Stop making paintings of Devi-Devatas in Darbar Sahib : Singh Sabha Punjab

ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੇ ਚਿੱਤਰ ਬਨਾਉਣੇ ਤੁਰੰਤ ਰੋਕੇ ਜਾਣ-ਸਿੰਘ ਸਭਾ ਪੰਜਾਬ
ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਦੇ ਕਾਰੇ ਸਿੱਖੀ ਵਿਰੋਧੀ ਅਤੇ ਪੰਥ ਮਾਰੂ  – ਹਰਦੀਪ ਸਿੰਘ

ਐਸ ਏ ਐਸ ਨਗਰ, 15 ਅਕਤੂਬਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਮੀਨਾਕਾਰੀ ਚਿੱਤਰਕਾਰੀ ਦੀ ਆੜ ਵਿੱਚ ਦੇਵੀ ਦੇਵਤਿਆਂ ਅਤੇ ਇਨਸਾਨਾਂ ਦੀਆਂ ਤਸਵੀਰਾਂ ਬਣਵਾਏ ਜਾਣ ਬਾਰੇ ਸ੍ਰ: ਮੱਕੜ ਸਿੱਖ ਕੌਮ ਨੂੰ ਜੁਆਬ ਦੇਣ|  ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਬੰਧ ਦੇ ਕਾਰੇ ਸਿੱਖੀ ਵਿਰੋਧੀ ਅਤੇ ਗੁਰੂ ਪੰਥ ਮਾਰੂ ਹਨ| ਇਹ ਗੱਲ ਸ਼੍ਰੋਮਣੀ ਕਮੇਟੀ ਦੇ ਅਜ਼ਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਸ੍ਰ: ਹਰਦੀਪ ਸਿੰਘ ਨੇ ਇੱਕ ਬਿਆਨ ਵਿੱਚ ਕਹੀ|
ਉਨ੍ਹਾਂ ਕਿਹਾ ਕਿ ਸਾਂਭ ਸੰਭਾਲ ਦੇ ਨਾਮ ਤੇ ਵੇਲ ਬੂਟੀਆਂ ਵਾਲੀ ਚਿੱਤਰਕਾਰੀ ਦੇ ਨਾਲ ਛੇੜਛਾੜ ਕਰਕੇ ਸਿੱਖ ਸਿਧਾਂਤਾਂ ਨੂੰ ਖੋਰਾ ਲਗਾਉਣਾ ਅਤਿ ਨਿੰਦਨਯੋਗ ਕਾਰਵਾਈ ਹੈ| ਇਸ ਸੰਬੰਧੀ ਸਿੰਘ ਸਭਾ ਪੰਜਾਬ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੇ ਚਿੱਤਰ ਬਨਾਉਣੇ ਤੁਰੰਤ ਰੋਕੇ ਜਾਣ ਅਤੇ ਬਣੇ ਚਿੱਤਰ ਪੂਰਨ ਤੌਰ ਤੇ ਖਤਮ ਕੀਤੇ ਜਾਣ|
ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਿੱਖ ਵਿਰੋਧੀ ਤਾਕਤਾਂ ਸ਼੍ਰੋਮਣੀ ਸਿੱਖ ਸੰਸਥਾਵਾਂ ਉੱਪਰ ਕਾਬਜ ਹੋ ਚੁੱਕੀਆਂ ਹਨ, ਅਤੇ ਸ੍ਰ: ਮੱਕੜ ਜਿਹੇ ਰਾਜ ਸੱਤਾ ਦੇ ਭੁੱਖੇ ਪ੍ਰਬੰਧਕਾਂ ਰਾਹੀਂ ਸਿੱਖੀ ਨੂੰ ਨੁਕਸਾਨ ਪਹੁੰਚਾਣ ਲਈ ਕੰਮ ਬਹੁਤ ਤੇਜ਼ੀ ਨਾਲ ਕਰ ਰਹੀਆਂ ਹਨ| ਅਨੇਕਾਂ ਢੰਗਾਂ ਨਾਲ ਇਤਿਹਾਸ ਨੂੰ ਵਿਗਾੜਿਆ ਤੇ ਖਤਮ ਕੀਤਾ ਜਾ ਰਿਹਾ ਹੈ| ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ| ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਇਤਿਹਾਸਕ ਦਰਵਾਜਾ ਮੁਰੰਮਤ ਦੇ ਬਹਾਨੇ ਉਤਾਰਿਆ ਗਿਆ ਸੀ, ਜੋ ਅੱਜ ਤੱਕ ਨਹੀਂ ਲਗਾਇਆ ਗਿਆ ਅਤੇ ਬੇਤੁਕੀ ਬਹਾਨੇਬਾਜੀ ਕੀਤੀ ਜਾ ਰਹੀ ਹੈ| ਦਰਬਾਰ ਸਾਹਿਬ ਚੌਗਿਰਦੇ ਦੇ ਸੁੰਦਰੀਕਰਨ ਦੇ ਨਾਮ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਅਣਮਤੀਆਂ ਦੀਆਂ ਸਮਾਧਾਂ ਤੇ ਸਿੱਖ ਸਿਧਾਂਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਉਘਾੜਿਆ ਗਿਆ ਹੈ| ਸ਼੍ਰੋਮਣੀ ਕਮੇਟੀ ਵੱਲੋਂ ਹਿੰਦੀ ਵਿੱਚ ਸਿੱਖ ਇਤਿਹਾਸ ਦੇ ਨਾਮ ਤੇ ਗੁਰੂ ਨਿੰਦਕ ਕਿਤਾਬ ਛਾਪੀ ਗਈ ਜਿਸਦੀ ਜਾਂਚ ਸਾਲਾਂ ਬੱਧੀ ਲਟਕਾ ਕੇ ਮਾਮਲੇ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ  |
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਸਥਾਨ ਸ੍ਰੀ ਦਰਬਾਰ ਸਾਹਿਬ ਦਾ ਨਾਮ ਗੋਲਡਨ ਟੈਂਪਲ ਅਤੇ ਸਵਰਨ ਮੰਦਰ ਵਜੋਂ ਉਤਸ਼ਾਹਤ ਕੀਤਾ ਜਾ ਰਿਹਾ ਹੈ| ਜਦਕਿ ਇਸ ਸੰਬੰਧੀ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਨਾਮ ਕੇਵਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਜ ਹੈ| ਲੰਬੀ ਚਾਲ ਦੇ ਤਹਿਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੂੰ ਵੈਸ਼ਨਵ ਸਥਾਨ ਪ੍ਰਚਾਰ ਕੇ ਮੰਦਰ-ਟੈਂਪਲ ਘੋਸ਼ਿਤ ਕੀਤਾ ਗਿਆ ਤੇ ਉਸੇ ਸਾਜਸ਼ ਦੀ ਕੜੀ ਵੱਜੋਂ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੀਆਂ ਮੂਰਤਾਂ ਛਾਪੀਆਂ ਗਈਆਂ| ਸ਼੍ਰੋਮਣੀ ਕਮੇਟੀ ਦੀ ਸਾਜਸ਼ੀ ਚੁੱਪ ਅਤੇ ਪੰਥਕ ਜਥੇਬੰਦੀਆਂ ਦੇ ਅਵੇਸਲੇਪਣ ਕਰਕੇ ਸਾਰੇ ਸ਼ਹਿਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਟੈਂਪਲ-ਮੰਦਰ ਦੱਸਦੇ ਹੋਰਡਿੰਗ ਲੱਗੇ ਹੋਏ ਹਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਨੂੰ ਟੈਪਲ ਅਤੇ ਮੰਦਰ ਨਾ ਕਹਿਣ ਦੇ ਬਕਾਇਦਾ ਮਤੇ ਪਾਸ ਕੀਤੇ ਹੋਏ ਹਨ| ਸ੍ਰ: ਸੁਖਪਾਲ ਸਿੰਘ, ਸ੍ਰ: ਅਰਵਿੰਦਰ ਸਿੰਘ, ਸ੍ਰ; ਕੰਵਰ ਹਰਬੀਰ ਸਿੰਘ, ਸ੍ਰ: ਗੁਰਮੁਖ ਸਿੰਘ, ਸ੍ਰ: ਮਹਿੰਦਰ ਸਿੰਘ, ਸ੍ਰ: ਮਨਜੀਤ ਸਿੰਘ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਸਿੱਖ ਕੌਮ ਦੇ ਅਣਭੋਲਪੁਣੇ ਅਤੇ ਸੰਸਥਾਵਾਂ ਦੇ ਅਵੇਸਲੇਪਣ ਕਰਕੇ ਪਹਿਲਾਂ ਅਜਿਹਾ ਕਾਫੀ ਕੁਝ ਵਾਪਰਦਾ ਰਿਹਾ ਜਿਸ ਕਰਕੇ ਹਾਲਾਤ ਇੱਥੇ ਤੱਕ ਪਹੁੰਚੇ ਹਨ|

Leave a Reply

Your email address will not be published. Required fields are marked *