Chandigarh
ਪੰਜਾਬ ਪੁਲੀਸ ਵੱਲੋਂ 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ
ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ
ਚੰਡੀਗੜ੍ਹ, 2 ਜੁਲਾਈ (ਸ.ਬ.) ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਖੇਮਕਰਨ ਦੇ ਲਖਵਿੰਦਰ ਸਿੰਘ ਉਰਫ਼ ਲੱਖਾ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਹੈਰੋਇਨ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲੀਸ ਟੀਮਾਂ ਨੇ ਕਾਬੂ ਕੀਤੇ ਗਏ ਵਿਅਕਤੀ ਦਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਲਖਵਿੰਦਰ ਲੱਖਾ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਅਲੀ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਨਸ਼ਾ ਤਸਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਉਪਬੰਧਾਂ ਅਨੁਸਾਰ ਗਜ਼ਟਿਡ ਅਫਸਰ ਦੀ ਮੌਜੂਦਗੀ ਵਿੱਚ ਸਮੁੱਚੀ ਤਲਾਸ਼ੀ ਅਤੇ ਬਰਾਮਦਗੀ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਟੀਮਾਂ ਨੂੰ ਠੋਸ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਲਖਵਿੰਦਰ ਲੱਖਾ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਹਾਸਲ ਕੀਤੀ ਹੈ ਅਤੇ ਇਸ ਨੂੰ ਖੇਮਕਰਨ ਤੋਂ ਅੰਮ੍ਰਿਤਸਰ ਡਲਿਵਰ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਏ ਡੀ ਸੀ ਪੀ ਸਿਟੀ-2 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਸੀ ਆਈ ਏ-2 ਦੀਆਂ ਪੁਲੀਸ ਟੀਮਾਂ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਖੇਮਕਰਨ ਦੇ ਇਲਾਕੇ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
Chandigarh
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਭਲਕੇ ਹੋਣ ਵਾਲੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ : ਸਿਬਿਨ ਸੀ
ਗਿਣਤੀ ਕੇਂਦਰਾਂ ਦੁਆਲੇ ਕਾਇਮ ਕੀਤੀ ਗਈ ਤਿੰਨ ਪਰਤੀ ਸੁਰੱਖਿਆ ਵਿਵਸਥਾ
ਚੰਡੀਗੜ੍ਹ, 22 ਨਵੰਬਰ (ਸ.ਬ.) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਦੀ ਭਲਕੇ ਹੋਣ ਵਾਲੀ ਗਿਣਤੀ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣ ਅਧਿਕਾਰੀ ਨੇ ਦੱਸਿਆ ਕਿ 23 ਨਵੰਬਰ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ। ਉਹਨਾਂ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਤਿੰਨਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ ਜਿਸ ਲਈ ਪੰਜਾਬ ਪੁਲੀਸ ਦੇ ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਇਸ ਵਾਰ ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 11, ਚੱਬੇਵਾਲ (ਐਸ ਸੀ) ਵਿੱਚ 6, ਗਿੱਦੜਬਾਹਾ ਹਲਕੇ ਵਿੱਚ 14 ਅਤੇ ਬਰਨਾਲਾ ਹਲਕੇ ਵਿੱਚ 14 ਉਮੀਦਵਾਰ ਸਨ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ, ਚੱਬੇਵਾਲ ਵਿੱਚ 53.43 ਫੀਸਦੀ, ਗਿੱਦੜਬਾਹਾ 81.90 ਫੀਸਦੀ ਅਤੇ ਬਰਨਾਲਾ ਹਲਕੇ ਵਿੱਚ 14 ਉਮੀਦਵਾਰਾਂ ਵਿੱਚ ਮੁਕਾਬਲਾ ਰਿਹਾ। ਇਸ ਹਲਕੇ ਵਿੱਚ 56.34 ਫੀਸਦੀ ਵੋਟਿੰਗ ਹੋਈ ਸੀ।
ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਹੈ। ਡੇਰਾ ਬਾਬਾ ਨਾਨਕ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ, ਇੰਜੀਨੀਅਰਿੰਗ ਵਿੰਗ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ, ਚੱਬੇਵਾਲ ਦੀਆਂ ਵੋਟਾਂ ਦੀ ਗਿਣਤੀ ਜਿਮ ਹਾਲ, ਐਜੂਕੇਸ਼ਨ ਬਲਾਕ, ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ, ਗਿੱਦੜਬਾਹਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿਖੇ 13 ਰਾਊਂਡਾਂ ਵਿੱਚ ਅਤੇ ਬਰਨਾਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਐੱਸ ਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ।
Chandigarh
ਪੰਜਾਬ ਪੁਲੀਸ ਨੇ ਜਲੰਧਰ ਵਿੱਚ ਲੰਡਾ ਗੈਂਗ ਦੇ ਦੋ ਗੈਂਗਸਟਰ ਕਾਬੂ ਕੀਤੇ : ਡੀ.ਜੀ.ਪੀ. ਗੌਰਵ ਯਾਦਵ
ਜ਼ਬਰਦਸਤ ਗੋਲੀਬਾਰੀ ਪਿੱਛੋਂ ਗ੍ਰਿਫਤਾਰ ਕੀਤੇ ਦੋਵੇਂ ਵਿਅਕਤੀ, ਮੁੱਠਭੇੜ ਦੌਰਾਨ ਅਤੇ ਦੋ ਪੁਲੀਸ ਅਧਿਕਾਰੀ ਜਖ਼ਮੀ, 7 ਹਥਿਆਰ ਬਰਾਮਦ
ਚੰਡੀਗੜ੍ਹ, 22 ਨਵੰਬਰ (ਸ.ਬ.) ਜਲੰਧਰ ਕਮਿਸ਼ਨਰੇਟ ਪੁਲੀਸ ਨੇ ਜਲੰਧਰ ਦੇ ਪਿੰਡ ਫੋਲਰੀਵਾਲ ਦੇ ਬਾਹਰਵਾਰ ਇੱਕ ਜ਼ਬਰਦਸਤ ਮੁੱਠਭੇੜ ਤੋਂ ਬਾਅਦ ਕਥਿਤ ਲੰਡਾ ਗਿਰੋਹ ਦੇ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਗੈਂਗਸਟਰਾਂ ਦੇ ਕਬਜ਼ੇ ਵਿੱਚੋਂ 7 ਹਥਿਆਰਾਂ ਸਮੇਤ ਛੇ ਮੈਗਜ਼ੀਨਾਂ ਅਤੇ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀ ਜੀ ਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਸਕਰਨ ਉਰਫ ਕਰਨ ਵਾਸੀ ਭੀਖਾ ਨੰਗਲ ਕਰਤਾਰਪੁਰ ਅਤੇ ਫਤਿਹਦੀਪ ਸਿੰਘ ਉਰਫ ਪ੍ਰਦੀਪ ਸੈਣੀ ਵਾਸੀ ਫਗਵਾੜਾ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੂੰ ਥਾਣਾ ਸਦਰ, ਜਲੰਧਰ ਵਿਖੇ ਦਰਜ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਜਲੰਧਰ ਕਮਿਸ਼ਨਰੇਟ ਖੇਤਰ ਵਿੱਚ ਲੰਡਾ ਗਿਰੋਹ ਨਾਲ ਸਬੰਧਤ ਅਪਰਾਧੀਆਂ ਦੀ ਮੌਜੂਦਗੀ ਬਾਰੇ ਖੁਫੀਆ ਇਤਲਾਹ ਮਿਲੀ ਸੀ, ਜਿਸ ਤੇ ਕਾਰਵਾਈ ਕਰਦਿਆਂ ਪੁਲੀਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਪੁਲੀਸ ਟੀਮਾਂ ਨੇ ਇੱਕ ਵਿਆਪਕ ਅਭਿਆਨ ਚਲਾਇਆ ਅਤੇ ਪਿੰਡ ਫੋਲਰੀਵਾਲ ਨੇੜੇ ਦੋਸ਼ੀਆਂ ਦਾ ਟਿਕਾਣਾ ਦਾ ਪਤਾ ਲਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਕਾਰਵਾਈ ਨੂੰ ਅੰਜਾਮ ਦੇਣ ਲਈ ਪੁਲੀਸ ਟੀਮਾਂ ਨੇ ਬੜੀ ਮੁਸ਼ੱਕਤ ਨਾਲ ਕਾਫ਼ੀ ਦੂਰ ਤੱਕ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਇਸੇ ਦੌਰਾਨ ਗੈਂਗਸਟਰਾਂ ਨੇ ਪਿੱਛਾ ਕਰ ਰਹੀਆਂ ਪੁਲੀਸ ਟੀਮਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਪੁਲੀਸ ਪਾਰਟੀਆਂ ਨੂੰ ਵੀ ਜਵਾਬੀ ਕਰਦਿਆਂ ਗੋਲੀ ਚਲਾਉਣੀ ਪਈ। ਇਸ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮਾਂ ਦੇ ਨਾਲ-ਨਾਲ ਦੋ ਪੁਲੀਸ ਅਧਿਕਾਰੀ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਆਪਰੇਸ਼ਨ ਦੌਰਾਨ ਦੋਵਾਂ ਪਾਸਿਆਂ ਤੋਂ 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ।
ਸੀ.ਪੀ. ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਜ਼ਬਰਨ ਵਸੂਲੀ, ਕਤਲ ਅਤੇ ਇਰਾਦਾ ਕਤਲ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗੈਂਗਸਟਰ ਸਿੱਧੇ ਤੌਰ ਤੇ ਲੰਡਾ ਦੇ ਸੰਪਰਕ ਵਿੱਚ ਸਨ ਅਤੇ ਆਪਣੇ ਵਿਰੋਧੀ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚ ਰਹੇ ਸਨ।
Chandigarh
ਮੁੱਖ ਮੰਤਰੀ ਨੇ ਵਰਧਮਾਨ ਸਟੀਲ ਗਰੁੱਪ ਨੂੰ 1750 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ
ਚੰਡੀਗੜ੍ਹ, 22 ਨਵੰਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਡ (ਵੀ ਐਸ ਐਸ ਐਲ) ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਖੇ ਵੀ. ਐਸ. ਐਸ. ਐਲ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਵੀ. ਐਸ. ਐਸ. ਐਲ. 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੂਬੇ ਦੇ 1500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ ਅਤੇ ਕੰਪਨੀ ਇਸ ਪਲਾਂਟ ਤੋਂ ਗਰੀਨ ਸਟੀਲ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਅਤੇ ਦੇਸ਼ ਲਈ ਵੱਡਾ ਮਾਲੀਆ ਪੈਦਾ ਕਰੇਗਾ ਕਿਉਂਕਿ ਵੱਖ-ਵੱਖ ਜਾਪਾਨੀ/ਯੂਰਪੀਅਨ ਕੰਪਨੀਆਂ ਨੂੰ ਕੁੱਲ ਉਤਪਾਦਨ ਦਾ 20 ਫੀਸਦੀ ਤੋਂ ਵੱਧ ਨਿਰਯਾਤ ਹੋਵੇਗਾ। ਉਹਨਾਂ ਕਿਹਾ ਕਿ ਵੀ ਐਸ ਐਸ ਐਲ ਵਿਸ਼ਵ ਭਰ ਵਿੱਚ ਨਾਮੀ ਕੰਪਨੀ ਹੈ ਅਤੇ ਇਸ ਵੱਕਾਰੀ ਕੰਪਨੀ ਵੱਲੋਂ ਸੂਬੇ ਵਿੱਚ ਕੀਤਾ ਗਿਆ ਵੱਡਾ ਨਿਵੇਸ਼ ਹੋਰ ਕੰਪਨੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀਆਂ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਸੂਬੇ ਵਿੱਚ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ, ਉੱਤਮ ਉਦਯੋਗਿਕ ਅਤੇ ਕਿਰਤ ਸੱਭਿਆਚਾਰ ਨਾਲ ਭਰਪੂਰ ਅਨੁਕੂਲ ਮਾਹੌਲ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉਭਰ ਰਹੇ ਸੂਬੇ ਵਿੱਚ ਨਿਵੇਸ਼ ਕਰਕੇ ਉੱਦਮੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਉੱਦਮਾਂ ਲਈ ਹਮੇਸ਼ਾ ਤਿਆਰ ਹੈ। ਇਸ ਮੌਕੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਹਾਜ਼ਰ ਸਨ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
ਮਿਰਜ਼ਾਪੁਰ ਵਿੱਚ ਟਰੱਕ ਅਤੇ ਟਰੈਕਟਰ ਦੀ ਟੱਕਰ ਦੌਰਾਨ 10 ਮਜ਼ਦੂਰਾਂ ਦੀ ਮੌਤ, 3 ਗੰਭੀਰ ਜ਼ਖਮੀ