Connect with us

Editorial

ਸਕੂਲੀ ਸਿੱਖਿਆ ਦੇ ਖੇਤਰ ਵਿੱਚ ਲੋੜੀਂਦਾ ਸੁਧਾਰ ਕਰਨਾ ਸਰਕਾਰ ਦੀ ਜਿੰਮੇਵਾਰੀ

Published

on

 

ਸਾਡੀਆਂ ਸਰਕਾਰਾਂ ਵਲੋਂ ਦੇਸ਼ ਭਰ ਵਿੱਚ ਸਰਕਾਰੀ ਸਕੂਲਾਂ ਰਾਹੀਂ ਵਿਦਿਆਰਥੀਆਂ ਨੂੰ ਮੁਹਈਆ ਕਰਵਾਈ ਜਾਂਦੀ ਸਿਖਿਆ ਵਿਵਸਥਾ ਦੀ ਬਦਤਰ ਹਾਲਤ ਤੋਂ ਅਸੀਂ ਸਾਰੇ ਹੀ ਜਾਣੂ ਹਾਂ ਅਤੇ ਇਸ ਵਿੱਚ ਸੁਧਾਰ ਦੀ ਮੰਗ ਵੀ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ। ਸਰਕਾਰੀ ਸਕੂਲਾਂ ਦੀ ਹਾਲਤ ਇਹ ਹੈ ਕਿ ਨਾ ਤਾਂ ਸਾਡੇ ਕੋਲ ਲੋੜੀਂਦੇ ਸਕੂਲ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਹੈ ਅਤੇ ਨਾ ਹੀ ਸਰਕਾਰੀ ਸਕੂਲਾਂ ਵਿੱਚ ਲੋੜੀਂਦੇ ਅਧਿਆਪਕ ਮੌਜੂਦ ਹਨ। ਇਸ ਸੰਬੰਧੀ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਮੇਂ ਸਮੇਂ ਤੇ ਸਕੂਲੀ ਸਿਖਿਆ ਵਿੱਚ ਸੁਧਾਰ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਜਰੂਰ ਕੀਤੇ ਜਾਂਦੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਸਰਕਾਰਾਂ ਦੇ ਇਹ ਦਾਅਵੇ ਹਵਾ ਹਵਾਈ ਹੀ ਸਾਬਿਤ ਹੁੰਦੇ ਆਏ ਹਨ।

ਦੇਸ਼ ਵਿਚਲੀ ਸਕੂਲੀ ਸਿਖਿਆ ਦੀ ਮੰਦਹਾਲੀ ਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਯੂਨੈਸਕੋ (ਦੀ ਯੂਨਾਈਟਿਡ ਨੇਸ਼ਨਜ਼ ਐਜੂਕੇਸ਼ਨਲ ਸਾਇੰਟਿਫਿਕ ਅਂੈਡ ਕਲਚਰਲ ਆਰਗੇਨਾਈਜੇਸ਼ਨ) ਵਲੋਂ ਦੋ ਸਾਲ ਪਹਿਲਾਂ ਭਾਰਤ ਵਿੱਚ ਸਕੂਲੀ ਸਿਖਿਆ ਦੀ ਸਥਿਤੀ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਦੇ ਸਰਕਾਰੀ ਸਕੂਲਾਂ ਵਿੱਚ 11 ਲੱਖ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਦੇਸ਼ ਵਿੱਚ ਸਵਾ ਲੱਖ ਦੇ ਕਰੀਬ ਸਰਕਾਰੀ ਸਕੂਲ ਅਜਿਹੇ ਹਨ, ਜਿਹਨਾਂ ਵਿੱਚ ਸਿਰਫ ਇਕ ਅਧਿਆਪਕ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਅਜਿਹੇ ਸਕੂਲ ਜਿਹੜੇ ਸਿਰਫ ਇੱਕ ਅਧਿਆਪਕ ਸਹਾਰੇ ਚਲ ਰਹੇ ਹਨ ਉਹਨਾਂ ਵਿਚੋਂ 89 ਫੀਸਦੀ ਸਕੂਲ ਸਿਰਫ ਪਿੰਡਾਂ ਵਿੱਚ ਹਨ। ਇਹ ਹਾਲਾਤ ਹੁਣੇ ਵੀ ਕਮੋਬੇਸ਼ ਉਹੋ ਜਿਹੇ ਹੀ ਹਨ ਅਤੇ ਸਰਕਾਰਾਂ ਵਲੋਂ ਸਿਖਿਆ ਵਿਵਸਥਾ ਵਿੱਚ ਸੁਧਾਰ ਲਈ ਕੁੱਝ ਖਾਸ ਨਹੀਂ ਕੀਤਾ ਗਿਆ ਹੈ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਵੀ ਜਿੱਥੇ ਇਕ ਪਾਸੇ ਵੱਡੀ ਗਿਣਤੀ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ, ਉੱਥੇ ਦੂਜੇ ਪਾਸੇ ਬੇਰੁਜਗਾਰ ਅਧਿਆਪਕਾਂ ਨੂੰ ਨੌਕਰੀਆਂ ਹਾਸਿਲ ਕਰਨ ਲਈ ਧਰਨੇ ਲਗਾਉਣ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸੰਬੰਧੀ ਅਕਸਰ ਲੋਕ ਸਵਾਲ ਵੀ ਕਰਦੇ ਹਨ ਕਿ ਜਦੋਂ ਸਰਕਾਰੀ ਸਕੁੁੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ ਤਾਂ ਫਿਰ ਅਧਿਆਪਕਾਂ ਦੀ ਨਵੀਂ ਭਰਤੀ ਕਿਉਂ ਨਹੀਂ ਕੀਤੀ ਜਾ ਰਹੀ? ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ ਅਤੇ ਬੇਰੁਜਗਾਰ ਅਧਿਆਪਕਾਂ ਵਲੋਂ ਨੌਕਰੀਆਂ ਲੈਣ ਲਈ ਕੀਤਾ ਜਾ ਰਿਹਾ ਸੰਘਰਸ਼ ਸਰਕਾਰ ਵਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਵੱਡੇ ਸੁਧਾਰਾਂ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹਦਾ ਹੈ।

ਜਿਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਲੋੜੀਂਦੇ ਅਧਿਆਪਕ ਤਕ ਨਹੀਂ ਹਨ ਉਹਨਾਂ ਵਿੱਚ ਪੜ੍ਹਾਈ ਦਾ ਪੱਧਰ ਕਿਹੋ ਜਿਹਾ ਹੋਵੇਗਾ, ਇਸ ਗੱਲ ਦਾ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ। ਅਜਿਹੇ ਸਕੂਲਾਂ ਜਿੱਥੇ ਬੱਚਿਆਂ ਲਈ ਸਿਰਫ ਇਕ ਅਧਿਆਪਕ ਤੈਨਾਤ ਹੈ ਜਿਸਨੇ ਸਕੂਲ ਦੇ ਹਰ ਛੋਟੇ ਵੱਡੇ ਪ੍ਰਬੰਧਕੀ ਕੰਮ ਤੋਂ ਇਲਾਵਾ ਹੋਰ ਵੀ ਕਈ ਕੰਮ ਵੀ ਕਰਨੇ ਹੁੰਦੇ ਹਨ, ਉੱਥੇ ਪੜ੍ਹਾਈ ਤਾਂ ਰੱਬ ਆਸਰੇ ਹੀ ਹੁੰਦੀ ਹੈ। ਇਹ ਗੱਲ ਹੋਰ ਹੈ ਕਿ ਇਹਨਾਂ ਸਕੂਲਾਂ ਦੇ ਬੱਚਿਆਂ ਨੂੰ ਸਾਲ ਬਾਅਦ ਅਗਲੀ ਜਮਾਤ ਵਿੱਚ ਜਰੂਰ ਭੇਜ ਦਿੱਤਾ ਜਾਂਦਾ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਭਾਰਤ ਦੇ ਸਰਕਾਰੀ ਸਕੂਲਾਂ ਵਿੱਚ ਦੂਜੀ ਤੋਂ ਤੀਜੀ ਜਮਾਤ ਵਿੱਚ ਪਹੁੰਚੇ ਵੱਡੀ ਗਿਣਤੀ ਬੱਚਿਆਂ ਨੂੰ ਆਪਣਾ ਨਾਮ ਤਕ ਸਹੀ ਤਰੀਕੇ ਨਾਲ ਪੜ੍ਹਨਾ ਨਹੀਂ ਆਉਂਦਾ।

ਸਰਕਾਰੀ ਸਕੂਲਾਂ ਵਿੱਚ ਸਿਖਿਆ ਦੇ ਡਿੱਗਦੇ ਪੱਧਰ ਲਈ ਸਰਕਾਰ ਤਾਂ ਜਿੰਮੇਵਾਰ ਹੈ ਹੀ, ਕੁਝ ਹੱਦ ਤਕ ਉਹ ਅਧਿਆਪਕ ਵੀ ਜਿੰਮੇਵਾਰ ਹਨ, ਜੋ ਸਮੇਂ ਤੇ ਸਕੂਲ ਆਉਣ ਦੀ ਥਾਂ ਫਰਲੋ ਮਾਰਦੇ ਹਨ ਜਾਂ ਫਿਰ ਸਰਕਾਰੀ ਨੌਕਰੀ ਕਰਨ ਦੇ ਨਾਲ ਆਪਣੇ ਘਰ ਨਿੱਜੀ ਸਕੂਲ ਜਾਂ ਟਿਊਸ਼ਨ ਸਂੈਟਰ ਚਲਾਉਂਦੇ ਹਨ। ਇਸ ਤੋਂ ਇਲਾਵਾ ਕੁੱਝ ਅਧਿਆਪਕ ਆਏ ਦਿਨ ਕਿਸੇ ਨਾ ਕਿਸੇ ਅਧਿਆਪਕ ਜਥੇਬੰਦੀ ਦੀ ਮੀਟਿੰਗ ਵਿੱਚ ਹਾਜਰੀਆਂ ਭਰਦੇ ਰਹਿੰਦੇ ਹਨ ਅਤੇ ਸਵਾਲ ਇਹ ਵੀ ਹੈ ਕਿ ਮੀਟਿੰਗਾਂ ਵਿੱਚ ਰੁਝੇ ਰਹਿਣ ਵਾਲੇ ਇਹ ਅਧਿਆਪਕ ਬੱਚਿਆਂ ਨੂੰ ਕਿਸ ਸਮੇਂ ਪੜਾਉਂਦੇ ਹੋਣਗੇ।

ਇਸ ਸਾਰੇ ਕੁੱਝ ਦਾ ਹੀ ਨਤੀਜਾ ਹੈ ਕਿ ਨਿੱਜੀ ਸਕੂਲਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਸਿੱਖਿਆ ਹੁਣ ਵਪਾਰ ਬਣ ਗਈ ਹੈ ਜਿਹੜੀ ਲਗਾਤਾਰ ਮਹਿੰਗੀ ਅਤੇ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ। ਜਦੋਂ ਤੋਂ ਸਿਖਿਆ ਦੇ ਖੇਤਰ ਵਿੱਚ ਨੌਕਰਸ਼ਾਹੀ ਦਾ ਗਲਬਾ ਵਧਿਆ ਹੈ, ਉਦੋਂ ਤੋਂ ਸਿਖਿਆ ਖੇਤਰ ਵਿੱਚ ਨਿਘਾਰ ਹੋਰ ਵੀ ਵੱਧ ਗਿਆ ਹੈ। ਇਸ ਸਭ ਵਿੱਚ ਸੁਧਾਰ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਵਾਸਤੇ ਸਰਕਾਰੀ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਿਆ ਜਾਣਾ ਚਾਹੀਦਾ ਹੈ ਅਤੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਹਾਜਰੀ ਨੂੰ ਯਕੀਣੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਵੀ ਚੰਗੀ ਅਤੇ ਮਿਆਰੀ ਸਿਖਿਆ ਹਾਸਿਲ ਹੋਵੇ ਅਤੇ ਉਹ ਵੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵਾਂਗ ਚੰਗੀ ਸਿਖਿਆ ਹਾਸਿਲ ਕਰਨ।

Continue Reading

Editorial

ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਪੀ ਜੀ ਦੇ ਨਾਮ ਤੇ ਚਲਦੇ ਕਾਰੋਬਾਰ ਤੇ ਸਖਤੀ ਨਾਲ ਕਾਬੂ ਕਰੇ ਪ੍ਰਸ਼ਾਸ਼ਨ

Published

on

By

 

 

 

ਪਿਛਲੇ ਕਈ ਸਾਲਾਂ ਤੋਂ ਸਾਡੇ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਪੀ ਜੀ ਕੇਂਦਰ ਚਲਾਉਣ ਦੇ ਨਾਮ ਤੇ ਸੂਬੇ ਅਤੇ ਦੇਸ਼ ਦੇ ਹੋਰਨਾਂ ਖੇਤਰਾਂ ਤੋਂ ਇੱਥੇ ਰਹਿਣ ਲਈ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਰਿਹਾਇਸ਼ ਦੀ ਸੁਵਿਧਾ ਮੁਹਈਆ ਕਰਵਾਉਣ ਦਾ ਕਾਰੋਬਾਰ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਚਲਦਾ ਆ ਰਿਹਾ ਹੈ। ਪੀ ਜੀ ਕੇਂਦਰ ਚਲਾਉਣ ਵਾਲੇ ਲੋਕਾਂ ਵਲੋਂ ਪੀ ਜੀ ਦੇ ਨਾਮ ਤੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚਲੇ ਰਿਹਾਇਸ਼ੀ ਖੇਤਰਾਂ ਵਿੱਚ ਕੋਠੀਆਂ ਕਿਰਾਏ ਤੇ ਲੈ ਲਈਆਂ ਜਾਂਦੀਆਂ ਹਨ ਅਤੇ ਫਿਰ ਇਹਨਾਂ ਕੋਠੀਆਂ ਵਿਚਲੇ ਕਮਰਿਆਂ ਦੀ ਸਮਰਥਾ ਅਨੁਸਾਰ ਉਹਨਾਂ ਵਿੱਚ ਬੈਡ ਆਦਿ ਲਗਾ ਕੇ ਸ਼ਹਿਰ ਵਿੱਚ ਬਾਹਰੋਂ ਆ ਕੇ ਰਹਿਣ ਵਾਲੇ ਲੋਕਾਂ ਨੂੰ ਸਸਤੀ ਰਿਹਾਇਸ਼ ਮੁਹਈਆ ਕਰਵਾਉਣ ਦਾ ਕਾਰੋਬਾਰ ਚਲਾਇਆ ਜਾਂਦਾ ਹੈ, ਜਿਹੜਾ ਅਸੂਲਨ ਰਿਹਾਇਸ਼ੀ ਘਰਾਂ ਵਿੱਚ ਚਲਾਇਆ ਹੀ ਨਹੀਂ ਜਾ ਸਕਦਾ।

ਇਹਨਾਂ ਲੋਕਾਂ ਵਲੋਂ ਪੀ ਜੀ ਨਾਮ ਤੇ ਸ਼ਹਿਰ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਠਾਹਰ ਦਾ ਜਿਹੜਾ ਕਾਰੋਬਾਰ ਚਲਾਇਆ ਜਾਂਦਾ ਹੈ, ਉਸ ਵਿੱਚ ਬਾਹਰੋਂ ਆ ਕੇ ਠਹਿਰਨ ਵਾਲੇ ਵਿਅਕਤੀਆਂ ਲਈ ਨਾ ਤਾਂ ਕੋਈ ਨਿਯਮ ਕਾਇਦਾ ਤੈਅ ਕੀਤਾ ਜਾਂਦਾ ਹੈ ਅਤੇ ਨਾ ਹੀ ਆਸ ਪੜੌਸ ਦੇ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ। ਇਸ ਵਿੱਚ ਫਰਕ ਸਿਰਫ ਇੰਨਾ ਹੈ ਕਿ ਜਿੱਥੇ ਕਿਸੇ ਆਮ ਲਾਜ ਜਾਂ ਹੋਟਲ ਵਿੱਚ ਕੋਈ ਵਿਅਕਤੀ ਦੋ ਚਾਰ ਦਿਨ ਲਈ ਠਹਿਰਦਾ ਹੈ ਉੱਥੇ ਇਹਨਾਂ ਪੀ ਜੀ ਘਰਾਂ ਵਿੱਚ ਲੋਕ ਮਹੀਨਿਆਂ ਜਾਂ ਸਾਲਾਂ ਬੱਧੀ ਰਹਿਣ ਲਈ ਆਉਂਦੇ ਹਨ ਅਤੇ ਇਸ ਕਾਰਨ ਆਮ ਲੋਕਾਂ ਨੂੰ ਲਗਾਤਾਰ ਪਰੇਸ਼ਾਨੀ ਸਹਿਣ ਲਈ ਮਜਬੂਰ ਹੋਣਾ ਪੈਂਦਾ ਹੈ।

ਪੀ ਜੀ ਕੇਂਦਰਾਂ ਦੇ ਸੰਚਾਲਕਾਂ ਵਲੋਂ ਕੋਠੀਆਂ ਕਿਰਾਏ ਤੇ ਲੈਣ ਵੇਲੇ ਜਾਇਦਾਦ ਮਾਲਕ ਨੂੰ ਆਮ ਨਾਲੋਂ ਥੋੜ੍ਹਾ ਵੱਧ ਕਿਰਾਇਆ ਅਦਾ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਇਸ ਲਈ ਉਹ ਲੋਕ ਜਿਹਨਾਂ ਨੇ ਸਿਰਫ ਕਿਰਾਏ ਤੇ ਦੇਣ ਲਈ ਹੀ ਜਾਇਦਾਦ ਬਣਾਈ ਹੁੰਦੀ ਹੈ, ਬੜੀ ਆਸਾਨੀ ਨਾਲ ਪੀ ਜੀ ਚਲਾਉਣ ਵਾਸਤੇ ਆਪਣੀ ਜਾਇਦਾਦ ਕਿਰਾਏ ਤੇ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਪੀ ਜੀ ਚਲਾਉਣ ਵਾਲਿਆਂ ਨੂੰ ਬੜੀ ਆਸਾਨੀ ਨਾਲ ਆਪਣੀਆਂ ਮਨਪਸੰਦ ਕੋਠੀਆਂ ਹਾਸਿਲ ਹੋ ਜਾਂਦੀਆਂ ਹਨ। ਪੀ ਜੀ ਕੇਂਦਰਾਂ ਦੇ ਇਹਨਾਂ ਸੰਚਾਲਕਾਂ ਵਲੋਂ ਬਾਹਰੋਂ ਆ ਕੇ ਰਹਿਣ ਵਾਲੇ ਲੋਕਾਂ ਨੂੰ ਵੀ ਲੋੜੀਂਦੀਆਂ ਸਹੂਲਤਾਂ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ ਅਤੇ ਵੱਧ ਕਮਾਈ ਦੇ ਲਾਲਚ ਵਿੱਚ ਇੱਕ ਕਮਰੇ ਵਿੱਚ ਚਾਰ ਤੋਂ ਪੰਜ ਤਕ ਮੰਜੇ ਲਗਾ ਕੇ ਉੱਥੇ ਸਮਰਥਾ ਤੋਂ ਵੱਧ ਵਿਅਕਤੀਆਂ ਨੂੰ ਰੱਖ ਲਿਆ ਜਾਂਦਾ ਹੈ। ਇਹਨਾਂ ਪੀ ਜੀ ਕੇਂਦਰਾਂ ਵਿੱਚ ਰਹਿਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦੇ ਵਾਹਨਾਂ ਦੀ ਪਾਰਕਿੰਗ ਦਾ ਵੀ ਕੋਈ ਲੋੜੀਂਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਿਸ ਕਾਰਨ ਆਸ ਪੜੌਸ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ।

ਜਿੱਥੋਂ ਤਕ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਹੈ ਤਾਂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੁੱਝ ਵੀ ਨਹੀਂ ਕੀਤਾ ਜਾਂਦਾ ਅਤੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਕਿਰਾਏ ਤੇ ਕੋਠੀਆਂ ਲੈ ਕੇ ਆਪਣੇ ਪੀ ਜੀ ਕੇਂਦਰ ਚਲਾਉਣ ਵਾਲੇ ਲੋਕਾਂ ਉੱਪਰ ਪ੍ਰਸ਼ਾਸ਼ਨ ਦਾ ਕੋਈ ਕਾਬੂ ਨਹੀਂ ਹੈ। ਪ੍ਰਸ਼ਾਸ਼ਨ ਦੀ ਹਾਲਤ ਤਾਂ ਇਹ ਹੈ ਕਿ ਉਸ ਕੋਲ ਇਸ ਗੱਲ ਦੀ ਪੂਰੀ ਜਾਣਕਾਰੀ ਤਕ ਨਹੀਂ ਹੈ ਕਿ ਸ਼ਹਿਰ ਵਿੱਚ ਅਜਿਹੇ ਕਿੰਨੇ ਵਿਅਕਤੀਆਂ ਵਲੋਂ ਇਸ ਤਰੀਕੇ ਨਾਲ ਕੋਠੀਆਂ ਕਿਰਾਏ ਤੇ ਲੈ ਕੇ ਪੀ ਜੀ ਚਲਾਉਣ ਦਾ ਇਹ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਹਨਾਂ ਪੀ ਜੀ ਘਰਾਂ ਦੇ ਸੰਚਾਲਕਾਂ ਵਲੋਂ ਕੀਤੀਆਂ ਜਾਂਦੀਆਂ ਮਨਮਾਨੀਆਂ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ।

ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਖੁੰਬਾਂ ਵਾਂਗ ਪੁੰਗਰੇ ਇਹਨਾਂ ਪੀ ਜੀ ਕੇਂਦਰਾਂ ਦੀ ਸਮੱਸਿਆ ਦੇ ਹਲ ਲਈ ਇਹ ਜਰੂਰੀ ਹੈ ਕਿ ਅਣਅਧਿਕਾਰਤ ਤੌਰ ਤੇ ਚਲਦੇ ਇਹਨਾਂ ਪੀ ਜੀ ਘਰਾਂ ਤੇ ਲਗਾਮ ਕਸੀ ਜਾਵੇ ਅਤੇ ਇਹਨਾਂ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ। ਇਹਨਾਂ ਪੀ ਜੀ ਕੇਂਦਰਾਂ ਕਾਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਇਸਤੇ ਕਾਬੂ ਕੀਤਾ ਜਾਣਾ ਬਹੁਤ ਜਰੂਰੀ ਹੈ ਇਸ ਲਈ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਿਲ ਹੋਵੇ।

 

Continue Reading

Editorial

ਜ਼ਿਮਨੀ ਚੋਣਾਂ : ਠੰਡ ਦੇ ਬਾਵਜੂਦ ਚੋਣ ਪ੍ਰਚਾਰ ਵਿੱਚ ਆਈ ਗਰਮੀ

Published

on

By

 

 

ਜਿਵੇਂ ਜਿਵੇਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ (ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ) ਵਿੱਚ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ, ਉਵੇਂ ਹੀ ਇਹਨਾਂ ਹਲਕਿਆਂ ਵਿੱਚ ਹੋ ਰਹੇ ਚੋਣ ਪ੍ਰਚਾਰ ਵੀ ਜੋਰ ਫੜ ਰਿਹਾ ਹੈ। ਭਾਵੇਂ ਕਿ ਅਕਾਲੀ ਦਲ ਇਹਨਾਂ ਚੋਣਾਂ ਤੋਂ ਬਾਹਰ ਹੈ, ਪਰ ਚੋਣ ਲੜ ਰਹੀਆਂ ਸਿਆਸੀ ਧਿਰਾਂ ਪੁੂਰੀ ਤਰਾਂ ਇਹਨਾਂ ਚੋਣਾਂ ਨੂੰ ਜਿੱਤਣ ਲਈ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ ਅਤੇ ਖਰਾਬ ਮੌਸਮ ਦੇ ਬਾਵਜੂਦ ਚਾਰੇ ਹਲਕਿਆਂ ਵਿੱਚ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਆਮ ਲੋਕਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ।

ਉਮੀਦਵਾਰਾਂ ਵੱਲੋਂ ਘਰ ਘਰ ਜਾ ਕੇ ਵੀ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਉਮੀਦਵਾਰਾਂ ਵੱਲੋਂ ਆਮ ਲੋਕਾਂ ਦੇ ਕੰਮ ਕਰਵਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਤਾਂ ਕਿ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ।

ਇਸ ਦੌਰਾਨ ਇਹਨਾਂ ਸਾਰੇ ਹੀ ਹਲਕਿਆਂ ਵਿੱਚ ਚੋਣ ਲੜ ਰਹੀਆਂ ਸਾਰੀਆਂ ਧਿਰਾਂ ਵੱਲੋਂ ਭਾਵੇਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਵੋਟਰਾਂ ਦਾ ਰੁਝਾਨ ਵੇਖ ਕੇ ਲੱਗਦਾ ਹੈ ਕਿ ਅਜੇ ਤਕ ਇਹਨਾਂ ਹਲਕਿਆਂ ਵਿੱਚ ਕਿਸੇ ਵੀ ਪਾਰਟੀ ਦੇ ਹੱਕ ਵਿਚ ਹਵਾ ਨਹੀਂ ਚੱਲੀ ਹੈ ਅਤੇ ਵੋਟਰ ਵੀ ਕਿਸੇ ਇੱਕ ਉਮੀਦਵਾਰ ਦੀ ਥਾਂ ਸਾਰੇ ਹੀ ਉਮੀਦਵਾਰਾਂ ਨੂੰ ਹੁੰਗਾਰਾ ਭਰਦੇ ਦਿਖ ਰਹੇ ਹਨ, ਜਿਸ ਕਰਕੇ ਸਿਆਸੀ ਮਾਹਿਰਾਂ ਲਈ ਉਮੀਦਵਾਰਾਂ ਦੀ ਜਿੱਤ ਹਾਰ ਸਬੰਧੀ ਅੰਦਾਜੇ ਲਗਾਉਣੇ ਔਖੇ ਹੋ ਗਏ ਹਨ। ਵੱਖ ਵੱਖ ਪੰਜਾਬੀ ਨਿਊਜ ਚੈਨਲਾਂ ਤੇ ਵੀ ਬਹਿਸ ਕਰ ਰਹੇ ਵਿਦਵਾਨ ਜਾਂ ਰਾਜਨੀਤੀ ਮਾਹਿਰ ਸਿਰਫ ਆਪਣੇ ਪਸੰਦੀਦਾ ਉਮੀਦਵਾਰਾਂ ਜਾਂ ਫਿਰ ਚੈਨਲ ਵਲੋਂ ਜਿਸ ਸਿਆਸੀ ਪਾਰਟੀ ਦਾ ਸਮਰਥਣ ਕੀਤਾ ਜਾਂਦਾ ਹੈ, ਉਸਦੇ ਉਮੀਦਵਾਰ ਦੀ ਹੀ ਜਿੱਤ ਦੇ ਦਾਅਵੇ ਕਰ ਰਹੇ ਹਨ।

ਇਸ ਦੌਰਾਨ ਜਿਥੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੀ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉਥੇ ਕਾਂਗਰਸ ਅਤੇ ਭਾਜਪਾ ਵੱਲੋਂ ਵੀ ਵੋਟਰਾਂ ਨਾਲ ਕਈ ਤਰਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤਾਂ ਆਪਣੇ ਹਲਕੇ ਦੇ ਵੋਟਰਾਂ ਨੂੰ ਨੌਕਰੀਆਂ ਦਿਵਾਉਣ ਦਾ ਵਾਅਦਾ ਵੀ ਕਰ ਰਹੇ ਹਨ, ਜਿਸ ਦੀ ਕਾਫੀ ਚਰਚਾ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਨੂੰ ਵੀ ਲੋਕਾਂ ਅੱਗੇ ਦਸਿਆ ਜਾ ਰਿਹਾ ਹੈ ਅਤੇ ਆਪ ਸਰਕਾਰ ਵੱਲੋਂ ਲੋਕਾਂ ਨੂੰ ਦਿਤੀ ਗਈ ਮੁਫਤ ਬਿਜਲੀ ਦੀ ਸਹੂਲਤ ਦਾ ਵੀ ਜਿਕਰ ਕੀਤਾ ਜਾ ਰਿਹਾ ਹੈ। ਭਾਵੇਂ ਕਿ ਇਹ ਮੁਫਤ ਸਹੂਲਤ 300 ਯੂਨਿਟ ਪ੍ਰਤੀ ਮਹੀਨਾ ਦਿਤੀ ਗਈ ਹੈ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਹੂਲਤ ਨਾਲ ਵੱਡੀ ਗਿਣਤੀ ਲੋਕਾਂ ਦੇ ਬਿਜਲੀ ਬਿਲ ਸਿਫਰ ਆਉਣ ਲੱਗ ਪਏ ਹਨ।

ਇਹਨਾਂ ਹਲਕਿਆਂ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਵਿੱਚ ਸਿਰ ਧੜ ਦੀ ਬਾਜੀ ਲੱਗ ਗਈ ਹੈ। ਆਉਣ ਵਾਲੇ ਦਿਨਾਂ ਦੌਰਾਨ ਚੋਣ ਸਥਿਤੀ ਹੋਰ ਸਪਸ਼ਟ ਹੋਣ ਦੇ ਆਸਾਰ ਹਨ।

ਬਿਊਰੋ

 

Continue Reading

Editorial

ਸਭ ਤੋਂ ਪਹਿਲਾਂ ਸਿਹਤ ਜਰੂਰੀ ਐ…

Published

on

By

 

 

ਪੰਜਾਬੀਆਂ ਵਿੱਚ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦਾ ਰੁਝਾਨ ਵਧਿਆ

ਪੰਜਾਬ ਅਤੇ ਇਸ ਗੁਆਂਢੀ ਸੂਬਿਆਂ ਵਿੱਚ ਅੱਜ ਕੱਲ ਮੌਸਮ ਸਾਫ ਨਹੀਂ ਹੈ ਅਤੇ ਦਿਨ ਵੇਲੇ ਹੀ ਧੂੰਏਂ ਭਰੀ ਧੁੰਦ ਦੀ ਚਾਦਰ ਛਾ ਜਾਂਦੀ ਹੈ। ਇਸ ਦੇ ਨਾਲ ਹੀ ਠੰਡ ਵੀ ਪੈਣੀ ਸ਼ੁਰੂ ਹੋ ਗਈ ਹੈ। ਬਰਸਾਤ ਨਾ ਪੈਣ ਕਾਰਨ ਅਜੇ ਸੁੱਕੀ ਠੰਡ ਹੀ ਪੈ ਰਹੀ ਹੈ, ਜਿਸ ਕਰਕੇ ਵੱਡੀ ਗਿਣਤੀ ਲੋਕ ਜਰੂਰੀ ਕੰਮਾਂ ਲਈ ਹੀ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ।

ਅਜਿਹੇ ਖਤਰਨਾਕ ਮੌਸਮ ਦੇ ਬਾਵਜੂਦ ਸਿਰਫ ਖਿਡਾਰੀ, ਖੇਡ ਪ੍ਰੇਮੀ, ਸੈਰ ਤੇ ਯੋਗਾ ਕਰਨ ਵਾਲੇ ਲੋਕ ਹੀ ਹਨ ਜੋ ਕਿ ਮੌਸਮ ਦੀ ਪਰਵਾਹ ਕੀਤੇ ਬਿਨਾਂ ਰੋਜਾਨਾ ਆਪਣੀ ਪ੍ਰੈਕਟਿਸ ਕਰਦੇ ਹਨ। ਮੁਹਾਲੀ ਦੇ ਵੱਖ ਵੱਖ ਪਾਰਕਾਂ ਵਿੱਚ ਵੀ ਸਵੇਰ ਵੇਲੇ ਯੋਗਾ ਕਰਦੇ ਲੋਕ ਵੇਖੇ ਜਾਂਦੇ ਹਨ ਅਤੇ ਕੁਝ ਪਾਰਕਾਂ ਵਿੱਚ ਪੰਜਾਬ ਸਰਕਾਰ ਵੱਲੋਂ ਯੋਗਾ ਟ੍ਰੈਨਰਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।

ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਵੱਡੀ ਗਿਣਤੀ ਲੋਕ ਆਪਣੀ ਸਿਹਤ ਬਣਾਉਣ ਅਤੇ ਤੰਦਰੂੁਸਤ ਰਹਿਣ ਲਈ ਸੁਚੇਤ ਹੋ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਹੁਣ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲੱਗ ਪਏ ਹਨ, ਜੋ ਕਿ ਪੰਜਾਬ ਦੇ ਖੇਡ ਜਗਤ ਲਈ ਚੰਗੀ ਖ਼ਬਰ ਹੈ।

ਪੰਜਾਬ ਦੇ ਖਿਡਾਰੀਆਂ ਅਤੇ ਖਿਡਾਰਨਾਂ ਵਲੋਂ ਅਕਸਰ ਇਹ ਗਿਲਾ ਸ਼ਿਕਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਅੰਤਰਰਾਸ਼ਟਰੀ ਪੱਧਰ ਤੇ ਅਹਿਮ ਪ੍ਰਾਪਤੀਆਂ ਕਰਨ ਦੇ ਬਾਵਜੂਦ ਸੂਬੇ ਦੀ ਸੱਤਾ ਸੰਭਾਲ ਰਹੀਆਂ ਸਮੇਂ ਦੀਆਂ ਸਰਕਾਰਾਂ ਵਲੋਂ ਬਣਦਾ ਇਨਾਮ ਅਤੇ ਮਾਣ ਸਨਮਾਣ ਨਹੀਂ ਦਿੱਤਾ ਜਾਂਦਾ ਅਤੇ ਕਈ ਵਾਰ ਤਗਮਾ ਜੇਤੂ ਖਿਡਾਰੀ ਤੇ ਖਿਡਾਰਨਾਂ ਸ਼ਹੀਦਾਂ ਦੇ ਬੁੱਤਾਂ ਵਾਂਗੂੰ ਫੁੱਲਾਂ ਦੇ ਹਾਰਾਂ ਜੋਗੇ ਰਹਿ ਜਾਂਦੇ ਹਨ। ਪਰ ਹੁਣ ਪੰਜਾਬ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੀ ਆਸ ਨੂੰ ਬੂਰ ਪੈਣ ਲੱਗ ਪਿਆ ਹੈ ਅਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਅਨੇਕਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਸ ਕਰਕੇ ਪੰਜਾਬ ਦੇ ਖਿਡਾਰੀਆਂ ਵਿੱਚ ਉਤਸਾਹ ਵਧਿਆ ਹੈ।

ਖੇਡਾਂ ਦੇ ਇਤਿਹਾਸ ਦੇ ਪੰਨੇ ਫਰੋਲਦਿਆਂ ਸਾਨੂੰ ਪਤਾ ਚਲਦਾ ਹੈ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਸਾਡੇ ਮੁਲਕ ਦੇ ਖੇਡ ਜਗਤ ਵਿੱਚ ਪੰਜਾਬ ਦੀ ਪੂਰੀ ਸਰਦਾਰੀ ਹੁੰਦੀ ਸੀ, ਇਥੋਂ ਤਕ ਕਿ ਭਾਰਤ ਦੀ ਹਾਕੀ ਟੀਮ ਵਿੱਚ ਪੰਜਾਬੀ ਖਿਡਾਰੀਆਂ ਦੀ ਭਰਮਾਰ ਹੁੰਦੀ ਸੀ। ਇਸ ਤੋਂ ਇਲਾਵਾ ਹੋਰਨਾਂ ਖੇਡਾਂ ਵਿੱਚ ਵੀ ਪੰਜਾਬੀ ਖਿਡਾਰੀ ਤੇ ਖਿਡਾਰਨਾਂ ਅਹਿਮ ਪ੍ਰਾਪਤੀਆਂ ਪ੍ਰਾਪਤ ਕਰਦੇ ਸਨ।

ਫਿਰ ਪਤਾ ਨਹੀਂ ਕੀ ਹੋਇਆ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਲਗਾਤਾਰ ਪਿਛੜਦਾ ਗਿਆ। ਪੰਜਾਬ ਵਿਚ ਲੰਬਾ ਸਮਾਂ ਰਹੇ ਅੱਤਵਾਦ ਦੇ ਸਮੇਂ ਵੀ ਪੰਜਾਬ ਦਾ ਖੇਡ ਜਗਤ ਕਾਫੀ ਪਿੱਛੇ ਰਹਿ ਗਿਆ। ਉਸ ਤੋਂ ਬਾਅਦ ਪੰਜਾਬ ਵਿੱਚ ਬਣੀਆਂ ਵੱਖ ਵੱਖ ਸਰਕਾਰਾਂ ਵਲੋਂ ਵੀ ਪੰਜਾਬ ਦੇ ਖੇਡ ਜਗਤ ਵੱਲ ਲੋੜੀਂਦਾ ਅਤੇ ਵਿਸ਼ੇਸ਼ ਧਿਆਨ ਨਾ ਦਿਤੇ ਜਾਣ ਕਰਕੇ ਪੰਜਾਬ ਖੇਡਾਂ ਦੇ ਖੇਤਰ ਵਿੱਚ ਦਿਨੋਂ ਦਿਨ ਪਿਛੜਦਾ ਰਿਹਾ। ਦੂਜੇ ਪਾਸੇ ਪੰਜਾਬ ਦੇ ਕਈ ਖਿਡਾਰੀ ਸਖਤ ਮਿਹਨਤ ਕਰਕੇ ਜੇ ਅੰਤਰਰਾਸ਼ਟਰੀ ਪੱਧਰ ਤੇ ਤਗਮੇ ਜਿੱਤਦੇ ਵੀ ਸਨ ਤਾਂ ਇਹਨਾਂ ਖਿਡਾਰੀਆਂ ਤੇ ਖਿਡਾਰਨਾਂ ਦਾ ਸ਼ਿਕਵਾ ਹੁੰਦਾ ਸੀ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਬਣਦਾ ਇਨਾਮ ਅਤੇ ਮਾਣ ਸਤਿਕਾਰ ਨਹੀਂ ਦਿਤਾ ਜਾ ਰਿਹਾ। ਇਸੇ ਕਾਰਨ ਪੰਜਾਬ ਦੇ ਵੱਡੀ ਗਿਣਤੀ ਖਿਡਾਰੀ ਜਾਂ ਤਾਂ ਖੇਡਾਂ ਤੋਂ ਦੂਰ ਹੋ ਗਏ ਜਾਂ ਹੋਰਨਾਂ ਸੂੁਬਿਆਂ ਵਲੋਂ ਖੇਡਣ ਨੂੰ ਤਰਜੀਹ ਦੇਣ ਲੱਗੇ, ਜਿਸ ਦਾ ਨੁਕਸਾਨ ਪੰਜਾਬ ਦੇ ਖੇਡ ਜਗਤ ਨੂੰ ਹੋਇਆ।

ਹੁਣ ਪੰਜਾਬ ਸਰਕਾਰ, ਸਾਬਕਾ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਖੇਡਾਂ ਪ੍ਰਤੀ ਵਿਸ਼ੇਸ਼ ਧਿਆਨ ਦਿਤੇ ਜਾਣ ਅਤੇ ਖਿਡਾਰੀਆਂ ਨੂੰ ਬਣਦੇ ਮੌਕੇ ਅਤੇ ਚੰਗਾ ਮਾਣ ਸਤਿਕਾਰ ਦੇਣ ਨਾਲ ਪੰਜਾਬ ਦੇ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿਸਾ ਲੈਣ ਲਈ ਪ੍ਰੇਰਿਤ ਕਰਨ ਦਾ ਰੁਝਾਨ ਵਧਿਆ ਹੈ। ਅਕਸਰ ਵੱਖ ਵੱਖ ਸ਼ਹਿਰਾਂ ਦੇ ਪਾਰਕਾਂ ਵਿੱਚ ਵੇਖਿਆ ਜਾਂਦਾ ਹੈ ਕਿ ਇਕ ਪਾਸੇ ਬਜੁਰਗ ਅਤੇ ਅੱਧਖੜ ਉਮਰ ਦੇ ਲੋਕ ਯੋਗਾ ਕਰ ਰਹੇ ਹਨ, ਉਥੇ ਦੂਜੇ ਪਾਸੇ ਉਹਨਾਂ ਦੇ ਬੱਚੇ ਪਾਰਕਾਂ ਵਿੱਚ ਬਣੇ ਓਪਨ ਜਿੰਮਾ ਵਿੱਚ ਕਸਰਤ ਕਰ ਰਹੇ ਹੁੰਦੇ ਹਨ ਜਾਂ ਦੌੜ ਜਾਂ ਤੇਜ ਚਾਲ ਕਰ ਰਹੇ ਹੁੰਦੇ ਹਨ। ਇਸ ਤੋਂ ਇਲਾਵਾ ਵੱਖ ਵੱਖ ਖੇਡ ਮੈਦਾਨਾਂ ਵਿੱਚ ਵੀ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨੂੰ ਪੰਜਾਬ ਦੇ ਖੇਡ ਜਗਤ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ।

ਬਿਊਰੋ

Continue Reading

Latest News

Trending