Target of writer is to make world beautiful : Dr. Tiwana

ਲੇਖਕ ਦਾ ਟੀਚਾ ਦੁਨੀਆਂ ਨੂੰ ਸੋਹਣਾ ਤੇ ਮਾਣਨਯੋਗ ਬਣਾਉਣਾ ਹੋਵੇ: ਡਾ. ਟਿਵਾਣਾ

ਸਰਸਵਤੀ ਪੁਰਸਕਾਰ ਪ੍ਰਾਪਤ ਨਾਵਲ ‘ਕਥਾ ਕਹੋ ਉਰਵਸ਼ੀ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼

ਵਿਸ਼ਵ ਪੱਧਰ ਉੱਤੇ ਪੰਜਾਬੀ ਨਾਵਲ ਦੀ ਪਛਾਣ ‘ਪਰਸਾ’ ਤੇ ‘ਕਥਾ ਕਹੋ ਉਰਵਸ਼ੀ’ ਕਰ ਕੇ ਬਣੇਗੀ

ਐਸ.ਏ.ਐਸ. ਨਗਰ, 19 ਸਤੰਬਰ: ਪੰਜਾਬੀ ਦੀ ਪ੍ਰਸਿੱਧ ਲੇਖਕਾ ਡਾ. ਦਲੀਪ ਕੌਰ ਟਿਵਾਣਾ ਨੇ ਆਪਣੇ ਸਰਸਵਤੀ ਪੁਰਸਕਾਰ ਪ੍ਰਾਪਤ ਨਾਵਲ ‘ਕਥਾ ਕਹੋ ਉਰਵਸ਼ੀ’ ਦੇ ਅੰਗਰੇਜ਼ੀ ਅਨੁਵਾਦ ‘ਟੈੱਲ ਦੀ ਟੇਲ, ਉਰਵਸ਼ੀ’ ਨੂੰ ਰਿਲੀਜ਼ ਕਰਨ ਲਈ ਬੀਤੀ ਸ਼ਾਮ ਇਥੋਂ ਦੇ ਸਾਰੰਗ ਲੋਕ ਵਿਚ ਕਰਵਾਏ ਗਏ ਸਮਾਗਮ ਵਿਚ ਜੁੜੇ ਪਾਠਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਲੇਖਕ ਦਾ ਉਦੇਸ਼ ਇਸ ਦੁਨੀਆਂ ਨੂੰ ਹੋਰ ਸੋਹਣਾ ਤੇ ਮਾਣਨਯੋਗ ਬਣਾਉਣਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ, ‘‘ਹਰ ਲੇਖਕ ਨੂੰ ਇਹ ਜਾਣਨਾ ਜਰੂਰੀ ਹੈ ਕਿ ਇਹ ਸੰਸਾਰ ਕੀ ਹੈ? ਉਹ ਖ਼ੁਦ ਕੀ ਹੈ ਅਤੇ ਉਸ ਦਾ ਇਸ ਸੰਸਾਰ ਨਾਲ ਸਬੰਧ ਕੀ ਹੈ? ਇਸ ਤੋਂ ਬਾਅਦ ਲੇਖਕ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਸ ਦੀ ਲੇਖਣੀ ਦਾ ਮਕਸਦ ਕੀ ਹੈ? ਇਹਨਾਂ ਸੁਆਲਾਂ ਦੇ ਜਵਾਬ ਮਿਲਣ ਤੋਂ ਬਾਅਦ ਹੀ ਕੋਈ ਲੇਖਕ ਮਹਾਨ ਰਚਨਾ ਰਚ ਸਕਦਾ ਹੈ।’’

ਆਪਣੀ ਲਿਖਣ ਪ੍ਰਰਿਆ ਬਾਰੇ ਗੱਲ ਕਰਦਿਆਂ, ਡਾ. ਟਿਵਾਣਾ ਨੇ ਕਿਹਾ, ‘‘ਮੈਂ ਨਾਵਲ ਨਹੀਂ ਲਿਖਦੀ ਸਗੋਂ ਨਾਵਲ ਖੁਦ ਮੈਥੋਂ ਲਿਖਵਾ ਲੈਂਦਾ ਹੈ। ਜਦੋਂ ਮੇਰੇ ਜ਼ਿਹਨ ਵਿਚ ਕਿਸੇ ਨਾਵਲ ਦੀ ਉਸਲਵੱਟੇ ਲੈਂਦੀ ਕਹਾਣੀ ਸਪਸ਼ਟ ਹੋ ਜਾਂਦੀ ਹੈ ਤਾਂ ਮੈਂ ਕਲਮ ਲੈ ਕੇ ਬੈਠ ਜਾਂਦੀ ਹਾਂ ਤੇ ਨਾਵਲ ਖ਼ੁਦਬਖ਼ੁਦ ਲਿਖਿਆ ਜਾਂਦਾ ਹੈ। ਫਿਰ ਮੈਨੂੰ ਖਾਸ ਸਮੇ ਜਾਂ ਮਹੌਲ ਦੀ ਉਡੀਕ ਨਹੀਂ ਕਰਨੀ ਪੈਂਦੀ।’’ ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਵਕਤੀ ਸਮਾਜਿਕ ਤੇ ਰਾਜਨੀਤਕ ਵਰਾਤਰਿਆਂ ਵਿਚ ਖਚਿੱਤ ਹੋਣ ਤੋਂ ਬਚ ਸਕਣ ਵਾਲਾ ਲੇਖਕ ਹੀ ਚਿਰ ਸਥਾਈ ਸਾਹਿਤ ਰਚ ਸਕਦਾ ਹੈ। ਉਹਨਾਂ ਕਿਹਾ ਕਿ ਗਿਆਨ ਵਿਚੋਂ ਹੀ ਸਿਆਣਪ ਤੇ ਸੂਝ ਪੈਦਾ ਹੁੰਦੀ ਹੈ, ਪਰ ਅੱਜ ਕੱਲ ਮਹਿਜ਼ ਜਾਣਕਾਰੀ ਨੂੰ ਹੀ ਗਿਆਨ ਸਮਝਿਆ ਜਾਣ ਲੱਗ ਪਿਆ ਹੈ।

ਡਾ. ਟਿਵਾਣਾ ਨੇ ਆਪਣੇ ਅਧਿਆਪਨ ਸਮੇਂ ਨੂੰ ਚੇਤੇ ਕਰਦਿਆਂ ਕਿਹਾ ਕਿ ਗੁਰੂ-ਚੇਲੇ ਦੇ ਉਸ ਜ਼ਮਾਨੇ ਸਦਕਾ ਹੀ ਉਸ ਦੇ ਵਿਦਿਆਰਥੀਆਂ ਵਿਚੋਂ ਹਰਿੰਦਰ ਸਿੰਘ ਮਹਿਬੂਬ, ਗੁਰਭਗਤ ਸਿੰਘ, ਨਵਤੇਜ ਭਾਰਤੀ, ਸੁਰਜੀਤ ਪਾਤਰ, ਸਤਿੰਦਰ ਸਿੰਘ ਨੂਰ ਅਤੇ ਅਜਮੇਰ ਔਲਖ ਵਰਗੇ ਦਰਜਨਾਂ ਲੇਖਕ ਤੇ ਵਿਦਵਾਨ ਪੈਦਾ ਹੋਏ। ਉਹਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਵਿਦਿਆਰਥੀ ਸੋਚਦੇ ਹਨ ਕਿ ਅਧਿਆਪਕਾਂ ਨੂੰ ਪੜਾਉਣ ਲਈ ਤਨਖ਼ਾਹਾਂ ਮਿਲਦੀਆਂ ਹਨ ਇਸ ਲਈ ਉਹ ਉਹਨਾਂ ਉੱਤੇ ਕੋਈ ਅਹਿਸਾਨ ਨਹੀਂ ਕਰ ਰਹੇ, ਜਦੋਂ ਕਿ ਅਧਿਆਪਕ ਇਹ ਸੋਚਦੇ ਹਨ ਕਿ ਉਹਨਾਂ ਦਾ ਕੰਮ ਲੈਕਚਰ ਦੇਣਾ ਹੈ ਕੋਈ ਪੜ੍ਹੇ ਜਾਂ ਨਾ ਪੜ੍ਹੇ।

ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਆਏ ਪ੍ਰਸਿੱਧ ਅਲੋਚਕ ਤੇ ਅਨੁਵਾਦਕ ਪ੍ਰੋ. ਰਾਣਾ ਨਈਅਰ ਨੇ ਅੱਜ ਰਿਲੀਜ਼ ਹੋਏ ‘ਕਥਾ ਕਹੋ ਉਰਵਸ਼ੀ’ ਦੇ ਅੰਗਰੇਜ਼ੀ ਅਨੁਵਾਦ ਬਾਰੇ ਬੋਲਦਿਆਂ ਕਿਹਾ ਕਿ ਨਿੱਜੀ ਪੀੜਾ ਵਿਚੋਂ ਪੈਦਾ ਹੋਇਆ ਇਹ ਵੱਡ ਅਕਾਰੀ ਨਾਵਲ ਮਹਾਂਕਾਵਿ ਵਾਂਗ ਦੇਸ਼, ਕਾਲ ਤੇ ਸਮੇਂ ਦੀਆਂ ਵਲਗਣਾਂ ਨੂੰ ਪਾਰ ਕਰਦਾ ਹੋਇਆ ਹਰ ਮੌਤ ਸਮੇਂ ਗਾਇਆ ਜਾਣ ਵਾਲਾ ਸਿਮ੍ਰਤੀ ਗੀਤ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹ ਨਾਵਲ ਭਾਰਤੀ ਦਰਸ਼ਨ ਤੇ ਸਭਿਆਚਾਰ ਦੀ ਕਹਾਣੀ ਹੈ ਜੋ ਜਿਸ ਦਾ ਇਤਿਹਾਸ ਪੰਜ ਹਜ਼ਾਰ ਸਾਲਾਂ ਵਿਚ ਫੈਲਿਆ ਹੋਇਆ ਹੈ। ਪ੍ਰੋ. ਰਾਣਾ ਦਾ ਮੰਨਣਾ ਹੈ ਕਿ ਇਹ ਨਾਵਲ ਇੱਕ ਜਾਗੀਰਦਾਰ ਪਰਿਵਾਰ ਦੇ ਟੁੱਟਣ ਦੀ ਨਹੀਂ ਬਲਕਿ ਪੰਜਾਬ ਦੇ ਸਮੁੱਚੇ ਜਾਗੀਰਦਾਰੀ ਸਿਸਟਮ ਦੇ ਬਿਖਰਣ ਦੀ ਗਾਥਾ ਹੈ।

ਪ੍ਰੋ. ਰਾਣਾ ਨਈਅਰ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਨਾਵਲ ਵਿਸ਼ਵ ਪੱਧਰ ਉੱਤੇ ਗੁਰਦਿਆਲ ਸਿੰਘ ਦੇ ‘ਪਰਸਾ’ ਅਤੇ ਡਾ. ਦਲੀਪ ਕੌਰ ਟਿਵਾਣਾ ਦੇ ‘ਕਥਾ ਕਹੋ ਉਰਵਸ਼ੀ’ ਕਰ ਕੇ ਜਾਣਿਆ ਜਾਵੇਗਾ।

ਸਮਾਗਮ ਦੇ ਸ਼ੁਰੂ ਵਿਚ ਕਰਨਲ ਜਸਬੀਰ ਸਿੰਘ ਭੁੱਲਰ ਨੇ ਡਾ. ਦਲੀਪ ਕੌਰ ਟਿਵਾਣਾ ਨਾਲ ਜਾਣ ਪਛਾਣ ਵਜੋਂ ਚਿੱਤਰਕਾਰ ਇਮਰੋਜ਼ ਦੇ ਇਹ ਸ਼ਬਦ ਸਾਂਝੇ ਕੀਤੇ, ‘‘ਮੇਰੀ ਧੀ ਦਲੀਪ ਜਿੱਧਰੋਂ ਵੀ ਲੰਘਦੀ ਹੈ, ਫੁੱਲ ਖਿੜਣ ਲੱਗ ਪੈੈਦੇ ਹਨ, ਰੁੱਤ ਭਾਵੇਂ ਕੋਈ ਵੀ ਹੋਵੇ।’’ ਉਹਨਾਂ ਕਿਹਾ ਕਿ ਮਰਹੂਮ ਅੰਮਿ੍ਰਤਾ ਪ੍ਰੀਤਮ ਡਾ. ਟਿਵਾਣਾ ਨੂੰ ‘ਘੁੱਟ ਕੇ ਮਾਰੀ ਬੁੱਕਲ’ ਕਿਹਾ ਕਰਦੇ ਸਨ, ਪਰ ਉਹ ਸਮਝਦੇ ਹਨ ਕਿ ਉਹਨਾਂ ਦਾ ਜੀਵਨ ਤਾਂ ਖੁੱਲੀ ਕਿਤਾਬ ਹੈ ਜਿਸ ਦਾ ਪੂਰਾ ਵੇਰਵਾ ਉਹਨਾਂ ਦੇ ਕਈ ਨਾਵਲਾਂ ਵਿਚ ਮਿਲਦਾ ਹੈ। ਡਾ. ਬੀ.ਐਸ. ਰਤਨ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਦੀਆਂ ਕਹਾਣੀਆਂ ਤੇ ਨਾਵਲਾਂ ਦੀਆਂ ਗੱਲਾਂ ਨਾ ਸਿਰਫ ਪੰਜਾਬੀ ਬਲਕਿ ਭਾਰਤੀ ਸਾਹਿਤ ਵਿਚ ਲੰਬੇ ਸਮੇਂ ਤੱਕ ਚੱਲਦੀਆਂ ਰਹਿਣਗੀਆਂ।

ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਸ੍ਰੋਤਿਆਂ ਵਿਚ ਹੋਰਨਾਂ ਤੋਂ ਇਲਾਵਾ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਤੇ ਪ੍ਰਸਿੱਧ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ, ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪ੍ਰਸਿੱਧ ਜ਼ੀਨ ਵਿਗਿਆਨੀ ਡਾ. ਜੈਰੂਪ ਸਿੰਘ, ਪ੍ਰਸਿੱਧ ਕੀਟ ਵਿਗਿਆਨੀ ਪੁਸ਼ਪਿੰਦਰ ਜੈਰੂਪ, ਪ੍ਰੋ. ਨਿਰਮਲ ਦੱਤ, ਪ੍ਰੋ. ਰਾਜਪਾਲ ਸਿੰਘ, ਕਹਾਣੀਕਾਰਾ ਪ੍ਰੀਤਮਾ ਦੋਮੇਲ, ਪ੍ਰੀਤਮ ਸੰਧੂ, ਪੱਤਰਕਾਰ ਜਸਪਾਲ ਸਿੱਧੂ ਅਤੇ ਡਾ. ਰਮਾ ਰਤਨ ਵੀ ਸ਼ਾਮਲ ਸਨ।

Leave a Reply

Your email address will not be published. Required fields are marked *