Transfer Tower to another location in 48 hours else Dharna at DC office : MLA Sidhu

transfer-tower-another-location-48-hours-else-dharna-dc-office-mla-sidhu

ਫੇਜ਼-9 ਦਾ ਟਾਵਰ ਤਬਦੀਲ ਕਰਨ ਲਈ ਸਿੱਧੂ ਵੱਲੋਂ ਪ੍ਰਸ਼ਾਸ਼ਨ ਨੂੰ 48 ਘੰਟੇ ਦਾ ਅਲਟੀਮੇਟਮ
ਸੋਮਵਾਰ ਤਕ ਟਾਵਰ ਨਾ ਹਟਿਆ ਤਾਂ ਡੀ ਸੀ ਦਫਤਰ ਸਾਹਮਣੇ ਧਰਨਾ ਦੇਵਾਂਗੇ: ਸਿੱਧੂ

ਐਸ ਏ ਐਸ ਨਗਰ, 1 ਅਕਤੂਬਰ : ਬੀਤੀ 20 ਸਤੰਬਰ ਨੂੰ ਫੇਜ਼-9 ਦੇ ਰਿਹਾਇਸ਼ੀ ਖੇਤਰ ਵਿੱਚ ਕੋਠੀਆਂ ਦੇ ਵਿੱਚ ਬਣੇ ਇਕ ਛੋਟੇ ਪਾਰਕ ਵਿੱਚ ਰਿਲਾਇੰਸ ਕੰਪਨੀ ਵਲੋਂ ਆਪਣਾ ਮੋਬਾਈਲ ਟਾਵਰ ਲਗਾਉਣ ਦੀ ਕਾਰਵਾਈ ਨਾਲ ਆਰੰਭ ਹੋਇਆ ਰੇੜਕਾ ਅਜੇ ਵੀ ਜਾਰੀ ਹੈ| ਇਸ ਸੰਬੰਧੀ  ਪ੍ਰਸ਼ਾਸ਼ਨ  ਦੇ ਰਵਈਏ ਕਾਰਨ ਜਿੱਥੇ ਸਥਾਨਕ ਵਸਨੀਕਾਂ ਵਿੱਚ ਰੋਸ ਵੱਧ ਰਿਹਾ ਹੈ ਉੱਥੇ ਦੂਜੇ ਪਾਸੇ ਹਲਕਾ ਵਿਧਾਇਕ ਸ੍ਰ ਬਲਬੀਰ ਸਿੰਘ ਸਿੱਧੂ ਨੇ ਪ੍ਰਸ਼ਾਸ਼ਨ ਨੂੰ 48 ਘੰਟਿਆਂ ਦਾ  ਅਲਟੀਮੇਟਮ ਦਿੰਦਿਆਂ ਸੋਮਵਾਰ ਤਕ ਇਸ ਮਸਲੇ ਦਾ ਹਲ ਨਾ ਹੋਣ ਤੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਮ੍ਹਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ|

ਇੱਥੇ ਜਿਕਰਯੋਗ ਹੈ ਕਿ ਬੀਤੀ 20 ਸਤੰਬਰ ਨੂੰ ਸਥਾਨਕ ਫੇਜ਼-9 ਦੀਆਂ 500 ਨੰਬਰ ਵਾਲੀਆਂ ਕੋਠੀਆਂ ਦੇ ਵਿੱਚ ਸਥਿਤ ਇੱਕ ਛੋਟੇ ਪਾਰਕ ਵਿਚ ਰਿਲਾਇੰਸ  ਜਿਊ ਕੰਪਨੀ ਦੇ ਅਧਿਕਾਰੀ ਅਤੇ ਕਰਮਚਾਰੀ ਇੱਕ ਟ੍ਰਾਲੀਨੁਮਾ ਮੋਬਾਇਲ ਟਾਵਰ ਲੈ ਕੇ ਪਹੁੰਚ ਗਏ ਸੀ ਅਤੇ ਕੰਪਨੀ ਦੇ ਕਰਮਚਾਰੀਆਂ  ਵਲੋਂ ਲਿਆਂਦੇ ਟ੍ਰੱਕ ਦੇ ਡ੍ਰਾਈਵਰ ਨੇ ਪਾਰਕ ਦੀਆਂ ਗ੍ਰਿਲਾਂ ਤੋੜ ਕੇ ਗੱਡੀ ਅੰਦਰ ਵਾੜ ਕੇ ਪਾਰਕ ਵਿਚ ਮੋਬਾਈਲ ਟਾਵਰ ਦੀ ਟ੍ਰਾਲੀ ਖੜ੍ਹੀ ਕਰ ਦਿੱਤੀ ਸੀ|

ਇਸ ਸਾਰੇ ਕੁੱਝ ਦਾ ਸਥਾਨਕ ਵਸਨੀਕਾਂ ਵਲੋਂ ਵਿਰੋਧ ਕੀਤਾ ਗਿਆ ਸੀ ਅਤੇ ਮੌਕੇ ਤੇ ਹਲਕਾ ਵਿਧਾਇਕ  ਸ੍ਰ ਬਲਬੀਰ ਸਿੰਘ ਸਿੱਧੂ ਪਹੁੰਚੇ ਸੀ ਜਿਹਨਾਂ ਵੱਲੋਂ ਕੰਪਨੀ ਦੇ ਕਰਮਚਾਰੀਆਂ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਇਹ ਕੰਮ ਰੁਕਵਾ ਦਿੱਤਾ ਸੀ|
ਬਾਅਦ ਵਿਚ 2 ਦਿਨਾਂ ਬਾਅਦ ਹਲਕੇ ਦੇ ਵਸਨੀਕਾਂ ਦੇ ਇਕ ਵਫਦ ਨਾਲ ਹਲਕਾ ਵਿਧਾਇਕ ਦੇ ਦਫਤਰ ਵਿਚ ਹੋਈ ਮੀਟਿੰਗ ਦੌਰਾਨ ਰਿਲਾਇੰਸ ਕੰਪਨੀ ਦੇ ਅਧਿਕਾਰੀ ਇਸ ਮੋਬਾਈਲ ਟਾਵਰ ਨੂੰ ਫੇਜ਼-9 ਦੇ ਹੀ ਕਿਸੇ ਹੋਰ ਪਾਰਕ ਜਿਹੜਾ ਆਬਾਦੀ ਦੇ ਨਾਲ ਨਾ ਲਗਦਾ ਹੋਵੇ ਵਿਖੇ ਤਬਦੀਲ ਕਰਨ ਲਈ ਰਾਜੀ ਹੋ ਗਏ ਸਨ ਅਤੇ ਇਲਾਕਾ ਨਿਵਾਸੀਆਂ ਵੱਲੋਂ ਕੰਪਨੀ ਦੇ ਕਰਮਚਾਰੀਆਂ ਨੂੰ ਅਜਿਹੀਆਂ ਦੋ ਤਿੰਨ ਥਾਵਾਂ ਵੀ ਵਿਖਾਈਆਂ ਗਈਆਂ ਸਨ ਜਿੱਥੇ ਇਸ ਟਾਵਰ ਨੂੰ ਤਬਦੀਲ ਕੀਤਾ ਜਾਣਾ ਸੀ|
ਪਰੰਤੂ ਇਸ ਸਮਝੌਤੇ ਦੇ ਇਕ ਹਫਤੇ ਬਾਅਦ ਵੀ ਰਿਲਾਇੰਸ ਕੰਪਨੀ ਵੱਲੋਂ ਇਸ ਟਾਵਰ ਨੂੰ ਉਥੋਂ ਤਬਦੀਲ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਫੇਜ਼- 9 ਦੇ ਵਸਨੀਕਾਂ ਵਿਚ ਰੋਸ ਵੱਧ ਰਿਹਾ ਹੈ|

ਹਲਕਾ ਵਿਧਾਇਕ ਸ੍ਰ ਸਿੰਘ ਸਿੱਧੂ ਨੇ ਕਿਹਾ ਕਿ ਰਿਲਾਇੰਸ ਕੰਪਨੀ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਨਾਹ ਪੱਖੀ ਰਵੱਈਆ ਅਖਤਿਆਰ ਕਰਦਿਆਂ ਇਸ ਟਾਵਰ ਨੂੰ ਤਬਦੀਲ ਨਹੀਂ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰੰਤੂ ਕੋਈ ਕਾਰਵਾਈ ਨਹੀਂ ਹੋਈ| ਉਹਨਾਂ ਪ੍ਰਸ਼ਾਸ਼ਨ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ  ਜੇਕਰ ਸੋਮਵਾਰ ਤਕ ਇਹ ਟਾਵਰ ਉਸ ਪਾਰਕ ਤੋਂ ਤਬਦੀਲ ਨਾ ਹੋਇਆ ਤਾਂ ਉਹ ਫੇਜ਼ 9 ਦੇ ਵਸਨੀਕਾਂ, ਮਿਉਂਸਪਲ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਦੇਣਗੇ ਜੇਕਰ ਫਿਰ ਵੀ ਪ੍ਰਸ਼ਾਸ਼ਨ ਦੀ ਨੀਂਦ ਨਾ ਖੁਲ੍ਹੀ ਤਾਂ ਉਹਨਾਂ ਵੱਲੋਂ ਇਸ ਸਬੰਧੀ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਅਤੇ ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਨਾਲ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ|

Leave a Reply

Your email address will not be published. Required fields are marked *