ਡਕੈਤੀ ਦੀ ਯੋਜਨਾ ਬਣਾ ਰਹੇ ਗੈਂਗ ਦੇ 4 ਮੈਂਬਰ ਫੜੇ, ਦੋ ਫਰਾਰ

ਐਸ.ਏ.ਐਸ.ਨਗਰ: 21 ਜੁਲਾਈ (ਸ.ਬ.) ਸੀ.ਆਈ.ਏ ਸਟਾਫ ਮੁਹਾਲੀ ਵੱਲੋ ਇੱਕ 6 ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਲੁੱਟ ਖੋਹ ਕਰਨ ਦੀ ਨੀਯਤ ਨਾਲ ਵਾਰਦਾਤ ਦੀ ਤਿਆਰੀ ਵਿਚ ਸੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮੁਹਾਲੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਦੇ ਐਸ.ਆਈ ਪਵਨ ਕੁਮਾਰ ਸਮੇਤ ਪੁਲੀਸ ਪਾਰਟੀ ਲਾਡਰਾਂ ਚੌਂਕ ਮੋਜੂਦ ਸੀ| ਇਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬਲਕੋਰ ਸਿੰਘ ਵਾਸੀ ਜਿਊਣ ਸਿੰਘ ਵਾਲਾ ਜਿਲ੍ਹਾ ਬਠਿੰਡਾ, ਮੁਹੰਮਦ ਇਤਫਖਾਰ ਉਰਫ ਚਿੰਟੂ ਵਾਸੀ ਮੁਹੱਲਾ 36 ਗਲੀ ਮਲੇਰਕੋਟਲਾ, ਪਰਦਮਨ ਸਿੰਘ ਉਰਫ ਪਾਰਸ ਵਾਸੀ ਧੋਬੀਆ ਵਾਲੀ ਗਲੀ ਬੁੱਡਲਾਡਾ ਜਿਲ੍ਹਾ ਮਾਨਸਾ, ਮਨਪ੍ਰੀਤ ਸਿੰਘ ਵਾਸੀ ਪਿੰਡ ਖਾਨਪੁਰ ਜਿਲ੍ਹਾ ਹੁਸ਼ਿਆਰਪੁਰ, ਹਰਜੀਤ ਸਿੰਘ ਉਰਫ ਸੋਨੂੰ ਅਤੇ ਰਣਜੀਤ ਸਿੰਘ ਉਰਫ ਜੀਤਾ (ਦੋਵੋਂ ਸਕੇ ਭਰਾ) ਵਾਸੀਆਨ ਤਲਵੰਡੀ ਸੰਘੇੜਾ ਜਿਲ੍ਹਾ ਜਲੰਧਰ, ਟੀ.ਡੀ.ਆਈ ਸਿਟੀ ਭਾਗੋ ਮਾਜਰਾ ਵਿਚ ਪਿਛਲੇ ਪਾਸੇ ਖਾਲੀ ਪਲਾਟਾਂ ਵਿਚ ਖੜ੍ਹੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ| ਗੁਪਤ ਸੂਚਨਾ ਅਨੁਸਾਰ ਇਹਨਾਂ ਕੋਲ ਅਸਲਾ ਅਤੇ ਮਾਰੂ ਹਥਿਆਰ ਹਨ ਅਤੇ ਇਹਨਾਂ ਨੇ ਆਪਣੀ ਸਵਿੱਫਟ ਗੱਡੀ ਦੀਆ ਨੰਬਰ ਪਲੇਟਾਂ ਨੂੰ ਗਾਰਾ ਮਲਿਆ ਹੋਇਆ ਹੈ|
ਐਸ ਐਸ ਪੀ ਅਨੁਸਾਰ ਮੌਕੇ ਤੇ ਸੀ.ਆਈ.ਏ ਦੀ ਪੁਲੀਸ ਪਾਰਟੀ ਨੇ ਘੇਰਾਬੰਦੀ ਕਰਕੇ ਬਲਕੋਰ ਸਿੰਘ, ਮੁਹੰਮਦ ਇਫਤਖਾਰ, ਪਰਦਮਨ ਸਿੰਘ ਉਰਫ ਪਾਰਸ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਹਰਜੀਤ ਸਿੰਘ ਅਤੇ ਰਣਜੀਤ ਸਿੰਘ ਸਮੇਤ ਸਵਿੱਫਟ ਕਾਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ| ਇਨ੍ਹਾਂ ਕੋਲੋਂ ਇੱਕ ਪਿਸਟਲ 32 ਬੋਰ ਦੇਸੀ
ਸਮੇਤ 3 ਕਾਰਤੂਸ ਜਿੰਦਾ ਅਤੇ ਮਾਰੂ ਹਥਿਆਰ ਅਤੇ ਔਜ਼ਾਰ ਬਰਾਮਦ ਹੋਏ ਹਨ|
ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣੀ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਅੱਜ ਲਾਡਰਾਂ ਚੌਕ ਤੇ ਯੂਕੋ ਬੈਂਕ ਦੇ ਏ.ਟੀ.ਐਮ ਨੂੰ ਕੱਟ ਕੇ ਲੁੱਟ ਕਰਨੀ ਸੀ ਪਰ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਤੇ ਇਹ ਵਾਰਦਾਤ ਟਲ ਗਈ| ਉਨ੍ਹਾਂ ਇਹ ਵੀ ਮੰਨਿਆ ਕਿ ਉਹਨਾਂ ਦੇ ਸਾਥੀ ਰਣਜੀਤ ਸਿੰਘ ਅਤੇ ਹਰਜੀਤ ਸਿੰਘ ਉਰਫ ਸੋਨੂੰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਜਿਲ੍ਹਾ ਮੁਹਾਲੀ ਅਤੇ ਹੋਰ ਵੱਖ ਵੱਖ ਜਿਲ੍ਹਿਆਂ ਵਿੱਚੋਂ ਪਿਸਤੌਲ ਦੀ ਨੋਕ ਤੇ ਕਈ ਗੱਡੀਆਂ ਖੋਹੀਆ ਹਨ ਜਿਨ੍ਹਾਂ ਵਿਰੁਧ ਥਾਣਾ ਸੋਹਾਣਾ ਵਿਖੇ ਮੁਕਦਮਾ ਨੰਬਰ 179 ਮਿਤੀ 21-07-16 ਅ/ਧ 399,402 ਆਈ.ਪੀ.ਸੀ 25,54,59 ਆਰਮਜ਼ ਐਕਟ ਰਜਿਸਟਰ ਕੀਤਾ ਗਿਆ ਹੈ|
ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀ ਬਲਕੋਰ ਸਿੰਘ ਉਮਰ ਕਰੀਬ 30 ਸਾਲ ਜੋ ਕਿ 9ਵੀ ਤੱਕ ਪੜਿਆ ਹੈ, ਨੇ ਆਪਣੀ ਪੁੱਛ ਗਿੱਛ ਵਿਚ ਦੱਸਿਆ ਕਿ ਉਹ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੋਂਡਰ, ਤੀਰਥ ਵਾਸੀ ਢਿਲਵਾਂ, ਪ੍ਰੇਮਾ ਲਾਹੋਰੀਆ, ਰਮਨਦੀਪ ਸਿੰਘ ਉਰਫ ਰੰਮੀ ਵਾਸੀ ਪਿੰਡ ਮਛਾਣਾ ਨੂੰ ਭਗੋੜੇ ਸਮੇਂ ਦਰਮਿਆਨ ਵੱਖ ਵੱਖ ਟਿਕਾਣਿਆਂ ਤੇ ਠਹਿਰਾਉਣ ਦਾ ਪ੍ਰਬੰਧ ਕਰਦਾ ਰਿਹਾ ਸੀ| ਮਿਤੀ 05-08-2015 ਨੂੰ ਉਹ ਆਪਣੇ ਸਾਥੀਆਂ ਰਮਨਦੀਪ ਸਿੰਘ ਉਰਫ ਰੰਮੀ, ਜੁਗਰਾਜ ਸਿੰਘ ਉਰਫ ਰਾਜੂ ਵਾਸੀ ਭੰਮੇ ਕਲਾਂ, ਅਮਰਿੰਦਰ ਸਿੰਘ ਉਰਫ ਸੋਨੂੰ ਵਾਸੀ ਜਵਾਹਰਕੇ ਜਿਲ੍ਹਾ ਮਾਨਸਾ ਅਤੇ ਜੈਪਾਲ, ਹਰਜਿੰਦਰ ਸਿੰਘ ਉਰਫ ਵਿੱਕੀ ਗੋਂਡਰ, ਤੀਰਥ, ਪ੍ਰੇਮਾ ਲਾਹੋਰੀਆ ਨਾਲ 2 ਗੱਡੀਆਂ ਮਾਰਕਾ ਸਵਿੱਫਟ ਅਤੇ ਵੈਨਟੋ ਤੇ ਸਵਾਰ ਹੋ ਕੇ ਪਿੰਡ ਹੀਰੇਵਾਲਾ ਜਿਲ੍ਹਾ ਮਾਨਸਾ ਵਾਲੀ ਸਾਈਡ ਗਏ ਸੀ, ਜਿਥੇ ਕਿ ਅੱਗੇ ਪੁਲੀਸ ਦਾ ਨਾਕਾ ਲੱਗਿਆ ਹੋਇਆ ਸੀ ਤਾਂ ਇਹ ਪਿਸਟਲ ਨਾਲ ਪੁਲੀਸ ਪਾਰਟੀ ਤੇ ਫਾਇਰ ਕਰਕੇ ਮੌਕੇ ਤੋਂ ਭੱਜ ਗਏ ਸੀ| ਇਹਨਾਂ ਦੇ ਸਾਥੀ ਰਮਨਦੀਪ ਉਰਫ ਰੰਮੀ, ਜੁਗਰਾਜ਼ ਸਿੰਘ ਅਤੇ ਅਮਰਿੰਦਰ ਸਿੰਘ ਉਰਫ ਸੋਨੂੰ ਫੜੇ ਗਏ ਸੀ ਜਿਸ ਸੰਬੰਧੀ ਇਹਨਾਂ ਵਿਰੁਧ ਮੁਕਦਮਾ ਨੰਬਰ 108 ਮਿਤੀ 05-08-15 ਅ/ਧ 307,353,186,34 ਆਈ.ਪੀ.ਸੀ 25,54,59 ਆਰਮਜ਼ ਐਕਟ 21/25-61,85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ ਸੀ ਅਤੇਉਹ ਇਸ ਮੁਕਦਮੇ ਵਿਚ ਮਿਤੀ 26-04-16 ਤੋਂ ਭਗੋੜਾ ਚੱਲਿਆ ਆ ਰਿਹਾ ਸੀ| ਇਸ ਤੋਂ ਇਲਾਵਾ ਦੋਸ਼ੀ ਬਲਕੋਰ ਸਿੰਘ ਥਾਣਾ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ, ਥਾਣਾ ਕੋਟ ਭਾਈ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ਰਾਬ ਦੀ ਸਮਗਲਿੰਗ ਅਤੇ ਲੜਾਈ ਝਗੜੇ ਦੇ ਕੇਸਾਂ ਵਿਚ ਭਗੋੜਾ ਚੱਲਿਆ ਆ ਰਿਹਾ ਹੈ
ਉਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਇਫਤਖਾਰ ਉਰਫ ਚਿੰਟੂ ਉਮਰ ਕਰੀਬ 27 ਸਾਲ ਜੋ ਕਿ ਦਸਵੀਂ ਤੱਕ ਪੜਿਆ ਹੈ, ਜਿਲ੍ਹਾ ਸੰਗਰੂਰ ਵਿਖੇ 5 ਮੁੱਕਦਮਿਆਂ ਵਿਚ ਪੁਲੀਸ ਨੂੰ ਲੋੜੀਂਦਾ ਹੈ ਅਤੇ ਭਗੋੜਾ ਚੱਲਿਆ ਆ ਰਿਹਾ ਹੈ| ਇਸ ਦੇ ਖਿਲਾਫ ਚੋਰੀ, ਇਰਾਦਾ ਕਤਲ, ਅਸਲਾ ਐਕਟ ਅਤੇ ਲੜਾਈ ਝਗੜਿਆਂ ਦੇ ਜਿਲ੍ਹਾ ਸੰਗਰੂਰ ਵਿਚ ਅੱਲਗ-ਅੱਲਗ ਥਾਣਿਆਂ ਵਿਚ ਮੁੱਕਦਮੇ ਦਰਜ ਹਨ|
ਦੋਸ਼ੀ ਪਰਦਮਨ ਸਿੰਘ ਉਰਫ ਪਾਰਸ ਉਮਰ ਕਰੀਬ 23 ਸਾਲ ਜੋ +2 ਪਾਸ ਹੈ ਦੇ ਵਿਰੁਧ ਲ਼ੜਾਈ ਝਗੜੇ ਦਾ ਇਕ ਮੁਕਦਮਾ ਥਾਣਾ ਬੁਢਲਾਡਾ ਜਿਲ੍ਹਾ ਮਾਨਸਾ ਵਿਖੇ ਦਰਜ ਹੈ ਚੰਡੀਗੜ ਲੁੱਕ ਛਿੱਪ ਕੇ ਰਹਿ ਰਿਹਾ ਸੀ|
ਦੋਸ਼ੀ ਮਨਪ੍ਰੀਤ ਸਿੰਘ ਉਮਰ ਕਰੀਬ 30 ਸਾਲ,  +2 ਪਾਸ ਹੈ ਜੋ ਨਸ਼ੇ ਕਰਨ ਦਾ ਆਦੀ ਹੋਣ ਕਰਕੇ ਪੈਸੇ ਕਮਾਉਣ ਦੀ ਖਾਤਿਰ ਇਹਨਾਂ ਨਾਲ ਪਿਛਲੇ 6 ਮਹੀਨੇ ਤੋਂ ਹੀ ਸਪੰਰਕ ਵਿਚ ਸੀ| ਭੱਜੇ ਹੋਏ ਦੋਸ਼ੀਆਂ ਤੇ ਪਹਿਲਾ ਵੀ ਲੁੱਟ ਖੋਹ ਦੇ ਮੁੱਕਦਮੇ ਵਿਚ ਦਰਜ ਹਨ|
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੁੱਕਦਮਾਂ ਦੀ ਤਫਤੀਸ਼ ਜਾਰੀ ਹੈ|

Leave a Reply

Your email address will not be published. Required fields are marked *