Connect with us

National

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ

Published

on

 

ਨਵੀਂ ਦਿੱਲੀ, 6 ਜੁਲਾਈ (ਸ.ਬ.) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 23 ਜੁਲਾਈ ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਅਤੇ ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ ਜਾਵੇਗਾ। ਇਸ ਸੰਬੰਧੀ ਬਜਟ ਸੈਸ਼ਨਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਦ ਦਾ ਸੈਸ਼ਨ 22 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ। ਦੇਸ਼ ਵਿੱਚ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਹੁਣ ਮੋਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ।

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ (ਜਿਸ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਹੈ) ਖਤਮ ਹੋ ਗਿਆ ਹੈ। ਇਸ ਸੈਸ਼ਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਵੀ ਹੋਈ ਸੀ, ਜਿਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਬੋਧਨ ਕੀਤਾ ਸੀ। ਹੁਣ ਸਭ ਦੀਆਂ ਨਜ਼ਰਾਂ ਬਜਟ ਸੈਸ਼ਨ ਤੇ ਟਿਕੀਆਂ ਹੋਈਆਂ ਹਨ।

ਇਸ ਸੰਬੰਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਆਪਣੇ ਐਕਸ ਹੈਂਡਲ ਤੇ ਬਜਟ ਸੈਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਕਿ ਭਾਰਤ ਸਰਕਾਰ ਦੀ ਸਿਫ਼ਾਰਸ਼ ਤੇ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਨੇ ਬਜਟ ਸੈਸ਼ਨ 2024 ਲਈ ਸੰਸਦ ਦੇ ਦੋਵੇਂ ਸਦਨਾਂ ਨੂੰ 22 ਜੁਲਾਈ, 2024 ਤੋਂ 12 ਅਗਸਤ, 2024 ਤੱਕ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 2024-25 ਦਾ ਕੇਂਦਰੀ ਬਜਟ 23 ਜੁਲਾਈ, 2024 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਕੇਂਦਰੀ ਬਜਟ 2024 ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਇਸ ਗੱਲ ਦੀਆਂ ਕਿਆਸਅਰਾਈਆਂ ਵੀ ਲੱਗ ਰਹੀਆਂ ਹਨ ਕਿ ਮੋਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਦੌਰਾਨ ਟੈਕਸਦਾਤਾਵਾਂ ਲਈ ਕੁਝ ਲਾਭਾਂ ਦਾ ਐਲਾਨ ਕਰ ਸਕਦੀ ਹੈ। ਕੇਂਦਰ ਸਰਕਾਰ ਕੇਂਦਰੀ ਬਜਟ ਵਿੱਚ ਪੇਂਡੂ ਰਿਹਾਇਸ਼ ਲਈ ਸੂਬਾਈ ਸਬਸਿਡੀ ਵਧਾਉਣ ਦੀ ਵੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਸਾਲ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਗਿਆ ਸੀ ਪਰ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਪੂਰਾ ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਵਾਰ ਬਜਟ ਪੇਸ਼ ਕਰਨ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਸੱਤ ਕੇਂਦਰੀ ਬਜਟ ਪੇਸ਼ ਕਰਨ ਵਾਲੇ ਪਹਿਲੇ ਵਿੱਤ ਮੰਤਰੀ ਬਣ ਜਾਣਗੇ। ਇਸ ਮਾਮਲੇ ਵਿੱਚ ਉਹ ਮੋਰਾਰਜੀ ਦੇਸਾਈ ਨੂੰ ਪਿੱਛੇ ਛੱਡ ਦੇਣਗੇ ਜਿਹਨਾਂ ਨੇ ਲਗਾਤਾਰ 6 ਬਜਟ ਪੇਸ਼ ਕੀਤੇ ਸਨ।

National

ਸਬਜ਼ੀ ਮੰਡੀ ਵਿੱਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ

Published

on

By

ਪਟਨਾ, 29 ਅਕਤੂਬਰ (ਸ.ਬ.) ਪਟਨਾ ਦੇ ਰਾਮਕ੍ਰਿਸ਼ਨ ਨਗਰ ਦੇ ਖੇਮਨੀਚਕ ਸਥਿਤ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਸਵੇਰੇ ਤਿੰਨ ਵਜੇ ਤੋਂ ਬਾਅਦ ਅਚਾਨਕ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀ ਲਪੇਟ ਵਿੱਚ ਆ ਕੇ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਵਿੱਚ ਸ਼ਿੰਗਾਰ (ਕਾਸਮੈਟਿਕਸ), ਮੋਬਾਈਲ ਰਿਪੇਅਰਿੰਗ ਅਤੇ ਹੋਰ ਕਾਰੋਬਾਰਾਂ ਨਾਲ ਜੁੜੀਆਂ ਦੁਕਾਨਾਂ ਸ਼ਾਮਲ ਹਨ। ਸੂਚਨਾ ਮਿਲਣ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 10 ਤੋਂ 15 ਗੱਡੀਆਂ ਮੌਕੇ ਤੇ ਪਹੁੰਚੀਆਂ।

ਸਵੇਰ ਦੇ ਸਮੇਂ ਮੰਡੀ ਵਿੱਚ ਅੱਗ ਲੱਗਣ ਤੋਂ ਬਾਅਦ ਲਪਟਾਂ ਤੇਜ਼ੀ ਨਾਲ ਫੈਲਣ ਲੱਗੀਆਂ। ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਦੁਕਾਨਦਾਰਾਂ ਨੇ ਆਪਣਾ ਸਾਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਤੇਜ਼ੀ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਮੰਡੀ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਾਂ ਇੱਕੋ ਸਮੇਂ ਸੜਨ ਨਾਲ ਕਾਰੋਬਾਰੀਆਂ ਦੀ ਚਿੰਤਾ ਵਧ ਗਈ।

ਅੱਗ ਲੱਗਣ ਦੌਰਾਨ ਮੰਡੀ ਵਿੱਚ ਸਥਿਤ ਇੱਕ ਝੁੱਗੀਨੁਮਾ ਹੋਟਲ ਵਿੱਚ ਰੱਖੇ ਚਾਰ ਗੈਸ ਸਿਲੰਡਰਾਂ ਵਿੱਚ ਵੀ ਧਮਾਕਾ ਹੋਣ ਦੀ ਸੂਚਨਾ ਹੈ। ਇਸ ਨਾਲ ਮੌਕੇ ਤੇ ਸਥਿਤੀ ਹੋਰ ਵੀ ਭਿਆਨਕ ਹੋ ਗਈ। ਅੱਗ ਦੀ ਲਪੇਟ ਵਿੱਚ ਆ ਕੇ ਮੰਡੀ ਵਿੱਚ ਖੜ੍ਹੀਆਂ ਕਈ ਬਾਈਕ ਵੀ ਸੜ ਗਈਆਂ। ਇਸ ਘਟਨਾ ਵਿੱਚ ਸੜੀਆਂ ਦੁਕਾਨਾਂ ਅਤੇ ਵਾਹਨਾਂ ਦੀ ਗਿਣਤੀ ਅਤੇ ਨੁਕਸਾਨ ਦਾ ਅਸਲ ਅੰਦਾਜ਼ਾ ਅਜੇ ਲਗਾਇਆ ਜਾਣਾ ਬਾਕੀ ਹੈ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਫਾਇਰ ਮੁਲਾਜ਼ਮਾਂ ਨੇ ਅੱਗ ਨੂੰ ਆਸ-ਪਾਸ ਦੀਆਂ ਹੋਰ ਦੁਕਾਨਾਂ ਤੱਕ ਫੈਲਣ ਤੋਂ ਰੋਕਣ ਲਈ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਕਰੀਬ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ। ਹਾਲਾਂਕਿ, ਉਦੋਂ ਤੱਕ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਅੱਗ ਬੁਝਣ ਤੋਂ ਬਾਅਦ ਪ੍ਰਭਾਵਿਤ ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਲੱਗ ਗਏ।

ਮੰਡੀ ਵਿੱਚ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਦੁਕਾਨਾਂ ਸੜਨ ਨਾਲ ਕਾਰੋਬਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ। ਦੁਕਾਨਾਂ ਵਿੱਚ ਰੱਖਿਆ ਸਾਮਾਨ, ਕਾਰੋਬਾਰ ਨਾਲ ਜੁੜੀ ਸਮੱਗਰੀ ਅਤੇ ਹੋਰ ਜਾਇਦਾਦ ਅੱਗ ਵਿੱਚ ਸੜ ਕੇ ਸੁਆਹ ਹੋ ਗਈ। ਪ੍ਰਭਾਵਿਤ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਅੱਗ ਲੱਗਣ ਦੀ ਵਜ੍ਹਾ ਅਤੇ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਣਾ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਅੱਗ ਕਿਵੇਂ ਲੱਗੀ ਅਤੇ ਇੰਨੀ ਤੇਜ਼ੀ ਨਾਲ ਮੰਡੀ ਦੀਆਂ ਦੁਕਾਨਾਂ ਤੱਕ ਕਿਵੇਂ ਫੈਲ ਗਈ। ਇਸ ਘਟਨਾ ਨੇ ਮੰਡੀ ਵਿੱਚ ਅੱਗ ਤੋਂ ਬਚਾਅ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

Continue Reading

National

ਚੱਕਰਵਾਤੀ ਤੂਫਾਨ ਅਰਨਬ ਕਾਰਨ 6 ਵਿਅਕਤੀਆਂ ਦੀ ਮੌਤ

Published

on

By

ਅਮਰਾਵਤੀ, 29 ਅਕਤੂਬਰ (ਸ.ਬ.) ਭਾਰਤ ਦੇ ਪੂਰਬੀ ਤੱਟ ਤੇ ਚੱਕਰਵਾਤੀ ਤੂਫਾਨ ਅਰਨਬ ਵੱਲੋਂ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਖੇਤਰ ਵਿੱਚ ਤਬਾਹੀ ਮਚਾਉਣ ਤੋਂ ਇੱਕ ਦਿਨ ਬਾਅਦ, ਅੱਜ ਭਾਰਤ ਦੇ ਪੂਰਬੀ ਤੱਟ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਿਜਲੀ ਦੀ ਸਪਲਾਈ ਠੱਪ ਰਹੀ। ਮੀਡੀਆ ਰਿਪੋਰਟਾਂ ਵਿੱਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਮੌਤਾਂ ਦੀ ਗਿਣਤੀ ਨੌਂ ਦੱਸੀ ਹੈ, ਜੋ ਕਿ ਕਰੰਟ ਲੱਗਣ ਦੇ ਨਾਲ-ਨਾਲ ਰੁੱਖ ਅਤੇ ਮਕਾਨ ਡਿੱਗਣ ਕਾਰਨ ਹੋਈਆਂ ਹਨ।

ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰਤ ਤੌਰ ਤੇ ਮ੍ਰਿਤਕਾਂ ਦੀ ਗਿਣਤੀ ਛੇ ਸੀ। ਭਾਰਤੀ ਮੌਸਮ ਵਿਭਾਗ ਵੱਲੋਂ ਅਤਿ ਗੰਭੀਰ ਚੱਕਰਵਾਤੀ ਤੂਫਾਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਚੱਕਰਵਾਤ ਅਰਨਬ ਜੋ ਕਿ ਇਸ ਦੇ ਪੈਮਾਨੇ ਤੇ ਤੀਜੀ ਸਭ ਤੋਂ ਉੱਚੀ ਸ਼੍ਰੇਣੀ ਹੈ ਬੁੱਧਵਾਰ ਤੜਕੇ ਆਂਧਰਾ ਪ੍ਰਦੇਸ਼ ਵਿੱਚ ਤੱਟ ਨਾਲ ਟਕਰਾਇਆ।

ਇੱਕ ਬਿਆਨ ਵਿੱਚ ਰਾਜ ਦੇ ਮੁੱਖ ਮੰਤਰੀ ਐਨ ਚੰਦਰਾਬਾਬੂ ਨਾਇਡੂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਚੱਕਰਵਾਤ ਨਾਲ ਘੱਟੋ-ਘੱਟ 15,000 ਬਿਜਲੀ ਦੇ ਖੰਭੇ ਨੁਕਸਾਨੇ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਨਾਸੀਮਾ ਅਤੇ ਪੱਛਮੀ ਗੋਦਾਵਰੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਨਾਇਡੂ ਨੇ ਕਿਹਾ ਕਿ ਤਕਨਾਲੋਜੀ ਵਿੱਚ ਤਰੱਕੀ ਨੇ ਸਰਕਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਪਛਾਣ ਕਰਨ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਦੇ ਯੋਗ ਬਣਾਇਆ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਤੱਟ ਤੇ ਫਸਿਆ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼, ਜਿਸ ਵਿੱਚ 20 ਕਰੂ ਮੈਂਬਰ ਸਵਾਰ ਸਨ, ਸਮੁੰਦਰ ਵਿੱਚ ਉੱਠਦੀਆਂ ਉੱਚੀਆਂ ਲਹਿਰਾਂ ਕਾਰਨ ਵੀਰਵਾਰ ਨੂੰ ਵੀ ਫਸਿਆ ਰਿਹਾ।

ਚੱਕਰਵਾਤ ਦੇ ਆਉਣ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਸੂਬਿਆਂ ਵਿੱਚ 1,80,000 (1 ਲੱਖ 80 ਹਜ਼ਾਰ) ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ। ਕੁੱਝ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਕੁੱਝ ਰੇਲ ਤੇ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਅਰਨਬ ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਸੀ, ਜੋ ਕਿ ਉੱਠਣ ਵਾਲੇ ਤੂਫਾਨਾਂ ਲਈ ਇੱਕ ਮੁੱਖ ਖੇਤਰ ਹੈ ਜਿਸ ਨੇ ਭਾਰਤ ਦੇ ਪੂਰਬੀ ਤੱਟ ਤੇ ਭਿਆਨਕ ਤੂਫਾਨਾਂ ਨੂੰ ਜਨਮ ਦਿੱਤਾ ਹੈ।

Continue Reading

National

ਬਾਜ਼ਾਰ ਵਿੱਚ ਅੱਗ ਲੱਗਣ ਕਾਰਨ 150 ਤੋਂ ਵੱਧ ਦੁਕਾਨਾਂ ਸੜ ਕੇ ਸਵਾਹ

Published

on

By

ਪਣਜੀ, 29 ਅਕਤੂਬਰ (ਸ.ਬ.) ਗੋਆ ਦੇ ਬੰਦਰਗਾਹ ਸ਼ਹਿਰ ਵਾਸਕੋ ਦੇ ਇਕ ਪ੍ਰਮੁੱਖ ਬਾਜ਼ਾਰ ਵਿੱਚ ਬੀਤੀ ਦੇਰ ਰਾਤ ਲੱਗੀ ਭਿਆਨਕ ਅੱਗ ਵਿੱਚ 150 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਅੱਗ ਲੱਗਣ ਨਾਲ ਦੁਕਾਨਾਂ ਅਤੇ ਉਨ੍ਹਾਂ ਦੇ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਮੁੱਖ ਮੰਤਰੀ ਪ੍ਰਮੋਦ ਸਾਵੰਤ, ਸਥਾਨਕ ਵਿਧਾਇਕਾਂ ਅਤੇ ਇਕ ਰਾਜ ਮੰਤਰੀ ਦੇ ਨਾਲ, ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ 150 ਤੋਂ ਵੱਧ ਦੁਕਾਨਾਂ ਸੜ ਗਈਆਂ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਾਵੰਤ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ, ਕਿਉਂਕਿ ਜਿਨ੍ਹਾਂ ਦੁਕਾਨਦਾਰਾਂ ਨੇ ਦੀਵਾਲੀ ਲਈ ਜ਼ਰੂਰੀ ਸਮਾਨ ਦਾ ਸਟਾਕ ਕੀਤਾ ਸੀ, ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਭਾਵਿਤ ਦੁਕਾਨਦਾਰਾਂ ਨੂੰ ਰਾਜ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਾ ਵੀ ਭਰੋਸਾ ਦਿੱਤਾ।

ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਵਾਸਕੋ ਵਿੱਚ ਥੋੜ੍ਹੇ ਸਮੇਂ ਵਿੱਚ ਅੱਗ ਲੱਗਣ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ। ਪਹਿਲੀ ਘਟਨਾ ਬੀਤੀ ਰਾਤ ਲਗਭਗ 10:30 ਵਜੇ ਸ਼ਹਿਰ ਦੇ ਬਾਹਰਵਾਰ ਇਕ ਘਰ ਵਿੱਚ ਵਾਪਰੀ। ਦੂਜੀ ਘਟਨਾ ਇੱਕ ਗੈਰਾਜ ਵਿੱਚ ਵਾਪਰੀ, ਜਿੱਥੇ ਦੋ ਵਾਹਨ ਸੜ ਗਏ। ਇਨ੍ਹਾਂ ਘਟਨਾਵਾਂ ਤੋਂ ਥੋੜ੍ਹੀ ਦੇਰ ਬਾਅਦ, ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇਕ ਵੱਡੀ ਅੱਗ ਲੱਗ ਗਈ।

ਅੱਗ ਲੱਗਣ ਦੌਰਾਨ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਚਾਉਣ ਲਈ ਭੱਜਦੇ ਦੇਖਿਆ ਗਿਆ। ਗੋਆ ਦੇ ਪੁਲੀਸ ਡਾਇਰੈਕਟਰ ਜਨਰਲ ਆਲੋਕ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਅੱਗ ਬੁਝਾਉਣ ਦੇ ਕੰਮ ਵਿੱਚ ਭਾਰਤੀ ਜਲ ਸੈਨਾ, ਤੱਟ ਰੱਖਿਅਕ, ਗੋਆ ਸ਼ਿਪਯਾਰਡ ਲਿਮਟਿਡ ਅਤੇ ਮੋਰਮੁਗਾਓ ਪੋਰਟ ਅਥਾਰਟੀ ਸਮੇਤ ਵੱਖ-ਵੱਖ ਸੰਗਠਨਾਂ ਦੇ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ।

Continue Reading

Latest News

Trending