Editorial
ਸਿਆਸੀ ਪਾਰਟੀਆਂ ਨੂੰ ਮਿਲਣ ਵਾਲੀ ਹਰ ਤਰ੍ਹਾਂ ਦੀ ਰਕਮ ਦੀ ਜਾਣਕਾਰੀ ਜਨਤਕ ਹੋਵੇ
ਸਾਡੇ ਦੇਸ਼ ਵਿੱਚ ਬਹੁ ਪਾਰਟੀ ਲੋਕਤੰਤਰ ਵਿਵਸਥਾ ਲਾਗੂ ਹੈ ਅਤੇ ਦੇਸ਼ ਵਿੱਚ ਦਰਜਨਾਂ ਨਹੀਂ ਬਲਕਿ ਸੈਂਕੜਿਆਂ ਦੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਮੌਜੂਦ ਹਨ ਜਿਹੜੀਆਂ ਚੋਣ ਕਮਿਸ਼ਨ ਕੋਲ ਬਾਕਾਇਦਾ ਰਜਿਸਟਰਡ ਵੀ ਹਨ। ਇਹਨਾਂ ਸਿਆਸੀ ਪਾਰਟੀਆਂ ਵਲੋਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਛੋਟੇ ਵੱਡੇ ਖਰਚੇ ਲਈ ਆਪਣੇ ਸਮਰਥਕਾਂ ਤੋਂ (ਦਾਨ) ਚੰਦਾ ਲਿਆ ਜਾਂਦਾ ਹੈ ਅਤੇ ਦੇਸ਼ ਦੀਆਂ ਵੱਡੀਆਂ ਪਾਰਟੀਆਂ ਨੂੰ ਮਿਲਣ ਵਾਲੀ ਦਾਨ (ਚੰਦੇ) ਦੀ ਇਹ ਰਕਮ ਅਰਬਾਂ ਖਰਬਾਂ ਵਿੱਚ ਹੁੰਦੀ ਹੈ। ਇਹਨਾਂ ਪਾਰਟੀਆਂ ਵਲੋਂ ਇਕੱਠੀ ਕੀਤੀ ਜਾਂਦੀ ਇਸ ਰਕਮ ਦੀ ਵਰਤੋਂ ਮੁੱਖ ਤੌਰ ਤੇ ਚੋਣਾਂ ਦੌਰਾਨ ਹੋਣ ਵਾਲੇ ਖਰਚਿਆਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਅਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਇਹਨਾਂ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੇ ਪ੍ਰਚਾਰ ਤੇ ਕਰੋੜਾਂ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ। ਸਿਆਸੀ ਪਾਰਟੀਆਂ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਚੋਣ ਵਿੱਚ ਜਿੱਤ ਹਾਸਿਲ ਕਰਨ ਲਈ ਹਰ ਹੀਲਾ ਵਰਤਿਆ ਜਾਂਦਾ ਹੈ ਸਾਮ ਦਾਮ ਦੰਡ ਭੇਦ ਦੇ ਸਾਰੇ ਤਰੀਕੇ ਅਜ਼ਮਾਏ ਜਾਂਦੇ ਹਨ।
ਇੱਕ ਪਾਸੇ ਤਾਂ ਸਿਆਸੀ ਪਾਰਟੀਆਂ ਅਤੇ ਰਾਜਨੇਤਾਵਾਂ ਵਲੋਂ ਕਾਲੇ ਧਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਚੋਣਾਂ ਦੌਰਾਨ ਇਹਨਾਂ ਪਾਰਟੀਆਂ ਅਤੇ ਉਹਨਾਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਪਾਣੀ ਵਾਂਗ ਪੈਸਾ ਰੋੜ੍ਹ ਕੇ ਕਾਲੇ ਧਨ ਦੀ ਖੁੱਲੀ ਵਰਤੋਂ ਕੀਤੀ ਜਾਂਦੀ ਹੈ। ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਹਾਲਤ ਇਹ ਹੈ ਕਿ ਉਹ ਕਾਲੇ ਧਨ ਦੇ ਮੁੱਦੇ ਤੇ ਰੌਲਾ ਤਾਂ ਬਹੁਤ ਪਾਉਂਦੀਆਂ ਹਨ ਪਰੰਤੂ ਉਹਨਾਂ ਦੀ ਖੁਦ ਦੀ ਹਾਲਤ ਗਲੇ ਤਕ ਆ ਚੁੱਕੇ ਪਾਣੀ ਵਿੱਚ ਖੜ੍ਹਾ ਹੋ ਕੇ ਖੁਦ ਨੂੰ ਸੁੱਕਾ ਸਾਬਿਤ ਕਰਨ ਵਰਗੀ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਕਾਲੇ ਧਨ ਦੇ ਖਿਲਾਫ ਕਿਸੇ ਸਮਰਥ ਕਾਰਵਾਈ ਨੂੰ ਅੰਜਾਮ ਦੇਣਗੇ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਅਮੀਰਾਂ ਵਲੋਂ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਗਏ ਕਾਲੇ ਧਨ ਨੂੰ ਮੁੱਦਾ ਬਣਾ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ 10 ਸਾਲਾਂ ਦੌਰਾਨ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਇਸ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਨਾਮ ਤੇ ਜਬਾਨੀ ਜਮਾ ਖਰਚਾ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਪਾਈ ਹੈ ਉਲਟਾ ਵਿਦੇਸ਼ਾਂ ਵਿੱਚ ਜਮਾਂ ਕਾਲੇ ਧਨ ਦਾ ਅੰਕੜਾ ਹੋਰ ਵੀ ਵੱਧ ਗਿਆ ਹੈ।
ਸਿਆਸੀ ਪਾਰਟੀਆਂ ਦੀ ਤਾਂ ਖੁਦ ਦੀ ਇਹ ਹਾਲਤ ਹੈ ਕਿ ਉਹ ਜਿਹੜੀ ਰਕਮ ਵੱਖ ਵੱਖ ਤਰੀਕਿਆਂ (ਚੰਦੇ, ਦਾਨ, ਮਦਦ ਆਦਿ) ਨਾਲ ਇਕੱਤਰ ਕਰਦੀਆਂ ਹਨ, ਉਸ ਬਾਰੇ ਵੀ ਉਹ ਜਨਤਾ ਨੂੰ ਪੂਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹਨ। ਕੁੱਝ ਸਾਲ ਪਹਿਲਾਂ ਜਦੋਂ ਇਹਨਾਂ ਪਾਰਟੀਆਂ ਨੂੰ ਮਿਲਣ ਵਾਲੀ ਰਕਮ ਦੇ ਸਰੋਤਾਂ ਨੂੰ ਜਨਤਕ ਕੀਤੇ ਜਾਣ ਦੀ ਮੰਗ ਉਠੀ ਸੀ ਤਾਂ ਹਰ ਛੋਟੇ ਵੱਡੇ ਮੁੱਦੇ ਤੇ ਇੱਕ ਦੂਜੇ ਦਾ ਵਿਰੋਧ ਕਰਨ ਵਾਲੀਆਂ ਸਾਡੀਆਂ ਇਹ ਤਮਾਮ ਸਿਆਸੀ ਪਾਰਟੀਆਂ ਇੱਕਜੁਟ ਹੋ ਕੇ ਖੁਦ ਨੂੰ ਸੂਚਨਾ ਦੇ ਅਧਿਕਾਰ ਤੋਂ ਬਾਹਰ ਰੱਖਣ ਦੀ ਸੁਰ ਅਲਾਪਣ ਲੱਗ ਗਈਆਂ ਸਨ। ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਤਰਕ ਦੇਣ ਪਰੰਤੂ ਦੇਸ਼ ਦੀ ਜਨਤਾ ਨੂੰ ਇਹ ਜਾਣਕਾਰੀ ਹਾਸਿਲ ਕਰਨ ਦਾ ਪੂਰਾ ਹੱਕ ਹੈ ਕਿ ਉਹਨਾਂ ਤੇ (ਵਾਰੀ ਬਦਲ ਕੇ) ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਅਤੇ ਇਹਨਾਂ ਦੇ ਆਗੂਆਂ ਨੂੰ ਕਦੋਂ, ਕਿੱਥੋਂ ਅਤੇ ਕਿੰਨਾ ਫੰਡ ਮਿਲਦਾ ਹੈ।
ਜਨਤਾ ਨੂੰ ਇਸ ਗੱਲ ਦੀ ਜਾਣਕਾਰੀ ਹਾਸਿਲ ਕਰਨ ਦਾ ਵੀ ਅਧਿਕਾਰ ਹੈ ਕਿ ਸਿਆਸੀ ਪਾਰਟੀਆਂ ਨੂੰ ਅਜਿਹੇ ਫੰਡ ਦੇਣ ਵਾਲਿਆਂ ਵਲੋਂ ਇਸਦੇ ਬਦਲੇ ਸਰਕਾਰ ਕੋਲੋਂ ਕੀ ਕੀ ਲਾਭ ਹਾਸਿਲ ਕੀਤੇ ਜਾਂਦੇ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਰਕਾਰ ਕੋਲੋਂ ਵੱਡੇ ਲਾਭ ਲੈਣ ਵਾਲੇ ਵੱਡੇ ਕਾਰੋਬਾਰੀ ਅਤੇ ਉਦਯੋਗਪਤੀ, ਹਾਕਮ ਧਿਰ ਨੂੰ ਹੀ ਨਹੀਂ ਬਲਕਿ ਵਿਰੋਧੀ ਧਿਰਾਂ ਨੂੰ ਵੀ ਵੱਡਾ ਫੰਡ ਦਿੰਦੇ ਹਨ ਅਤੇ ਇਸ ਤੋਂ ਡਰਦਿਆਂ ਹੀ ਸਭ ਪਾਰਟੀਆਂ ਆਪੋ ਆਪਣੀ ਅਸਲੀਅਤ ਜਗ ਜਾਹਿਰ ਹੋਣ ਤੋਂ ਡਰਦਿਆਂ ਉਹਨਾਂ ਨੂੰ ਮਿਲਣ ਵਾਲੇ ਫੰਡਾਂ ਦੀ ਜਾਣਕਾਰੀ ਦੇਣ ਤੋਂ ਭੱਜਦੀਆਂ ਹਨ। ਇਸ ਸੰਬੰਧੀ ਪਿਛਲੇ ਸਮੇਂ ਦੌਰਾਨ ਮਾਣਯੋਗ ਸੁਪਰੀਮ ਕੋਰਟ ਦੇ ਹਕਮਾਂ ਤੋਂ ਬਾਅਦ ਇਲੈਕਟੋਰਲ ਬਾਂਡਾਂ ਦੇ ਜਰੀਏ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਾਲੀਆਂ ਕੰਪਨੀਆਂ ਵਲੋਂ ਸਰਕਾਰ ਤੋਂ ਵੱਡੇ ਫਾਇਦੇ ਹਾਸਿਲ ਕਰਨ ਦੀ ਗੱਲ ਵੀ ਸਾਮ੍ਹਣੇ ਆ ਚੁੱਕੀ ਹੈ।
ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਨੂੰ ਮੋਟਾ ਫੰਡ ਦੇਣ ਅਤੇ ਬਦਲੇ ਵਿੱਚ ਵੱਡੇ ਲਾਭ ਲੈਣ ਵਾਲੇ ਲੋਕਾਂ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ, ਟਰਾਂਸਪੋਰਟ ਮਾਫੀਆ, ਸਮੇਤ ਅਜਿਹੇ ਵੱਡੇ ਵੱਡੇ ਲੋਕ ਸ਼ਾਮਿਲ ਹਨ ਜਿਨ੍ਹਾਂ ਦੀ ਪੂਰੀ ਜਾਣਕਾਰੀ ਜਨਤਕ ਹੋਣ ਤੇ ਸਿਆਸੀ ਪਾਰਟੀਆਂ ਦੀ ਅਸਲੀਅਤ ਲੋਕਾਂ ਅੱਗੇ ਜਾਹਿਰ ਹੋ ਸਕਦੀ ਹੈ। ਇਸ ਲਈ ਇਹਨਾਂ ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਅਸਲੀਅਤ ਹਰ ਹਾਲ ਵਿੱਚ ਜੱਗਜਾਹਿਰ ਹੋਣੀ ਚਾਹੀਦੀ ਹੈ। ਦੇਸ਼ ਦੀ ਜਨਤਾ ਦੀ ਇਹ ਜਿੰਮੇਵਾਰੀ ਹੈ ਕਿ ਉਹ ਇਸ ਸੰਬੰਧੀ ਇਹਨਾਂ ਪਾਰਟੀਆਂ ਤੇ ਦਬਾਅ ਬਣਾ ਕੇ ਇਸ ਸੰਬੰਧੀ ਜਾਣਕਾਰੀ ਜਨਤਕ ਕਰਨ ਲਈ ਮਜਬੂਰ ਕਰੇ ਤਾਂ ਜੋ ਇਹਨਾਂ ਪਾਰਟੀਆਂ ਦੀ ਅਸਲੀਅਤ ਸਭ ਦੇ ਸਾਮ੍ਹਣੇ ਆਏ।
Editorial
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ (ਅਤੇ ਜਿਲ੍ਹੇ) ਨੂੰ ਭਾਵ੍ਹੇਂ ਪੰਜਾਬ ਸਰਕਾਰ ਵਲੋਂ ਕਈ ਸਾਲ ਪਹਿਲਾਂ ਹੀ ਤੰਬਾਕੂ ਦੇ ਧੂਏਂ ਤੋਂ ਰਹਿਤ ਸ਼ਹਿਰ ਅਤੇ ਜਿਲ੍ਹੇ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ ਅਤੇ ਇਸ ਸੰਬੰਧੀ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਸਿਗਰਟਨੋਸ਼ੀ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਾਅਵੇ ਵੀ ਕੀਤੇ ਜਾਂਦੇ ਹਨ। ਪਰੰਤੂ ਇਸਦੇ ਬਾਵਜੂਦ ਸਾਡੇ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕੀਤੇ ਜਾਣ ਅਤੇ ਨਾਜ਼ਾਇਜ਼ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਦੀ ਕਾਰਵਾਈ ਆਮ ਨਜਰ ਆ ਜਾਂਦੀ ਹੈ।
ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਥਾਂ ਥਾਂ ਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਅਨੇਕਾਂ ਅਜਿਹੀਆਂ ਫੜੀਆਂ ਲੱਗਦੀਆਂ ਹਨ, ਜਿਹਨਾਂ ਰਾਂਹੀ ਆਮ ਲੋਕਾਂ ਨੂੰ ਜਨਤਕ ਤੌਰ ਤੇ ਸਿਗਰਟ, ਬੀੜੀ, ਜਰਦਾ ਅਤੇ ਤੰਬਾਕੂ ਦਾ ਹੋਰ ਸਾਮਾਨ ਵੇਚਿਆ ਜਾਂਦਾ ਹੈ। ਇਹਨਾਂ ਫੜੀਆਂ ਦੇ ਆਸਪਾਸ ਸਿਗਰਟਨੋਸ਼ੀ ਕਰਨ ਦੇ ਸ਼ੌਕੀਨ ਖੁੱਲੇਆਮ ਧੂਆਂ ਉੜਾਉਂਦੇ ਵੀ ਆਮ ਦਿਖ ਜਾਂਦੇ ਹਨ, ਪਰੰਤੂ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਪੂਰੇ ਖੇਤਰ ਵਿੱਚ ਅਣਅਧਿਕਾਰਤ ਤਰੀਕੇ ਨਾਲ ਸ਼ਰ੍ਹੇਆਮ ਹੁੰਦੀ ਤੰਬਾਕੂ ਉਤਪਾਦਾਂ ਦੀ ਇਸ ਵਿਕਰੀ ਤੇ ਰੋਕ ਲਗਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਸ਼ੋਰੂਮਾਂ ਵਿੱਚ ਪਈਆਂ ਖਾਲੀ ਥਾਵਾਂ ਵਿੱਚ ਆਪੋ ਆਪਣੇ ਠੀਏ ਬਣਾ ਕੇ ਚਾਹ ਅਤੇ ਹੋਰ ਨਿੱਕ ਸੁੱਕ ਵੇਚਣ ਵਾਲੇ ਅਜਿਹੇ ਕਈ ਫੜੀਆਂ ਵਾਲੇ ਬੈਠਦੇ ਹਨ ਜਿਹੜੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਕਰਦੇ ਹਨ ਅਤੇ ਇਹਨਾਂ ਫੜੀ ਵਾਲਿਆਂ ਦੇ ਆਸ ਪਾਸ ਲੋਕਾਂ ਵਲੋਂ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀਆਂ ਸ਼ਿਕਾਇਤਾਂ ਵੀ ਆਮ ਹਨ। ਇਸੇ ਤਰ੍ਹਾਂ ਮੁੱਖ ਸੜਕਾਂ ਦੇ ਕਿਨਾਰੇ ਵੀ ਪੇੜਾਂ ਥੱਲੇ ਆਪਣੇ ਝੋਲੇ ਰੱਖ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਫੜੀਆਂ ਵਾਲੇ ਦਿਖ ਜਾਂਦੇ ਹਨ।
ਇਹਨਾਂ ਵਿਅਕਤੀਆਂ ਵਲੋਂ ਇਸ ਤਰੀਕੇ ਨਾਲ ਜਨਤਕ ਤੌਰ ਤੇ ਅੰਜਾਮ ਦਿੱਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਸਜਾਯੋਗ ਅਪਰਾਧ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੇਂਦਰ ਸਰਕਾਰ ਵਲੋਂ ਕਈ ਸਾਲ ਪਹਿਲਾਂ ਤੋਂ ਦੇਸ਼ ਭਰ ਵਿੱਚ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਲਾਗੂ ਕੀਤਾ ਜਾ ਚੁੱਕਿਆ ਹੈ ਜਿਸਦੇ ਤਹਿਤ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸਦੇ ਬਾਵਜੂਦ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਇਸ ਕਾਰਵਾਈ ਨੂੰ ਖੁੱਲ੍ਹੇਆਮ ਅੰਜਾਮ ਦਿੱਤਾ ਜਾਂਦਾ ਹੈ, ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਕੀਤੀ ਜਾਂਣੀ ਤੰਬਾਕੂ ਨੋਸ਼ੀ ਦੀ ਕਾਰਵਾਈ ਨੂੰ ਸਖਤੀ ਨਾਲ ਰੋਕਣ ਦੀ ਥਾਂ ਇਸਨੂੰ ਅਕਸਰ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
ਸਥਾਨਕ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਸਮਰਥ ਕਾਰਵਾਈ ਦੀ ਅਣਹੋਂਦ ਕਾਰਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਜਨਤਕ ਥਾਵਾਂ ਤੇ ਗੈਰਕਾਨੂੰਨੀ ਢੰਗ ਨਾਲ ਅੰਜਾਮ ਦਿੱਤੀ ਜਾਣ ਵਾਲੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਬਾਕਾਇਦਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਕਮੇਟੀ ਵਲੋਂ ਕਦੇ ਕਦਾਰ ਇਸ ਸੰਬੰਧੀ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਸ਼ਹਿਰ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਦੀ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਕਾਬੂ ਕਰਨ ਦੀ ਸਮਰਥ ਨਹੀਂ ਹੈ ਅਤੇ ਇਸਦਾ ਕੋਈ ਖਾਸ ਅਸਰ ਵੀ ਨਹੀਂ ਦਿਖਦਾ।
ਸਾਡੇ ਸ਼ਹਿਰ (ਅਤੇ ਜਿਲ੍ਹੇ) ਨੂੰ ਮੁਕੰਮਲ ਤੌਰ ਤੇ ਤੰਬਾਕੂ ਦੇ ਧੂਏਂ ਤੋਂ ਮੁਕਤ ਬਣਾਉਣ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਸ਼ਹਿਰ ਵਿੱਚ ਵੱਡੇ ਪੱਧਰ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਅਤੇ ਰੋਕ ਲਗਾਉਣ ਲਈ ਸਮਰਥ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਇਸ ਸਸੱਸਿਆ ਨੂੰ ਹਲ ਕੀਤਾ ਜਾ ਸਕੇ।
Editorial
ਆਖਰ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਛੁੱਟੀ ਵਾਲੇ ਦਿਨ ਉਸਾਰੀ ਕਰਨ ਨੂੰ ਕਿਉਂ ਤਰਜੀਹ ਦਿੰਦੇ ਹਨ ਪਿੰਡਾਂ ਦੇ ਵਸਨੀਕ
21 ਦਸਬੰਰ, 2024 ਨੂੰ ਪਿੰਡ ਸੋਹਾਣਾ, ਤਹਿਸੀਲ ਤੇ ਜ਼ਿਲ੍ਹਾ ਐਸ ਏ ਐਸ ਨਗਰ (ਮੁਹਾਲੀ) ਵਿਖੇ ਬੇਸਮੈਂਟ ਦੀ ਪੁਟਾਈ ਸਮੇਂ ਇੱਕ ਬਹੁਮੰਜਿਲਾ ਇਮਾਰਤ ਦੇ ਢਹਿਢੇਰੀ ਹੋਣ ਦੀ ਬਹੁਤ ਹੀ ਦੁੱਖ ਦਾਇਕ ਖਬਰ ਸਾਮ੍ਹਣੇ ਆਈ ਜਿਸ ਨੇ ਸਾਰੇ ਇਲਾਕੇ ਨੂੰ ਹੀ ਨਹੀਂ, ਬਲਕਿ ਹਰ ਸੁਨਣ ਵਾਲੇ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਦਿਨ ਸ਼ਨੀਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਭਾਂਵੇ ਪ੍ਰਸ਼ਾਸ਼ਨ ਆਪਣੀ ਪੂਰੀ ਤਨਦੇਹੀ ਨਾਲ ਰਾਹਤ ਕਾਰਜ਼ ਕਰਵਾਉਣ ਲੱਗ ਗਿਆ ਸੀ ਅਤੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵੀ ਆਪੋ ਆਪਣੇ ਤੌਰ ਤੇ ਰਾਹਤ ਕਾਰਜ਼ਾਂ ਵਿੱਚ ਜੁੱਟ ਗਏ ਸਨ। ਇਸ ਮੌਕੇ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜਸੇਵੀ, ਗੱਲ ਕੀ ਹਰ ਵਰਗ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਪੁਲੀਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ, ਮਾਲਕਾਂ ਖਿਲਾਫ ਅਣਗਹਿਲੀ ਕਰਨ ਦੀ ਐਫ. ਆਈ. ਆਰ. ਦਰਜ ਕਰਕੇ ਉਹਨ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਪਬਲਿਕ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਅਤੇ ਆਲੇ ਦੁਆਲੇ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਬਿਨਾ ਛੁੱਟੀ ਵਾਲੇ ਦਿਨ, ਕਾਹਲੀ ਵਿੱਚ ਉਸਾਰੀਆਂ ਕਰਵਾਉਣ ਲਈ ਆਖਰ ਮਬਜੂਰ ਕਿਉਂ ਹੈ?
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਿੰਡ ਸੋਹਾਣਾ ਵਾਂਗੂੰ ਮਟੌਰ, ਕੁੰਬੜਾ, ਮਦਨਪੁਰ, ਮੁਹਾਲੀ, ਸ਼ਾਹੀ ਮਾਜਰਾ ਆਦਿ ਪਿੰਡ ਕਾਰਪੋਰੇਸ਼ਨ ਵਲੋਂ ਆਪਣੇ ਅਧੀਨ ਕਰ ਲਏ ਹਨ ਅਤੇ ਇਨ੍ਹਾਂ ਪਿੰਡਾਂ ਦੀ ਜਮੀਨ ਸਰਕਾਰ ਨੇ ਖੋਹ ਲਈ ਹੈ, ਜਿਸ ਕਾਰਨ ਖੇਤੀਬਾੜੀ ਦਾ ਕੰਮ ਅਤੇ ਪਸ਼ੂ ਰੱਖਣ ਉੱਤੇ ਪਾਬੰਦੀ ਲੱਗਣ ਕਰਕੇ, ਦੁੱਧ ਦਾ ਕਾਰੋਬਾਰ ਵੀ ਬੰਦ ਹੋ ਚੁੱਕਾ ਹੈ। ਅਜਿਹੇ ਵਿੱਚ ਵੱਧਦੇ ਖਰਚਿਆਂ ਨੂੰ ਪੂਰਾ ਕਰਨ ਲਈ, ਇਨ੍ਹਾਂ ਪਿੰਡਾਂ ਦੇ ਲੋਕਾਂ ਕੋਲ ਖਾਲੀ ਥਾਵਾਂ ਦੀ ਉਸਾਰੀ ਕਰਕੇ, ਮਕਾਨ, ਦੁਕਾਨ, ਪੀ.ਜੀ. ਆਦਿ ਰਾਹੀਂ ਆਮਦਨ ਵਧਾਉਣ ਤੋਂ ਬਿਨ੍ਹਾਂ ਹੋਰ ਚਾਰਾ ਨਹੀਂ ਹੈ। ਸੋ ਹਰ ਕੋਈ ਆਪਣੀ ਥਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ, ਬੇਸਮੈਂਟਾਂ ਤੱਕ ਉਸਾਰੀ ਕਰਨ ਲੱਗ ਪਿਆ ਹੈ।
ਹਰ ਵਿਅਕਤੀ ਆਪਣੀ ਥਾਂ ਵਿੱਚ ਵੱਧ ਤੋਂ ਵੱਧ ਸਹੂਲਤਾ ਅਤੇ ਵੱਧ ਆਮਦਨ ਲੈਣ ਲਈ ਨਕਸ਼ੇ ਮੁਤਾਬਿਕ ਉਸਾਰੀ ਕਰਵਾਉਣ ਨੂੰ ਤਰਜੀਹ ਦਿੰਦਾ ਹੈ, ਪਰ ਜਦੋਂ ਗੱਲ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਦੀ ਆਉਂਦੀ ਹੈ ਤਾਂ ਸਾਡੇ 850/- ਰੁਪਏ ਪ੍ਰਤੀ ਵਰਗ ਗਜ ਰੇਟ ਹੋਣ ਕਰਕੇ ਨਕਸ਼ੇ ਦੀ ਫੀਸ ਲੱਖਾਂ ਰੁਪਏ ਵਿੱਚ ਪਹੁੰਚ ਜਾਂਦੀ ਹੈ ਅਤੇ ਹੋਰ ਖਰਚੇ ਵੱਖਰੇ ਜੁੜ ਜਾਂਦੇ ਹਨ। ਅਜਿਹੇ ਵਿੱਚ ਲੋਕ ਨਕਸ਼ਾ ਪਾਸ ਕਰਵਾਉਣ ਦੀ ਬਜਾਏ, ਛੁੱਟੀ ਵਾਲੇ ਦਿਨ ਕਾਹਲੀ ਕਾਹਲੀ ਵਿੱਚ ਉਸਾਰੀ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਜੇਕਰ ਕੋਈ ਗੁਆਢੀ ਨਗਰ ਨਿਗਮ ਵਾਲਿਆਂ ਨੂੰ ਸ਼ਿਕਾਇਤ ਕਰਦਾ ਹੈ ਤਾਂ ਕਰਮਚਾਰੀ ਮੌਕੇ ਉੱਤੇ ਪਹੁੰਚ ਕੇ ਬੜੇ ਜ਼ੋਰ ਸ਼ੋਰ ਨਾਲ ਉਸਾਰੀ ਰੋਕਣ ਦਾ ਢੋਂਗ ਰੱਚਦੇ ਹਨ ਅਤੇ ਨਾਲ ਹੀ ਛੁੱਟੀ ਵਾਲੇ ਦਿਨ ਉਸਾਰੀ ਕਰਨ ਦੀ ਸਲਾਹ ਦੇ ਕੇ ਤੁਰ ਜਾਂਦੇ ਹਨ।
ਇਸ ਲਈ ਜਰੂਰੀ ਹੈ ਕਿ ਬੇਤਰਤੀਬੀ ਉਸਾਰੀਆਂ ਰੋਕਣ ਅਤੇ ਨਕਸ਼ੇ ਮੁਤਾਬਿਕ ਉਸਾਰੀਆਂ ਕਰਵਾਉਣ ਲਈ, ਨਕਸ਼ਾ ਫੀਸ ਘਟਾ ਕੇ, ਵੱਧ ਤੋਂ ਵੱਧ ਇੱਕ ਕਨਾਲ ਤੱਕ 10,000/- ਰੁਪਏ, ਇੱਕ ਏਕੜ ਤੱਕ 10,000/- ਤੋਂ 50,000/- ਰੁਪਏ ਤੱਕ ਫੀਸ ਤੈਅ ਕੀਤੀ ਜਾਵੇ ਤਾਂ ਜੋ ਉਸਾਰੀ ਕਰਨ ਵਾਲਾ, ਨਕਸ਼ਾ ਫੀਸ ਭਰ ਕੇ ਆਰਾਮ ਨਾਲ ਸੁੁਰੱਖਿਆ ਦੇ ਪੁੱਖਤਾ ਪ੍ਰਬੰਧ ਕਰਕੇ ਨਕਸ਼ੇ ਮੁਤਾਬਿਕ ਉਸਾਰੀ ਕਰ ਸਕੇ। ਸਰਕਾਰ ਨੂੰ ਦੂਰ ਦੁਰਾਡਿਆ ਤੋਂ ਮੁਹਾਲੀ ਕੰਮ ਧੰਦੇ ਦੀ ਤਲਾਸ਼ ਵਿੱਚ ਆਏ ਲੋਕਾਂ ਲਈ, ਜੋ ਕਿ ਸ਼ਹਿਰੀਆਂ ਦੀ ਸਹਾਇਤਾ ਕਰਦੇ ਹਨ, ਨੂੰ ਲਾਗਤ ਦੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਆਮਦਨ ਤੇ ਮਕਾਨ ਮੁਹੱਈਆ ਕਰਵਾਉਣ ਵਾਲਿਆਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ, ਨਾ ਕਿ ਕਾਨੂੰਨੀ ਆੜ ਵਿੱਚ ਬੰਦਸ਼ਾਂ ਲਗਾਉਣੀਆਂ ਚਾਹੁੰਦੀਆਂ ਹਨ ਤਾਂ ਜੋ ਜਮੀਨ ਗੁਵਾਉਣ ਵਾਲਿਆਂ ਨੂੰ ਵੀ ਥੋੜਾ ਬਹੁਤ ਆਮਦਨ ਪ੍ਰਾਪਤ ਹੁੰਦੀਆਂ ਰਹੇ।
ਇਸ ਮਾਮਲੇ ਵਿੱਚ ਪਿੰਡ ਸੋਹਾਣਾ ਨਿਵਾਸੀਆਂ ਨੇ ਦੋ ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਬੰਧਤ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਕੇ ਪਿੰਡ ਸੋਹਾਣਾ ਨੂੰ ਕਾਰਪੋਰੇਸ਼ਨ ਵਿਚੋਂ ਬਾਹਰ ਕੱਢ ਕੇ, ਪੰਚਾਇਤ ਵਿਭਾਗ ਦੇ ਅਧੀਨ ਕਰਨ ਦੀ ਬੇਨਤੀ ਕੀਤੀ ਸੀ, ਪਰੰਤੂ ਹੁਣ ਤਕ ਪਿੰਡ ਵਾਸੀਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦੀਆਂ ਬੇਨਤੀਆਂ ਦਾ ਕੋਈ ਸਾਰਥੱਕ ਜਵਾਬ ਦਿੱਤਾ ਗਿਆ। ਪਿੰਡਾਂ ਦੇ ਸਰਪੰਚ ਭਵਿੱਖ ਦੇ ਖਤਰਿਆਂ ਨੂੰ ਜਾਣਦੇ ਹੋਏ ਅਤੇ ਪਿੰਡ ਦੀ ਸਹੀ ਜਾਣਕਾਰੀ ਹੋਣ ਕਰਕੇ, ਗਲਤ ਕੰਮ ਹੋਣ ਤੋਂ ਰੋਕਣ ਵਿੱਚ ਸਹਾਈ ਹੁੰਦੇ ਹਨ, ਜਦ ਕਿ ਵੱਖ ਵੱਖ ਸ਼ਹਿਰਾਂ ਤੋਂ ਨਗਰ ਨਿਗਮ ਵਿੱਚ ਨਿਯੁਕਤ ਅਧਿਕਾਰੀ, ਕਿਸੇ ਨਾਲ ਵੈਰ-ਵਿਰੋਧ ਪਾਉਣ ਦੀ ਬਜਾਏ, ਮੈਨੂੰ ਕੀ, ਦੀ ਪਾਲਿਸੀ ਤਹਿਤ ਡੰਗ ਟਿਪਾਈ ਕਰਕੇ ਤੁਰ ਜਾਂਦੇ ਹਨ।
ਸੋ ਇਸ ਕਰਕੇ ਜਿਵੇਂ ਨਕਸ਼ੇ ਫੀਸ ਘਟਾਉਣ ਦੀ ਲੋੜ ਹੈ, ਉਸੇ ਤਰ੍ਹਾਂ ਨੂੰ ਪਿੰਡਾਂ ਨੂੰ ਕਾਰਪੋਰੇਸ਼ਨ ਵਿੱਚੋਂ ਕੱਢ ਕੇ, ਪੰਚਾਇਤੀ ਵਿਭਾਗ ਅਧੀਨ ਲਿਆਉਣ ਦੀ ਵੀ ਸਖਤ ਜਰੂਰਤ ਹੈ।
(ਨਛੱਤਰ ਸਿੰਘ ਬੈਦਵਾਨ)
ਮੋ: ਨੰ: 9988180748
Editorial
ਆਮ ਲੋਕਾਂ ਵਿੱਚ ਸਿਆਸਤ ਸਬੰਧੀ ਵੱਧ ਰਹੀ ਹੈ ਜਾਗਰੂਕਤਾ
ਘਰੇਲੂ ਮਹਿਲਾਵਾਂ ਵੀ ਲੈਣ ਲੱਗ ਗਈਆਂ ਸਿਆਸਤ ਵਿੱਚ ਰੁਚੀ
ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਪਹਿਲਾਂ ਪੰਚਾਇਤ ਚੋਣਾਂ, ਉਸ ਤੋਂ ਬਾਅਦ ਚਾਰ ਜ਼ਿਮਨੀ ਚੋਣਾਂ ਅਤੇ ਹੁਣ ਨਗਰ ਨਿਗਮ ਤੇ ਕੌਂਸਲ ਚੋਣਾਂ ਕਾਰਨ ਭਾਵੇਂ ਲੋਕ ਹੋਣ ਵਾਲੀਆਂ ਚੋਣਾਂ ਕਾਰਨ ਅੱਕੇ ਜਿਹੇ ਵੀ ਨਜ਼ਰ ਆਏ ਪਰ ਇਹਨਾਂ ਚੋਣਾਂ ਕਾਰਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕ ਵੱਖ- ਵੱਖ ਚੋਣਾਂ ਕਾਰਨ ਸਿਆਸਤ ਸਬੰਧੀ ਜਾਗਰੂਕ ਹੋਣ ਲੱਗੇ ਹਨ।
ਆਮ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਭਾਵੇਂ ਸ਼ੋਸਲ ਮੀਡੀਆ ਦਾ ਵੀ ਯੋਗਦਾਨ ਹੁੰਦਾ ਹੈ ਪਰ ਸ਼ੋਸਲ ਮੀਡੀਆ ਤੇ ਮੌਜੂਦ ਜਾਣਕਾਰੀ ਕਈ ਵਾਰ ਸਹੀ ਵੀ ਨਹੀਂ ਹੁੰਦੀ ਅਤੇ ਅਕਸਰ ਨਿੱਜੀ ਦੂਸ਼ਣਬਾਜੀ ਭਾਰੂ ਹੁੰਦੀ ਹੈ। ਦੂਜੇ ਪਾਸੇ ਵੱਖ-ਵੱਖ ਕਿਸਮਾਂ ਦੀਆਂ ਚੋਣਾਂ ਦੌਰਾਨ ਮੀਡੀਆ ਵੱਲੋਂ ਭਾਵੇਂ ਨਿਰਪੱਖ ਭੁੂਮਿਕਾ ਨਿਭਾਉਣ ਦਾ ਯਤਨ ਕੀਤਾ ਜਾਂਦਾ ਹੈ ਪਰੰਤੂ ਮੀਡੀਆ ਦਾ ਕੁਝ ਹਿੱਸਾ ਅਕਸਰ ਇੱਕ ਪੱਖੀ ਗੁਣਗਾਣ ਤੱਕ ਹੀ ਸੀਮਿਤ ਹੋ ਜਾਂਦਾ ਹੈ। ਇਸ ਦੇ ਬਾਵਜੂਦ ਮੀਡੀਆ ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਚੋਣਾਂ ਦੌਰਾਨ ਸਿਆਸਤ ਅਤੇ ਸਿਆਸੀ ਸਰਗਰਮੀਆਂ ਨੂੰ ਦਿਤੀ ਜਾਂਦੀ ਕਵਰੇਜ ਨਾਲ ਆਮ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਅਖਬਾਰਾਂ ਵਿੱਚ ਛਾਪੀਆਂ ਜਾਂਦੀਆਂ ਸੰਪਾਦਕੀਆਂ ਅਤੇ ਸਿਆਸਤ ਸਬੰਧੀ ਵਿਸ਼ੇਸ ਲੇਖ ਵੀ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ।
ਪਿਛਲੇ ਦਿਨਾਂ ਦੌਰਾਨ ਹੋਈਆਂ ਚੋਣਾਂ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਹੁਣ ਘਰੇਲੂ ਔਰਤਾਂ ਵੀ ਸਿਆਸਤ ਵਿੱਚ ਰੁਚੀ ਲੈਣ ਲੱਗੀਆਂ ਹਨ ਅਤੇ ਨਾਲ ਹੀ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਸੁਚੇਤ ਹੋਣ ਲੱਗੀਆਂ ਹਨ। ਹੁਣ ਜਿਆਦਾਤਰ ਔਰਤਾਂ ਆਪਣੀ ਮਰਜੀ ਨਾਲ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਲੱਗ ਗਈਆਂ ਹਨ ਅਤੇ ਹੁਣ ਉਹ ਵੋਟਾਂ ਪਾਉਣ ਲਈ ਪਤੀ ਜਾਂ ਪਿਤਾ ਦੇ ਦਬਾਓ ਵਿੱਚ ਨਹੀਂ ਆਉਂਦੀਆਂ। ਹਾਲਾਂਕਿ ਵੱਡੀ ਗਿਣਤੀ ਔਰਤਾਂ ਹੁਣੇ ਵੀ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਹੀ ਵੋਟਾਂ ਪਾਉਂਦੀਆਂ ਹਨ ਪਰ ਸਿਆਸਤ ਸਬੰਧੀ ਉਹ ਵੀ ਜਾਣਕਾਰੀ ਰੱਖਣ ਲੱਗ ਪਈਆਂ ਹਨ ਅਤੇ ਵੱਡੀ ਗਿਣਤੀ ਮਹਿਲਾਵਾਂ ਤਾਂ ਸਿਆਸਤ ਵਿੱਚ ਸਰਗਰਮ ਵੀ ਹੋ ਰਹੀਆਂ ਹਨ ਅਤੇ ਚੋਣਾਂ ਵੀ ਲੜਦੀਆਂ ਹਨ।
ਸਾਡੇ ਦੇਸ਼ ਦੀ ਲੋਕਤਾਂਤਰਿਕ ਵਿਵਸਥਾ ਹਰੇਕ ਬਾਲਗ ਵੋਟਰਾਂ ਨੂੰ ਕਿਸੇ ਵੀ ਪੱਖਪਾਤ, ਭੇਦ ਭਾਵ, ਲਿੰਗ, ਜਾਤੀ ਅਤੇ ਧਰਮ ਦੀ ਵੰਡ ਤੋਂ ਬਿਨਾ ਵੋਟ ਪਾਉਣ ਦਾ ਬਰਾਬਰ ਅਧਿਕਾਰ ਦਿੰਦੀ ਹੈ। ਇਸ ਲਈ ਮਹਿਲਾਵਾਂ ਦੀਆਂ ਵੋਟਾਂ ਵੀ ਮਰਦਾਂ ਵਾਂਗ ਹੀ ਵੱਡੀ ਗਿਣਤੀ ਵਿੱਚ ਬਣੀਆਂ ਹੁੰਦੀਆਂ ਹਨ ਅਤੇ ਲੋਕਤੰਤਰ ਵਿੱਚ ਮਹਿਲਾਵਾਂ ਨੂੰ ਵੀ ਆਪਣੇ ਨੁਮਾਇੰਦੇ ਚੁਣਨ ਦਾ ਬਰਾਬਰੀ ਦਾ ਅਧਿਕਾਰ ਦਿੱਤਾ ਹੋਇਆ ਹੈ। ਵੋਟ ਪਾਉਣ ਸਮੇਂ ਮਹਿਲਾਵਾਂ ਨਾਲ ਮਰਦਾਂ ਦੇ ਮੁਕਾਬਲੇ ਕਿਸੇ ਤਰਾਂ ਦਾ ਭਿੰਨ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ।
ਲੋਕਤੰਤਰ ਵਿੱਚ ਵੱਖ-ਵੱਖ ਕਿਸਮ ਦੀਆਂ ਚੋਣਾਂ ਨੂੰ ਚੋਣ ਮੇਲਾ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਆਮ ਲੋਕ ਵੋਟਾਂ ਪਾ ਕੇ ਆਪਣੀ ਸਰਕਾਰ ਅਤੇ ਆਪਣੇ ਨੁਮਾਇੰਦੇ ਚੁਣਦੇ ਹਨ। ਵਿਧਾਨ ਸਭਾ ਚੋਣਾਂ ਰਾਜ ਸਰਕਾਰ ਦੀ ਚੋਣ ਕਰਦੀਆਂ ਹਨ ਜਦੋਂ ਕਿ ਨਿਗਮ ਤੇ ਕੌਂਸਲ ਚੋਣਾਂ ਸਥਾਨਕ ਸਰਕਾਰਾਂ ਜਾਂ ਸ਼ਹਿਰੀ ਸਰਕਾਰਾਂ ਦੀ ਚੋਣ ਕਰਦੀਆਂ ਹਨ ਅਤੇ ਪੰਚਾਇਤਾਂ ਦੀ ਚੋਣ ਨੂੰ ਪੇਂਡੂ ਸਰਕਾਰ ਦੀ ਚੋਣ ਕਿਹਾ ਜਾਂਦਾ ਹੈ।
ਇਹਨਾਂ ਵੱਖ ਵੱਖ ਕਿਸਮਾਂ ਦੀਆਂ ਚੋਣਾਂ ਦੌਰਾਨ ਰਾਜ ਦੇ ਲੋਕਾਂ ਦੀ ਆਮ ਸਿਆਸੀ ਸੋਚ ਉਭਰ ਕੇ ਸਾਹਮਣੇ ਆਉਂਦੀ ਹੈ ਅਤੇ ਪਤਾ ਚਲ ਜਾਂਦਾ ਹੈ ਕਿ ਲੋਕ ਸਿਆਸਤ ਵਿੱਚ ਕਿਹੋ ਜਿਹਾ ਬਦਲਾਓ ਚਾਹੁੰਦੇ ਹਨ। ਇਸ ਸਮੇਂ ਸਭ ਦੀਆਂ ਨਜ਼ਰਾਂ ਨਿਗਮ ਅਤੇ ਕੌਂਸਲ ਚੋਣਾਂ ਤੋਂ ਬਾਅਦ ਨਿਗਮਾਂ ਦੇ ਮੇਅਰ ਅਤੇ ਕੌਂਸਲਾਂ ਦੇ ਪ੍ਰਧਾਨ ਚੁਣੇ ਜਾਣ ਵੱਲ ਲੱਗੀ ਹੋਈ ਹੈ। ਜਿਸ ਕਾਰਨ ਸਿਆਸਤ ਵਿੱਚ ਲੋਕਾਂ ਦੀ ਰੁਚੀ ਲਗਾਤਾਰ ਬਣੀ ਹੋਈ ਹੈ, ਜਿਸ ਨੂੰ ਲੋਕਤੰਤਰ ਲਈ ਸ਼ੁੱਭ ਸ਼ਗਨ ਕਿਹਾ ਜਾਂਦਾ ਹੈ।
ਬਿਊਰੋ
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National1 month ago
ਮਨੀਪੁਰ ਦੇ ਜਿਰੀਬਾਮ ਵਿੱਚ ਸਥਿਤੀ ਤਣਾਅਪੂਰਨ