Connect with us

Punjab

ਪੰਜਾਬ ਪੁਲੀਸ ਵਲੋਂ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਪਰਦਾਫਾਸ਼

Published

on

 

ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਸਮੇਤ ਅੱਠ ਕਾਬੂ

ਅੰਮ੍ਰਿਤਸਰ, 10 ਜੁਲਾਈ (ਸ.ਬ.) ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼ ਕਰਦਿਆਂ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਅਤੇ ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੈਕੇਟ ਤਰਨਤਾਰਨ ਸੇਵਾ ਕੇਂਦਰ ਤੋਂ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ (ਜੋ ਹੁਣ ਫਰਾਰ ਹੈ) ਦੀ ਮਿਲੀਭੁਗਤ ਨਾਲ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ ਤਰਨਤਾਰਨ ਸੇਵਾ ਕੇਂਦਰ ਦਾ ਕਰਮਚਾਰੀ ਹਰਪਾਲ ਸਿੰਘ ਅਤੇ ਇੱਕ ਫੋਟੋਸਟੇਟ ਦੁਕਾਨ ਦਾ ਮਾਲਕ ਬਲਜੀਤ ਸਿੰਘ (ਜਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਲਈ ਆਧਾਰ ਕਾਰਡ ਅਤੇ ਅਸਲਾ ਲਾਇਸੈਂਸ ਪ੍ਰੋਫਾਰਮਾ ਸਮੇਤ ਲੋੜੀਂਦੇ ਪਛਾਣ ਪੱਤਰਾਂ ਨਾਲ ਛੇੜਛਾੜ ਕਰਨ ਦੀ ਗੱਲ ਕਬੂਲ ਕੀਤੀ ਹੈ) ਸ਼ਾਮਲ ਹਨ। ਪੁਲੀਸ ਟੀਮਾਂ ਨੇ ਉਹ ਲੈਪਟਾਪ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਵੱਖ-ਵੱਖ ਸੰਪਾਦਿਤ ਦਸਤਾਵੇਜ਼ਾਂ ਦੇ ਵੇਰਵੇ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਲਈ ਵਰਤੇ ਜਾਂਦੇ ਆਨਲਾਈਨ ਓਪਨ ਸੋਰਸ ਸਾਫਟਵੇਅਰ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਇਸ ਰੈਕੇਟ ਦਾ ਪਰਦਾਫਾਸ਼ 9 ਅਪ੍ਰੈਲ, 2024 ਨੂੰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅੰਨਗੜ੍ਹ ਦੇ ਬੱਬਲੂ ਉਰਫ ਬੱਲੂ (ਜਿਸ ਨੇ ਪੁੱਛਗਿੱਛ ਦੌਰਾਨ ਸਹਿ-ਦੋਸ਼ੀ ਕੰਵਰਦੀਪ ਸਿੰਘ ਦੇ ਨਾਲ ਜਾਅਲੀ ਲਾਇਸੈਂਸੀ ਹਥਿਆਰ ਰੱਖਣ ਦੀ ਗੱਲ ਕਬੂਲ ਕੀਤੀ ਸੀ) ਤੋਂ ਮਿਲੀ ਜਾਣਕਾਰੀ ਉਪਰੰਤ ਹੋਇਆ। ਡੀ ਜੀ ਪੀ ਨੇ ਦੱਸਿਆ ਕਿ ਮੁਲਜ਼ਮ ਬੱਲੂ ਦੇ ਖੁਲਾਸੇ ਤੋਂ ਬਾਅਦ ਏ ਡੀ ਸੀ ਪੀ ਜ਼ੋਨ-1 ਡਾ. ਦਰਪਨ ਆਹਲੂਵਾਲੀਆ ਅਤੇ ਏ ਸੀ ਪੀ ਸੈਂਟਰਲ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਗੇਟ ਹਕੀਮਾਂ ਤੋਂ ਟੀਮਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਅਸਲਾ ਲਾਇਸੈਂਸ ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ ਤੋਂ ਤਸਦੀਕ ਕੀਤਾ ਗਿਆ ਸੀ ਪਰ ਇਸ ਸਬੰਧੀ ਸਰਕਾਰੀ ਰਿਕਾਰਡ ਵਿੱਚ ਕੋਈ ਜਾਣਕਾਰੀ ਦਰਜ ਨਹੀਂ ਸੀ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਲੋਕਾਂ ਤੋਂ ਇਲਾਵਾ ਅਪਰਾਧੀ ਪਿਛੋਕੜ ਵਾਲੇ ਅੰਮ੍ਰਿਤਸਰ ਦੇ ਵਸਨੀਕ ਵੀ ਤਰਨਤਾਰਨ ਤੋਂ ਜਾਅਲੀ ਆਧਾਰ ਕਾਰਡਾਂ ਦੇ ਆਧਾਰ ਤੇ ਜਾਅਲੀ ਲਾਇਸੈਂਸ ਬਣਾ ਰਹੇ ਸਨ।

ਮਾਮਲੇ ਵਿੱਚ ਗੰਨ ਹਾਊਸਾਂ ਦੀ ਮਿਲੀਭੁਗਤ ਨੂੰ ਨਾ ਨਕਾਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲੀਸ ਟੀਮਾਂ ਅਜਿਹੇ ਗੰਨ ਹਾਊਸਾਂ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ ਜਿਹਨਾਂ ਨੇ ਫਰਜ਼ੀ ਲਾਈਸੈਂਸ ਹੋਣ ਦਾ ਪਤਾ ਹੁੰਦਿਆਂ ਵੀ ਬਿਨਾਂ ਆਨਲਾਈਨ ਵੈਰੀਫਿਕੇਸ਼ਨ ਕੀਤਿਆਂ ਅਸਲਾ ਵੇਚਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਪੁਲੀਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 11 ਜੂਨ, 2024 ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ ਅਤੇ ਪੰਜ ਹੋਰ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਹਨਾਂ ਵਿੱਚ ਅਭੈ ਵਾਸੀ ਸੁਲਤਾਨਵਿੰਡ ਨੂੰ ਫਰਜ਼ੀ ਤੌਰ ਤੇ ਜੰਡਿਆਲਾ ਰੋਡ, ਤਰਨਤਾਰਨ ਦਾ ਵਾਸੀ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਨਪ੍ਰੀਤ ਨੂੰ ਤਰਨਤਾਰਨ ਦਾ ਵਸਨੀਕ, ਅੰਮ੍ਰਿਤਸਰ ਦੇ ਕੰਵਰਦੀਪ ਨੂੰ ਰੇਲਵੇ ਰੋਡ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਰੋਹਿਤ ਨੂੰ ਤਰਨਤਾਰਨ ਦੇ ਪਿੰਡ ਕੰਗ ਦਾ ਵਸਨੀਕ ਦਿਖਾਇਆ ਗਿਆ ਹੈ, ਨੂੰ 12 ਜੂਨ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਸਦਰ ਤਰਨਤਾਰਨ ਦੇ ਰਹਿਣ ਵਾਲੇ ਹਰਿੰਦਰ ਨੂੰ 2 ਜੁਲਾਈ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 6 ਜਾਅਲੀ ਅਸਲਾ ਲਾਇਸੰਸ, ਫ਼ਰਜ਼ੀ ਆਧਾਰ ਕਾਰਡ ਅਤੇ 7 ਹਥਿਆਰ ਜਿਹਨਾਂ ਵਿੱਚ .32 ਬੋਰ ਦੇ 4 ਪਿਸਤੌਲ, .32 ਬੋਰ ਦੇ 2 ਰਿਵਾਲਵਰ ਅਤੇ 1 ਡਬਲ ਬੈਰਲ ਰਾਈਫਲ ਸ਼ਾਮਲ ਹੈ, ਵੀ ਬਰਾਮਦ ਕੀਤੇ ਹਨ।

ਉਹਨਾਂ ਦੱਸਿਆ ਕਿ ਗਿਰੋਹ ਦਾ ਸਰਗਨਾ ਸੂਰਜ ਭੰਡਾਰੀ ਅਸਲਾ ਲਾਇਸੈਂਸ ਤਿਆਰ ਕਰਨ ਲਈ 1.5 ਲੱਖ ਰੁਪਏ ਪ੍ਰਤੀ ਗਾਹਕ ਫੀਸ ਲੈ ਰਿਹਾ ਸੀ, ਜਿਸ ਵਿੱਚੋਂ 5-10 ਹਜ਼ਾਰ ਰੁਪਏ ਕਮਿਸ਼ਨ ਮੁਲਜ਼ਮ ਫੋਟੋਸਟੇਟ ਦੁਕਾਨ ਦੇ ਮਾਲਕ ਬਲਜੀਤ ਨੂੰ ਦਿੱਤਾ ਜਾਂਦਾ ਸੀ, ਜਦਕਿ ਸੇਵਾ ਕੇਂਦਰ ਦੇ ਮੁਲਾਜ਼ਮ ਹਰਪਾਲ ਨੂੰ 10-20 ਹਜ਼ਾਰ ਰੁਪਏ ਮਿਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਕਿਊਆਰ ਕੋਡ, ਹੋਲੋਗ੍ਰਾਮ, ਸਟੈਂਪ ਅਤੇ ਡਿਜੀਟਲ ਹਸਤਾਖਰਾਂ ਨਾਲ ਛੇੜਛਾੜ ਕਰਦੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਮੁਲਜ਼ਮ ਸੂਰਜ ਭੰਡਾਰੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

Continue Reading

Chandigarh

ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Published

on

By

ਧੂਰੀ ਤੋਂ ਤੀਜੀ ਵਾਰ ਕਿਸਮਤ ਅਜ਼ਮਾਉਣਗੇ ਭਗਵੰਤ ਮਾਨ, ਮੁਹਾਲੀ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਮੁੜ ਲੜਣਗੇ ਚੋਣ

ਚੰਡੀਗੜ੍ਹ, 31 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਇਸ ਵਿੱਚ ਸਭ ਤੋਂ ਪ੍ਰਮੁੱਖ ਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜਿਨ੍ਹਾਂ ਨੂੰ ਇਕ ਵਾਰ ਫਿਰ ਧੂਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਅੱਜ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਪਾਰਟੀ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕਈ ਪੁਰਾਣੇ ਤੇ ਮੌਜੂਦਾ ਵਿਧਾਇਕਾਂ ਨੂੰ ਵੀ ਮੁੜ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਜਿਹੇ ਆਗੂ ਵੀ ਸ਼ਾਮਲ ਹਨ, ਜੋ 2017 ਅਤੇ 2022 ਵਿੱਚ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਿਆ ਸੀ ਅਤੇ ਉਨ੍ਹਾਂ ਨੇ ਸੰਸਦ ਮੈਂਬਰ ਦਾ ਅਹੁਦਾ ਛੱਡ ਕੇ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤ ਦਰਜ ਕੀਤੀ। 16 ਮਾਰਚ 2022 ਨੂੰ ਉਨ੍ਹਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਹੁਣ ਪਾਰਟੀ ਨੇ 2027 ਦੀਆਂ ਚੋਣਾਂ ਲਈ ਵੀ ਉਨ੍ਹਾਂ ਨੂੰ ਇਸੇ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ।

ਸੂਚੀ ਵਿੱਚ 2017 ਅਤੇ 2022 ਵਿੱਚ ਵਿਧਾਨ ਸਭਾ ਚੋਣਾਂ ਜਿੱਤ ਕੇ ਲਗਾਤਾਰ ਦੋ ਵਾਰ ਸਦਨ ਵਿੱਚ ਪਹੁੰਚ ਚੁੱਕੇ ਆਪਣੇ ਜਿਹਨਾਂ ਪੁਰਾਣੇ ਵਿਧਾਇਕਾਂ ਨੂੰ ਮੁੜ ਮੌਕਾ ਦਿੱਤਾ ਗਿਆ ਹੈ ਉਹਨਾਂ ਵਿੱਚ ਕੋਟਕਪੂਰਾ ਤੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਸਿੰਘ ਰੌੜੀ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਅਤੇ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਦੇ ਨਾਮ ਸ਼ਾਮਿਲ ਹਨ।

ਇਸ ਤੋਂ ਇਲਾਵਾ ਪਹਿਲੀ ਸੂਚੀ ਵਿੱਚ ਕਈ ਅਜਿਹੇ ਵਿਧਾਇਕਾਂ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ, ਜਿਨ੍ਹਾਂ ਨੇ 2022 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਸੀ ਅਤੇ ਹੁਣ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਰਨਗੇ। ਇਨ੍ਹਾਂ ਵਿੱਚ ਐਸ ਏ ਐਸ ਨਗਰ ਦੇ ਵਿਧਾਇਕ ਸz ਕੁਲਵੰਤ ਸਿੰਘ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਕਰਤਾਰਪੁਰ ਤੋਂ ਬਲਕਾਰ ਸਿੰਘ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ, ਫਤਹਿਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ, ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਕੇਂਦਰੀ ਤੋਂ ਅਸ਼ੋਕ ਪਰਾਸ਼ਰ ਪੱਪੀ, ਜਲਾਲਾਬਾਦ ਤੋਂ ਜਗਦੀਪ ਕੰਬੋਜ ਗੋਲਡੀ, ਮੁਕਤਸਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਅਤੇ ਭਦੌੜ ਤੋਂ ਲਾਭ ਸਿੰਘ ਉਗੋਕੇ ਵਰਗੇ ਨਾਂ ਸ਼ਾਮਲ ਹਨ।

ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਹਲਕਾ ਬਟਾਲਾ ਤੋਂ ਅਮਨਸ਼ੇਰ ਸਿੰਘ (ਸ਼ੈਰੀ ਕਲਸੀ), ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਤਰਨ ਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਖਰਨ ਤੋਂ ਸਰਵਣ ਸਿੰਘ ਧੁਨ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਦਸੂਹਾ ਤੋਂ ਕਰਮਬੀਰ ਸਿੰਘ ਘੁੰਮਣ, ਉੜਮੁੜ ਤੋਂ ਜਸਵੀਰ ਸਿੰਘ ਰਾਜਾ ਗਿੱਲ, ਚੱਬੇਵਾਲ ਤੋਂ ਇਸ਼ਾਂਕ ਕੁਮਾਰ ਚੱਬੇਵਾਲ, ਬਲਾਚੌਰ ਤੋਂ ਸੰਤੋਸ਼ ਕਟਾਰੀਆ, ਰੂਪਨਗਰ ਤੋਂ ਦਿਨੇਸ਼ ਚੱਢਾ, ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ, ਲੁਧਿਆਣਾ ਉੱਤਰੀ ਤੋਂ ਮਦਨ ਲਾਲ ਬੱਗਾ, ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ, ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ, ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਬਾਘਾ ਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ, ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਧਰਮਕੋਟ ਤੋਂ ਦਵਿੰਦਰ ਜੀਤ ਸਿੰਘ ਲਾਡੀ ਧੋਸ, ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਵਨਾ, ਕੋਟਕਪੁਰਾ ਤੋਂ ਕੁਲਤਾਰ ਸਿੰਘ ਸੰਧਵਾਂ, ਜੈਤੋ ਤੋਂ ਅਮਲੋਕ ਸਿੰਘ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬੰਨਿਆਵਾਲੀਂ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਅਮਰਗੜ੍ਹ ਤੋਂ ਜਸਵੰਤ ਸਿੰਘ ਗੱਜਣ ਮਾਜਰਾ, ਪਟਿਆਲਾ ਤੋਂ ਅਜੀਤਪਾਲ ਸਿੰਘ ਕੋਹਲੀ ਨੂੰ ਟਿਕਟ ਦਿੱਤੀ ਗਈ ਹੈ।

ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ। ਪਹਿਲੀ ਸੂਚੀ ਵਿੱਚ 40 ਉਮੀਦਵਾਰਾਂ ਦੇ ਨਾਂ ਐਲਾਨਣ ਤੋਂ ਬਾਅਦ 77 ਸੀਟਾਂ ਤੇ ਪਾਰਟੀ ਨੂੰ ਅਜੇ ਉਮੀਦਵਾਰਾਂ ਦੇ ਨਾਂ ਤੈਅ ਕਰਨੇ ਹਨ। ਪਾਰਟੀ ਵਲੋਂ ਸਾਰੀਆਂ ਸੀਟਾਂ ਤੇ ਇਕੱਠੇ ਉਮੀਦਵਾਰ ਐਲਾਨਣ ਦੀ ਬਜਾਏ ਪੜਾਅਵਾਰ ਤਰੀਕੇ ਨਾਲ ਚੋਣਾਂ ਦੀ ਤਿਆਰੀ ਅੱਗੇ ਵਧਾਈ ਜਾ ਰਹੀ ਹੈ। ਆਉਣ ਵਾਲੀਆਂ ਸੂਚੀਆਂ ਵਿੱਚ ਨਵੇਂ ਚਿਹਰਿਆਂ, ਮੰਤਰੀਆਂ ਅਤੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਤੇ ਨਜ਼ਰ ਰਹੇਗੀ, ਜਿੱਥੇ ਪਾਰਟੀ ਸੰਗਠਨ ਬਦਲਾਅ ਹੋਏ ਹਨ।

2027 ਦੀਆਂ ਚੋਣਾਂ ਭਗਵੰਤ ਮਾਨ ਲਈ ਸਿਆਸੀ ਤੌਰ ਤੇ ਵੱਖਰੀ ਅਹਿਮੀਅਤ ਰੱਖਣਗੀਆਂ। 2014 ਅਤੇ 2019 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ 2022 ਵਿੱਚ ਧੂਰੀ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਮਾਨ ਹੁਣ ਆਪਣੀ ਸਰਕਾਰ ਦੇ ਪੰਜ ਸਾਲਾਂ ਦੇ ਕੰਮਕਾਜ ਦੇ ਆਧਾਰ ਤੇ ਜਨਤਾ ਵਿੱਚ ਜਾਣਗੇ।

Continue Reading

Mohali

ਆਮ ਆਦਮੀ ਪਾਰਟੀ ਵਲੋਂ ਵਿਧਾਇਕ ਕੁਲਵੰਤ ਸਿੰਘ ਨੂੰ ਉਮੀਦਵਾਰ ਐਲਾਨੇ ਜਾਣ ਤੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ

Published

on

By

ਇਸ ਵਾਰ 100 ਤੋਂ ਵੀ ਵੱਧ ਸੀਟਾਂ ਤੇ ਜੇਤੂ ਹੋਵੇਗੀ ਆਮ ਆਦਮੀ ਪਾਰਟੀ : ਕੁਲਵੰਤ ਸਿੰਘ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨੂੰ ਦੁਬਾਰਾ ਪਾਰਟੀ ਟਿਕਟ ਤੇ ਚੋਣ ਲੜਾਏ ਜਾਣ ਦਾ ਐਲਾਨ ਕੀਤੇ ਜਾਣ ਤੇ ਉਹਨਾਂ ਦੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਅੱਜ ਸਾਰਾ ਦਿਨ ਹਲਕਾ ਵਿਧਾਇਕ ਦੇ ਸੈਕਟਰ 79 ਦਫਤਰ ਵਿੱਚ ਉਹਨਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਦੀ ਭੀੜ ਜੁਟੀ ਰਹੀ।

ਇਸ ਦੌਰਾਨ ਜਿੱਥੇ ਸਮਰਥਾਂ ਵਲੋਂ ਸz. ਕੁਲਵੰਤ ਸਿੰਘ ਦੀ ਵੱਡੇ ਫਰਕ ਨਾਲ ਜਿੱਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਖੁਦ ਕੁਲਵੰਤ ਸਿੰਘ ਵੀ ਪੂਰੇ ਭਰੋਸੇ ਵਿੱਚ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਮੌਜੂਦਾ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਵਲੋਂ ਉਹਨਾਂ ਨੂੰ ਭਰਪੂਰ ਪਿਆਰ ਦਿੱਤਾ ਗਿਆ ਹੈ ਅਤੇ ਹੁਣ ਉਹਨਾਂ ਵਲੋਂ ਕੀਤੇ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕਚਿਹਰੀ ਵਿੱਚ ਜਾਣਗੇ। ਉਹਨਾਂ ਕਿਹਾ ਕਿ ਭਾਵੇਂ ਦਿਵਾਲੀ ਦੇ ਵਿੱਚ ਕੁਝ ਦਿਨ ਹੀ ਬਾਕੀਆਂ ਹਨ ਅਤੇ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਫਿਰ ਤੋਂ ਮੁਹਾਲੀ ਤੋਂ ਟਿਕਟ ਦਾ ਐਲਾਨ ਕਰਕੇ ਦਿਵਾਲੀ ਦਾ ਖੂਬਸੂਰਤ ਤੋਹਫਾ ਦਿੱਤਾ ਹੈ।

ਉਹਨਾਂ ਕਿਹਾ ਕਿ ਪਾਰਟੀ ਵਲੋਂ ਪਹਿਲੀ ਸੂਚੀ ਦੇ ਵਿੱਚ ਹੀ ਉਹਨਾਂ ਦੇ ਨਾਮ ਦਾ ਐਲਾਨ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਹੁਣ ਹੋਰ ਵੀ ਜ਼ੋਰ ਦੇ ਨਾਲ ਕੰਮ ਕਰਣਗੇ। ਉਹਨਾਂ ਕਿਹਾ ਕਿ ਮੁਹਾਲੀ ਹੁਣ ਆਉਣ ਵਾਲੇ ਸਮੇਂ ਵਿੱਚ ਬਿਜਨਸ ਹਬ ਬਣਨ ਜਾ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੁਹਾਲੀ ਸ਼ਹਿਰ ਦੀ ਚਰਚਾ ਚੰਡੀਗੜ੍ਹ ਤੋਂ ਵੀ ਵੱਧ ਹੋਣ ਲੱਗ ਗਈ ਹੈ।

ਉਹਨਾਂ ਕਿਹਾ ਕਿ ਅੱਜ ਹਰ ਨਿਵੇਸ਼ਕਾਰ ਦੀ ਪਹਿਲੀ ਪਸੰਦ ਮੁਹਾਲੀ ਸ਼ਹਿਰ ਬਣਦੀ ਜਾ ਰਹੀ ਹੈ, ਕਿਉਂਕਿ ਮੁਹਾਲੀ ਵੈਲ ਪਲੈਨਡ ਸ਼ਹਿਰ ਹੈ ਅਤੇ ਅਮਨ- ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ।

ਉਹਨਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਜਿੱਤੇਗੀ ਕਿਉਂਕਿ ਪਾਰਟੀ ਵਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜੋ ਵੀ ਵਾਅਦੇ ਕੀਤੇ ਸਨ, ਉਹਨਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ- ਜੋ ਵੀ ਮੁੱਦੇ ਉਹਨਾਂ ਉਠਾਏ ਹਨ, ਉਹਨਾਂ ਦਾ ਇੱਕ-ਇੱਕ ਕਰਕੇ ਹੱਲ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੁਹਾਲੀ ਦੀ ਸਭਤੋਂ ਵੱਡੀ ਕੂੜੇ ਦੀ ਸਮੱਸਿਆ ਦੇ ਹਲ ਲਈ 70 ਕਰੋੜ ਰੁਪਏ ਦੇ ਟੈਂਡਰ ਖੁੱਲ ਚੁੱਕੇ ਹਨ ਅਤੇ ਇੱਕ ਤੋਂ ਦੋ ਮਹੀਨਿਆਂ ਦੇ ਵਿੱਚ ਕੂੜੇ ਦੇ ਮਸਲੇ ਦਾ ਵੀ ਸਥਾਈ ਹੱਲ ਹੋ ਜਾਵੇਗਾ।

Continue Reading

Mohali

ਮੁਹਾਲੀ ਵਿੱਚ ਐਨ ਕੇ ਫਾਰਮਾ ਕੈਮਿਸਟ ਦਾ ਡਰੱਗ ਲਾਇਸੈਂਸ ਰੱਦ ਕਰਕੇ ਦੁਕਾਨ ਸੀਲ ਕੀਤੀ

Published

on

By

ਪ੍ਰੈਗਾਬਾਲਿਨ ਸਮੇਤ ਕਈ ਪਾਬੰਦੀਸ਼ੁਦਾ ਦਵਾਈਆਂ ਮਿਲਣ ਤੋਂ ਬਾਅਦ ਡਰੱਗ ਵਿਭਾਗ ਨੇ ਕੀਤੀ ਕਾਰਵਾਈ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਮੁਹਾਲੀ ਵਿੱਚ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਡਰੱਗ ਵਿਭਾਗ ਵੱਲੋਂ ਐਨ ਕੇ ਫਾਰਮਾ ਕੈਮਿਸਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਮਿਸਟ ਦੀ ਦੁਕਾਨ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਡਰੱਗ ਇੰਸਪੈਕਟਰ ਅਤੇ ਥਾਣਾ ਫੇਜ਼ 11 ਦੇ ਮੁਖੀ ਅਮਨ ਬੈਦਵਾਣ ਦੀ ਟੀਮ ਵੱਲੋਂ ਉਕਤ ਕੈਮਿਸਟ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਪ੍ਰੈਗਾਬਾਲਿਨ ਸਮੇਤ ਕਈ ਹੋਰ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਸਨ।

ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਰੱਗ ਇੰਸਪੈਕਟਰ ਵੱਲੋਂ ਕੈਮਿਸਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਲਾਇਸੈਂਸ ਮੁਅੱਤਲ ਜਾਂ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਹੁਣ ਵਿਭਾਗ ਵੱਲੋਂ ਅਗਲੀ ਕਾਰਵਾਈ ਕਰਦਿਆਂ ਐਨ ਕੇ ਫਾਰਮਾ ਕੈਮਿਸਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਸੀਲ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਡਰੱਗ ਮਾਫੀਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੈਮਿਸਟਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

Continue Reading

Latest News

Trending