Mohali
ਕੇਂਦਰੀਕ੍ਰਿਤ ਨਿਗਰਾਨੀ ਦੇ ਪ੍ਰੋਜੈਕਟ ਨਾਲ ਲੱਗੇਗੀ ਟ੍ਰੈਫਿਕ ਉਲੰਘਣਾ, ਗੁੰਡਾਗਰਦੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਤੇ ਰੋਕ : ਕੁਲਵੰਤ ਸਿੰਘ
ਮੁਹਾਲੀ ਵਿੱਚ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦਾ ਨੀਂਹ ਪੱਥਰ ਰੱਖਿਆ
ਐਸ.ਏ.ਐਸ.ਨਗਰ, 4 ਜੁਲਾਈ (ਸ.ਬ.) ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਸਥਾਪਿਤ ਹੋ ਰਹੇ ਕੇਂਦਰੀਕ੍ਰਿਤ ਨਿਗਰਾਨੀ ਦੇ ਪ੍ਰੋਜੈਕਟ ਨਾਲ ਟ੍ਰੈਫਿਕ ਉਲੰਘਣਾ, ਗੁੰਡਾਗਰਦੀ ਅਤੇ ਗੈਰ ਕਾਨੂੰਨੀ ਕਾਰਵਾਈਆਂ (ਖਾਸ ਤੌਰ ਤੇ ਔਰਤਾਂ ਵਿਰੁੱਧ ਅਪਰਾਧਾਂ) ਤੇ ਰੋਕ ਲੱਗੇਗੀ। ਅੱਜ ਇੱਥੇ ਫੇਜ਼ 7/8 ਦੀਆਂ ਲਾਈਟਾਂ ਵਾਲੇ ਚੌਂਕ ਤੇ ਸਿਟੀ ਸਰਵੀਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦੀ ਸਥਾਪਨਾ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਐਸ. ਏ. ਐਸ.ਨਗਰ ਦੇ ਭੀੜ ਭੜੱਕੇ ਵਾਲੇ 18 ਜੰਕਸ਼ਨਾਂ ਤੇ ਸਿਟੀ ਸਰਵੀਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਚਾਲੂ ਕੀਤਾ ਜਾ ਰਿਹਾ ਹੈ ਜਿਸਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੁਹਾਲੀ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਸ਼ਹਿਰ ਵਿੱਚ ਚੰਡੀਗੜ੍ਹ ਵਰਗੇ ਮਿਆਰੀ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਇਸ ਪ੍ਰੋਜੈਕਟ ਨਾਲ ਉਹਨਾਂ ਦੀ ਇਹ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤੇ 17.70 ਕਰੋੜ ਰੁਪਏ ਦਾ ਖਰਚ ਹੋਣਗੇ।
ਸz. ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸਦੀ ਸੁੰਦਰਤਾ ਵਿੱਚ ਵਾਧਾ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਜਿਸ ਲਈ ਚੌਕਾਂ ਤੇ ਰੋਟਰੀ, ਸੜਕਾਂ ਨੂੰ ਚੌੜਾ ਕਰਨਾ, ਹਰਿਆ-ਭਰਿਆ ਬਣਾਉਣਾ ਅਤੇ ਵਸਨੀਕਾਂ ਨੂੰ ਵਧੇਰੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਕੇ ਇਸਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲੀਸ ਕਮ ਮੈਨੇਜਿੰਗ ਡਾਇਰੈਕਟਰ ਸ਼ਰਦ ਸੱਤਿਆ ਚੌਹਾਨ (ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ) ਨੇ ਕਿਹਾ ਕਿ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਨ ਲਈ ਇੱਕ ਵਿਲੱਖਣ ਪਲੇਟਫਾਰਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਦਾ ਰਿਕਾਰਡ ਪੁਲੀਸ ਕੋਲ ਆਨਲਾਈਨ ਹੋਵੇਗਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦਾ ਉਦੇਸ਼ ਸਿਰਫ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣਾ ਨਹੀਂ ਹੈ, ਬਲਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਰੋਕਥਾਮ ਅਤੇ ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਨਿਯਮਾਂ ਦੀ ਪਰਵਾਹ ਨਹੀਂ ਕਰਦੇ ਤਾਂ ਫ਼ਿਰ ਕਾਰਵਾਈ ਤਾਂ ਹੋਵੇਗੀ ਹੀ। ਉਨ੍ਹਾਂ ਕਿਹਾ ਕਿ ਲਾਲ ਬੱਤੀ ਦੀ ਉਲੰਘਣਾ ਦਾ ਪਤਾ ਲਗਾਉਣ ਵਾਲੇ ਕੈਮਰੇ, ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ, ਪੈਨ, ਟਿਲਟ ਅਤੇ ਜ਼ੂਮ ਕੈਮਰੇ ਲਗਾਉਣ ਨਾਲ ਸ਼ਹਿਰ ਦੀ ਟਰੈਫਿਕ ਪੁਲਿਸ ਨੂੰ ਵੱਡੀ ਰਾਹਤ ਮਿਲੇਗੀ। ਉਸਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਿਸਟਮ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਦੋਪਹੀਆ ਵਾਹਨ ਸਵਾਰਾਂ ਲਈ ਸ਼ਹਿਰ ਦੀਆਂ ਸੜਕਾਂ ਤੇ ਹਾਦਸਿਆਂ ਨੂੰ ਰੋਕਣ ਵਿੱਚ ਮੱਦਦ ਮਿਲੇਗਾ।
ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦੇ ਕੰਮਕਾਜ ਬਾਰੇ ਦੱਸਦਿਆ ਐਸ ਐਸ ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਦੀਆਂ ਸੜਕਾਂ ਤੇ 400 ਤੋਂ ਵੱਧ ਕੈਮਰਿਆਂ ਨਾਲ 18 ਸਥਾਨਾਂ ਨੂੰ ਕਵਰ ਕਰੇਗਾ ਅਤੇ ਏਅਰਪੋਰਟ ਰੋਡ ਤੇ ਦੋ ਸਪੀਡ ਡਿਟੈਕਟਰ ਲਗਾਏ ਜਾਣਗੇ। ਉਹਨਾਂ ਕਿਹਾ ਕਿ ਸੋਹਾਣਾ ਪੁਲੀਸ ਸਟੇਸ਼ਨ ਦੀ ਉਪਰਲੀ ਮੰਜ਼ਿਲ ਤੇ ਸਥਾਪਿਤ ਕੀਤਾ ਜਾ ਰਿਹਾ ਕੇਂਦਰੀ ਕਮਾਂਡ ਅਤੇ ਕੰਟਰੋਲ ਸੈਂਟਰ ਮੁੱਖ ਕੰਟਰੋਲ ਰੂਮ ਹੋਵੇਗਾ ਜੋ ਇਨ੍ਹਾਂ ਚਾਰ ਕਿਸਮਾਂ ਦੇ ਕੈਮਰਿਆਂ (63 ਰੈਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰੇ, 216 ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ, 22 ਪੈਨ, ਟਿਲਟ ਅਤੇ ਜ਼ੂਮ ਕੈਮਰੇ ਅਤੇ 104 ਬੁਲੇਟ (ਨਿਗਰਾਨੀ ਕੈਮਰੇ) ਕੈਮਰੇ ਤੋਂ ਇਲਾਵਾ ਦੋ-ਸਪੀਡ ਡਿਟੈਕਟਰ ਦੀ ਫੀਡ ਦੀ ਨਿਗਰਾਨੀ ਕਰੇਗਾ। ਪੈਨ, ਟਿਲਟ ਅਤੇ ਜ਼ੂਮ ਕੈਮਰੇ 200 ਮੀਟਰ ਤੱਕ ਜ਼ੂਮ ਕਰਕੇ ਕਿਸੇ ਵੀ ਵਸਤੂ ਨੂੰ ਦੇਖ ਸਕਦੇ ਹਨ। ਲਾਲ ਬੱਤੀ ਰੈਡ ਲਾਈਟਾਂ ਦੀ ਉਲੰਘਣਾ ਦਾ ਪਤਾ ਲਗਾਉਣ ਵਾਲਾ ਕੈਮਰਾ ਜ਼ੈਬਰਾ ਕਰਾਸਿੰਗ ਫਰੰਟ ਲਾਈਨ ਜੰਪਰਾਂ ਨੂੰ ਆਪਣੇ ਆਪ ਰਿਕਾਰਡ ਕਰ ਸਕਦਾ ਹੈ। ਇਸੇ ਤਰ੍ਹਾਂ, ਆਟੋਮੈਟਿਕ ਨੰਬਰ ਪਲੇਟ ਪਛਾਣ ਕਰਨ ਵਾਲੇ ਕੈਮਰੇ ਵਾਹਨ ਦੀ ਖੋਹ ਦੇ ਰੂਟ ਨੂੰ ਟਰੇਸ ਕਰਨ ਦੇ ਨਾਲ-ਨਾਲ ਇਸ ਦਾ ਡਿਜੀਟਲ ਫਾਰਮੈਟ ਲੈ ਕੇ ਨੰਬਰ ਪਲੇਟ ਨੂੰ ਪੜ੍ਹਣਗੇ, ਜਿਸ ਨਾਲ ਪੁਲੀਸ ਨੂੰ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਨਿਯੰਤਰਣ ਅਤੇ ਨਿਗਰਾਨੀ ਕਰਨ ਵਿੱਚ ਹੋਰ ਮਦਦ ਮਿਲੇਗੀ। ਇਸ ਮੌਕੇ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ, ਚੀਫ ਇੰਜਨੀਅਰ ਪੀ ਪੀ ਐਚ ਸੀ ਰਣਜੋਧ ਸਿੰਘ ਮਿਨਹਾਸ, ਡੀ ਐਸ ਪੀ ਹਰਸਿਮਰਨ ਸਿੰਘ ਬੱਲ ਅਤੇ ਕਾਰਜਕਾਰੀ ਇੰਜਨੀਅਰ ਜਸਵਿੰਦਰ ਸਿੰਘ ਵੀ ਹਾਜ਼ਰ ਸਨ।
Mohali
ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਪੁਲੀਸ ਦੀ ਹਾਜਰੀ ਵਿੱਚ ਹੋਇਆ ਅੰਤਿਮ ਸੰਸਕਾਰ
ਐਸ. ਸੀ ਪਰਿਵਾਰ ਨਾਲ ਸਬੰਧਤ ਸੀ ਦਿਲਪ੍ਰੀਤ, ਮਿਲਣਗੇ ਕਰੀਬ ਸਾਢੇ 10 ਲੱਖ : ਡੀ.ਸੀ ਆਸ਼ਿਕਾ ਜੈਨ
ਐਸ ਡੀ ਐਮ ਨੇ ਦਮਨਪ੍ਰੀਤ ਦੇ ਪਰਿਵਾਰ ਨੂੰ ਦਿੱਤਾ 2 ਲੱਖ ਦਾ ਚੈੱਕ, ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਮਿਲਣਗੇ ਹੋਰ 2 ਲੱਖ
ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਕੁੰਭੜਾ ਵਿੱਚ ਹੋਏ ਕਤਲ ਮਾਮਲੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ (ਜਿਸਦੀ ਬੀਤੇ ਕੱਲ ਪੀ ਜੀ ਆਈ ਵਿੱਚ ਮੌਤ ਹੋ ਗਈ ਸੀ) ਦਾ ਅੰਤਮ ਸਸਕਾਰ ਅੱਜ ਮੁਹਾਲੀ ਪੁਲੀਸ ਦੀ ਹਾਜਰੀ ਵਿੱਚ ਪੂਰੀ ਮਰਿਆਦਾ ਅਤੇ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੰਵਰਬੀਰ ਸਿੰਘ ਰੂਬੀ ਸਿੱਧੂ, ਅਮੀਤੋਜ ਮਾਨ, ਰਮਨਪ੍ਰੀਤ ਕੌਰ ਕੁੰਭੜਾ, ਬਿੰਦਰਾ ਬੈਦਵਾਨ ਅਤੇ ਕਮਲਪ੍ਰੀਤ ਸਿੰਘ ਬਨੀ (ਸਾਰੇ ਕੌਂਸਲਰ), ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਅਤੇ ਪਿੰਡ ਕੁੰਭੜਾ ਦੇ ਵਸਨੀਕਾਂ ਤੋਂ ਇਲਾਵਾ ਐਸ.ਪੀ ਹਰਬੀਰ ਸਿੰਘ ਅਟਵਾਲ, ਐਸ.ਡੀ.ਐਮ ਦਮਨਪ੍ਰੀਤ ਕੌਰ, ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
ਇਸ ਦੌਰਾਨ ਪੁਲੀਸ ਪ੍ਰਸਾਸ਼ਨ ਵਲੋਂ ਪਿੰਡ ਕੁੰਭੜਾ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਆਸ ਪਾਸ ਦੇ ਪੁਲੀਸ ਸਟੇਸ਼ਨਾਂ ਤੋਂ ਵੀ ਪੁਲੀਸ ਫੋਰਸ ਮੰਗਵਾਈ ਗਈ ਹੈ। ਇਸ ਦੌਰਾਨ ਪਿੰਡ ਦੇ ਵਸਨੀਕ ਅਤੇ ਸਮਾਜਸੇਵੀ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਵੇ ਅਤੇ ਅਫਵਾਹਾਂ ਤੋਂ ਬਚਿਆ ਜਾਵੇ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਵਜੋਂ ਦਿੱਤੇ ਚੈੱਕ
ਇਸ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਦੇ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਦਿਲਪ੍ਰੀਤ ਸਿੰਘ ਦੇ ਐਸ.ਸੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਹੋਰ ਸਾਢੇ 8 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ। ਡੀ.ਸੀ ਨੇ ਅੱਗੇ ਦਸਿਆ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 2 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾ ਚੁੱਕੇ ਹਨ, ਜਦੋਂ ਕਿ ਹੋਰ 2 ਲੱਖ ਰੁਪਏ ਮੁਆਵਜੇ ਵਜੋਂ ਉਸ ਸਮੇਂ ਦਿੱਤੇ ਜਾਣਗੇ, ਜਦੋਂ ਪੁਲੀਸ ਵਲੋਂ ਗ੍ਰਿਫਤਾਰ ਮੁਲਜਮਾਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਪਰਿਵਾਰ ਦੇ ਨਾਲ ਹੈ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ।
ਪੁਲੀਸ ਨੇ ਹੁਣ ਤੱਕ ਨਾਬਾਲਗ ਸਮੇਤ 5 ਮੁਲਜਮ ਕੀਤੇ ਗ੍ਰਿਫਤਾਰ
ਮੁਹਾਲੀ ਪੁਲੀਸ ਵਲੋਂ ਹੁਣ ਤੱਕ ਇਸ ਮਾਮਲੇ ਵਿੱਚ ਇਕ ਨਾਬਾਲਗ ਸਮੇਤ ਪੰਜ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਮਨ ਟਾਕ ਵਾਸੀ ਯੂ.ਪੀ ਹਾਲ ਵਾਸੀ ਸੈਕਟਰ 52 ਚੰਡੀਗੜ੍ਹ, ਅਰੁਣ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ, ਅਕਾਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ ਅਤੇ ਮੁਲਜਮ ਗੌਰਵ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਰਿਤੇਸ਼ ਅਤੇ ਅਮਿਤ ਨਾਂ ਦੇ ਨੌਜਵਾਨਾਂ ਦੀ ਵੀ ਪਛਾਣ ਹੋਈ ਹੈ, ਜੋ ਕਿ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਪੁਲੀਸ ਨੇ ਗੌਰਵ ਨੂੰ ਸੋਹਾਣੇ ਤੋਂ ਅਤੇ ਬਾਕੀ ਮੁਲਜਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।
Mohali
ਸ਼ਰਾਬ ਦੇ ਠੇਕੇ ਅਤੇ ਅਹਾਤੇ ਨੇੜੇ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੋਲੀ ਚਲਾਉਣ ਤੱਕ ਪਹੁੰਚੀ ਗੱਲ
ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਮੌਲੀ ਤੋਂ ਸੁੱਖਗੜ੍ਹ ਰੋਡ ਤੇ ਸਥਿਤ ਇਕ ਸ਼ਰਾਬ ਦੇ ਠੇਕੇ ਅਤੇ ਅਹਾਤੇ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ, ਅਣਪਛਾਤੇ ਵਿਅਕਤੀ ਵਲੋਂ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਪਿਆ। ਉਧਰ ਆਸ ਪਾਸ ਦੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲਾ ਫਰਾਰ ਹੋ ਗਿਆ।
ਇਸ ਦੌਰਾਨ ਕਿਸੇ ਵਲੋਂ ਪੁਲੀਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪੁਲੀਸ ਕਰਮਚਾਰੀ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਪੁਲੀਸ ਨੂੰ ਮੌਕੇ ਤੋਂ ਇਕ ਜਿੰਦਾ ਰੌਂਦ ਬਰਾਮਦ ਹੋਇਆ ਹੈ, ਜੋ ਕਿ ਪੁਲੀਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ।
ਪੁਲੀਸ ਸੂਤਰਾਂ ਮੁਤਾਬਕ ਉਕਤ ਸੜਕ ਤੇ ਸੀ.11 ਨਾਂ ਤੇ ਠੇਕਾ ਅਤੇ ਅਹਾਤਾ ਹੈ। ਇਸ ਦੇ ਨਾਲ ਹੀ ਇਕ ਕਲੱਬ ਹੈ, ਜਿਥੇ ਪਰਿਵਾਰ ਆਪਸ ਵਿੱਚ ਮਿਲ ਕੇ ਪਾਰਟੀਆਂ ਕਰਦੇ ਹਨ। ਦੇਰ ਰਾਤ ਕਰੀਬ ਡੇਢ ਵਜੇ ਦੇ ਕਰੀਬ ਇਕ ਵਿਅਕਤੀ ਵਲੋਂ ਉਥੇ ਮੌਜੂਦ ਕੁਝ ਵਿਅਕਤੀਆਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਔਰਤ ਨੂੰ ਗਲਤ ਨਿਗਾਹ ਨਾਲ ਦੇਖਿਆ ਹੈ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ, ਦੂਜੀ ਧਿਰ ਦੇ ਵਿਅਕਤੀ ਜਿਆਦਾ ਸੀ, ਜਿਸ ਕਾਰਨ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਾਇਰ ਮਿਸ ਹੋ ਗਿਆ ਅਤੇ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਗਿਆ ਅਤੇ ਉਕਤ ਵਿਅਕਤੀ ਲੋਕਾਂ ਦੇ ਇਕੱਠ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।
ਪੁਲੀਸ ਉਸ ਥਾਂ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਝਗੜੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ, ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹਾਲੇ ਆਪਣਾ ਬਿਆਨ ਲਿਖਾਉਣ ਲਈ ਥਾਣੇ ਨਹੀਂ ਪਹੁੰਚੇ ਸਨ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਹਨਾਂ ਘਟਨਾ ਦੀ ਪੁਸ਼ਟ ਕਰਦਿਆਂ ਕਿਹਾ ਕਿ ਉਹ ਫਿਲਹਾਲ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਚੱਲ ਰਹੀ ਹੈ।
Mohali
ਓਲੰਪੀਅਨ ਮਹਿੰਦਰ ਸਿੰਘ ਗਿੱਲ ਦਾ ‘ਹਾਲ ਆਫ਼ ਫੇਮ’ ਨਾਲ ਸਨਮਾਨ
50 ਵਰ੍ਹਿਆਂ ਤੋਂ ਅਮਰੀਕਾ ਰਹਿੰਦੇ ਮਹਿੰਦਰ ਸਿੰਘ ਗਿੱਲ ਦੇ ਜੀਵਨ ਉੱਪਰ ਲਿਖੀ ਜਾ ਰਹੀ ਹੈ ਪੁਸਤਕ
ਐਸ ਏ ਐਸ ਨਗਰ, 22 ਨਵੰਬਰ (ਸ.ਬ.) ਅਮਰੀਕਾ ਤੋਂ ਪੰਜਾਬ ਫੇਰੀ ਉਤੇ ਆਏ ਭਾਰਤ ਦੇ ਮਹਾਨ ਅਥਲੀਟ ਓਲੰਪੀਅਨ ਮਹਿੰਦਰ ਸਿੰਘ ਗਿੱਲ ਦਾ ਮੁਹਾਲੀ ਪੁੱਜਣ ਉੱਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ‘ਹਾਲ ਆਫ਼ ਫੇਮ’ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ ਨੇ ਓਲੰਪੀਅਨ ਗਿੱਲ ਦਾ ਸਨਮਾਨ ਕੀਤਾ ਅਤੇ ਪੰਜਾਬ ਓਲੰਪਿਕ ਭਵਨ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ‘ਹਾਲ ਆਫ਼ ਫੇਮ’ ਦਿਖਾਇਆ ਜਿਸ ਵਿੱਚ ਮਹਿੰਦਰ ਸਿੰਘ ਗਿੱਲ ਦੀ ਤਸਵੀਰ ਸੁਸ਼ੋਭਿਤ ਹੈ। ਐਸੋਸੀਏਸ਼ਨ ਵੱਲੋਂ ਗਿੱਲ ਨੂੰ ‘ਹਾਲ ਆਫ਼ ਫੇਮ’ ਦੇ ਸਨਮਾਨ ਅਤੇ ਸੋਵੀਨਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਨਵਦੀਪ ਸਿੰਘ ਗਿੱਲ ਦਾ ਵੀ ਸਨਮਾਨ ਕੀਤਾ ਗਿਆ ਜੋ ਓਲੰਪੀਅਨ ਗਿੱਲ ਦੀ ਜੀਵਨੀ ਲਿਖ ਰਹੇ ਹਨ।
ਜਲੰਧਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਗਿੱਲ 50 ਵਰ੍ਹਿਆਂ ਤੋਂ ਅਮਰੀਕਾ ਦੇ ਪੱਕੇ ਵਸਨੀਕ ਹਨ। ਉਹ ਭਾਰਤ ਦੇ ਮਹਾਨ ਅਥਲੀਟਾਂ ਵਿੱਚੋਂ ਇੱਕ ਹਨ ਜਿਨ੍ਹਾਂ ਤੀਹਰੀ ਛਾਲ ਵਿੱਚ 1970 ਵਿੱਚ ਬੈਂਕਾਕ ਏਸ਼ੀਅਨ ਗੇਮਜ਼ ਵਿੱਚ ਸੋਨੇ ਤੇ 1974 ਤਹਿਰਾਨ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 1974 ਕ੍ਰਾਈਸਟਚਰਚ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਅਤੇ 1970 ਵਿੱਚ ਐਡਿਨਬਰਗ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।1971 ਪ੍ਰੀ ਓਲੰਪਿਕਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1972 ਮਿਊਨਿਖ ਓਲੰਪਿਕਸ ਵਿੱਚ ਹਿੱਸਾ ਲਿਆ।
ਮਹਿੰਦਰ ਸਿੰਘ ਗਿੱਲ ਨੇ ਅਮਰੀਕਾ ਰਹਿੰਦਾ ਲਗਾਤਾਰ ਪੰਜ ਵਾਰ ਐਨ.ਸੀ.ਏ.ਏ. ਚੈਂਪੀਅਨਸ਼ਿਪ ਸਮੇਤ 50 ਤੋਂ ਵੱਧ ਕੌਮਾਂਤਰੀ ਮੀਟ ਜਿੱਤੀਆਂ ਹਨ। ਭਾਰਤ ਸਰਕਾਰ ਵੱਲੋਂ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਉਹ ਅਮਰੀਕਾ ਦੀ ਕੈਲੀ ਪੌਲੀ ਯੂਨੀਵਰਸਿਟੀ ਦੀ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਅਨ ਅਥਲੀਟ ਹਨ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
ਮਿਰਜ਼ਾਪੁਰ ਵਿੱਚ ਟਰੱਕ ਅਤੇ ਟਰੈਕਟਰ ਦੀ ਟੱਕਰ ਦੌਰਾਨ 10 ਮਜ਼ਦੂਰਾਂ ਦੀ ਮੌਤ, 3 ਗੰਭੀਰ ਜ਼ਖਮੀ