Connect with us

Punjab

ਪੰਜਾਬ ਪੁਲੀਸ ਵਲੋਂ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਪਰਦਾਫਾਸ਼

Published

on

 

ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਸਮੇਤ ਅੱਠ ਕਾਬੂ

ਅੰਮ੍ਰਿਤਸਰ, 10 ਜੁਲਾਈ (ਸ.ਬ.) ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼ ਕਰਦਿਆਂ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਅਤੇ ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੈਕੇਟ ਤਰਨਤਾਰਨ ਸੇਵਾ ਕੇਂਦਰ ਤੋਂ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ (ਜੋ ਹੁਣ ਫਰਾਰ ਹੈ) ਦੀ ਮਿਲੀਭੁਗਤ ਨਾਲ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ ਤਰਨਤਾਰਨ ਸੇਵਾ ਕੇਂਦਰ ਦਾ ਕਰਮਚਾਰੀ ਹਰਪਾਲ ਸਿੰਘ ਅਤੇ ਇੱਕ ਫੋਟੋਸਟੇਟ ਦੁਕਾਨ ਦਾ ਮਾਲਕ ਬਲਜੀਤ ਸਿੰਘ (ਜਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਲਈ ਆਧਾਰ ਕਾਰਡ ਅਤੇ ਅਸਲਾ ਲਾਇਸੈਂਸ ਪ੍ਰੋਫਾਰਮਾ ਸਮੇਤ ਲੋੜੀਂਦੇ ਪਛਾਣ ਪੱਤਰਾਂ ਨਾਲ ਛੇੜਛਾੜ ਕਰਨ ਦੀ ਗੱਲ ਕਬੂਲ ਕੀਤੀ ਹੈ) ਸ਼ਾਮਲ ਹਨ। ਪੁਲੀਸ ਟੀਮਾਂ ਨੇ ਉਹ ਲੈਪਟਾਪ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਵੱਖ-ਵੱਖ ਸੰਪਾਦਿਤ ਦਸਤਾਵੇਜ਼ਾਂ ਦੇ ਵੇਰਵੇ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਲਈ ਵਰਤੇ ਜਾਂਦੇ ਆਨਲਾਈਨ ਓਪਨ ਸੋਰਸ ਸਾਫਟਵੇਅਰ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਇਸ ਰੈਕੇਟ ਦਾ ਪਰਦਾਫਾਸ਼ 9 ਅਪ੍ਰੈਲ, 2024 ਨੂੰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅੰਨਗੜ੍ਹ ਦੇ ਬੱਬਲੂ ਉਰਫ ਬੱਲੂ (ਜਿਸ ਨੇ ਪੁੱਛਗਿੱਛ ਦੌਰਾਨ ਸਹਿ-ਦੋਸ਼ੀ ਕੰਵਰਦੀਪ ਸਿੰਘ ਦੇ ਨਾਲ ਜਾਅਲੀ ਲਾਇਸੈਂਸੀ ਹਥਿਆਰ ਰੱਖਣ ਦੀ ਗੱਲ ਕਬੂਲ ਕੀਤੀ ਸੀ) ਤੋਂ ਮਿਲੀ ਜਾਣਕਾਰੀ ਉਪਰੰਤ ਹੋਇਆ। ਡੀ ਜੀ ਪੀ ਨੇ ਦੱਸਿਆ ਕਿ ਮੁਲਜ਼ਮ ਬੱਲੂ ਦੇ ਖੁਲਾਸੇ ਤੋਂ ਬਾਅਦ ਏ ਡੀ ਸੀ ਪੀ ਜ਼ੋਨ-1 ਡਾ. ਦਰਪਨ ਆਹਲੂਵਾਲੀਆ ਅਤੇ ਏ ਸੀ ਪੀ ਸੈਂਟਰਲ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਗੇਟ ਹਕੀਮਾਂ ਤੋਂ ਟੀਮਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਅਸਲਾ ਲਾਇਸੈਂਸ ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ ਤੋਂ ਤਸਦੀਕ ਕੀਤਾ ਗਿਆ ਸੀ ਪਰ ਇਸ ਸਬੰਧੀ ਸਰਕਾਰੀ ਰਿਕਾਰਡ ਵਿੱਚ ਕੋਈ ਜਾਣਕਾਰੀ ਦਰਜ ਨਹੀਂ ਸੀ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਲੋਕਾਂ ਤੋਂ ਇਲਾਵਾ ਅਪਰਾਧੀ ਪਿਛੋਕੜ ਵਾਲੇ ਅੰਮ੍ਰਿਤਸਰ ਦੇ ਵਸਨੀਕ ਵੀ ਤਰਨਤਾਰਨ ਤੋਂ ਜਾਅਲੀ ਆਧਾਰ ਕਾਰਡਾਂ ਦੇ ਆਧਾਰ ਤੇ ਜਾਅਲੀ ਲਾਇਸੈਂਸ ਬਣਾ ਰਹੇ ਸਨ।

ਮਾਮਲੇ ਵਿੱਚ ਗੰਨ ਹਾਊਸਾਂ ਦੀ ਮਿਲੀਭੁਗਤ ਨੂੰ ਨਾ ਨਕਾਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲੀਸ ਟੀਮਾਂ ਅਜਿਹੇ ਗੰਨ ਹਾਊਸਾਂ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ ਜਿਹਨਾਂ ਨੇ ਫਰਜ਼ੀ ਲਾਈਸੈਂਸ ਹੋਣ ਦਾ ਪਤਾ ਹੁੰਦਿਆਂ ਵੀ ਬਿਨਾਂ ਆਨਲਾਈਨ ਵੈਰੀਫਿਕੇਸ਼ਨ ਕੀਤਿਆਂ ਅਸਲਾ ਵੇਚਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਪੁਲੀਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 11 ਜੂਨ, 2024 ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ ਅਤੇ ਪੰਜ ਹੋਰ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਹਨਾਂ ਵਿੱਚ ਅਭੈ ਵਾਸੀ ਸੁਲਤਾਨਵਿੰਡ ਨੂੰ ਫਰਜ਼ੀ ਤੌਰ ਤੇ ਜੰਡਿਆਲਾ ਰੋਡ, ਤਰਨਤਾਰਨ ਦਾ ਵਾਸੀ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਨਪ੍ਰੀਤ ਨੂੰ ਤਰਨਤਾਰਨ ਦਾ ਵਸਨੀਕ, ਅੰਮ੍ਰਿਤਸਰ ਦੇ ਕੰਵਰਦੀਪ ਨੂੰ ਰੇਲਵੇ ਰੋਡ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਰੋਹਿਤ ਨੂੰ ਤਰਨਤਾਰਨ ਦੇ ਪਿੰਡ ਕੰਗ ਦਾ ਵਸਨੀਕ ਦਿਖਾਇਆ ਗਿਆ ਹੈ, ਨੂੰ 12 ਜੂਨ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਸਦਰ ਤਰਨਤਾਰਨ ਦੇ ਰਹਿਣ ਵਾਲੇ ਹਰਿੰਦਰ ਨੂੰ 2 ਜੁਲਾਈ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 6 ਜਾਅਲੀ ਅਸਲਾ ਲਾਇਸੰਸ, ਫ਼ਰਜ਼ੀ ਆਧਾਰ ਕਾਰਡ ਅਤੇ 7 ਹਥਿਆਰ ਜਿਹਨਾਂ ਵਿੱਚ .32 ਬੋਰ ਦੇ 4 ਪਿਸਤੌਲ, .32 ਬੋਰ ਦੇ 2 ਰਿਵਾਲਵਰ ਅਤੇ 1 ਡਬਲ ਬੈਰਲ ਰਾਈਫਲ ਸ਼ਾਮਲ ਹੈ, ਵੀ ਬਰਾਮਦ ਕੀਤੇ ਹਨ।

ਉਹਨਾਂ ਦੱਸਿਆ ਕਿ ਗਿਰੋਹ ਦਾ ਸਰਗਨਾ ਸੂਰਜ ਭੰਡਾਰੀ ਅਸਲਾ ਲਾਇਸੈਂਸ ਤਿਆਰ ਕਰਨ ਲਈ 1.5 ਲੱਖ ਰੁਪਏ ਪ੍ਰਤੀ ਗਾਹਕ ਫੀਸ ਲੈ ਰਿਹਾ ਸੀ, ਜਿਸ ਵਿੱਚੋਂ 5-10 ਹਜ਼ਾਰ ਰੁਪਏ ਕਮਿਸ਼ਨ ਮੁਲਜ਼ਮ ਫੋਟੋਸਟੇਟ ਦੁਕਾਨ ਦੇ ਮਾਲਕ ਬਲਜੀਤ ਨੂੰ ਦਿੱਤਾ ਜਾਂਦਾ ਸੀ, ਜਦਕਿ ਸੇਵਾ ਕੇਂਦਰ ਦੇ ਮੁਲਾਜ਼ਮ ਹਰਪਾਲ ਨੂੰ 10-20 ਹਜ਼ਾਰ ਰੁਪਏ ਮਿਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਕਿਊਆਰ ਕੋਡ, ਹੋਲੋਗ੍ਰਾਮ, ਸਟੈਂਪ ਅਤੇ ਡਿਜੀਟਲ ਹਸਤਾਖਰਾਂ ਨਾਲ ਛੇੜਛਾੜ ਕਰਦੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਮੁਲਜ਼ਮ ਸੂਰਜ ਭੰਡਾਰੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

Continue Reading

Mohali

ਵਿਜੀਲੈਂਸ ਵੱਲੋਂ ਡਵਲਿਉ. ਡਵਲਿਉ. ਆਈ. ਸੀ. ਐਸ. ਦੇ ਡਾਇਰੈਕਟਰ ਅਤੇ ਸਾਬਕਾ ਪੀ. ਸੀ. ਐਸ. ਅਧਿਕਾਰੀ ਸਮੇਤ 7 ਵਿਰੁਧ ਚਾਰਜਸ਼ੀਟ ਦਾਖਲ

Published

on

By

 

ਕਾਲੋਨੀ ਕੱਟਣ ਨੂੰ ਲੈ ਕੇ ਵਿਭਾਗ ਦੇ ਅਫਸਰ ਵਲੋਂ ਮਾਲਕਾਂ ਨਾਲ ਮਿਲ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਣ ਦਾ ਹੈ ਮਾਮਲਾ

ਐਸ ਏ ਐਸ ਨਗਰ, 25 ਦਸੰਬਰ (ਜਸਬੀਰ ਸਿੰਘ ਜੱਸੀ) ਕਲੋਨੀ ਬਣਾਉਣ ਲਈ ਖਰੀਦੀ ਗਈ ਜਮੀਨ ਦੀ ਸਰਕਾਰੀ ਫੀਸ ਜਮਾਂ ਕਰਵਾਉਣ ਵਿੱਚ ਕੀਤੀ ਗਈ ਘਪਲੇਬਾਜੀ ਅਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਣ ਦੇ ਮਾਮਲੇ ਵਿੱਚ ਵਿਜੀਲੈਂਸ ਵਲੋਂ ਡਵਲਿਉ. ਡਵਲਿਉ. ਆਈ. ਸੀ. ਐਸ. ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ, ਅਸ਼ੋਕ ਕੁਮਾਰ ਸਿੱਕਾ, ਸ਼ਕਤੀ ਸਾਗਰ ਭਾਟੀਆ, ਸੁਰਿੰਦਰਜੀਤ ਸਿੰਘ ਜਸਪਾਲ, ਨਿਮਰਤਦੀਪ ਸਿੰਘ, ਮੋਹਿਤ ਪੁਰੀ ਅਤੇ ਤਰਨਜੀਤ ਸਿੰਘ ਬਾਵਾ ਵਿਰੁਧ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਧਾਰਾ 420, 465, 467, 468, 471, 474, 120 ਬੀ ਅਤੇ 201 ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੋਧੀ ਪੀ. ਸੀ. ਐਕਟ ਦੇ ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਏ. ਆਈ. ਜੀ ਆਸ਼ੀਸ਼ ਕਪੂਰ ਦੇ ਬਿਆਨਾਂ ਤੇ ਦਵਿੰਦਰ ਸਿੰਘ ਸੰਧੂ ਕੰਪਨੀ ਡਾਇਰੈਕਟਰ, ਨਗੇਂਦਰ ਰਾਉ ਕੰਪਨੀ ਦੇ ਜੀ. ਐਮ., ਅਸ਼ੋਕ ਕੁਮਾਰ ਸਿੱਕਾ ਪੀ. ਸੀ. ਐਸ (ਰਿਟਾਇਰਡ), ਸ਼ਕਤੀ ਸਾਗਰ ਭਾਟੀਆ ਐਸ. ਟੀ. ਪੀ. ਨਗਰ ਨਿਗਮ ਪਟਿਆਲਾ (ਰਿਟਾਇਰਡ) ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਦਾ ਦੋਸ਼ ਹੈ ਕਿ ਕੁਰਾਲੀ ਸਿਸਵਾਂ ਰੋਡ ਤੇ 17.5 ਏਕੜ ਜਮੀਨ ਡਰੀਮ ਮਿਡੋਸ ਵਨ ਅਤੇ 9 ਏਕੜ ਜਮੀਨ ਤੇ ਡਰੀਮ ਮਿਡੋਸ ਟੂ ਕਲੋਨੀ ਕੱਟ ਕੇ ਇਸ ਜਮੀਨ ਦੀ ਖਰੀਦੋ ਫਰੋਖਤ ਸਬੰਧੀ ਨਕਸ਼ੇ ਪਾਸ ਕਰਵਾ ਕੇ ਜਮੀਨ ਦੀਆਂ ਰਜਿਸਟਰੀਆਂ ਖਰੀਦਦਾਰਾਂ ਦੇ ਨਾਮ ਕਰ ਦਿੱਤੀਆਂ ਗਈਆਂ, ਜਦਕਿ ਇਹਨਾਂ ਕਲੋਨੀਆਂ ਵਿੱਚ ਕਾਫੀ ਪਲਾਟ ਮੌਜੂਦ ਹੀ ਨਹੀਂ ਸਨ ਅਤੇ ਬਰਸਾਤੀ ਪਾਣੀ ਕਾਰਨ ਨਦੀ ਦੇ ਕੰਢੇ ਤੇ ਹੋਣ ਕਾਰਨ ਨਦੀ ਵਿੱਚ ਹੀ ਹੜ ਗਏ।

ਇਨ੍ਹਾਂ ਕਲੋਨੀਆਂ ਦੇ ਕੁਲ 3 ਕਰੋੜ 45 ਲੱਖ 71 ਹਜ਼ਾਰ 825 ਰੁਪਏ ਕੰਪੋਜੀਸ਼ਨ ਫੀਸ ਸਮੇਤ 25 ਪ੍ਰਤੀਸ਼ਤ ਪੈਨਲਟੀ ਕਲੋਨੀ ਮਾਲਕਾਂ ਪਾਸੋਂ 5 ਪ੍ਰਤੀਸ਼ਤ ਦੇ ਹਿਸਾਬ ਨਾਲ ਲੈਣੀ ਬਣਦੀ ਸੀ। ਇਸ ਮਾਮਲੇ ਵਿੱਚ ਨਾਮਜ਼ਦ ਅਸ਼ੋਕ ਕੁਮਾਰ ਸਿੱਕਾ ਨੇ ਕਲੋਨੀ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕਲੋਨੀਆਂ ਨੂੰ ਵੱਖ ਵੱਖ ਪੱਤਰਾਂ ਨਾਲ ਰੈਗੂਲਰ ਕਰਵਾਉਣ ਸਮੇਂ 2 ਪ੍ਰਤੀਸ਼ਤ ਦੇ ਹਿਸਾਬ ਨਾਲ ਕੰਪੋਜੀਸ਼ਨ ਫੀਸ ਜਮਾਂ ਕਰਵਾਈ ਅਤੇ ਅਜਿਹਾ ਕਰਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ।

ਵਿਜੀਲੈਂਸ ਦੀ ਪੜਤਾਲ ਮੁਤਾਬਕ ਕਲੋਨੀ ਦੇ ਮਾਲਕ ਦਵਿੰਦਰ ਸੰਧੂ ਵਲੋਂ ਫਰਜੀ ਦਸਤਾਵੇਜ ਤਿਆਰ ਕਰਕੇ ਆਪਣੇ ਕਰਮਚਾਰੀ ਨਾਗੇਂਦਰ ਰਾਓ ਦੀ ਮੱਦਦ ਨਾਲ ਅਸ਼ੋਕ ਕੁਮਾਰ ਸਿੱਕਾ (ਜੋ ਉਸ ਸਮੇਂ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਟਿਆਲਾ ਸੀ) ਨਾਲ ਮਿਲੀ ਭੁਗਤ ਕਰਕੇ ਦੋਹਾਂ ਕਲੋਨੀਆਂ ਨੂੰ ਰੈਗੂਲਰ ਕਰਵਾਇਆ। ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਮੁਤਾਬਕ ਦਵਿੰਦਰ ਸੰਧੂ ਵਲੋਂ ਕੁਰਾਲੀ ਸ਼ਹਿਰ ਦੇ ਵਸਨੀਕ ਮਾਮ ਰਾਜ ਦੀ ਮਾਲਕੀ ਵਾਲੀ ਜਮੀਨ ਦੇ ਪਲਾਟ ਕੱਟ ਕੇ ਅੱਗੇ ਵੇਚ ਦਿੱਤੇ ਗਏ, ਜਦੋਂ ਕਿ ਮਾਮ ਰਾਜ ਸਾਲ 2006 ਤੋਂ ਲਾਪਤਾ ਹੈ, ਜਿਸ ਦੇ ਸਬੰਧ ਵਿੱਚ ਥਾਣਾ ਕੁਰਾਲੀ ਵਿਖੇ ਰਿਪੋਰਟ ਦਰਜ ਹੈ ਫਿਰ ਮਾਮ ਰਾਜ ਦੇ ਨਾ ਲੱਭੇ ਜਾਂਣ ਦੇ ਬਾਵਜੂਦ ਕੰਪਨੀ ਦੇ ਮਾਲਕ ਦਵਿੰਦਰ ਸੰਧੂ ਵਲੋਂ ਉਕਤ ਜਮੀਨ ਕਿਸ ਅਧਾਰ ਤੇ ਵੇਚੀ ਗਈ।

ਇਥੇ ਇਹ ਵੀ ਦੱਸਣਯੋਗ ਹੈ ਕਿ ਕਲੋਨੀ ਮਾਲਕਾਂ ਵਲੋਂ ਇਸ ਜਮੀਨ ਦੀਆਂ ਰਜਿਸਟਰੀਆਂ ਕਰਵਾਉਣ ਸਮੇਂ ਇਸ ਜਮੀਨ ਨੂੰ (ਚਾਹੀ) ਅਤੇ (ਬਰਾਨੀ) ਲਿਖ ਕੇ ਇਸ ਦੇ ਬੈਨਾਮੇ ਤਸਦੀਕ ਕਰਵਾਏ ਗਏ ਅਤੇ ਸਰਕਾਰ ਨੂੰ ਸਿਰਫ 2 ਕਰੋੜ 41 ਲੱਖ 97 ਹਜ਼ਾਰ ਰੁਪਏ ਤੇ ਹੀ ਰਜਿਸਟਰੀ ਖਰਚ ਅਦਾ ਕੀਤਾ ਗਿਆ, ਜਦੋਂ ਕਿ ਜਮੀਨ ਦੀ ਖਰੀਦ ਵੇਚ ਸਬੰਧੀ ਕੁਲ ਰਕਮ ਦੀ ਅਦਾਇਗੀ 8 ਕਰੋੜ 17 ਲੱਖ 69 ਹਜਾਰ 287 ਰੁਪਏ ਕੀਤੇ ਗਏ, ਜੋ ਕਿ ਬੈਨਾਮਿਆਂ ਤੋਂ ਵੱਧ ਰਕਮ ਕੋਠੀ ਨੰ-3048 ਸੈਕਟਰ-20 ਚੰਡੀਗੜ੍ਹ ਦੀ ਖਰੀਦ ਵਿੱਚ ਵਰਤੇ ਗਏ।

ਇਸ ਮੁੱਕਦਮੇ ਦੇ ਦਰਜ਼ ਹੋਣ ਤੋਂ ਬਾਅਦ ਸੁਰਿੰਦਰਜੀਤ ਸਿੰਘ, ਜਸਪਾਲ ਵਾਸੀ ਫੇਜ਼-3 ਬੀ 1, ਤਰਨਜੀਤ ਸਿੰਘ ਬਾਵਾ ਵਾਸੀ ਸੰਨੀ ਇਨਕਲੇਵ ਖਰੜ, ਨਿਮਰਤ ਦੀਪ ਸਿੰਘ ਵਾਸੀ ਸੈਕਟਰ-35 ਡੀ ਚੰਡੀਗੜ੍ਹ ਅਤੇ ਮੋਹਿਤ ਪੁਰੀ ਵਾਸੀ ਨਿਉ ਚੰਡੀਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ। ਵਿਜੀਲੈਂਸ ਮੁਤਾਬਕ ਇਸ ਮਾਮਲੇ ਵਿੱਚ ਹੋਰ ਵੀ ਸਰਕਾਰੀ ਅਫਸਰਾਂ ਅਤੇ ਹੋਰਨਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ।

Continue Reading

Punjab

ਬੀਬੀ ਜਗੀਰ ਕੌਰ ਸੰਬੰਧੀ ਬਦਕਲਾਮੀ ਲਈ ਐਸ ਜੀ ਪੀ ਸੀ ਪ੍ਰਧਾਨ ਧਾਮੀ ਨੂੰ ਪੰਜ ਪਿਆਰਿਆਂ ਨੇ ਲਾਈ ਤਨਖ਼ਾਹ

Published

on

By

 

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਆਦੇਸ਼ ਤੇ ਪੰਜ ਪਿਆਰਿਆਂ ਅੱਗੇ ਪੇਸ਼ ਹੋਏ ਧਾਮੀ ਨੇ ਜੋੜੇ ਸਾਫ਼ ਕਰਨ ਤੇ ਭਾਂਡੇ ਮਾਂਜਣ ਦੀ ਸੇਵਾ ਕੀਤੀ

ਅੰਮ੍ਰਿਤਸਰ, 25 ਦਸੰਬਰ (ਸ.ਬ.) ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਅਕਾਲ ਤਖ਼ਤ ਤੇ ਪੰਜ ਪਿਆਰਿਆਂ ਕੋਲ ਪੇਸ਼ ਹੋਏ, ਜਿਨ੍ਹਾਂ ਵਲੋਂ ਨੇ ਉਨ੍ਹਾਂ ਨੂੰ ਸੰਗਤਾਂ ਦੇ ਜੋੜੇ ਸਾਫ ਕਰਨ, ਲੰਗਰ ਦੇ ਜੂਠੇ ਬਰਤਨ ਮਾਂਜਣ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਤਨਖ਼ਾਹ ਲਗਾਈ ਹੈ। ਇਸ ਤੋਂ ਬਾਅਦ ਐਡਵੋਕੇਟ ਧਾਮੀ ਨੇ ਲਾਈ ਗਈ ਤਨਖ਼ਾਹ ਦੀ ਪੂਰਤੀ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਬੈਠ ਕੇ ਸੰਗਤਾਂ ਦੇ ਜੋੜੇ ਸਾਫ ਕੀਤੇ।

ਇੱਥੇ ਜਿਕਰਯੋਗ ਹੈ ਕਿ ਐਡਵੋਕੇਟ ਧਾਮੀ ਨੇ ਬੀਤੇ ਦਿਨੀਂ ਬੀਬੀ ਜਗੀਰ ਕੌਰ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਬੋਲੇ ਸਨ ਅਤੇ ਬਾਅਦ ਵਿਚ ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਉਨ੍ਹਾਂ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਦੇ ਕੇ ਮੁਆਫ਼ੀ ਮੰਗੀ ਸੀ ਅਤੇ ਇਸ ਮਾਮਲੇ ਵਿੱਚ ਬੀਬੀ ਜਗੀਰ ਕੌਰ ਤੋਂ ਵੀ ਜਨਤਕ ਤੌਰ ਤੇ ਮੁਆਫ਼ੀ ਮੰਗ ਲਈ ਗਈ ਸੀ। ਇਸ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਸਨ, ਜਿੱਥੇ ਉਨ੍ਹਾਂ ਹੋਈ ਗ਼ਲਤੀ ਦਾ ਸਪਸ਼ਟੀਕਰਨ ਦਿੱਤਾ ਸੀ।

ਸz. ਧਾਮੀ ਅੱਜ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਗਏ ਅਤੇ ਉਹਨਾਂ ਦੇ ਹੁਕਮ ਅਨੁਸਾਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਵੱਲੋਂ ਐਡਵੋਕੇਟ ਧਾਮੀ ਨੂੰ ਇੱਕ ਘੰਟਾ ਜੋੜਾ ਘਰ ਵਿਚ ਜੋੜੇ ਸਾਫ਼ ਕਰਨ, ਇੱਕ ਘੰਟਾ ਲੰਗਰ ਵਿਖੇ ਬਰਤਨ ਮਾਂਜਣ ਦੀ ਸੇਵਾ ਕਰਨ ਦੇ ਨਾਲ-ਨਾਲ ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣ ਦਾ ਹੁਕਮ ਕੀਤਾ ਹੈ।

Continue Reading

Mohali

ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਵਿਅਕਤੀ ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ

Published

on

By

 

ਇਰਾਦਾ ਕਤਲ ਦਾ ਮਾਮਲਾ ਦਰਜ, ਇਕ ਹਮਲਾਵਰ ਕਾਬੂ, ਬਾਕੀ ਮੁਲਜਮ ਹਾਲੇ ਵੀ ਫਰਾਰ

ਐਸ ਏ ਐਸ ਨਗਰ, 25 ਦਸੰਬਰ (ਜਸਬੀਰ ਸਿੰਘ ਜੱਸੀ) ਪਿੰਡ ਤਸੋਲੀ ਵਾਸੀ ਇਕ ਵਿਅਕਤੀ ਤੇ ਕੁਝ ਨੌਜਵਾਨਾਂ ਵਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਸ਼ਰਨਜੀਤ ਸਿੰਘ ਵਾਸੀ ਪਿੰਡ ਤਸੋਲੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਇਸ ਸਬੰਧੀ ਜਖਮੀ ਸ਼ਰਨਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਰੇਤਾ, ਬਜਰੀ ਅਤੇ ਬਿਲਡਿੰਗ ਮਟੀਰੀਅਲ ਦਾ ਕੰਮ ਹੈ ਅਤੇ ਉਸਦਾ ਸੈਕਟਰ 97 ਵਿੱਚ ਡੰਪ ਹੈ। ਸ਼ਿਕਾਇਤ ਕਰਤਾ ਅਨੁਸਾਰ ਬੀਤੀ 23 ਦਸੰਬਰ ਨੂੰ ਸਵੇਰੇ ਸਾਢੇ 11 ਵਜੇ ਦੇ ਕਰੀਬ ਉਹ ਆਪਣੇ ਡੰਪ ਤੇ ਮੌਜੂਦ ਸੀ ਤਾਂ ਇਸ ਦੌਰਾਨ ਉਸ ਦੇ ਡੰਪ ਤੇ ਰਣਬੀਰ ਸਿੰਘ ਵਾਸੀ ਪਿੰਡ ਨਡਿਆਲੀ, ਸ਼ਰਨਜੀਤ ਸਿੰਘ ਸੇਖੋਂ, ਮਨਜੀਤ ਸਿੰਘ ਵਾਸੀ ਜਗਤਪੁਰਾ ਅਤੇ ਅਮਨ ਮਲਿਕ ਵਾਸੀ ਪਿੰਡ ਕੁੰਭੜਾ ਆਪਣੇ ਹੋਰ 10-12 ਵਿਅਕਤੀਆਂ ਸਮੇਤ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਮਾਰੂ ਹਥਿਆਰਾਂ ਨਾਲ ਆਏ ਅਤੇ ਉਕਤ ਹਮਲਾਵਰਾਂ ਵਲੋਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ਵਿੱਚ ਵਾਰ ਕੀਤੇ ਗਏ। ਇਸ ਦੌਰਾਨ ਜਦੋਂ ਉਸ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਤੇ ਕਿਰਪਾਨਾਂ ਅਤੇ ਡੰਡਿਆ ਨਾਲ ਸੱਟਾਂ ਮਾਰੀਆਂ।

ਸ਼ਿਕਾਇਤਕਰਤਾ ਅਨੁਸਾਰ ਉਕਤ ਹਮਲਾਵਰਾਂ ਵਲੋਂ ਉਸ ਤੇ ਹਮਲਾ ਕਰਦੇ ਸਮੇਂ ਉਸ ਦੇ ਗਲੇ ਵਿੱਚ ਪਾਈ ਚੇਨੀ ਅਤੇ ਜਾਕਟ ਦੀ ਜੇਬ ਵਿੱਚੋਂ 25-30 ਹਜਾਰ ਦੀ ਨਕਦੀ ਜਬਰਦਸਤੀ ਖੋਹ ਲਈ। ਇਸ ਦੌਰਾਨ ਉਸ ਦਾ ਮੁਣਸ਼ੀ ਪ੍ਰਿੰਸ ਉਸ ਦੀ ਮੱਦਦ ਕਰਨ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਹਮਲਾਵਰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਇਸ ਸਬੰਧੀ ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਥਾਣਾ ਸੋਹਾਣਾ ਦੀ ਪੁਲੀਸ ਨੇ ਜਖਮੀ ਸ਼ਰਨਜੀਤ ਸਿੰਘ ਵਾਸੀ ਤਸੋਲੀ ਦੇ ਬਿਆਨਾਂ ਤੇ ਰਣਬੀਰ ਸਿੰਘ, ਸ਼ਰਨਜੀਤ ਸਿੰਘ ਸੇਖੋਂ, ਮਨਜੀਤ ਸਿੰਘ, ਅਮਨ ਮਲਿਕ ਅਤੇ 10-12 ਅਣਪਛਾਤਿਆਂ ਵਿਰੁਧ ਬੀ.ਐਨ.ਐਸ ਐਕਟ ਦੀ ਧਾਰਾ 115(2), 109, 304, 191(3) ਅਤੇ 190 ਦੇ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੇ ਮੁੱਖ ਮੁਲਜਮ ਰਣਬੀਰ ਸਿੰਘ ਵਾਸੀ ਪਿੰਡ ਨਡਿਆਲੀ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਮੁਲਜਮ ਨੂੰ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਵਲੋਂ ਰਣਬੀਰ ਸਿੰਘ ਨੂੰ 3 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

Continue Reading

Latest News

Trending