Vineet Verma questioned officials of different departments in the Distt. advisory committee

ਜਿਲ੍ਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਸਲਾਹਕਾਰ ਕਮੇਟੀ ਮੈਂਬਰ ਵਿਨੀਤ ਵਰਮਾ ਨੇ ਚੁੱਕੇ ਅਧਿਕਾਰੀਆਂ ਦੀ

ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ

ਰਿਲਾਇੰਸ ਦੇ ਟਾਵਰ, ਸੋਹਾਣਾ ਦੇ ਸਕੂਲ, ਡਿਸਪੈਂਸਰੀ, ਬਾਲਮ ਖੀਰੇ, ਸੜਕਾਂ ਦਾ ਮਾਮਲਾ ਚੁੱਕਿਆ

ਐਸ ਏ ਐਸ ਨਗਰ, 23 ਅਗਸਤ (ਕੁਲਦੀਪ ਸਿੰਘ) ਜਿਲ੍ਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਏ ਡੀ ਸੀ ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਗੈਰ ਸਰਕਾਰੀ ਮੈਂਬਰ ਅਤੇ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਵਲੋਂ ਸ਼ਹਿਰ ਦੇ ਅਹਿਮ ਮੁੱਦੇ ਚੁੱਕਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕੀਤੇ ਗਏ|
ਸਭ ਤੋਂ ਪਹਿਲਾ ਮੁਹਾਲੀ ਵਿੱਚ ਰਿਲਾਇੰਸ ਕੰਪਨੀ ਵਲੋਂ ਲਗਾਏ ਜਾ ਰਹੇ ਟਾਵਰਾਂ ਬਾਰੇ ਸ੍ਰੀ ਵਰਮਾ ਨੇ ਸਵਾਲ ਕੀਤਾ ਕਿ ਇਸ ਕੰਪਨੀ ਨੂੰ ਪਾਰਕਾਂ ਵਿੱਚ ਟਾਵਰ ਲਗਾਉਣ ਦੀ ਇਜਾਜਤ ਕਿਵੇਂ ਦਿੱਤੀ ਗਈ ਜਦੋਂ ਕਿ ਪਾਰਕਾਂ ਦੇ ਪੈਸੇ ਮਕਾਨਾਂ ਦੇ ਅਲਾਟੀਆਂ ਤੋਂ ਵੱਖਰੇ ਤੌਰ ਤੇ ਲਏ ਗਏ ਹਨ ਅਤੇ ਇਹ ਪਾਰਕ ਕੰਕ੍ਰੀਟ ਦੇ ਜੰਗਲਾਂ ਵਿੱਚ ਲੋਕਾਂ ਦੇ ਸਾਹ ਲੈਣ ਦਾ ਇੱਕੋ ਇੱਕ ਜਰੀਆ ਹਨ| ਉਨ੍ਹਾਂ ਕਿਹਾ ਕਿ ਇਨ੍ਹਾਂ ਟਾਵਰਾਂ ਰਾਹੀਂ ਲੋਕਾਂ ਦੇ ਸਾਹ ਲੈਣ ਦਾ ਹੱਕ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ| ਸ੍ਰੀ ਵਰਮਾ ਅਨੁਸਾਰ ਗਮਾਡਾ ਦੇ ਐਕਸੀਅਨ ਸੰਜੀਵ ਗੁਪਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਗਮਾਡਾ ਨੇ ਸਿਰਫ ਸਰਵੇ ਕਰਕੇ 13 ਸਾਈਟਾਂ ਦੀ ਫਿਜੀਬਿਲਟੀ ਰਿਪੋਰਟ ਦਿੱਤੀ ਸੀ ਪਰ ਇਸਦੀ ਕੋਈ ਇਜਾਜਤ ਗਮਾਡਾ ਵਲੋਂ ਨਹੀਂ ਦਿੱਤੀ ਗਈ| ਏ ਡੀ ਸੀ ਅਮਨਦੀਪ ਕੌਰ ਨੇ ਇਸ ਮੌਕੇ ਦੱਸਿਆ ਕਿ ਇਹ ਟਾਵਰ ਲਗਾਉਣ ਦੀ ਇਜਾਜਤ ਉਨ੍ਹਾਂ ਤੋਂ ਪਹਿਲੇ ਏ ਡੀ ਸੀ ਪੂਨਮਦੀਪ ਕੌਰ ਵਲੋਂ ਦਿੱਤੀ ਗਈ ਸੀ| ਸ੍ਰੀ ਵਿਨੀਤ ਵਰਮਾ ਨੇ ਸਵਾਲ ਕੀਤਾ ਕਿ  ਜੇਕਰ 13 ਸਾਈਟਾਂ ਦੀ ਇਜਾਜਤ ਦਿੱਤੀ ਵੀ ਗਈ ਸੀ ਤਾਂ ਇਹ ਕੀ ਜਾਂਚ ਕੀਤੀ ਗਈ ਕਿ ਇਹ ਟਾਵਰ ਉਕਤ ਸਥਾਨਾਂ ਤੇ ਹੀ ਲੱਗੇ ਹਨ ਜਿੱਥੇ ਦੀ ਇਜਾਜਤ ਸੀ ਅਤੇ ਸ਼ਹਿਰ ਵਿੱਚ ਸਿਰਫ 13 ਹੀ ਹਨ| ਉਨ੍ਹਾਂ ਕਿਹਾ ਕਿ ਰਿਲਾਇੰਸ ਕੰਪਨੀ ਤੋਂ ਸਿਰਫ ਨਾਮਾਤਰ ਪੈਸੇ ਪ੍ਰਤੀ ਮਹੀਨਾ ਲੈ ਕੇ ਇਹ ਟਾਵਰ ਲਗਾਏ ਗਏ ਹਨ| ਉਨ੍ਹਾਂ ਕਿਹਾ ਕਿ ਉਹ ਆਪਣੀ ਐਨ ਜੀ ਓ ਰਾਹੀਂ ਇਸ ਤੋਂ ਦੁਗਣੇ ਪੈਸੇ ਦੇ ਕੇ ਪਾਰਕਾਂ ਦਾ ਕਬਜਾ ਮੰਗਦੇ ਹਨ ਤਾਂ ਕੀ ਗਮਾਡਾ ਜਾਂ ਏ ਡੀ ਸੀ ਉਨ੍ਹਾਂ ਨੂੰ ਪਾਰਕਾਂ ਦਾ ਕਬਜਾ ਦੇਣ ਲਈ ਤਿਆਰ ਹਨ| ਇਸਦਾ ਕੋਈ ਜਵਾਬ ਅਧਿਕਾਰੀਆਂ ਕੋਲ ਨਹੀਂ ਸੀ| ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਕਾਇਦਾ ਤੌਰ ਤੇ ਇੱਕ ਸੰਸਥਾ ਵਲੋਂ ਅਦਾਲਤ ਵਿੱਚ ਕੇਸ ਪਾ ਕੇ ਆਪਣੇ ਪਾਰਕ ਵਿੱਚ ਟਾਵਰ ਨਹੀਂ ਲੱਗਣ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਝੂਲੇ ਤੱਕ ਪੁੱਟ ਦਿੱਤੇ ਗਏ ਅਤੇ ਇਸੇ ਤਰ੍ਹਾਂ ਹੋਰਨਾਂ ਪਾਰਕਾਂ ਵਿੱਚ ਝੂਲੇ ਪੁੱਟ ਕੇ ਨਾਜਾਇਜ਼ ਤੌਰ ਤੇ ਟਾਵਰ ਲਗਾਉਣ ਦੀ ਇਜਾਜਤ ਦਿੱਤੀ ਗਈ ਹੈ| ਸ੍ਰੀ ਵਰਮਾ ਨੇ ਕਿਹਾ ਕਿ ਪੁਲੀਸ ਵੀ ਕੰਪਨੀ ਦੀ ਮਦਦ ਲਈ ਨਾਲ ਜਾ ਕੇ ਟਾਵਰ ਲਗਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਦਾਲ ਵਿੱਚ ਬਹੁਤ ਜਿਆਦਾ ਕਾਲਾ ਹੈ|
ਇਸ ਤੋਂ ਇਲਾਵਾ ਸ੍ਰੀ ਵਰਮਾ ਨੇ ਸੋਹਾਣਾ ਵਿੱਚ ਸਕੂਲਾਂ ਅਤੇ ਡਿਸਪੈਂਸਰੀ ਵਿੱਚ ਪਾਣੀ ਦਾਖਿਲ ਹੋਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਥੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ| ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਇਹ ਜਿੰਮੇਵਾਰੀ ਜਨਸਿਹਤ ਵਿਭਾਗ ਤੇ ਅਤੇ ਜਨਸਿਹਤ ਵਿਭਾਗ ਨਿਗਮ ਤੇ ਸੁੱਟਦਾ ਦਿਖਾਈ ਦਿੱਤਾ| ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਤੋਂ ਨਿਗਮ ਪ੍ਰਾਪਰਟੀ ਟੈਕਸ ਮੰਗਦੀ ਹੈ ਤਾਂ ਇੱਥੇ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦਾ ਜਿੰਮਾ ਕੀ ਕਿਸੇ ਹੋਰ ਵਿਭਾਗ ਦਾ ਹੋਵੇਗਾ? ਇਸ ਮੌਕੇ ਦੋਹਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੱਸਿਆ ਦਾ ਕਾਰਨ ਇਨ੍ਹਾਂ ਬਿਲਡਿੰਗਾਂ ਦੇ ਆਲੇ ਦੁਆਲੇ ਹੋਏ ਨਾਜਾਇਜ਼ ਕਬਜੇ ਹਨ ਜਿਸ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਹੈ| ਏ ਡੀ ਸੀ ਨੇ ਇਹ ਕਬਜੇ ਹਟਵਾ ਕੇ ਇਸ ਸਮੱਸਿਆ ਹੱਲ ਕਰਨ ਲਈ ਕਿਹਾ|
ਇਸ ਮੌਕੇ ਸ੍ਰੀ ਵਿਨੀਤ ਵਰਮਾ ਨੇ ਗਮਾਡਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿਛਲੀਆਂ ਦੋ ਮੀਟਿੰਗਾਂ ਤੋਂ ਲਗਾਤਾਰ ਬਾਲਮ ਖੀਰਿਆਂ ਦਾ ਮੁੱਦਾ ਚੁੱਕ ਰਹੇ ਹਨ ਜਿਨ੍ਹਾਂ ਕਾਰਨ ਲੋਕਾਂ ਦੇ ਵਾਹਨ ਟੁੱਟ ਰਹੇ ਹਨ ਅਤੇ ਇਸਦੇ ਨਾਲ ਨਾਲ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਹਨ ਪਰ ਗਮਾਡਾ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਪਿਛਲੀ ਮੀਟਿੰਗ ਵਿੱਚ ਡੀ ਸੀ ਨੇ ਗਮਾਡਾ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ| ਉਨ੍ਹਾਂ ਕਿਹਾ ਕਿ ਜੇਕਰ ਅਗਲੀ ਮੀਟਿੰਗ ਤੱਕ ਇਹ ਬਾਲਮਖੀਰੇ ਨਾ ਤੁੜਵਾਏ ਗਏ ਤਾਂ ਉਹ ਗਮਾਡਾ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕਰਨਗੇ ਜਿਸਦੀ ਜਿੰਮੇਵਾਰੀ ਗਮਾਡਾ ਦੀ ਹੋਵੇਗੀ| ਇਸ ਤੇ ਗਮਾਡਾ ਅਧਿਕਾਰੀਆਂ ਨੇ ਕਿਹਾ ਕਿ ਬਾਲਮਖੀਰੇ ਤੁੜਵਾ ਕੇ ਇਹ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ|
ਸ੍ਰੀ ਵਰਮਾ ਨੇ ਇਹ ਵੀ ਕਿਹਾ ਕਿ ਵੱਖ ਵੱਖ ਟੈਲੀਕਾਮ ਕੰਪਨੀਆਂ ਵਲੋਂ ਗੈਰਕਾਨੂੰਨੀ ਡ੍ਰਿਲਿੰਗ ਕਰਕੇ ਸੜਕਾਂ ਦਾ ਬਹੁਤ ਨੁਕਸਾਨ ਕੀਤਾ ਗਿਆ ਹੈ ਅਤੇ ਸੈਕਟਰ 71 ਵਿੱਚ 40 ਫੁਟ ਡੂੰਘਾ ਅਤੇ ਫੇਜ਼-3ਬੀ1 ਵਿੱਚ ਵੀ ਬਹੁਤ ਡੂੰਘਾ ਖੱਡਾ ਪੈ ਗਿਆ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਪਾਈਪਾਂ ਪਾਉਣ ਦਾ ਕੰਮ ਮੀਨਾ ਪਹਿਲਾਂ ਮੁਕੰਮਲ ਹੋਣ ਦੇ ਬਾਵਜੂਦ ਗਮਾਡਾ ਵਲੋਂ ਇਹ ਸੜਕਾਂ ਬਣਾਈਆਂ ਨਹੀਂ ਜਾ ਰਹੀਆਂ ਅਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ ਹਨ| ਸ੍ਰੀ ਵਰਮਾ ਦੀ ਇਸ ਗੱਲ ਦੀ ਪ੍ਰੋੜ੍ਹਤਾ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਕੀਤੀ ਅਤੇ ਗਮਾਡਾ ਅਧਿਕਾਰੀ ਨੇ ਵਿਸ਼ਵਾਸ਼ ਦੁਆਇਆ ਕਿ ਫੌਰੀ ਤੌਰ ਤੇ ਇਹ ਸੜਕਾਂ ਬਣਾ ਦਿੱਤੀਆਂ ਜਾਣਗੀਆਂ|
ਮੀਟਿੰਗ ਵਿੱਚ ਏ ਡੀ ਸੀ ਅਵਨੀਤ ਕੌਰ, ਜਨਸਿਹਤ ਵਿਭਾਗ ਦੇ ਐਕਸੀਅਨ ਰੂਰਲ ਸੁਖਮਿੰਦਰ ਸਿੰਘ ਪੰਧੇਰ, ਨਿਗਮ ਦੇ ਜਾਇੰਟ ਕਮਿਸ਼ਨਰ ਤਕਨੀਕੀ ਸ੍ਰ. ਨਰਿੰਦਰ ਸਿੰਘ ਦਾਲਮ, ਐਕਸੀਅਨ ਜਨਸਿਹਤ ਵਿਭਾਗ ਸ਼ਹਿਰੀ ਐਚ ਐਸ ਢਿੱਲੋਂ ਸਮੇਤ ਹੋਰ ਅਧਿਕਾਰੀ ਹਾਜਿਰ ਸਨ|

Leave a Reply

Your email address will not be published. Required fields are marked *