Connect with us

Mohali

ਬਲੌਂਗੀ ਵਿੱਚ ਹਾਦਸੇ ਤੋਂ ਬਾਅਦ ਭੜਕੀ ਭੀੜ ਵਲੋਂ ਪੁਲੀਸ ਤੇ ਪਥਰਾਓ, ਵਾਹਨਾਂ ਨੂੰ ਨੁਕਸਾਨ ਪਹੁੰਚਾਇਆ

Published

on

 

ਐਸ ਏ ਐਸ ਨਗਰ, 20 ਜੂਨ (ਪਵਨ ਰਾਵਤ) ਅੱਜ ਤੜਕੇ 1 ਵਜੇ ਦੇ ਕਰੀਬ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਮੌਕੇ ਤੇ ਪਹੁੰਚੀ ਪੁਲੀਸ ਵਲੋਂ ਲਾਸ਼ ਨੂੰ ਹਸਪਤਾਲ ਲਿਜਾਣ ਤੋਂ ਰੋਕਣ ਲਈ ਪੁਲੀਸ ਟੀਮ ਤੇ ਹਮਲਾ ਕਰ ਦਿੱਤਾ ਅਤੇ ਪਥਰਾਅ ਕਰਕੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ। ਘਟਨਾ ਉਸ ਸਮੇਂ ਵਾਪਰੀ ਜਦੋਂ ਬਲੌਂਗੀ ਥਾਣੇ ਅਧੀਨ ਆਉਂਦੀ ਸਥਾਨਕ ਪੁਲੀਸ ਲਾਸ਼ ਨੂੰ ਸੜਕ ਦੇ ਵਿਚਕਾਰ ਰੱਖ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਨੂੰ ਸ਼ਾਂਤ ਕਰਨ ਗਈ।

ਇਸ ਦੌਰਾਨ ਜਦੋਂ ਪੁਲੀਸ ਵਲੋਂ ਲਾਸ਼ ਨੂੰ ਚੁੱਕ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭੜਕੀ ਭੀੜ ਨੇ ਪਹਿਲਾਂ ਪੁਲੀਸ ਪਾਰਟੀ ਨਾਲ ਹੱਥੋਪਾਈ ਕੀਤੀ ਅਤੇ ਫਿਰ ਪਥਰਾਅ ਕੀਤਾ। ਇਸ ਦੌਰਾਨ ਬਲੌਂਗੀ ਥਾਣੇ ਦੀ ਸਰਕਾਰੀ ਮਹਿੰਦਰਾ ਸਕਾਰਪੀਓ ਗੱਡੀ ਦੀ ਭੰਨ-ਤੋੜ ਕੀਤੀ ਗਈ। ਇਸ ਦੌਰਾਨ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਅਤੇ ਪਿਛਲੇ ਪਾਸੇ ਤੋਂ ਵੀ ਗੱਡੀ ਨੁਕਸਾਨੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ 1 ਵਜੇ ਦੇ ਕਰੀਬ ਹੋਏ ਹਾਦਸੇ ਦੌਰਾਨ ਬਲੌਂਗੀ ਦੇ ਖਰੜ ਹਾਈਵੇਅ ਤੇ ਫਲਾਈਓਵਰ ਦੇ ਹੇਠਾਂ ਦੁੱਧ ਦੀ ਢੋਆ-ਢੁਆਈ ਵਾਲੀ ਵੈਨ ਨੇ ਕਥਿਤ ਤੌਰ ਤੇ ਇੱਕ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਸਾਗਰ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿੱਛੇ ਸਵਾਰ ਮਿਥੁਨ ਦੀਆਂ ਲੱਤਾਂ ਵਿੱਚ ਫਰੈਕਚਰ ਹੋ ਗਿਆ। ਮਿਥੁਨ ਨੂੰ ਕਿਸੇ ਰਾਹਗੀਰ ਵਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਾਗਰ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੂਚਨਾ ਦਿੱਤੀ ਗਈ ਅਤੇ ਉਹ ਹਾਦਸੇ ਵਾਲੀ ਥਾਂ ਤੇ ਪਹੁੰਚੇ।

ਬਲੌਂਗੀ ਪੁਲੀਸ ਸਟੇਸ਼ਨ ਦੇ ਹਾਊਸ ਅਫ਼ਸਰ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਦੁੱਧ ਵੈਨ ਦਾ ਡਰਾਈਵਰ ਮੌਕੇ ਤੇ ਵੈਨ ਛੱਡ ਕੇ ਫ਼ਰਾਰ ਹੋ ਗਿਆ। ਐਸ. ਐਚ. ਓ ਮੋਰ ਨੇ ਦੱਸਿਆ ਕਿ ਇੱਕ ਚਾਹ ਵਿਕਰੇਤਾ ਨੇ ਹਾਦਸੇ ਸਬੰਧੀ ਪੀ. ਸੀ. ਆਰ. ਨੂੰ ਸੂਚਿਤ ਕੀਤਾ ਤਾਂ ਇੱਕ ਪੀ. ਸੀ. ਆਰ ਨੇ ਮੌਕੇ ਤੇ ਪਹੁੰਚ ਕੇ ਬਲੌਂਗੀ ਥਾਣੇ ਨੂੰ ਸੂਚਿਤ ਕੀਤਾ। ਐਸ ਐਚ ਓ ਵੱਲੋਂ ਜਾਂਚ ਅਧਿਕਾਰੀ ਨੂੰ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੁਲੀਸ ਦੇ ਕਬਜੇ ਵਿੱਚ ਲੈਣ ਲਈ ਭੇਜਿਆ ਗਿਆ।

ਐਸ ਐਚ ਓ ਨੇ ਦੱਸਿਆ ਕਿ ਆਈਓ ਨੇ ਉਸ ਨੂੰ ਸੂਚਿਤ ਕੀਤਾ ਕਿ ਸਥਿਤੀ ਗੰਭੀਰ ਹੈ ਕਿਉਂਕਿ ਸਥਾਨਕ ਲੋਕਾਂ ਨੇ ਲਾਸ਼ ਨੂੰ ਘੇਰ ਲਿਆ ਸੀ। ਉਹ ਲੋਕ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਉਹਨਾਂ ਨੇ ਪੁਲੀਸ ਨੂੰ ਲਾਸ਼ ਨੂੰ ਮੁਰਦਾਘਰ ਵਿੱਚ ਲਿਜਾਣ ਤੋਂ ਰੋਕ ਦਿੱਤਾ। ਹਾਦਸੇ ਵਾਲੀ ਥਾਂ ਤੇ ਹੋਰ ਪੁਲੀਸ ਫੋਰਸ ਬੁਲਾਈ ਗਈ ਅਤੇ ਐਸ ਐਚ ਓ ਖੁਦ ਵੀ ਮੌਕੇ ਤੇ ਪਹੁੰਚ ਗਏ।

ਇਸ ਦੌਰਾਨ ਜਦੋਂ ਐਸ ਐਚ ਓ ਨੇ ਭੜਕੀ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਪੁਲੀਸ ਨੂੰ ਲਾਸ਼ ਨੂੰ ਮੁਰਦਾਘਰ ਵਿਚ ਲਿਜਾਣ ਦੀ ਇਜਾਜ਼ਤ ਦੇਣ ਲਈ ਕਿਹਾ ਤਾਂ ਭੀੜ ਵਲੋਂ ਪੁਲੀਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਐਸ ਐਚ ਓ ਨੇ ਦੱਸਿਆ ਕਿ ਜਦੋਂ ਉਸ ਨੇ ਦੇਖਿਆ ਕਿ ਭੀੜ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਤਾਂ ਉਸ ਨੇ ਪੁਲੀਸ ਫੋਰਸ ਨੂੰ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਪਰ ਅਚਾਨਕ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨਾਲ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਿਆ ਅਤੇ ਪੁਲੀਸ ਪਾਰਟੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਐਸ ਐਚ ਓ ਨੇ ਦੱਸਿਆ ਕਿ ਇਸ ਸੰਬੰਧੀ ਪੁਲੀਸ ਨੇ 25 ਤੋਂ 30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 353, 186, 283, 148, 149 ਅਤੇ 427 ਤਹਿਤ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਪੁਲੀਸ ਕੋਲ ਭੀੜ ਦੀਆਂ ਵੀਡੀਓ ਕਲਿਪਾਂ ਹਨ ਅਤੇ ਬਦਮਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਸਦੇ ਨਾਲ ਹੀ ਪੁਲੀਸ ਨੇ ਦੁੱਧ ਦੀ ਵੈਨ ਦੇ ਡਰਾਈਵਰ ਬਿੱਕਰ ਸਿੰਘ ਦੇ ਖ਼ਿਲਾਫ਼ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬਿੱਕਰ ਸਿੰਘ ਫਿਲਹਾਲ ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Mohali

ਜਬਰ ਜਿਨਾਹ ਮਾਮਲੇ ਵਿੱਚ ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ, 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜਾ

Published

on

By

 

 

ਅਦਾਲਤ ਨੇ 5 ਮੁਲਜਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ, ਇਕ ਮੁਲਜਮ ਦੀ ਹੋ ਚੁੱਕੀ ਹੈ ਮੌਤ

ਐਸ ਏ ਐਸ ਨਗਰ, 28 ਮਾਰਚ (ਪਰਵਿੰਦਰ ਕੌਰ ਜੱਸੀ) ਪਾਸਟਰ ਵਲੋਂ ਔਰਤ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ ਵਿੱਚ ਸਪੈਸ਼ਲ ਜੱਜ ਦੀ ਅਦਾਲਤ ਵਲੋਂ ਪਾਸਟਰ ਬਜਿੰਦਰ ਨੂੰ ਧਾਰਾ 376, 323 ਅਤੇ 506 ਵਿੱਚ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਸਜਾ ਸੁਣਾਉਣ ਲਈ 1 ਅਪ੍ਰੈਲ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ।

ਅਦਾਲਤ ਦੇ ਹੁਕਮਾਂ ਤੇ ਪੁਲੀਸ ਵਲੋਂ ਪਾਸਟਰ ਬਜਿੰਦਰ ਨੂੰ ਹਿਰਾਸਤ ਵਿਚ ਲੈਂਦਿਆ ਪਟਿਆਲਾ ਜੇਲ ਭੇਜ ਦਿੱਤਾ ਗਿਆ ਹੈ। ਅਦਾਲਤ ਵਲੋਂ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜਮਾਂ ਅਕਬਰ ਭੱਟੀ, ਰਾਜੇਸ਼ ਚੌਧਰੀ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ ਪਹਿਲਵਾਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ, ਜਦੋਂ ਕਿ ਇਕ ਮੁਲਜਮ ਸੁੱਚਾ ਸਿੰਘ ਦੀ ਅਦਾਲਤੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ।

ਇਸ ਦੌਰਾਨ ਅਦਾਲਤੀ ਕੰਪਲੈਕਸ ਦੇ ਬਾਹਰ ਪਾਸਟਰ ਬਜਿੰਦਰ ਦੇ ਕਈ ਸਮਰਥਕ ਮੌਜੂਦ ਸਨ, ਜਿਨਾਂ ਨੂੰ ਪੁਲੀਸ ਨੇ ਅਦਾਲਤ ਦੇ ਅੰਦਰ ਜਾਣ ਨਹੀਂ ਦਿੱਤਾ।

ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਜੀਰਕਪੁਰ ਪੁਲੀਸ ਨੇ ਇਕ ਪੀੜਤਾ ਦੀ ਸ਼ਿਕਾਇਤ ਦੇ ਅਧਾਰ ਤੇ ਪਾਸਟਰ ਬਜਿੰਦਰ ਸਿੰਘ ਸਮੇਤ ਕੁਲ 7 ਮੁਲਜਮਾਂ (ਜਿਨਾਂ ਵਿੱਚ ਅਕਬਰ ਭੱਟੀ, ਰਾਜੇਸ਼ ਚੌਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ ਪਹਿਲਵਾਨ ਸ਼ਾਮਿਲ ਹਨ) ਦੇ ਖਿਲਾਫ ਧਾਰਾ 376, 420, 354, 294, 323, 506, 148 ਅਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਪੀੜਤਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਇਕ ਢਾਬੇ ਤੇ ਪਾਸਟਰ ਬਜਿੰਦਰ ਦੇ ਸੰਪਰਕ ਵਿਚ ਆਈ ਸੀ। ਇਸ ਤੋਂ ਬਾਅਦ ਪਾਸਟਰ ਬਜਿੰਦਰ ਵਲੋਂ ਛੱਤ ਵਿਖੇ ਇਕ ਪੈਲਸ ਵਿਚ ਕਰਵਾਈ ਜਾਂਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਪ੍ਰਾਰਥਨਾ ਕਰਦੀ ਸੀ। ਪਾਸਟਰ ਬਜਿੰਦਰ ਸਿੰਘ ਨੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਹ ਵੀ ਬਤੌਰ ਪਾਸਟਰ ਇਸ ਦਾ ਕਹਿਣਾ ਮੰਨਣ ਲੱਗ ਪਈ।

ਸਤੰਬਰ 2017 ਵਿੱਚ ਸ਼ਾਮ ਸਮੇਂ ਪਾਸਟਰ ਬਜਿੰਦਰ ਨੇ ਉਸ ਨੂੰ ਫੋਨ ਕਰਕੇ ਜ਼ੀਰਕਪੁਰ ਦੇ ਇਕ ਢਾਬੇ ਕੋਲ ਬੁਲਾਇਆ ਅਤੇ ਕਿਹਾ ਕਿ ਉਹ ਆਪਣਾ ਪਾਸਪੋਰਟ ਵੀ ਨਾਲ ਲੈ ਕੇ ਆਵੇ। ਉਹ ਪਾਸਪੋਰਟ ਲੈ ਕੇ ਢਾਬੇ ਕੋਲ ਪਹੁੰਚੀ ਅਤੇ ਪਾਸਟਰ ਬਜਿੰਦਰ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਆਪਣੇ ਫਲੈਟ ਵਿਚ ਲੈ ਗਿਆ, ਜਿਥੇ ਪਾਸਟਰ ਬਜਿੰਦਰ ਨੇ ਉਸ ਨੂੰ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਯੂ. ਕੇ. ਜਾ ਰਿਹਾ ਹੈ ਅਤੇ ਉਹ ਉਸ ਨੂੰ ਆਪਣੇ ਨਾਲ ਲੈ ਕੇ ਜਾਵੇਗਾ। ਪਾਸਟਰ ਬਜਿੰਦਰ ਨੇ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾਣ ਦਾ ਝਾਂਸਾ ਦੇ ਕੇ ਉਸ ਦੀ ਮਰਜੀ ਤੋਂ ਬਿਨਾਂ ਉਸ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਉਸ ਨੂੰ ਬੇਹੋਸ਼ ਕਰਕੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਪਾਸਟਰ ਬਜਿੰਦਰ ਨੇ ਉਸ ਨੂੰ ਕਿਹਾ ਕਿ ਵਿਦੇਸ਼ ਜਾਣ ਲਈ ਲੱਖਾਂ ਰੁਪਏ ਲਗਦੇ ਹਨ ਅਤੇ ਉਹ ਉਕਤ ਪੈਸਿਆਂ ਦਾ ਇੰਤਜਾਮ ਕਰੇ। ਜੇਕਰ ਉਸ ਨੇ ਪੈਸੇ ਦਾ ਇੰਤਜਾਮ ਨਹੀਂ ਕੀਤਾ ਤਾਂ ਉਸ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ। ਉਹ ਉਕਤ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਉਂਦਾ ਰਿਹਾ।

ਦੱਸਣਯੋਗ ਹੈ ਕਿ ਪਾਸਟਰ ਬਜਿੰਦਰ ਵਿਰੁਧ ਕੁਝ ਦਿਨ ਪਹਿਲਾਂ ਹੀ ਇਕ ਔਰਤ ਵਲੋਂ ਕਪੂਰਥਲਾ ਥਾਣੇ ਵਿਚ ਵੀ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਪੁਲੀਸ ਵਲੋਂ ਪਾਸਟਰ ਬਜਿੰਦਰ ਸਿੰਘ ਦੀ ਸ਼ਮੂਲੀਅਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਕਿ ਰਣਜੀਤ ਕੌਰ ਨਾਂ ਦੀ ਔਰਤ ਦੇ ਬਿਆਨਾਂ ਤੇ ਮਾਜਰੀ ਪੁਲੀਸ ਨੇ ਪਾਸਟਰ ਬਜਿੰਦਰ ਖਿਲਾਫ ਧਾਰਾ 74, 126(2), 115(2) ਅਤੇ 351(2) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਕਤ ਔਰਤ ਦਾ ਦੋਸ਼ ਹੈ ਕਿ ਉਹ ਪਾਸਟਰ ਦੀ ਸ਼ਰਧਾਲੂ ਸੀ। ਪਾਸਟਰ ਨੇ ਉਸ ਨਾਲ ਦੁਰਵਿਵਹਾਰ ਕੀਤਾ, ਉਸ ਨੂੰ ਥੱਪੜ ਮਾਰੇ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਪਾਸਟਰ ਨੇ ਉਸ ਦੇ ਖਾਲੀ ਕਾਗਜਾਂ ਤੇ ਦਸਤਖਤ ਕਰਵਾਏ ਅਤੇ ਉਸ ਦਾ ਅਧਾਰ ਕਾਰਡ ਅਤੇ ਪੈਨ ਕਾਰਡ ਵੀ ਵਾਪਸ ਕਰਨ ਤੋਂ ਮਨਾਂ ਕਰ ਦਿੱਤਾ।

Continue Reading

Mohali

ਕਿਸਾਨਾਂ ਨੇ ਡੀ ਸੀ ਦਫਤਰ ਦੇ ਬਾਹਰ ਧਰਨਾ ਲਗਾਇਆ

Published

on

By

 

ਐਸ ਏ ਐਸ ਨਗਰ, 28 ਮਾਰਚ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਮੁਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਓ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀ ਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ।

ਇਸ ਮੌਕੇ ਕਿਸਾਨ ਆਗੂਆਂ ਵਲੋਂ ਡੀ ਸੀ ਮੁਹਾਲੀ ਨੂੰ ਗਵਰਨਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਦੇ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਉੱਤੇ ਪੁਲੀਸ ਦੇ ਰਾਹੀਂ ਦਮਨ ਚੱਕਰ ਚਲਾਇਆ ਜਾ ਰਿਹਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਦੇਸ਼ ਦੇ ਨਾਗਰਿਕਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਮੌਲਿਕ ਜਮਹੂਰੀ ਅਧਿਕਾਰ ਪ੍ਰਾਪਤ ਹੈ। ਪਰ ਬੀਤੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਸੱਤ ਰੋਜ਼ਾ ਧਰਨੇ ਨੂੰ ਸਮੁੱਚੇ ਸੂਬੇ ਨੂੰ ਖੁੱਲੀ ਜੇਲ ਵਿੱਚ ਤਬਦੀਲ ਕਰਕੇ ਤਾਰਪੀਡੋ ਕੀਤਾ ਗਿਆ। 19 ਮਾਰਚ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕਰਕੇ ਵਾਪਸ ਜਾ ਰਹੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ੰਭੂ ਅਤੇ ਖਨੌਰੀ ਵਿਖੇ ਬੁਲਡੋਜ਼ਰ ਕਾਰਵਾਈ ਕਰਕੇ ਕਿਸਾਨਾਂ ਦੇ ਧਰਨਿਆਂ ਨੂੰ ਜਬਰੀ ਉਠਾ ਦਿੱਤਾ ਗਿਆ। ਟਰੈਕਟਰ ਟਰਾਲੀਆਂ ਸਮੇਤ ਕਿਸਾਨਾਂ ਦੀ ਸਾਜੋ ਸਮਾਨ ਦੀ ਭੰਨ ਤੋੜ ਕੀਤੀ ਗਈ ਅਤੇ ਇਸ ਦੌਰਾਨ ਵੱਡੀ ਪੱਧਰ ਤੇ ਸਮਾਨ ਚੋਰੀ ਹੋ ਜਾਣ ਦੀਆਂ ਵੀ ਰਿਪੋਰਟਾਂ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਪੁਲੀਸ ਰਾਜ ਸਥਾਪਤ ਕਰਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜਿਆ ਜਾ ਰਿਹਾ ਹੈ। ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਪੁਲੀਸ ਜਿਆਦਤੀ ਅਤੇ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਦੇ ਬਾਵਜੂਦ ਬੁਲਡੋਜ਼ਰ ਕਾਰਵਾਈ ਕਰਕੇ ਲੋਕਾਂ ਦੇ ਘਰ ਢਾਹੁਣ ਵਰਗੀਆਂ ਕਾਰਵਾਈਆਂ ਇਸ ਦੀਆਂ ਬੋਲਦੀਆਂ ਮਿਸਾਲ ਹਨ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪੁਲੀਸ ਵੱਲੋਂ ਵਰਤੀ ਜਾ ਰਹੀ ਅੰਨੀ ਤਾਕਤ ਨੂੰ ਨੱਥ ਪਾ ਕੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬਹਾਲ ਕੀਤਾ ਜਾਵੇ। ਗ੍ਰਿਫਤਾਰ ਕੀਤੇ ਜਾਂ ਜੇਲ੍ਹਾਂ ਵਿੱਚ ਬੰਦ ਸਾਰੇ ਕਿਸਾਨਾਂ ਨੂੰ ਬਿਨਾਂ ਸ਼ੱਕ ਰਿਹਾਅ ਕੀਤਾ ਜਾਵੇ। ਕਿਸਾਨਾਂ ਦੇ ਟਰੈਕਟਰ ਟਰਾਲੀਆਂ ਸਮੇਤ ਸਾਰਾ ਸਾਜੋ ਸਮਾਨ ਵਾਪਸ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਵਲੋਂ ਨੁਕਸਾਨੇ ਗਏ ਜਾਂ ਚੋਰੀ ਹੋਏ ਸਮਾਨ ਦੀ ਭਰਪਾਈ ਕੀਤੀ ਜਾਵੇ।

ਇਸ ਮੌਕੇ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ, ਲਖਵਿੰਦਰ ਸਿੰਘ ਸਰਪੰਚ ਕਰਾਲਾ ਜਨਰਲ ਸਕੱਤਰ ਰਾਜੇਵਾਲ, ਦਵਿੰਦਰ ਸਿੰਘ ਦੇਹ ਕਲਾਂ ਜਿਲਾ ਪ੍ਰਧਾਨ ਲੱਖੋਵਾਲ, ਜਸਪਾਲ ਸਿੰਘ ਨਿਆਮੀਆਂ ਜਨਰਲ ਸਕੱਤਰ ਮੁਹਾਲੀ, ਅੰਗਰੇਜ ਸਿੰਘ ਡਕੌਂਦਾ ਸੂਬਾ ਪ੍ਰੈਸ ਸਕੱਤਰ, ਰਵਿੰਦਰ ਵਜੀਦਪੁਰ, ਗੁਰਮੀਤ ਸਿੰਘ ਮਾਟੂ ਲੋਕ ਹਿੱਤ ਮਿਸ਼ਨ, ਦਰਸ਼ਨ ਸਿੰਘ ਖੇੜਾ, ਤਰਲੋਚਨ ਸਿੰਘ ਸੂਬਾ ਪ੍ਰਧਾਨ ਪੁਆਧ, ਕਰਮ ਸਿੰਘ ਬਰੋਲੀ ਲੱਖੋਵਾਲ, ਲਖਵਿੰਦਰ ਸਿੰਘ, ਹੈਪੀ ਉਗਰਾਹਾ ਬਲਾਕ ਪ੍ਰਧਾਨ ਡੇਰਾਬਸੀ, ਜਗਜੀਤ ਸਿੰਘ ਡਕੌਂਦਾ ਮੁਹਾਲੀ, ਰਜਿੰਦਰ ਸਿੰਘ ਢੋਲਾ ਕਾਦੀਆਂ ਜ਼ਿਲਾ ਪ੍ਰਧਾਨ, ਬਲਜੀਤ ਸਿੰਘ ਭਾਊ, ਗੁਰਪ੍ਰੀਤ ਪਲਹੇੜੀ, ਕਰਮ ਸਿੰਘ ਰਾਜੇਵਾਲ ਡੇਰਾਬਸੀ, ਜਗਵਿੰਦਰ ਸਿੰਘ ਕੰਡਾਲਾ, ਤੇਜਿੰਦਰਪੁਰੀ, ਅਮਨ ਹੰਡੇਸਰਾ, ਬੀਬੀ ਬਲਜੀਤ ਕੌਰ ਕ੍ਰਾਂਤੀਕਾਰੀ ਯੂਨੀਅਨ, ਗੁਰਪ੍ਰੀਤ ਸਿੰਘ ਕੇ ਕੇ ਐਮ, ਸਤਨਾਮ ਸਿੰਘ ਖਾਮਪੁਰ ਚਡੂਨੀ ਮੁਹਾਲੀ, ਇੰਦਰਜੀਤ ਸਿੰਘ, ਦਰਸ਼ਨ ਸਿੰਘ ਦੁਰਾਲੀ ਲੱਖੋਵਾਲ, ਕਮਲਜੀਤ ਸਿੰਘ ਲਾਂਡਰਾਂ ਕਾਦੀਆਂ, ਕੁਲਵੰਤ ਸਿੰਘ ਤ੍ਰਿਪੁੜੀ ਹਾਜਰ ਸਨ।

 

Continue Reading

Mohali

ਏ.ਐਨ.ਟੀ.ਐਫ ਵਲੋਂ 117 ਗ੍ਰਾਮ ਹੈਰੋਇਨ ਸਮੇਤ 1 ਮੁਲਜਮ ਗ੍ਰਿਫਤਾਰ, 2 ਦਿਨ ਦੇ ਰਿਮਾਂਡ ਤੇ

Published

on

By

 

 

ਨਾਬਾਲਗ ਬੱਚੇ ਰਾਹੀਂ ਫਿਰੋਜਪੁਰ ਤੋਂ ਮੁਹਾਲੀ ਭਿਜਵਾਈ ਜਾਂਦੀ ਸੀ ਹੈਰੋਇਨ ਦੀ ਖੇਪ

ਐਸ.ਏ.ਐਸ. ਨਗਰ, 28 ਮਾਰਚ (ਪਰਵਿੰਦਰ ਕੌਰ ਜੱਸੀ) ਏ. ਐਨ. ਟੀ. ਐਫ ਵਲੋਂ ਹੈਰੋਇਨ ਸਮੇਤ ਇਕ ਮੁਲਜਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਮ ਦੀ ਪਛਾਣ ਸਤਿੰਦਰ ਸਿੰਘ ਸੰਤੂ ਵਾਸੀ ਪਿੰਡ ਚੱਕ ਰਈਆਂ ਵਾਲਾ ਜਿਲਾ ਫਿਰੋਜਪੁਰ ਹਾਲ ਵਾਸੀ ਆਰ. ਕੇਡੀਆ ਇਨਕਲੇਵ ਖਰੜ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਨ. ਟੀ. ਐਫ. ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਜੋ ਕਿ ਖਰੜਮੁਹਾਲੀ ਏਰੀਏ ਵਿਚ ਹੈਰੋਇਨ ਦੀ ਸਪਲਾਈ ਕਰਦਾ ਹੈ ਅਤੇ ਇਸ ਸਮੇਂ ਖਰੜ ਵਿਚਲੇ ਇਕ ਇਨਕਲੇਵ ਵਿੱਚ ਆਪਣੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ। ਇਸਤੇ ਕਾਰਵਾੲਾਂੀ ਕਰਦਿਆਂ ਏ. ਐਨ. ਟੀ. ਟੈਫ ਦੀ ਟੀਮ ਨੇ ਸਤਿੰਦਰ ਸਿੰਘ ਸੱਤੂ ਨੂੰ ਖਰੜ ਵਿਚਲੇ ਇਲਾਕੇ ਵਿੱਚੋਂ 117 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਉਕਤ ਮੁਲਜਮ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ 150 ਗ੍ਰਾਮ ਹੈਰੋਇਨ ਦੀ ਖੇਪ ਫਿਰੋਜਪੁਰ ਤੋਂ ਲੈ ਕੇ ਆਇਆ ਸੀ ਅਤੇ ਉਸ ਨੇ ਕੁਝ ਹੈਰੋਇਨ ਵੇਚ ਦਿੱਤੀ ਅਤੇ 117 ਗ੍ਰਾਮ ਹੈਰੋਇਨ ਉਸ ਕੋਲ ਰਹਿ ਗਈ।

ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਡਲੀਵਰੀ ਬੁਆਏ ਬਣ ਕੇ ਰਾਤ 12 ਵਜੇ ਤੋਂ ਲੈ ਕੇ ਤੜਕੇ 3 ਵਜੇ ਤੱਕ ਹੈਰੋਇਨ ਸਪਲਾਈ ਕਰਨ ਦਾ ਕੰਮ ਕਰਦਾ ਸੀ, ਜਿਸ ਲਈ ਉਸ ਨੇ ਇਕ ਸਪਲੈਂਡਰ ਮੋਟਰਸਾਈਕਲ ਰੱਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਫਿਰੋਜਪੁਰ ਤੋਂ ਨਾਬਾਲਗ ਬੱਚੇ ਨੂੰ ਉਕਤ ਹੈਰੋਇਨ ਦੀ ਖੇਪ ਦੇ ਕੇ ਬੱਸ ਤੇ ਚੜਾ ਦਿੱਤਾ ਜਾਂਦਾ ਸੀ, ਜਿਸ ਕੋਲੋਂ ਉਹ ਹੈਰੋਇਨ ਦਾ ਪੈਕਟ ਹਾਸਲ ਕਰਕੇ ਉਸੇ ਸਮੇਂ ਉਕਤ ਬੱਚੇ ਨੂੰ ਕਿਰਾਏ ਦੇ ਪੈਸੇ ਦੇ ਕੇ ਬੱਸ ਰਾਹੀਂ ਵਾਪਸ ਭੇਜ ਦਿੱਤਾ ਜਾਂਦਾ ਸੀ। ਪੁਲੀਸ ਮੁਤਾਬਕ ਨਾਬਾਲਗ ਬੱਚੇ ਰਾਹੀਂ ਹੈਰੋਇਨ ਦੀ ਸਪਲਾਈ ਇਸ ਕਰਕੇ ਕੀਤੀ ਜਾਂਦੀ ਸੀ ਕਿ ਕੋਈ ਵੀ ਬੱਚੇ ਤੇ ਸ਼ੱਕ ਨਾ ਕਰ ਸਕੇ।

ਇਸ ਸਬੰਧੀ ਥਾਣਾ ਏ. ਐਨ. ਟੀ. ਐਫ ਦੇ ਇੰਚਾਰਜ਼ ਰਾਮ ਦਰਸ਼ਨ ਨੇ ਦਸਿਆ ਕਿ ਮੁਲਜਮ ਸਤਿੰਦਰ ਸਿੰਘ ਸੱਤੂ ਨੂੰ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਉਕਤ ਮਾਮਲੇ ਵਿੱਚ ਨਾਮਜ਼ਦ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਵਲੋਂ ਉਸ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ।

Continue Reading

Latest News

Trending