Two of a family died of dengue in Kharar, Total toll rise to three

kharar2

ਡੇਂਗੂ ਨਾਲ ਇੱਕੋ ਪਰਿਵਾਰ ਦੇ ਮਾਸੀ-ਭਾਣਜੇ ਦੀ ਮੌਤ : ਘਰ ਦੇ ਤਿੰਨ ਹੋਰ ਮੈਂਬਰ ਹਸਪਤਾਲ ਵਿੱਚ ਭਰਤੀ
ਡੇਂਗੂ ਨਾਲ ਖਰੜ ਵਿੱਚ ਇੱਕ ਹੋਰ ਮੌਤ ਨਾਲ ਮੌਤਾਂ ਦੀ ਗਿਣਤੀ ਤਿੰਨ ਹੋਈ

ਖਰੜ , 4 ਅਕਤੂਬਰ  : ਰਾਮਬਾਗ ਕਲੋਨੀ ਵਿੱਚ ਡੇਂਗੂ ਦੀ ਚਪੇਟ ਵਿੱਚ ਆ ਕੇ ਪਿਛਲੇ ਦੋ ਦਿਨਾਂ ਵਿੱਚ 18 ਸਾਲ ਦਾ ਸਾਹਿਲ ਅਤੇ 45 ਸਾਲ ਦਾ ਔਰਤ ਤਬੱਸਮ ਉਰਫ ਗੁੱਡੀ ਦੀ ਪੀ ਜੀ ਆਈ ਚੰਡੀਗੜ੍ਹ ਵਿੱਚ ਜੇਰੇ ਇਲਾਜ ਮੌਤ ਹੋ ਗਈ| ਮ੍ਰਿਤਕ ਸਾਹਿਲ ਅਤੇ ਤਬੱਸਮ ਆਪਸ ਵਿੱਚ ਮਾਸੀ-ਭਾਣਜਾ ਸਨ ਅਤੇ ਦੋਵੇਂ ਪਰਿਵਾਰ ਇੱਕੋ ਗਲੀ ਵਿੱਚ ਨਾਲ-ਨਾਲ ਰਹਿੰਦੇ ਹਨ|

ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਦੀ ਮੌਤ 2 ਅਕਤੂਬਰ ਅਤੇ ਤਬੱਸਮ ਦੀ ਮੌਤ ਬੀਤੀ ਦੇਰ ਰਾਤ 12 ਵਜੇ ਦੇ ਕਰੀਬ ਹੋਈ| ਮ੍ਰਿਤਕਾ ਤਬੱਸਮ ਦਾ 20 ਸਾਲ ਦਾ ਪੁੱਤਰ ਹਾਸ਼ਿਮ ਅਤੇ ਪਰਵਾਰ ਦੇ ਦੋ ਹੋਰ ਮੈਂਬਰ ਨੁਸਰਤ ਅਤੇ ਉਸਦਾ ਪਤੀ ਹਰਸ਼ ਨੂੰ ਵੀ ਡੇਂਗੂ ਦੀ ਪੁਸ਼ਟੀ ਹੋਈ ਹੈ| ਇਹਨਾਂ ਵਿੱਚੋਂ ਹਾਸ਼ਿਮ ਨੂੰ ਮੁਹਾਲੀ ਦੇ ਫੇਜ਼-6 ਦੇ ਸਰਕਾਰੀ ਹਸਪਤਾਲ ਅਤੇ ਨੁਸਰਤ ਅਤੇ ਹਰਸ਼ ਨੂੰ ਖਰੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਇਹ ਸਾਰੇ ਇੱਕੋ ਮੁਸਲਿਮ ਪਰਿਵਾਰ ਤੋਂ ਹਨ|

ਸਾਹਿਲ ਦਾ ਸੀ ਕੁੱਝ ਦਿਨ ਬਾਅਦ 18ਵਾਂ ਜਨਮ ਦਿਨ : ਮ੍ਰਿਤਕ ਸਾਹਿਲ ਦੀ ਮਾਂ ਸ਼ਮਸ਼ਾਦ ਨੇ ਦੱਸਿਆ ਕਿ ਉਸਦਾ ਪੁੱਤਰ ਬਾਹਰਵੀਂ ਜਮਾਤ ਵਿੱਚ ਜੋਰਾਵਰ ਸਕੂਲ ਬਡਾਲੀ ਵਿੱਚ ਪੜ੍ਹਦਾ ਸੀ ਅਤੇ ਕੁੱਝ ਦਿਨ ਬਾਅਦ ਹੀ ਉਸਦਾ 18ਵਾਂ ਜਨਮ ਦਿਨ ਸੀ| ਸ਼ਮਸ਼ਾਦ ਨੇ ਦੱਸਿਆ ਕਿ ਸਾਹਿਲ ਨੂੰ 28 ਸਤੰਬਰ ਨੂੰ ਤੇਜ ਬੁਖਾਰ ਹੋਇਆ ਸੀ| ਉਹ ਉਸਨੂੰ ਖਰੜ ਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਈ ਸੀ ਜਿੱਥੋਂ ਦੋ ਤਿੰਨ ਘੰਟੇ ਰਹਿਣ ਤੋਂ ਬਾਅਦ ਉਹ ਸਾਹਿਲ ਨੂੰ ਸਰਕਾਰੀ ਹਸਪਤਾਲ ਖਰੜ ਲੈ ਗਈ| ਇੱਥੇ ਉਸਦਾ ਇਲਾਜ ਕਰਵਾਉਣ ਤੋਂ ਬਾਅਦ ਵੀ ਉਸਦੀ ਹਾਲਤ ਵਿਗੜਦੀ ਗਈ ਅਤੇ ਉਸਦੇ ਸਰੀਰ ਵਿੱਚ ਤੇਜ ਦਰਦ ਹੋਣ ਲਗਾ| ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦੇ ਦੇਖ ਖਰੜ ਹਸਪਤਾਲ ਦੇ ਡਾਕਟਰਾਂ ਨੇ ਸਾਹਿਲ ਨੂੰ 1 ਅਕਤੂਬਰ ਨੂੰ ਸੈਕਟਰ 16 ਦੇ ਜਨਰਲ ਹਸਪਤਾਲ ਰੈਫਰ ਕਰ ਦਿੱਤਾ| ਇੱਥੇ ਵੀ ਇੱਕ ਦਿਨ ਬਾਅਦ ਸਾਹਿਲ ਦੀ ਹਾਲਤ ਅਤੇ ਵਿਗੜ ਗਈ ਤਾਂ ਉਸਨੂੰ ਪੀਜੀਆਈ ਚੰਡੀਗੜ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਤਿੰਨ ਚਾਰ ਘੰਟੇ ਇਲਾਜ ਦੇ ਦੌਰਾਨ ਸਾਹਿਲ ਨੇ ਦਮ ਤੋੜ ਦਿੱਤਾ |
ਇਸ ਦੌਰਾਨ ਸਾਹਿਲ ਦੀ ਮਾਸੀ ਤਬੱਸਮ ਵੀ ਬੀਮਾਰ ਹੋ ਗਈ| ਤਬੱਸਮ ਦਾ ਇਲਾਜ ਖਰੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਸੀ ਜਿੱਥੇ ਉਸਨੂੰ ਇਲਾਜ ਦੇ ਦੌਰਾਨ ਪਲੇਟਲੈਟਸ ਵੀ ਚੜ੍ਹਾਏ ਗਏ ਪਰ ਉਸਦੀ ਹਾਲਤ ਵੀ ਸਾਹਿਲ ਦੀ ਤਰ੍ਹਾਂ ਵਿਗੜਦੀ ਚਲੀ ਗਈ| ਤਬੱਸਮ ਨੂੰ ਬੀਤੀ ਸ਼ਾਮ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਇਲਾਜ  ਦੇ ਦੌਰਾਨ ਉਸਨੇ ਵੀ ਬੀਤੀ ਦੇਰ ਰਾਤ ਦਮ ਤੋੜ ਦਿੱਤਾ|
ਇੱਕੋ ਪਰਿਵਾਰ ਦੇ ਦੋ ਮੈਬਰਾਂ ਦੀ ਮੌਤ ਅਤੇ ਪਰਿਵਾਰ ਦੇ ਤਿੰਨ ਹੋਰ ਮੈਬਰਾਂ ਦੇ ਡੇਂਗੂ ਨਾਲ ਪੀੜਤ ਹੋਣ ਕਾਰਨ ਰਾਮਬਾਗ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਹੈ| ਇਸ ਵਾਰਡ  ਦੇ ਕੌਂਸਲਰ ਅਤੇ ਨਗਰ ਕੌਂਸਲ ਖਰੜ ਦੇ ਸੀਨੀ. ਮੀਤ ਪ੍ਰਧਾਨ ਮਾਨ ਸਿੰਘ ਨੇ ਰਾਮਬਾਗ ਕਲੋਨੀ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਡੇਂਗੂ ਪ੍ਰਤੀ ਸਾਵਧਾਨੀ ਰੱਖਣ ਨੂੰ ਕਿਹਾ|  ਮਾਨ  ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁਹਾਲੀ ਦੇ ਚੀਫ ਮੈਡੀਕਲ ਅਫਸਰ ਅਤੇ ਖਰੜ ਦੇ ਐਸ ਐਮ ਓ ਡਾਕਟਰ ਮਨਰਾਜ ਸਿੰਘ ਨੂੰ ਡੇਂਗੂ  ਦੇ ਕਾਰਨ ਹੋਈਆਂ ਇਨ੍ਹਾਂ ਮੌਤਾਂ ਬਾਰੇ ਫੋਨ ਤੇ ਜਾਣਕਾਰੀ ਦਿੱਤੀ ਸੀ ਪਰ ਦੇਰ ਸ਼ਾਮ ਤੱਕ ਸਿਹਤ ਵਿਭਾਗ ਦੀ ਕੋਈ ਵੀ ਟੀਮ ਮੌਕੇ ਤੇ ਨਹੀ ਪਹੁੰਚੀ ਸੀ|
ਇਸੇ ਦੌਰਾਨ ਡੇਂਗੂ ਕਾਰਨ ਇੱਕ ਹੋਰ ਵਿਅਕਤੀ ਦੀ ਵੀ ਅੱਜ ਸਵੇਰੇ ਮੌਤ ਹੋ ਗਈ| ਬਸ ਸਟੈਂਡ ਤੇ ਚਾਹ ਦੀ ਦੁਕਾਨ ਚਲਾਉਣ ਵਾਲੇ ਮੋਹਾਂ ਸਿੰਘ  ਨੂੰ ਪਿਛਲੇ ਕੁੱਝ ਦਿਨਾਂ ਤੋਂ ਬੁਖਾਰ ਸੀ| ਉਹ ਪਰਸੋਂ  ਆਪਣੀ ਧੀ ਕੋਲ ਨਜ਼ਦੀਕੀ ਪਿੰਡ ਜਕੜਮਾਜਰਾ ਚਲਾ ਗਿਆ ਸੀ ਜਿੱਥੇ ਉਸਦੀ ਅੱਜ ਸਵੇਰੇ ਮੌਤ ਹੋ ਗਈ|
ਡੇਂਗੂ  ਦੇ ਕਾਰਨ ਹੋਈਆਂ ਇਨ੍ਹਾਂ ਮੌਤਾਂ ਬਾਰੇ ਖਰੜ ਦੇ ਐਸ ਐਮ ਓ ਡਾਕਟਰ ਮਨਰਾਜ ਸਿੰਘ  ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਮੌਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ| ਉਨ੍ਹਾਂ ਕਿਹਾ ਕਿ ਉਹ ਸਵੇਰੇ ਸਿਹਤ ਵਿਭਾਗ ਦੀ ਟੀਮ ਭੇਜਣਗੇ|
ਖਰੜ ਨਗਰ ਕੌਂਸਲ  ਦੇ ਈ ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹਾਲੀ ਦੀਆਂ ਹਦਾਇਤਾਂ ਤੇ ਪੂਰੇ ਸ਼ਹਿਰ ਵਿੱਚ ਫਾਗਿੰਗ ਕੀਤੀ ਜਾ ਰਹੀ ਹੈ ਜਿਸਦੇ ਲਈ ਦੋ ਵੱਡੀਆਂ ਅਤੇ ਦੋ ਛੋਟੀਆਂ ਮਸ਼ੀਨਾਂ ਦਿਨ ਰਾਤ ਚੱਲ ਰਹੀਆਂ ਹਨ| ਇਸ ਤੋਂ ਇਲਾਵਾ ਚਾਰ ਹੱਥ ਨਾਲ ਚਲਣ ਵਾਲੇ ਪੰਪਾਂ ਨਾਲ ਵੀ ਕਾਲੇ ਤੇਲ ਅਤੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *