Youth Congress Leader Manjot listened to the problems of farmers in Kharar Mandi

ਯੂਥ ਕਾਂਗਰਸੀ ਆਗੂ ਮਨਜੋਤ ਨੇ ਖਰੜ ਅਨਾਜ ਮੰਡੀ ਵਿਖੇ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਸੁਣੀਆਂ

ਐਸ ਏ ਐਸ ਨਗਰ, 12 ਅਕਤੂਬਰ : ਯੂਥ ਕਾਂਗਰਸ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਐਕਟਿੰਗ ਪ੍ਰਧਾਨ ਮਨਜੋਤ ਸਿੰਘ ਨੇ ਅੱਜ ਖਰੜ ਵਿਖੇ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ|
ਇਸ ਮੌਕੇ ਕਿਸਾਨਾਂ ਵਲੋਂ ਆਪਣੀਆਂ ਮੁਸ਼ਕਲਾਂ ਯੂਥ ਕਾਂਗਰਸੀ ਆਗੂ ਅੱਗ ਰੱਖੀਆਂ ਗਈਆਂ ਅਤੇ ਮੰਡੀ ਵਿਚਲੇ ਮਾੜੇ ਪ੍ਰਬੰਧਾਂ ਕਾਰਨ ਹੋ ਰਹੀ ਖੱਜਲ ਖੁਆਰੀ ਵੱਲ ਧਿਆਨ ਦਿਵਾਇਆ ਗਿਆ|
ਮਨਜੋਤ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਬੜੀ ਤੇਜ਼ੀ ਨਾਲ ਆ ਰਹੀ ਹੈ ਪ੍ਰੰਤੂ ਮੰਡੀ ਵਿੱਚੋਂ ਲਿਫ਼ਟਿੰਗ ਦਾ ਕੰਮ ਬੜੀ ਮੱਠੀ ਰਫ਼ਤਾਰ ਨਾਲ ਸ਼ੁਰੂ ਹੋਇਆ ਹੈ| ਇਸ ਦੇ ਨਾਲ ਹੀ ਮੰਡੀ ਵਿੱਚ ਆੜ੍ਹਤੀਆਂ ਅਤੇ ਕਿਸਾਨਾਂ ਲਈ ਸਹੂਲਤਾਂ ਦੀ ਵੀ ਭਾਰੀ ਕਮੀ ਹੈ| ਮੰਡੀ ਵਿੱਚ ਜਗ੍ਹਾ ਦੀ ਕਾਫ਼ੀ ਤੰਗੀ ਮਹਿਸੂਸ ਕੀਤੀ ਜਾ ਰਹੀ ਹੈ| ਅਜਿਹੇ ਹੀ ਕੁਝ ਕਾਰਨ ਹਨ ਕਿ ਅਨਾਜ ਮੰਡੀ ਖਰੜ ਦੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਦੂਜੇ ਸ਼ਹਿਰਾਂ ਵਿਚਲੀਆਂ ਅਨਾਜ ਮੰਡੀਆਂ ਜਾਂ ਫਿਰ ਚੰਡੀਗੜ੍ਹ ਵਿਖੇ ਜਾ ਕੇ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਮਜ਼ਬੂਰ ਹਨ| ਦੂਜੀਆਂ ਮੰਡੀਆਂ ਵਿੱਚ ਫ਼ਸਲ ਲਿਜਾਣ ਨਾਲ ਕਿਸਾਨ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ ਅਤੇ ਕਿਸਾਨਾਂ ਦੇ ਸਮੇਂ ਦੀ ਵੀ ਬਰਬਾਦੀ ਹੋ ਰਹੀ ਹੈ|

ਮਨਜੋਤ ਨੇ ਮੌਜੂਦਾ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾ ਦੀ ਸਾਰ ਨਾ ਲੈਣਾ ਮੰਦਭਾਗੀ ਗੱਲ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਦੇ ਘੁਟਾਲੇ ਕਰਕੇ ਅੱਜ ਕਿਸਾਨਾਂ ਦੀ ਫਸਲ ਬਰਬਾਦ ਹੋ ਕੇ ਰਹਿ ਗਈ ਹੈ| ਸਰਕਾਰ ਵਲੋਂ ਖਰੀਦ ਵਿਚ ਕੀਤੀ ਜਾ ਰਹੀ ਢਿੱਲ ਮੱਠ ਦੇ ਚਲਦਿਆਂ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੈ|  ਜਦੋਂ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲਾਂ ਦਾ ਸਾਹਮਣਾ ਨਹੀ ਸੀ ਕਰਨਾ ਪੈਂਦਾ|
ਉਨ੍ਹਾਂ ਮੰਗ ਕੀਤੀ ਕਿ ਅਨਾਜ ਮੰਡੀ ਖਰੜ ਵਿੱਚੋਂ ਫ਼ਸਲ ਦੀ ਲਿਫ਼ਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ|
ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ  ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ‘ਤੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸੁਣਵਾਈ ਹੋ ਸਕੇ|

ਇਸ ਮੌਕੇ ਉਨ੍ਹਾਂ ਨਾਲ ਯਸ਼ਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਕਮਲਜੀਤ ਸਿੰਘ ਚੇਅਰਮੈਨ ਕਿਸਾਨ ਸੈਲ ਬਲਾਕ ਖਰੜ,  ਚੰਨੀ ਇਕਬਾਲ ਜਨਰਲ ਸਕੱਤਰ ਯੂਥ ਕਾਂਗਰਸ ਖਰੜ, ਸ਼ੁਸ਼ਾਂਤ ਕੌਸ਼ਿਕ, ਜਯੰਤ ਪੁੰਜ, ਪ੍ਰਦੀਪ ਸਿੰਘ, ਰਣਵੀਰ ਸਿੰਘ ਸੰਧੂ ਅਤੇ ਪਾਸ਼ੀ ਬਡਾਲਾ ਆਦਿ ਹਾਜਰ ਸਨ|

Leave a Reply

Your email address will not be published. Required fields are marked *