|
ਉਨ੍ਹਾਂ ਸਮੂਹ ਸੂਝਵਾਨ ਕਿਸਾਨੀ ਮਾਹਰਾਂ, ਸਮਾਜ ਸ਼ਾਸਤਰੀਆਂ, ਅਰਥ ਸ਼ਾਸਤਰੀਆਂ ਅਤੇ ਪੰਥਕ ਸਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਹਾਲਾਤ ਨੂੰ ਦੇਖਦੇ ਰਹਿਣ ਦੀ ਥਾਂ ਪਾਰਟੀਆਂ ਨੂੰ ਮੁੱਦਿਆਂ ਦੀ ਰਾਜਨੀਤੀ ਕਰਨ ਲਈ ਮਜਬੂਰ ਕਰਨ| ਸਿੰਘ ਸਭਾ ਪੰਜਾਬ ਜਲਦੀ ਹੀ ਪੰਜਾਬ ਅਤੇ ਪੰਥ ਨੂੰ ਦਰਪੇਸ਼ ਚੋਣਵੇਂ ਮੁੱਦੇ ਨਵੀਆਂ ਰਾਜਨੀਤਕ ਪਾਰਟੀਆਂ ਸਾਹਮਣੇ ਰੱਖੇਗਾ ਤਾਂ ਜੋ ਪਾਰਟੀਆਂ ਦੀਆਂ ਨੀਤੀਆਂ ਤੋਂ ਜਾਣੂ ਹੋਕੇ ਲੋਕ ਸਹੀ ਫੈਸਲਾ ਲੈ ਸਕਣ|

Leave a Reply

Your email address will not be published. Required fields are marked *