Editorial
ਇਹ ਕਿਹੜੇ ਰਾਹ ਤੁਰ ਪਏ ਪੰਜਾਬ ਦੇ ਸਿਆਸੀ ਆਗੂ? ਸੂਬੇ ਦੀ ਸਿਆਸਤ ਵਿੱਚ ਵੀ ਬਣੇ ਆਇਆ ਰਾਮ, ਗਿਆ ਰਾਮ ਵਾਲੇ ਹਾਲਾਤ
ਸਿਆਸਤ ਵਿੱਚ ਕਦੋਂ ਕੀ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ ਪਰ ਪੰਜਾਬ ਦੀ ਸਿਆਸਤ ਵਿੱਚ ਅੱਜ ਕੱਲ ਕੁੱਝ ਦਿਲਚਸਪ ਗੱਲਾਂ ਹੋ ਰਹੀਆਂ ਹਨ। ਜਲੰਧਰ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਤੋਂ ਪਹਿਲਾਂ ਉਸ ਦੀ ਆਪਣੀ ਪਾਰਟੀ ਅਕਾਲੀ ਦਲ ਵੱਲੋਂ ਹਮਾਇਤ ਵਾਪਸ ਲੈ ਲਈ ਗਈ। ਇਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਪਰੰਤੂ ਫਿਰ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੇ ਮੁੜ ਘਰ ਵਾਪਸੀ ਕਰ ਲਈ ਅਤੇ ਵਾਪਸ ਅਕਾਲੀ ਦਲ ਵਿੱਚ ਆ ਗਏ। ਹਾਲਾਂਕਿ ਇੱਕ ਤੋਂ ਬਾਅਦ ਇੱਕ ਵਾਪਰੀਆਂ ਇਹਨਾਂ ਸਭ ਘਟਨਾਵਾਂ ਨੇ ਅਕਾਲੀ ਉਮੀਦਵਾਰ ਸੁਰਜੀਤ ਕੌਰ ਦੀ ਸਥਿਤੀ ਅਜੀਬ ਜਿਹੀ ਬਣਾ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਵੱਡੇ ਆਗੂ (ਅਤੇ ਵਿਧਾਇਕ) ਆਪਣੀਆਂ ਪਾਰਟੀਆਂ ਬਦਲ ਚੁੱਕੇ ਹਨ। ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਦਾ ਉਮੀਦਵਾਰ ਹੀ ਪਾਰਟੀ ਬਦਲ ਕੇ ਭਾਜਪਾ ਵਿੱਚ ਚਲਾ ਗਿਆ ਸੀ। ਹਾਲਾਂਕਿ ਆਮ ਆਦਮੀ ਪਾਰਟੀ ਵਿੱਚ ਜਾਣ ਤੋਂ ਪਹਿਲਾਂ ਵੀ ਉਹ ਕਿਸੇ ਹੋਰ ਪਾਰਟੀ ਵਿਚੋਂ ਆਇਆ ਸੀ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਲੋਕ ਸਭਾ ਚੋਣਾਂ ਦੌਰਾਨ ਕਈ ਵਾਰ ਵਾਪਰੀਆਂ ਹਨ। ਹੁਣ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਵਲੋਂ ਆਮ ਆਦਮੀ ਪਾਰਟੀ ਦੇ ਵਿਹੜੇ ਵਿੱਚ ਮਾਰੇ ਗਏ ਗੇੜੇ ਨੇ ਵੀ ਕਈ ਸਵਾਲ ਖੜੇ ਕਰ ਦਿੱਤੇ ਹਨ ਅਤੇ ਆਮ ਲੋਕ ਕਹਿਣ ਲੱਗ ਪਏ ਹਨ ਕਿ ਪੰਜਾਬ ਦੇ ਸਿਆਸੀ ਆਗੂ ਹੁਣ ਕਿਹੜੇ ਰਾਹ ਤੁਰ ਪਏ ਹਨ? ਮਾਹਿਰ ਵੀ ਕਹਿਣ ਲੱਗ ਗਏ ਹਨ ਕਿ ਪੰਜਾਬ ਦੀ ਸਿਆਸਤ ਵਿੱਚ ‘ਆਇਆ ਰਾਮ ਗਿਆ ਰਾਮ ‘ ਦਾ ਸ਼ੁਰੂ ਹੋਇਆ ਰੁਝਾਨ ਪੰਜਾਬ ਦੀ ਸਿਆਸਤ ਲਈ ਠੀਕ ਨਹਂੀਂ ਹੈ।
ਪੰਜਾਬ ਵਿੱਚ ਕੁਝ ਦਹਾਕੇ ਪਹਿਲਾਂ ਤਕ ਅਸੂਲਾਂ ਦੀ ਸਿਆਸਤ ਹੁੰਦੀ ਸੀ ਅਤੇ ਸਿਆਸੀ ਆਗੂ ਵੀ ਅਸੂਲਪ੍ਰਸਤ ਹੁੰਦੇ ਸਨ। ਉਸ ਸਮੇਂ ਪੰਜਾਬ ਦੇ ਸਿਆਸੀ ਆਗੂ ਹਮੇਸ਼ਾ ਆਪਣੀ ਮਾਂ ਪਾਰਟੀ ਨਾਲ ਜੁੜੇ ਰਹਿੰਦੇ ਸਨ ਅਤੇ ਜੇਕਰ ਪਾਰਟੀ ਪ੍ਰਤੀ ਉਹਨਾਂ ਦੀ ਕੋਈ ਨਾਰਜਗੀ ਹੁੰਦੀ ਸੀ ਤਾਂ ਵੀ ਉਹ ਕਿਸੇ ਹੋਰ ਪਾਰਟੀ ਵਿੱਚ ਜਾਣ ਦੀ ਥਾਂ ਚੁੱਪ ਕਰਕੇ ਘਰ ਬੈਠ ਜਾਂਦੇ ਸਨ। ਇਸ ਦੌਰਾਨ ਜੇਕਰ ਕੋਈ ਆਗੂ ਆਪਣੀ ਪਾਰਟੀ ਬਦਲਦਾ ਸੀ ਤਾਂ ਫਿਰ ਉਸੇ ਨਵੀਂ ਪਾਰਟੀ ਵਿੱਚ ਟਿਕਿਆ ਰਹਿੰਦਾ ਸੀ ਪਰ ਹੁਣ ਤਾਂ ਪੰਜਾਬ ਦੀ ਸਿਆਸਤ ਵਿਚ ਆਇਆ ਰਾਮ, ਗਿਆ ਰਾਮ ਵਾਲੀ ਹਾਲਤ ਹੋਣ ਲੱਗ ਪਈ ਹੈ, ਜਿਸ ਦੀ ਮਿਸਾਲ ਜਲੰਧਰ ਜ਼ਿਮਨੀ ਚੋਣ ਲੜ ਰਹੀ ਅਕਾਲੀ ਉਮੀਦਵਾਰ ਤੋਂ ਦਿੱਤੀ ਜਾ ਸਕਦੀ ਹੈ।
ਪੰਜਾਬ ਦੀ ਸਿਆਸਤ ਵਿੱਚ ਸਰਗਰਮ ਆਗੂਆਂ ਵਿੱਚ ਸਿਆਸੀ ਪਾਰਟੀਆਂ ਬਦਲਣ ਦਾ ਜਿਹੜਾ ਨਵਾਂ ਰੁਝਾਨ ਪੈਦਾ ਹੋਇਆ ਹੈ, ਉਸ ਨੂੰ ਪੰਜਾਬ ਦੀ ਸਿਆਸਤ ਲਈ ਚੰਗਾ ਨਹੀਂ ਕਿਹਾ ਜਾ ਸਕਦਾ। ਸਿਆਸੀ ਮਾਹਿਰ ਕਹਿਣ ਲੱਗ ਪਏ ਹਨ ਕਿ ਹੁਣ ਆਮ ਲੋਕਾਂ ਨੂੰ ਸਿਆਸੀ ਆਗੂਆਂ ਤੇ ਭਰੋਸਾ ਕਰਨਾ ਔਖਾ ਹੋ ਰਿਹਾ ਹੈ, ਕਿਉਂਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਸ ਆਗੂ ਜਾਂ ਉਮੀਦਵਾਰ ਨੂੰ ਉਹ ਵੋਟਾਂ ਪਾ ਰਹੇ ਹਨ, ਉਹ ਆਪਣੀ ਪਾਰਟੀ ਵਿਚ ਰਹੇਗਾ ਵੀ ਜਾਂ ਫਿਰ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਚਲਾ ਜਾਵੇਗਾ ਅਤੇ ਇਸ ਕਾਰਨ ਆਮ ਲੋਕਾਂ ਦਾ ਸਿਆਸੀ ਆਗੂਆਂ ਤੋਂ ਭਰੋਸਾ ਟੁੱਟਦਾ ਜਾ ਰਿਹਾ ਹੈ ਅਤੇ ਉਹਨਾਂ ਦੀ ਮੌਜੂਦਾ ਚੋਣ ਪ੍ਰਣਾਲੀ ਪ੍ਰਤੀ ਨਿਰਾਸ਼ਾ ਵੱਧ ਰਹੀ ਹੈ। ਇਹ ਵੀ ਇੱਕ ਕਾਰਨ ਹੈ ਕਿ ਵੋਟਾਂ ਵਾਲੇ ਦਿਨ ਵੱਡੀ ਗਿਣਤੀ ਲੋਕ ਵੋਟ ਪਾਉਣ ਹੀ ਨਹੀਂ ਜਾਂਦੇ ਅਤੇ ਵੋਟਾਂ ਪੈਣ ਦੀ ਪ੍ਰਤੀਸ਼ਤਤਾ ਘੱਟ ਜਾਂਦੀ ਹੈ।
ਸਕਾਈ ਬਿਊਰੋ
Editorial
ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਛੁਟਕਾਰਾ ਦਿਵਾਉਣਾ ਸਰਕਾਰ ਦੀ ਜਿੰਮੇਵਾਰੀ
ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਸਾਡੇ ਸ਼ਹਿਰ ਅਤੇ ਜਿਲ੍ਹੇ ਵਿੱਚ ਇਹਨਾਂ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜੇਕਰ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਹਾਲਾਤ ਬਹੁਤ ਜਿਆਦਾ ਗੰਭੀਰ ਕਹੇ ਜਾ ਸਕਦੇ ਹਨ ਅਤੇ ਇਹਨਾਂ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਵੱਢੇ ਜਾਣ ਦੇ ਮਾਮਲੇ ਲਗਾਤਾਰ ਸਾਮ੍ਹਣੇ ਆ ਰਹੇ ਹਨ। ਇਹ ਸਮੱਸਿਆ ਕਿੰਨੀ ਗੰਭੀਰ ਹੈ ਇਸਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਰੋਜਾਨਾ 40 -50 ਦੇ ਕਰੀਬ ਮਰੀਜ ਕੁੱਤਿਆਂ ਦੇ ਵੱਢੇ ਜਾਣ ਦੇ ਇਲਾਜ ਲਈ ਪਹੁੰਚਦੇ ਹਨ। ਪਰੰਤੂ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ।
ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਪਿਛਲੇ ਸਾਲਾਂ ਦੌਰਾਨ ਲਗਾਤਾਰ ਵੱਧਦੀ ਰਹੀ ਹੈ ਅਤੇ ਮੌਜੂਦਾ ਹਾਲਾਤ ਇਹ ਹਨ ਕਿ ਆਵਾਰਾ ਕੁੱਤੇ ਸ਼ਹਿਰ ਦੇ ਲਗਭਗ ਸਾਰੇ ਖੇਤਰਾਂ ਵਿੱਚ ਆਮ ਦਿਖਦੇ ਹਨ। ਸ਼ਹਿਰ ਦੇ ਪਾਰਕਾਂ ਅਤੇ ਹੋਰਨਾਂ ਖਾਲੀ ਥਾਵਾਂ, ਵਿਦਿਅਕ ਅਦਾਰਿਆਂ ਵਿੱਚ ਖਾਲੀ ਮੈਦਾਨਾਂ, ਸੜਕਾਂ ਦੇ ਕਿਨਾਰੇ, ਰਿਹਾਇਸ਼ੀ ਕਾਲੋਨੀਆਂ ਵਿੱਚ ਅਤੇ ਮਾਰਕੀਟਾਂ ਵਿੱਚ ਇਹਨਾਂ ਆਵਾਰਾ ਕੁੱਤਿਆਂ ਦੇ ਝੁੰਡ ਆਮ ਦਿਖ ਜਾਂਦੇ ਹਨ। ਕੁੱਤਿਆਂ ਦੇ ਇਹ ਝੁੰਡ ਹਰ ਪਾਸੇ ਘੁੰਮਦੇ ਰਹਿੰਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਦੇ ਪਿੱਛੇ ਪੈਂਦੇ ਹਨ।
ਸ਼ਹਿਰ ਵਿੱਚ ਜਿਹਨਾਂ ਥਾਵਾਂ ਤੇ ਮੀਟ, ਮੁਰਗਾ, ਮੱਛੀ ਅਤੇ ਅਜਿਹਾ ਹੋਰ ਸਾਮਾਨ ਵਿਕਦਾ ਹੈ ਉਹਨਾਂ ਥਾਵਾਂ ਨੇੜੇ ਇਹਨਾਂ ਦੀ ਗਿਣਤੀ ਕੁੱਝ ਜਿਆਦਾ ਦਿਖਦੀ ਹੈ। ਇਹਨਾਂ ਥਾਵਾਂ ਤੇ ਕੁੱਤਿਆਂ ਨੂੰ ਕੱਚਾ ਮੀਟ ਖਾਣ ਨੂੰ ਮਿਲਦਾ ਹੈ ਜਿਹੜਾ ਇਹਨਾਂ ਨੂੰ ਹੋਰ ਵੀ ਖੂੰਖਾਰ ਬਣਾਉਂਦਾ ਹੈ ਅਤੇ ਇਹਨਾਂ ਦੇ ਮੂੰਹ ਨੂੰ ਲਗਣ ਵਾਲਾ ਇਹ ਖੂਨ ਇਹਨਾਂ ਨੂੰ ਲੋਕਾਂ ਤੇ ਹਮਲਾ ਕਰਨ ਲਈ ਉਕਸਾਉਂਦਾ ਹੈ। ਸ਼ਹਿਰ ਵਿੱਚ ਘੁੰਮਦੇ ਇਹ ਆਵਾਰਾ ਕੁੱਤੇ ਕਈ ਵਾਰ ਆਪਸ ਵਿੱਚ ਵੀ ਲੜ ਪੈਂਦੇ ਹਨ ਜਿਸ ਦੌਰਾਨ ਇਹ ਆਉਂਦੇ ਜਾਂਦੇ ਵਾਹਨਾਂ ਵਿੱਚ ਵੱਜ ਕੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਪਰੰਤੂ ਇਸ ਸਭ ਦੇ ਬਾਵਜੂਦ ਇਹਨਾਂ ਆਵਾਰਾ ਕੁਤਿਆਂ ਉਪਰ ਕਾਬੂ ਪਾਉਣ ਲਈ ਕੁਝ ਨਹੀਂ ਕੀਤਾ ਜਾਂਦਾ। ਹਾਲਾਤ ਇਹ ਹਨ ਕਿ ਇਹਨਾਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਰਹੀ ਹੈ ਅਤੇ ਹਾਲਾਤ ਇਹ ਹਨ ਕਿ ਇਹ ਆਵਾਰਾ ਆਮ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ।
ਆਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਜਿਆਦਾ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਖੇਡਣ ਲਈ ਘਰ ਤੋਂ ਬਾਹਰ ਭੇਜਣ ਤੋਂ ਵੀ ਡਰਦੇ ਹਨ। ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੇ ਅਜਿਹੇ ਝੁੰਡ ਸਮੇਂ ਸਮੇਂ ਤੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ। ਇਸਤੋਂ ਇਲਾਵਾ ਇਹ ਆਵਾਰਾ ਕੁੱਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ, ਫੇਰੀ ਵਾਲਿਆਂ ਅਤੇ ਦੁੱਧ ਸਪਲਾਈ ਕਰਨ ਵਾਲਿਆਂ ਤੇ ਵੀ ਹਮਲਾ ਕਰ ਦਿੰਦੇ ਹਨ ਅਤੇ ਇਹਨਾਂ ਕਾਰਨ ਲੋਕਾਂ ਦਾ ਜੀਣਾ ਹਰਾਮ ਹੋ ਗਿਆ ਹੈ।
ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੀਆਂ ਘਟਨਾਵਾਂ ਵਿੱਚ ਹੁੰਦੇ ਵਾਧੇ ਕਾਰਨ ਵਸਨੀਕ ਇਹਨਾਂ ਕੁੱਤਿਆਂ ਦੀ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ। ਇਸ ਸੰਬੰਧੀ ਵਸਨੀਕਾਂ ਵਲੋਂ ਨਗਰ ਨਿਗਮ ਦੇ ਮੇਅਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਲਗਾਤਾਰ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ ਪਰੰਤੂ ਨਗਰ ਨਿਗਮ ਵਲੋਂ ਇਸ ਸੰਬੰਧੀ ਕੋਈ ਪ੍ਰਭਾਵੀ ਕਾਰਵਾਈ ਅਮਲ ਵਿੱਚ ਨਾ ਲਿਆਂਦੇ ਜਾਣ ਕਾਰਨ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ। ਨਗਰ ਨਿਗਮ ਵਲੋਂ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਕੁਤਿਆਂ ਦੀ ਨਸਬੰਦੀ ਦੀ ਸਕੀਮ ਜਰੂਰ ਚਲਾਈ ਜਾਂਦੀ ਹੈ ਪਰੰਤੂ ਇਸਦੇ ਵੀ ਆਸ ਮੁਤਾਬਿਕ ਨਤੀਜੇ ਨਹੀਂ ਆਉਂਦੇ ਅਤੇ ਇਹਨਾਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਆਵਾਰਾ ਕੁਤਿਆਂ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਇਸ ਸੰਬੰਧੀ ਸਰਕਾਰ ਵਲੋਂ ਲੋੜੀਂਦਾ ਕਾਨੂੰਨ ਬਣਾਇਆ ਜਾਵੇ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਕੀਤਾ ਜਾਵੇ। ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦਾ ਹਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ਤੇ ਸਰਕਾਰ ਦੀ ਟਾਲਮਟੋਲ ਦੀ ਨੀਤੀ ਕਾਰਨ ਹਾਲਾਤ ਪਹਿਲਾਂ ਹੀ ਕਾਫੀ ਖਰਾਬ ਹਨ ਅਤੇ ਇਸ ਸੰਬੰਧੀ ਤੁੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਰਹੇ ਹਨ ਪਰਵਾਸੀ ਪੰਜਾਬੀ
ਪੰਜਾਬੀਆਂ ਨੂੰ ਇਹ ਮਾਣ ਹੈ ਕਿ ਇਹ ਦੁਨੀਆਂ ਵਿੱਚ ਕਿਸੇ ਵੀ ਥਾਂ ਜਾਂਦੇ ਹਨ ਤਾਂ ਉਥੇ ਆਪਣੀ ਮਿਸਾਲ ਆਪ ਹੀ ਕਾਇਮ ਕਰ ਦਿੰਦੇ ਹਨ। ਅੱਜ ਦੁਨੀਆਂ ਦਾ ਕੋਈ ਵੀ ਮੁਲਕ ਅਜਿਹਾ ਨਹੀਂ ਜਿਥੇ ਕਿ ਪੰਜਾਬੀ ਜਾ ਕੇ ਨਾ ਵਸੇ ਹੋਣ। ਨਵੇਂ ਵਿਦੇਸ਼ ਗਏ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਭਾਵੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਿਹੜੇ ਕਾਫੀ ਸਮਾਂ ਪਹਿਲਾਂ ਵਿਦੇਸ਼ ਗਏ ਹੋਏ ਹਨ, ਉਹਨਾਂ ਨੇ ਵਿਦੇਸ਼ਾਂ ਵਿੱਚ ਆਰਥਿਕ ਖੇਤਰ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਤੇ ਰਾਜਸੀ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀ ਕੀਤੀ ਹੈ, ਜਿਸਦਾ ਪਤਾ ਵਿਦੇਸਾਂ ਵਿਚ ਪੰਜਾਬੀਆਂ ਦੇ ਆਲੀਸ਼ਾਨ ਬੰਗਲਿਆਂ, ਧਾਰਮਿਕ ਸਥਾਨਾਂ ਅਤੇ ਉਹਨਾਂ ਨੂੰ ਪ੍ਰਾਪਤ ਉਚ ਸਰਕਾਰੀ ਅਹੁਦੇ ਵੇਖ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਆਪਣਾ ਵਤਨ ਨਹੀਂ ਭੁਲੇ ਤੇ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਵਿਸਾਰਿਆ ਹੈ। ਹੁਣ ਤਾਂ ਵਿਦੇਸ਼ਾਂ ਵਿਚ ਥਾਂ ਥਾਂ ਮਿੰਨੀ ਪੰਜਾਬ ਵਸਦੇ ਹਨ। ਪੰਜਾਬ ਦੀ ਧਰਤੀ ਲਈ ਇਹ ਕੋਈ ਵਰ ਹੈ ਜਾਂ ਸ਼ਰਾਪ, ਕਿ ਇਸ ਧਰਤੀ ਦੇ ਜੰਮੇ-ਪਲੇ ਵੱਡੀ ਗਿਣਤੀ ਪੰਜਾਬੀ ਪੁੱਤਰ ਧੀਆਂ ਇਸ ਧਰਤੀ ਨੂੰ ਹੀ ਅਲਵਿਦਾ ਕਹਿ ਗਏ ਹਨ ਅਤੇ ਸੱਤ ਸਮੁੰਦਰ ਪਾਰ ਕਰਕੇ ਬੇਗਾਨੇ ਮੁਲਕ ਦੀ ਬੇਗਾਨੀ ਧਰਤੀ ਉਪਰ ਜਾ ਵਸੇ ਹਨ। ਡਾਲਰਾਂ ਅਤੇ ਪੋਂਡਾਂ ਦੀ ਚਮਕ ਹੀ ਅਜਿਹੀ ਹੈ ਕਿ ਉਹ ਨੌਜਵਾਨਾਂ ਨੂੰ ਆਪਣੇ ਘਰ, ਮਾਪੇ ਅਤੇ ਵਤਨ ਹੀ ਛੱਡਣ ਲਈ ਮਜ਼ਬੂਰ ਕਰ ਰਹੀ ਹੈ। ਇਹ ਵੀ ਇੱਕ ਕਾਰਨ ਹੈ ਕਿ ਹੁਣ ਦੁਨੀਆਂ ਦੇ ਹਰ ਮੁਲਕ ਵਿੱਚ ਹੀ ਪੰਜਾਬੀ ਮਿਲ ਜਾਂਦੇ ਹਨ।
ਪੰਜਾਬ ਦੀ ਧਰਤੀ ਨੂੰ ਇਹ ਮਾਣ ਹੈ ਕਿ ਇਸ ਧਰਤੀ ਦੇ ਵਸਨੀਕ ਵਿਦੇਸ਼ਾਂ ਵਿੱਚ ਜਾ ਕੇ ਸਖਤ ਮਿਹਨਤ ਕਰਕੇ ਚੰਗਾ ਮੁਕਾਮ ਹਾਸਲ ਕਰ ਚੁੱਕੇ ਹਨ। ਕਈ ਮੁਲਕਾਂ ਵਿੱਚ ਪੰਜਾਬੀ ਚੰਗੇ ਅਹੁਦਿਆਂ ਉਪਰ ਹਨ ਅਤੇ ਕਈ ਤਾਂ ਵਿਦੇਸਾਂ ਵਿੱਚ ਰਾਜਸੀ ਤੌਰ ਤੇ ਵੀ ਕਾਫੀ ਸਫਲ ਹਨ। ਵਿਦੇਸ਼ਾਂ ਵਿੱਚ ਜਾ ਕੇ ਵਸ ਚੁਕੇ ਪੰਜਾਬੀ ਆਪਣੇ ਵਤਨ, ਮਿੱਟੀ ਅਤੇ ਬੋਲੀ ਦਾ ਮੋਹ ਨਹੀਂ ਛੱਡ ਸਕੇ। ਜੇਕਰ ਲੰਡਨ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੰਡਨ ਸ਼ਹਿਰ ਦੇ ਸ਼ਟੇਸ਼ਨ ਦਾ ਨਾਂਅ ਵੀ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਸਾਉੂਥਹਾਲ ਤੇ ਹੋਰ ਕਈ ਥਾਵਾਂ ਅਜਿਹੀਆਂ ਹਨ, ਜਿੱਥੇ ਦੁਕਾਨਾਂ ਦੇ ਬੋਰਡ ਤਕ ਪੰਜਾਬੀ ਵਿਚ ਹਨ। ਇਸ ਤੋਂ ਇਲਾਵਾ ਲੰਡਨ ਦੇ ਵਾਂਗ ਹੀ ਯਾਰਕਸ਼ਾਇਰ ਅਤੇ ਹੋਰ ਸ਼ਹਿਰਾਂ ਵਿਚ ਵੀ ਪੰਜਾਬੀ ਬੋਲੀ ਦੀ ਵਰਤੋਂ ਆਮ ਹੁੰਦੀ ਹੈ।
ਜੇਕਰ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਹੁਣ ਹਰ ਪਾਸੇ ਪੰਜਾਬੀ ਵਿਦਿਆਰਥੀ ਨਜ਼ਰ ਆਉਂਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਹਰ ਪਾਸੇ ਹੀ ਪੰਜਾਬੀਆਂ ਦੀ ਭਰਮਾਰ ਹੈ, ਜਿਹਨਾਂ ਨੇ ਵਿਦੇਸ਼ਾਂ ਵਿਚ ਰੌਣਕਾਂ ਲਗਾਈਆਂ ਹੋਈਆਂ ਹਨ। ਕੈਨੇਡਾ ਦੀ ਹਾਲਤ ਤਾਂ ਇਹ ਹੈ ਕਿ ਉਸਦੇ ਕੋਨੇ ਕੋਨੇ ਵਿਚ ਪੰਜਾਬੀ ਪਹੁੰਚ ਗਏ ਹਨ ਅਤੇ ਕੈਨੇਡਾ ਨੂੰ ਤਾਂ ਪੰਜਾਬ ਦਾ ਦੂਜਾ ਰੂਪ ਹੀ ਕਿਹਾ ਜਾਂਦਾ ਹੈ। ਕੈਨੇਡਾ ਦੇ ਮਿਸੀਸਾਗਾ, ਵੈਨਕੂਵਰ , ਟੋਰੰਟੋ ਅਤੇ ਹੋਰ ਕਈ ਇਲਾਕਿਆਂ ਵਿੱਚ ਪੰਜਾਬੀ ਵੱਡੀ ਗਿਣਤੀ ਵਿਚ ਵਸੇ ਹੋਏ ਹਨ। ਕੈਨੇਡਾ ਵਿਚ ਤਾਂ ਕਈ ਥਾਵਾਂ ਉਪਰ ਤਾਂ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਹੀ ਨਜ਼ਰ ਆਉਂਦੇ ਹਨ। ਕਈ ਇਲਾਕਿਆਂ ਵਿੱਚ ਤਾਂ ਪੰਜਾਬੀ ਹੀ ਦੁਕਾਨਦਾਰ ਹਨ, ਪੰਜਾਬੀ ਹੀ ਵਪਾਰੀ ਹਨ। ਕੁਲਚੇ ਅਤੇ ਹੋਰ ਕਈ ਤਰਾਂ ਦੀਆਂ ਰੇਹੜੀਨੁਮਾ ਦੁਕਾਨਾਂ ਵੀ ਪੰਜਾਬੀਆਂ ਦੀਆਂ ਹਨ ਅਤੇ ਵੱਡੇ-ਵੱਡੇ ਸ਼ੋਅ ਰੂਮ ਵੀ ਪੰਜਾਬੀਆਂ ਦੇ ਹਨ। ਟਰਾਂਸਪੋਰਟ ਦੇ ਖੇਤਰ ਵਿੱਚ ਤਾਂ ਪੰਜਾਬੀਆਂ ਦਾ ਹੀ ਬੋਲਬਾਲਾ ਹੈ।
ਪਾਰਕਾਂ ਵਿਚ ਸਵੇਰੇ ਸ਼ਾਮ ਬਜ਼ੁਰਗ ਪੰਜਾਬੀ ਜੁੜ ਕੇ ਬੈਠਦੇ ਹਨ ਅਤੇ ਉੱਥੇ ਹਰ ਤਰਾਂ ਦੀਆਂ ਗਲਾਂ ਕਰਦੇ ਹਨ। ਇਸੇ ਤਰਾਂ ਹੀ ਅਮਰੀਕਾ ਦੇ ਕੈਲੇਫੋਰਨੀਆਂ, ਨਿਊਯਾਰਕ, ਵਾਸ਼ਿਗਟਨ ਇਲਾਕਿਆਂ ਵਿਚ ਵੀ ਪੰਜਾਬੀ ਵੱਡੀ ਗਿਣਤੀ ਵਿਚ ਮਿਲਦੇ ਹਨ। ਕੈਲੇਫੋਰਨੀਆਂ ਵਿੱਚ ਰਹਿੰਦੇ ਪੰਜਾਬੀਆਂ ਨੇ ਉਥੇ ਲੱਕੜ ਦੇ ਬਹੁਤ ਸੁੰਦਰ ਘਰ ਬਣਾਏ ਹੋਏ ਹਨ। ਉਹਨਾ ਨੇ ਕਈ ਥਾਵਾਂ ਉਪਰ ਆਪਣੇ ਘਰਾਂ ਨੂੰ ਵੀ ਪੰਜਾਬ ਦੀ ਲੁਕ ਦਿਤੀ ਹੋਈ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਹੀ ਆਪਣੀ ਸਰਦਾਰੀ ਕਾਇਮ ਕੀਤੀ ਹੋਈ ਹੈ। ਪੰਜਾਬ ਵਿਚ ਜਿਥੇ ਵੱਡੀ ਗਿਣਤੀ ਲੋਕ ਪੰਜਾਬੀ ਨੂੰ ਹੀ ਬੇਗਾਨਾ ਜਿਹਾ ਸਮਝਣ ਲੱਗ ਪਏ ਹਨ, ਖਾਸ ਤੌਰ ਤੇ ਨੌਜਵਾਨ ਪੀੜੀ ਤਾਂ ਅੰਗਰੇਜ਼ੀ ਅਤੇ ਹਿੰਦੀ ਬੋਲਣ ਨੂੰ ਤਰਜੀਹ ਦਿੰਦੀ ਹੈ। ਤਰਾਸਦੀ ਇਹ ਵੀ ਹੈ ਕਿ ਮਰਦਮ ਸ਼ੁਮਾਰੀ ਹੁੰਦੀ ਹੈ ਤਾਂ ਵੱਡੀ ਗਿਣਤੀ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਹੋਰ ਭਾਸ਼ਾ ਲਿਖਾ ਦਿੰਦੇ ਹਨ। ਜਦੋਂ ਕਿ ਉਹ ਸਾਰੀ ਉਮਰ ਖੁਦ ਵੀ ਪੰਜਾਬੀ ਬੋਲਦੇ ਹਨ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ। ਉਹ ਆਪਣੀ ਰੋਜੀ ਰੋਟੀ ਵੀ ਪੰਜਾਬੀ ਬੋਲ ਕੇ ਹੀ ਕਮਾਉਂਦੇ ਹਨ ਪਰ ਪੰਜਾਬੀ ਨੂੰ ਮਾਂ ਬੋਲੀ ਮੰਨਣ ਤੋਂ ਕਈ ਵਾਰ ਇਨਕਾਰੀ ਹੋ ਜਾਂਦੇ ਹਨ।
ਦੂਜੇ ਪਾਸੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਜਿੱਥੇ ਆਪਣੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਸਮੋਈ ਬੈਠੇ ਹਨ, ਉਥੇ ਉਹ ਪੰਜਾਬੀ ਮਾਂ ਬੋਲੀ ਨੂੰ ਵੀ ਨਹੀਂ ਭੁਲੇ। ਉਹ ਆਪਣੇ ਘਰ ਵਿਚ ਬੱਚਿਆਂ ਨਾਲ ਪੰਜਾਬੀ ਬੋਲਦੇ ਹਨ ਅਤੇ ਸਾਰਾ ਦਿਨ ਅੰਗਰੇਜੀ ਬੋਲਦੇ ਰਹਿਣ ਦੇ ਬਾਵਜੂਦ ਜਦੋਂ ਘਰ ਫੋਨ ਕਰਦੇ ਹਨ ਤਾਂ ਪੰਜਾਬੀ ਵਿਚ ਹੀ ਗੱਲ ਕਰਦੇ ਹਨ। ਵਿਦੇਸ਼ੀ ਪੰਜਾਬੀਆਂ ਨੇ ਜਿਸ ਤਰਾਂ ਆਪਣੇ ਸਭਿਆਚਾਰ, ਧਰਮ ਅਤੇ ਬੋਲੀ ਨੂੰ ਸੰਭਾਲਿਆ ਹੈ।
ਉਸ ਨਾਲ ਨਾਲ ਇਹ ਗੱਲ ਤਾਂ ਆਖੀ ਜਾ ਸਕਦੀ ਹੈ ਕਿ ਪੰਜਾਬ ਵਿੱਚ ਰਹਿਣ ਦੇ ਬਾਵਜੂਦ ਅਸੀਂ ਭਾਵੇਂ ਆਪਣੀ ਮਾਂ ਬੋਲੀ ਤੋਂ ਦੂਰ ਹੋਗਏ ਹਨ ਪਰੰਤੂ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨਾਲ ਹੁੰਦੇ ਵਿਤਕਰੇ ਨੂੰ ਵੇਖ ਕੇ ਅੰਤਰਰਾਸ਼ਟਰੀ ਸੰਸਥਾਂ ਵਲੋਂ ਕੁੱਝ ਸਮਾਂ ਪਹਿਲਾਂ ਖਦਸਾ ਜਾਹਿਰ ਕੀਤਾ ਗਿਆ ਸੀ ਜੇਕਰ ਇਹੀ ਹਾਲ ਰਿਹਾ ਤਾਂ ਅਗਲੇ ਪੰਜਾਹ ਸਾਲਾਂ ਵਿੱਚ ਪੰਜਾਬੀ ਖਤਮ ਹੋ ਜਾਵੇਗੀ ਪਰੰਤੂ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਜਿੰਮੇਵਾਰੀ ਸੰਭਾਲੀ ਹੈ ਉਸਨੂੰ ਮੁੱਖ ਰੱਖਦਿਆਂ ਇਹ ਗੱਲ ਆਖੀ ਜਾ ਸਕਦੀ ਹੈ ਕਿ ਪੰਜਾਬੀ ਬੋਲੀ ਕਦੇ ਵੀ ਖਤਮ ਨਹੀਂ ਹੋਵੇਗੀ, ਕਿਉਂਕਿ ਅਸਲੀ ਪੰਜਾਬੀ ਕਦੇ ਵੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁਨਕਰ ਨਹੀਂ ਹੋ ਸਕਦਾ।
ਬਿਊਰੋ
Editorial
ਰੇਤਾ ਅਤੇ ਬਜਰੀ ਦੀ ਕੀਮਤ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ
ਹਰ ਵਿਅਕਤੀ ਆਪਣੇ ਲਈ ਇੱਕ ਅਦਦ ਘਰ ਦਾ ਸੁਪਨਾ ਜਰੂਰ ਵੇਖਦਾ ਹੈ ਅਤੇ ਜਿਆਦਾਤਰ ਲੋਕ ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਵਿੱਚ ਆਪਣੀ ਪੂਰੀ ਜਿੰਦਗੀ ਗੁਜਾਰ ਦਿੰਦੇ ਹਨ। ਪਲਾਟਾਂ ਅਤੇ ਮਕਾਨ ਉਸਾਰੀ ਦੇ ਸਾਮਾਨ ਦੀ ਕੀਮਤ ਬਹੁਤ ਜਿਆਦਾ ਹੋਣ ਕਾਰਨ ਪਹਿਲਾਂ ਮਕਾਨ ਵਾਸਤੇ ਪਲਾਟ ਲੈਣ ਦੀ ਕਵਾਇਦ ਅਤੇ ਫਿਰ ਉਸ ਮਕਾਨ ਦੀ ਉਸਾਰੀ ਤੇ ਹੋਣ ਵਾਲੇ ਖਰਚੇ ਇੰਨੇ ਵੱਧ ਚੁੱਕੇ ਹਨ ਕਿ ਇਹਨਾਂ ਵਾਸਤੇ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਵਿੱਚ ਹੀ ਵਿਅਕਤੀ ਦੀ ਜਿੰਦਗੀ ਲੰਘ ਜਾਂਦੀ ਹੈ। ਆਪਣੇ ਆਸ਼ਿਆਨੇ ਦੀ ਉਸਾਰੀ ਦੀ ਤਿਆਰੀ ਵਿੱਚ ਹੀ ਲੋਕਾਂ ਦਾ ਲੰਬਾ ਸਮਾਂ ਲੰਘ ਜਾਂਦਾ ਹੈ ਅਤੇ ਜਦੋਂ ਆਪਣੇ ਮਕਾਨ ਦੀ ਉਸਾਰੀ ਕਰਨ ਵੇਲੇ ਉਸਨੂੰ ਇਹ ਪਤਾ ਲੱਗਦਾ ਹੈ ਕਿ ਉਸਾਰੀ ਦੇ ਸਾਮਾਨ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਉਹ ਹੁਣ ਵੀ ਆਪਣਾ ਮਕਾਨ ਬਣਾਉਣ ਦਾ ਸਮਰਥ ਹੀ ਨਹੀਂ ਰਿਹਾ ਤਾਂ ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਕਿੱਥੇ ਜਾ ਕੇ ਫਰਿਆਦ ਕਰੇ।
ਤਿੰਨ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਵਾਲੀ ਆਮ ਆਦਮੀ ਪਾਰਟੀ ਵਲੋਂ ਵਿਧਾਨਸਭਾ ਚੋਣਾ ਦੌਰਾਨ ਰੇਤ ਅਤੇ ਬਜਰੀ ਦੀਆਂ ਵੱਧਦੀਆਂ ਕੀਮਤਾਂ ਨੂੰ ਵੱਡਾ ਮੁੱਦਾ ਬਣਾਇਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਦਾ ਦਾਅਵਾ ਕਰਦੀ ਸੀ ਕਿ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਸਰਕਾਰ ਵਲੋਂ ਰੇਤ ਮਾਫੀਆ ਤੇ ਕਾਬੂ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ ਪਰੰਤੂ ਨਵੀਂ ਸਰਕਾਰ ਦੇ ਇਹ ਦਾਅਵੇ ਪੂਰੀ ਤਰ੍ਹਾ ਹਵਾ ਹਵਾਈ ਹੀ ਸਾਬਿਤ ਹੋਏ ਹਨ। ਹਾਲਾਤ ਇਹ ਹਨ ਕਿ ਪਿਛਲੇ ਸਮੇਂ ਦੌਰਾਨ ਮਕਾਨ ਉਸਾਰੀ ਵਾਸਤੇ ਵਰਤੇ ਜਾਣ ਵਾਲੇ ਸਾਮਾਨ ਜਿਵੇਂ ਰੇਤਾ, ਬਜਰੀ, ਇੱਟਾਂ, ਸੀਮਿੰਟ ਆਦਿ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਜਿਸ ਕਾਰਨ ਆਮ ਲੋਕਾਂ ਦਾ ਇਹ ਸੁਫਨਾ ਵਿਚਾਲੇ ਹੀ ਰਹਿ ਗਿਆ ਹੈ। ਇਸ ਦੌਰਾਨ ਪਹਿਲਾਂ ਤੋਂ ਸਰਗਰਮ ਰੇਤ ਮਾਫੀਆ (ਜਿਸਨੂੰ ਵੱਡੇ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਕਥਿਤ ਸਰਪਰਸਤੀ ਹਾਸਿਲ ਹੈ) ਵਲੋਂ ਰੇਤਾ ਅਤੇ ਬਜਰੀ ਦੇ ਕਾਰੋਬਾਰ ਤੇ ਪੂਰੀ ਤਰ੍ਹਾਂ ਕਬਜਾ ਕਰ ਲਿਆ ਗਿਆ ਹੈ ਅਤੇ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਉਸ ਵਲੋਂ ਰੇਤ ਅਤੇ ਬਜਰੀ ਦੀ ਮਨਮਾਨੀ ਕੀਮਤ ਵਸੂਲ ਕੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ।
ਸੂਬੇ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਵੇਂ ਸਮੇਂ ਸਮੇਂ ਤੇ ਰੇਤ ਅਤੇ ਬਜਰੀ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਉਸਦੀ ਇਹ ਕਾਰਵਾਈ ਸਿਰਫ ਸਰਕਾਰੀ ਐਲਾਨਾਂ ਤਕ ਹੀ ਸੀਮਿਤ ਹੈ ਅਤੇ ਇਹ ਸਮੱਸਿਆ ਹਲ ਹੋਣ ਵਾਲੀ ਨਹੀਂ ਦਿਖਦੀ। ਸਰਕਾਰ ਭਾਵੇਂ ਕੋਈ ਵੀ ਤਰਕ ਦੇਵੇ ਅਤੇ ਕਿੰਨੇ ਵੀ ਦਾਅਵੇ ਕਰੇ ਪਰੰਤੂ ਰੇਤ ਅਤੇ ਬਜਰੀ ਦੀ ਲਗਾਤਾਰ ਵੱਧਦੀ ਕੀਮਤ ਉਸਦੇ ਇਹਨਾਂ ਦਾਅਵਿਆਂ ਦਾ ਮੂੰਹ ਚਿੜ੍ਹਾਉਂਦੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਰੇਤ ਅਤੇ ਬਜਰੀ ਦੀ ਕੀਮਤ ਵਿੱਚ ਹੋਏ ਬੇਸ਼ੁਮਾਰ ਵਾਧੇ ਕਾਰਨ ਲੋਕਾਂ ਦਾ ਆਪਣੇ ਘਰ ਦਾ ਸੁਪਨਾ ਟੁੱਟਣ ਲੱਗ ਪਿਆ ਹੈ। ਰੇਤ ਅਤੇ ਬਜਰੀ ਦੀ ਕੀਮਤ ਇਸ ਵੇਲੇ 40 ਰੁਪਏ ਪ੍ਰਤੀ ਫੁੱਟ ਤੋਂ ਪਾਰ ਹੋ ਚੁੱਕੀ ਹੈ ਜਿਹੜੀ ਬਹੁਤ ਜਿਆਦਾ ਹੈ ਅਤੇ ਇਸ ਕਾਰਨ ਉਸਾਰੀ ਦੀ ਕੀਮਤ ਬਹੁਤ ਵੱਧ ਜਾਂਦੀ ਹੈ। ਇਸਦੇ ਨਾਲ ਹੀ ਸੀਮਿੰਟ ਦੀ ਕੀਮਤ ਵੀ ਕਾਫੀ ਵੱਧ ਗਈ ਹੈ ਜਿਸ ਕਾਰਨ ਲੋਕਾਂ ਲਈ ਆਪਣੇ ਘਰ ਦੀ ਉਸਾਰੀ ਕਰਨੀ ਬਹੁਤ ਜਿਆਦਾ ਔਖੀ ਹੋ ਗਈ ਹੈ।
ਜਨਤਾ ਦੀਆਂ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਨੂੰ ਪੂਰਾ ਕਰਨਾ ਕਿਸੇ ਵੀ ਸਰਕਾਰ ਦੀ ਸਭ ਤੋਂ ਪਹਿਲੀ ਜਿੰਮੇਵਾਰੀ ਹੁੰਦੀ ਹੈ ਅਤੇ ਜਿਹੜੀ ਸਰਕਾਰ ਦੇ ਰਾਜ ਵਿੱਚ ਜਨਤਾ ਨੂੰ ਇਹ ਸਹੂਲਤਾਂ ਨਾ ਮਿਲਦੀਆਂ ਹੋਣ ਉਸਦੀ ਕਾਰਗੁਜਾਰੀ ਤੇ ਹਮੇਸ਼ਾ ਹੀ ਸਵਾਲੀਆ ਨਿਸ਼ਾਨ ਉਠਦੇ ਰਹਿੰਦੇ ਹਨ। ਅਜਿਹੀ ਸਰਕਾਰ ਭਾਵੇਂ ਕਿੰਨੇ ਵੀ ਦਾਅਵੇ ਕਰੇ ਪਰੰਤੂ ਉਸਤੋਂ ਆਮ ਲੋਕਾਂ ਦਾ ਭਰੋਸਾ ਖੁਦ ਬ ਖੁਦ ਉਠ ਜਾਂਦਾ ਹੈ।
ਪੰਜਾਬ ਵਿੱਚ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਸੂਬੇ ਵਿੱਚ ਰੇਤ ਤੇ ਬਜਰੀ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਏ। ਇਸ ਵਾਸਤੇ ਜਰੂਰੀ ਹੈ ਕਿ ਸਰਕਾਰ ਇਸ ਕਾਰੋਬਾਰ ਤੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਕਥਿਤ ਸ਼ਹਿ ਨਾਲ ਕਾਬਜ ਹੋਏ ਰੇਤ ਮਾਫੀਆ ਤੇ ਕਾਬੂ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਆਮ ਲੋਕਾਂ ਨੂੰ ਮਕਾਨ ਉਸਾਰੀ ਦਾ ਇਹ ਸਾਮਾਨ ਜਾਇਜ ਕੀਮਤ ਤੇ ਹਾਸਿਲ ਹੋਵੇ ਤਾਂ ਜੋ ਇਸ ਸੰਬੰਧੀ ਜਨਤਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾ ਸਕੇ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International2 months ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ