If Shergill will fight from Majitha constituency who will from Mohali?

ਸ਼ੇਰਗਿਲ ਦੇ ਮਜੀਠਾ ਹਲਕੇ ਤੋਂ ਚੋਣ ਲੜਣ ਦੀਆਂ  ਕਿਆਸ ਅਰਾਈਆਂ ਨੇ ਛੇੜੀ ਨਵੇਂ ਉਮੀਦਵਾਰ ਦੀ ਖੁੰਢ ਚਰਚਾ
ਦਰਸ਼ਨ ਸਿੰਘ ਧਾਲੀਵਾਲ ਅਤੇ ਜਰਨੈਲ ਸਿੰਘ ਦੇ ਨਾਮ ਚਰਚਾ ਵਿੱਚ ਸਭ ਤੋਂ ਉੱਪਰ
ਭੁਪਿੰਦਰ ਸਿੰਘ
ਐਸ.ਏ.ਐਸ.ਨਗਰ, 12 ਦਸੰਬਰ

ਮੁਹਾਲੀ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ.ਹਿੰਮਤ ਸਿੰਘ ਸ਼ੇਰਗਿੱਲ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਸੰਬੰਧੀ ਚਰਚਾ ਨੇ ਹਲਕਾ ਮੁਹਾਲੀ ਦੀ ਸਿਆਸਤ ਇੱਕ ਵਾਰ ਫਿਰ ਮਘਾ ਦਿੱਤੀ ਹੈ| ਹਲਕਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਵੱਲੋਂ ਸ. ਹਿੰਮਤ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰ. ਸ਼ੇਰਗਿੱਲ ਵੱਲੋਂ ਇਥੇ ਬਾਕਾਇਦਾ ਆਪਣਾ ਦਫਤਰ ਖੋਲ੍ਹ ਕੇ ਚੋਣ ਪ੍ਰਚਾਰ ਆਰੰਭ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਦਾ ਇੱਕ ਗੇੜ ਮੁਕੰਮਲ ਵੀ ਕਰ ਚੁੱਕੇ ਹਨ ਪਰੰਤੂ ਹੁਣ ਉਹਨਾਂ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਸੰਬੰਧੀ ਉਠੀ ਚਰਚਾ ਨੇ ਸਾਰੇ ਸਮੀਕਰਨ ਬਦਲ ਦਿੱਤੇ ਹਨ| ਦਰਅਸਲ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਿਕਰਮ ਮਜੀਠੀਆਂ ਦੇ ਮੁਕਾਬਲੇ ਤੇ ਖੜ੍ਹਾ ਕਰਨ ਲਈ ਕੋਈ ਉਮੀਦਵਾਰ ਨਾ ਮਿਲ ਸਕਣ ਕਾਰਨ ਪਾਰਟੀ ਵੱਲੋਂ ਹੁਣ ਸ੍ਰੀ ਸ਼ੇਰਗਿਲ ਨੂੰ ਮਜੀਠਾ ਹਲਕੇ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਹੈ| ਇਸ ਬਾਰੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਦੇ ਕਨਵੀਨਰ ਸ੍ਰ. ਗੁਰਪ੍ਰੀਤ ਸਿੰਘ ਘੁੱਗੀ ਨੂੰ ਮਜੀਠੀਆ ਦੇ ਮੁਕਾਬਲੇ ਚੋਣ ਲੜਾਈ ਜਾਵੇਗੀ ਪਰੰਤੂ ਉਹਨਾਂ ਵੱਲੋਂ ਇਸ ਸਬੰਧੀ ਹੁੰਗਾਰਾ ਨਾ ਭਰੇ ਜਾਣ ਕਾਰਣ ਹੁਣ ਇਹ ਜਿੰਮੇਵਾਰੀ ਸ੍ਰ. ਸ਼ੇਰਗਿਲ ਨੂੰ ਸੰਭਾਲ ਦਿੱਤੀ ਗਈ ਹੈ|
ਮੁਹਾਲੀ ਹਲਕੇ ਤੋਂ ਹਾਲੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਹੁਣੇ ਹੋਣਾ ਹੈ| ਇਸ ਸੰਬੰਧੀ ਜਿੱਥੇ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਹੀ ਦੁਬਾਰਾ ਚੋਣ ਲੜਾਏ ਜਾਣ ਦੀ ਪੂਰੀ ਸੰਭਾਵਨਾ ਹੈ ਉਥ ਆਕਲੀ ਦਲ ਵੱਲੋਂ ਉਮੀਦਵਾਰ ਬਾਰੇ ਹੁਣ ਤਕ ਕੋਈ ਫੈਸਲਾ ਨਹੀਂ ਹੋਇਆ ਹੈ ਅਤੇ ਵੱਖ ਵੱਖ ਆਗੂਆਂ ਵਲੋਂ ਆਪਣੀ ਦਾਅਵੇਦਾਰੀ ਜਤਾਈ ਜਾ ਰਹੀ ਹੈ|
ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਵਲੋਂ ਸ੍ਰ. ਹਿੰਮਤ ਸਿੰਘ ਸ਼ੇਰਗਿੱਲ ਨੂੰ ਮੁਹਾਲੀ ਹਲਕੇ ਦੀ ਥਾਂ ਮਜੀਠਾ ਹਲਕੇ ਤੋਂ ਚੋਣ ਲੜਾਈ ਜਾਵੇਗੀ ਤਾਂ ਉਹਨਾਂ ਦੀ ਥਾਂ ਇੱਥੇ ਕਿਸਨੂੰ ਉਮੀਦਵਾਰ ਬਣਾਇਆ ਜਾਵੇਗਾ| ਹਾਲਾਂਕਿ ਇਹ  ਵੀ ਚਰਚਾ ਚਲ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿਧਾਇਕ ਸ੍ਰ. ਜਰਨੈਲ ਸਿੰਘ ਨੂੰ ਪੰਜਾਬ ਤੋਂ ਚੋਣ ਲੜਾਈ ਜਾ ਸਕਦੀ ਹੈ ਅਤੇ ਉਹਨਾਂ ਨੂੰ ਮੁਹਾਲੀ  ਵਿਧਾਨਸਭਾ ਹਲਕੇ ਤੋਂ ਚੋਣ ਲੜਾਉਣ ਦੀਆਂ ਕਨਸੋਆਂ ਵੀ ਚਲ ਰਹੀਆਂ ਹਨ| ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਦੀ ਗੱਲ ਕਰੀਏ ਤਾਂ ਪਾਰਟੀ ਦੇ ਜਿਆਦਾਤਰ ਸਰਗਰਮ (ਵਲੰਟੀਅਰਾਂ ਜਿਹੜੇ ਇੱਥੋਂ ਚੋਣ ਲੜਣ ਦੇ ਚਾਹਵਾਨ ਸਨ) ਵੱਲੋਂ ਜਿੱਥੇ ਹਲਕੇ ਤੋਂ ਸ੍ਰ. ਸ਼ੇਰਗਿਲ  ਨੂੰ ਚੋਣ ਲੜਾਉਣ ਦਾ ਵਿਰੋਧ ਕੀਤਾ ਗਿਆ ਸੀ ਉੱਥੇ ਇਹਨਾਂ ਵਿੱਚੋਂ  ਜਿਆਦਾਤਰ ਨੇ ਸ੍ਰ. ਸ਼ੇਰਗਿਲ ਵੱਲੋਂ ਕੀਤੇ ਜਾਂਦੇ ਚੋਣ ਪ੍ਰਚਾਰ ਦੇ ਅਮਲ ਦੌਰਾਨ ਦੂਰੀ ਬਣਾ ਕੇ ਰੱਖੀ ਗਈ ਸੀ ਅਤੇ ਇਹਨਾਂ ਵਿੱਚੋਂ  ਕੁੱਝ ਤਾਂ ਅਜਿਹੇ ਹਨ ਜਿਹੜੇ ਇਸ ਦੌਰਾਨ ਪਾਰਟੀ ਵੀ ਛੱਡ ਚੁੱਕੇ ਹਨ|
ਹਾਲਾਂਕਿ ਇਸ ਪੂਰੇ ਅਮਲ ਦੇ ਦੌਰਾਨ ਪਾਰਟੀ ਦੇ ਸਰਗਰਮ ਵਲੰਟੀਅਰਾਂ ਵਿੱਚੋਂ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਹੀ ਅਜਿਹੇ ਹਨ ਜਿਹਨਾਂ ਦੇ ਖੁੱਲ੍ਹ ਕੇ ਸ੍ਰ.ਸ਼ੇਰਗਿੱਲ ਦੀ ਹਮਾਇਤ ਵਿੱਚ ਆਉਣ ਤੋਂ ਬਾਅਦ ਤਰੱਕੀ ਦੇ ਕੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦਾ ਕਨਵੀਨਰ ਥਾਪ ਦਿੱਤਾ ਗਿਆ ਸੀ ਅਤੇ ਅੰਦਰ ਖਾਤੇ ਇਹ ਚਰਚਾ ਵੀ ਜ਼ੋਰਾਂ ਤੇ ਹੈ ਕਿ ਜੇਕਰ ਪਾਰਟੀ ਵੱਲੋਂ ਹਲਕੇ ਤੋਂ ਇੱਥੋਂ ਦੇ ਕਿਸੇ ਸਥਾਨਕ ਵਸਨੀਕ ਨੂੰ ਟਿਕਟ ਦਿੱਤੀ ਗਈ ਤਾਂ ਸ੍ਰ.ਧਾਲੀਵਾਲ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ|  ਹਾਲਾਂਕਿ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਪਾਰਟੀ ਵੱਲੋਂ ਮੁਹਾਲੀ ਹਲਕੇ ਤੋਂ ਹੀ ਆਮ ਆਦਮੀ ਪਾਰਟੀ ਦੀ ਚੋਣ ਲੜਾਈ ਜਾਵੇ ਮਜੀਠਾ ਤੋਂ ਕਿਸੇ ਹੋਰ ਤਕੜੇ ਉਮੀਦਵਾਰ ਨੂੰ ਲਿਆਂਦਾ ਜਾਵੇ|

Leave a Reply

Your email address will not be published. Required fields are marked *