Connect with us

Editorial

ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵੀ ਧਿਆਨ ਦੇਵੇ ਸਰਕਾਰ

Published

on

 

 

ਪੰਜਾਬ ਦੀ ਸੱਤਾ ਤੇ ਢਾਈ ਸਾਲ ਪਹਿਲਾਂ ਕਾਬਿਜ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਮੇਂ ਸਮੇਂ ਤੇ ਸੂਬੇ ਦੇ ਸਰਬਪੱਖੀ ਵਿਕਾਸ ਕਰਨ ਲਈ ਕੰਮ ਕਰਨ ਦੀ ਗੱਲ ਕਰਦਿਆਂ ਆਮ ਕਿਹਾ ਜਾਂਦਾ ਹੈ ਕਿ ਸਰਕਾਰ ਵਲੋਂ ਪੰਜਾਬ ਦਾ ਲੋੜੀਂਦਾ ਵਿਕਾਸ ਕਰਕੇ ਇਸਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ। ਇਸਦੇ ਨਾਲ ਹੀ ਸਰਕਾਰ ਵਲੋਂ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵਾਂਗ ਲੋੜੀਂਦੀਆਂ ਆਧੁਨਿਕ ਬੁਨਿਆਦੀ ਸਹੂਲਤਾਂ ਦੇਣ ਅਤੇ ਪੇਂਡੂ ਨੌਜਵਾਨਾਂ ਦੇ ਰੁਜਗਾਰ ਲਈ ਪਿੰਡਾਂ ਵਿੱਚ ਹੀ ਲੋੜੀਂਦੇ ਪ੍ਰਬੰਧ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਪਰੰਤੂ ਪਿਛਲੇ ਢਾਈ ਸਾਲਾਂ ਦੀ ਸਰਕਾਰ ਦੀ ਕਾਰਗੁਜਾਰੀ ਵੱਲ ਨਜਰ ਮਾਰੀਏ ਤਾਂ ਸਾਫ ਜਾਹਿਰ ਹੁੰਦਾ ਹੈ ਕਿ ਸਰਕਾਰ ਦੇ ਇਹ ਦਾਅਵੇ (ਹੁਣ ਤਕ ਤਾਂ) ਹਵਾ ਹਵਾਈ ਹੀ ਸਾਬਿਤ ਹੋਏ ਹਨ।

ਪੰਜਾਬ ਦੀ ਸੱਤਾ ਤੇ ਕਾਬਜ ਰਹੀਆਂ ਪਹਿਲੀਆਂ ਸਰਕਾਰਾਂ ਵਲੋਂ ਵੀ ਪਿੰਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਪਿੰਡਾਂ ਦੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਸਨ, ਪਰੰਤੂ ਇਹ ਦਾਅਵੇ ਹਵਾ ਹਵਾਈ ਹੀ ਸਾਬਿਤ ਹੁੰਦੇ ਆਏ ਹਨ। ਇਸਤੋਂ ਪਿਛਲੀ ਸਰਕਾਰ ਵਲੋਂ ਵੀ ਦਾਅਵਾ ਕੀਤਾ ਜਾਂਦਾ ਸੀ ਕਿ ਉਸ ਵਲੋਂ ਅਨੁਸਾਰ ਪਿੰਡਾਂ ਵਿੱਚ ਬਹੁਤ ਵਿਕਾਸ ਕਰਵਾਇਆ ਗਿਆ ਹੈ ਅਤੇ ਅਤੇ ਸਰਕਾਰ ਦੇ ਦਾਅਵਿਆਂ ਵਿੱਚ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਪਰੰਤੂ ਅਸਲੀਅਤ ਇਹੀ ਹੈ ਕਿ ਸੂਬੇ ਦੇ ਜਿਆਦਾਤਰ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨਾ ਦੇ ਬਰਾਬਰ ਹਨ ਅਤੇ ਮਨੁੱਖ ਦੀ ਮੁੱਢਲੀ ਲੋੜ ਸਿਖਿਆ, ਸਿਹਤ ਅਤੇ ਰੁਜਗਾਰ ਦੇ ਲੋੜੀਂਦੇ ਪ੍ਰਬੰਧਾਂ ਦੀ ਘਾਟ, ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵੱਲ ਜਾਣ ਲਈ ਮਜਬੂਰ ਕਰਦੀ ਹੈ।

ਸਰਕਾਰ ਨੂੰ ਇਹ ਗੱਲ ਸਮਝਣੀ ਾਹੀਦੀ ਹੈ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਜੇਕਰ ਸਰਕਾਰ ਵਾਕਈ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੀ ਚਾਹਵਾਨ ਹੈ ਤਾਂ ਉਸਨੂੰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ ਤੇ ਆਧੁਨਿਕ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਲੋੜੀਂਦੀ ਕਾਰਵਾਈ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਵਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਲੰਬੇ ਚੌੜੇ ਵਾਇਦੇ ਤਾਂ ਬਹੁਤ ਕੀਤੇ ਗਏ ਸਨ ਪਰੰਤੂ ਅਸਲੀਅਤ ਇਹੀ ਹੈ ਕਿ ਨਵੀਂ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਬਹੁਤ ਘੱਟ ਕੰਮ ਹੋਇਆ ਹੈ। ਪਿੰਡਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਸਰਕਾਰੀ ਸਿਹਤ ਸੁਵਿਧਾਵਾਂ ਬੁਰੀ ਤਰ੍ਹਾਂ ਬਦਹਾਲ ਹਨ ਜਿਸ ਕਾਰਨ ਪਿੰਡਾਂ ਤੋਂ ਸ਼ਹਿਰਾਂ ਵੱਲ ਹੋਣ ਵਾਲੇ ਪਲਾਇਨ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ।

ਹਾਲਾਂਕਿ ਸੂਬੇ ਦੇ ਕੁੱਝ ਪਿੰਡ ਜਰੂਰ ਅਜਿਹੇ ਹਨ ਜਿੱਥੇ ਵਿਕਾਸ ਵੀ ਹੋਇਆ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਮਿਲਦੀਆਂ ਹਨ ਪਰੰਤੂ ਇਹਨਾਂ ਪਿੰਡਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਜਿਆਦਾਤਰ ਪਿੰਡ ਹੁਣੇ ਵੀ ਆਪਣੇ ਬੁਨਿਆਦੀ ਵਿਕਾਸ ਲਈ ਤਰਸ ਰਹੇ ਹਨ। ਸੂਬੇ ਦੇ ਜਿਆਦਾਤਰ ਪਿੰਡ ਅਜਿਹੇ ਹਨ ਜਿੱਥੇ ਵਿਕਾਸ ਦੇ ਕੰਮ ਨਾ ਦੇ ਬਰਾਬਰ ਹੋਏ ਹਨ। ਇਹਨਾਂ ਵਿੱਚ ਨਾ ਤਾਂ ਸੜਕਾਂ ਬਣੀਆਂ ਤੇ ਨਾ ਹੀ ਗਲੀਆਂ ਨਾਲੀਆਂ। ਸੀਵਰੇਜ ਸਿਸਟਮ ਤਾਂ ਦੂਰ, ਗੰਦੇ ਪਾਣੀ ਦੇ ਨਿਕਾਸ ਲਈ ਲੋੜੀਂਦੀਆਂ ਨਾਲੀਆਂ ਤਕ ਨਾ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਗਲੀਆਂ ਵਿਚ ਹੀ ਖੜਾ ਰਹਿੰਦਾ ਹੈ ਅਤੇ ਇਸ ਕਾਰਨ ਲੋਕਾਂ ਵਿਚ ਆਪਸੀ ਲੜਾਈ ਝਗੜੇ ਵੀ ਹੁੰਦੇ ਹਨ। ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਪਿੰਡਾਂ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਤੇ ਹੀ ਚਿੱਕੜ ਅਤੇ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ, ਜੋ ਕਿ ਕਈ-ਕਈ ਦਿਨ ਖੜਾ ਰਹਿੰਦਾ ਹੈ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਜੇਕਰ ਪੰਜਾਬ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ ਤਾਂ ਤਾਂ ਉਸਨੂੰ ਸਭਤੋਂ ਪਹਿਲਾਂ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸਦੇ ਨਾਲ ਨਾਲ ਪਿੰਡਾਂ ਵਿੱਚ ਵੀ ਸ਼ਹਿਰਾਂ ਵਾਂਗ ਲੋੜੀਂਦੀਆਂ ਸਹੁਲਤਾਂ (ਖਾਸਕਰ ਸਿਖਿਆ, ਸਿਹਤ ਅਤੇ ਰੁਜਗਾਰ) ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਅਜਿਹਾ ਹੋਣ ਨਾਲ ਜਿੱਥੇ ਪਿੰਡਾਂ ਵਿੱਚ ਹੀ ਰੁਜਗਾਰ ਪੈਦਾ ਹੋਵੇਗਾ ਉੱਥੇ ਬੁਨਿਆਦੀ ਸੁਵਿਧਾਵਾਂ ਹਾਸਿਲ ਕਰਨ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਹੁੰਦੇ ਪਲਾਇਨ ਤੇ ਵੀ ਰੋਕ ਲਗੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਇਹਨਾਂ ਪਿੰਡਾਂ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਲਈ ਨਵੀਆਂ ਗ੍ਰਾਂਟਾਂ ਜਾਰੀ ਕਰੇ ਅਤੇ ਪਿੰਡਾਂ ਵਿੱਚ ਨਵੇਂ ਸਿਰੇ ਤੋਂ ਵਿਕਾਸ ਕਾਰਜ ਕਰਵਾਏ ਜਾਣ ਤਾ ਜੋ ਲੋਕਾਂ ਦੀਆਂ ਸਮੱਸਿਆਵਾਂ ਹਲ ਹੋਣ।

Continue Reading

Editorial

ਹੋਲੀ ਦੇ ਤਿਉਹਾਰ ਮੌਕੇ ਹੁੜਦੰਗ ਮਚਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ

Published

on

By

 

ਹੋਲੀ ਦਾ ਤਿਉਹਾਰ ਨੇੜੇ ਆ ਗਿਆ ਹੈ ਅਤੇ ਇਸਦੇ ਨੇੜੇ ਆਉਣ ਦੇ ਨਾਲ ਹੀ ਲੋਕਾਂ ਵਿੱਚ ਰੰਗਾਂ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਉਤਸਾਹ ਦਾ ਮਾਹੌਲ ਦਿਖ ਰਿਹਾ ਹੈ। ਇਸ ਮੌਕੇ ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਣਾਉਂਦੇ ਹਨ ਅਤੇ ਤਿਉਹਾਰ ਦਾ ਮਜਾ ਲੈਂਦੇ ਹਨ। ਆਮ ਲੋਕਾਂ ਵਲੋਂ ਇਸ ਤਿਉਹਾਰ ਨੂੰ ਮਣਾਉਣ ਲਈ ਵਿਸ਼ੇਸ਼ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਹੋਲੀ ਦੇ ਤਿਉਹਾਰ ਲਈ ਦੁਕਾਨਦਾਰਾਂ ਨੇ ਵੀ ਰੰਗ, ਗੁਲਾਲ, ਪਿਚਕਾਰੀਆਂ ਅਤੇ ਹੋਲੀ ਨਾਲ ਸਬੰਧਿਤ ਹੋਰ ਸਮਾਨ ਵੇਚਣ ਲਈ ਆਪਣੀਆਂ ਦੁਕਾਨਾਂ ਸਜਾ ਲਈਆਂ ਹਨ, ਜਿੱਥੇ ਹੋਲੀ ਦਾ ਤਿਉਹਾਰ ਮਣਾਉਣ ਦੇ ਚਾਹਵਾਨ ਲੋਕ ਬੱਚਿਆਂ ਸਮੇਤ ਉਤਸ਼ਾਹ ਨਾਲ ਰੰਗ, ਗੁਲਾਲ ਅਤੇ ਪਿਚਕਾਰੀਆਂ ਆਦਿ ਖਰੀਦ ਰਹੇ ਹਨ।

ਇੱਕ ਪਾਸੇ ਜਿੱਥੇ ਲੋਕ ਖੁਸ਼ੀ ਖੁਸ਼ੀ ਇਹ ਤਿਉਹਾਰ ਮਣਾਉਂਦੇ ਹਨ ਉੱਥੇ ਦੂਜੇ ਪਾਸੇ ਹੋਲੀ ਦੇ ਤਿਉਹਾਰ ਮੌਕੇ ਨੌਜਵਾਨਾਂ ਵਲੋਂ ਕੀਤੀ ਜਾਂਦੀ ਹੁਲੱੜਬਾਜੀ ਵੀ ਆਮ ਹੈ। ਹੋਲੀ ਵਾਲੇ ਦਿਨ ਖੁੱਲੀਆਂ ਜੀਪਾਂ ਅਤੇ ਦੋ ਪਹੀਆ ਵਾਹਨਾਂ ਤੇ ਸਵਾਰ ਨੌਜਵਾਨਾਂ ਦੇ ਟੋਲੇ ਸਾਰਾ ਦਿਨ ਸੜਕਾਂ, ਗਲੀਆਂ ਵਿੱਚ ਖੜਦੂੰਗ ਪਾਉਂਦੇ ਘੁੰਮਦੇ ਵੇਖੇ ਜਾਂਦੇ ਹਨ। ਇਸ ਦੌਰਾਨ ਹੁਲੜਬਾਜੀ ਕਰਨ ਵਾਲੇ ਇਹਨਾਂ ਨੌਜਵਾਨਾਂ ਵਿੱਚ ਝਗੜਾ ਹੋਣਾ ਵੀ ਆਮ ਹੈ ਅਤੇ ਤਿਉਹਾਰ ਦੇ ਮੌਕੇ ਤੇ ਕਿਸੇ ਵੱਡੀ ਅਣਹੋਣੀ ਦੇ ਵਾਪਰਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸਤੋਂ ਇਲਾਵਾ ਹੋਲੀ ਵਾਲੇ ਦਿਨ ਸੜਕਾਂ ਗਲੀਆਂ ਵਿੱਚ ਅਜਿਹੇ ਸਿਰਫਿਰੇ ਨੌਜਵਾਨ ਵੀ ਆਮ ਦਿਖਦੇ ਹਨ ਜਿਹੜੇ ਜਰੂਰੀ ਕੰਮ ਜਾ ਰਹੀਆਂ ਲੜਕੀਆਂ ਉਪਰ ਰੰਗ ਸੁੱਟਦੇ ਹਨ। ਅਜਿਹੇ ਨੌਜਵਾਨ ਕਈ ਵਾਰ ਰਾਹ ਜਾਂਦੀਆਂ ਲੜਕੀਆਂ ਨੂੰ ਇੱਕਲੀਆਂ ਦੇਖ ਕੇ ਉਹਨਾਂ ਨੂੰ ਘੇਰ ਲੈਂਦੇ ਹਨ ਅਤੇ ਉਹਨਾਂ ਨੂੰ ਫੜ ਕੇ ਜਬਰਦਸਤੀ ਰੰਗ ਲਗਾਉਂਦੇ ਹਨ।

ਜੇਕਰ ਇਸ ਸੰਬੰਧੀ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਹਰ ਸਾਲ ਹੋਲੀ ਦੇ ਤਿਉਹਾਰ ਮੌਕੇ ਹਾਲਾਤ ਇਹ ਹੁੰਦੇ ਹਨ ਕਿ ਸ਼ਹਿਰ ਦੀ ਲਗਭਗ ਹਰ ਮਾਰਕੀਟ ਅਤੇ ਹਰ ਗਲੀ ਮੁਹਲੇ ਵਿੱਚ ਨੌਜਵਾਨਾਂ ਵਲੋਂ ਹੋਲੀ ਦੇ ਬਹਾਨੇ ਹੁੜਦੁੰਗ ਮਚਾਇਆ ਜਾਂਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਖਾਸ ਕਰ ਮਹਿਲਾਵਾਂ ਅਤੇ ਲੜਕੀਆਂ ਲਈ ਘਰ ਤੋਂ ਬਾਹਰ ਨਿਕਲਣਾ ਤਕ ਮੁਸ਼ਕਿਲ ਹੋ ਜਾਂਦਾ ਹੈ। ਹੋਲੀ ਦੇ ਤਿਉਹਾਰ ਮੌਕੇ ਜਨਤਕ ਥਾਵਾਂ ਤੇ ਹੁੱਲੜਬਾਜੀ ਕਰਨ ਵਾਲੇ ਇਹਨਾਂ ਨੌਜਵਾਨਾਂ ਵਿੱਚ ਵੱਡੇ ਘਰਾਂ ਦੇ ਕਾਕੇ ਵੀ ਸ਼ਾਮਲ ਹੁੰਦੇ ਹਨ, ਜਿਸ ਕਾਰਨ ਪੁਲੀਸ ਇਹਨਾਂ ਨੌਜਵਾਨਾਂ ਖਿਲਾਫ ਕਾਰਵਾਈ ਕਰਨ ਤੋਂ ਝਿਜਕਦੀ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਨੌਜਵਾਨ ਹੋਲੀ ਖੇਡਣ ਦੇ ਬਹਾਨੇ ਮੁਹਾਲੀ ਵਿੱਚ ਆ ਕੇ ਹੁੜਦੰਗ ਮਚਾੳਂੁਦੇ ਹਨ ਅਤੇ ਸ਼ਰਾਰਤਾਂ ਕਰਦੇ ਹਨ, ਜਿਸ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਪਿਛਲੇ ਕਹੀ ਸਾਲਾਂ ਤੋਂ ਹਰ ਸਾਲ ਹੋਲੀ ਵਾਲੇ ਦਿਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨੌਜਵਾਨਾਂ (ਮੁੰਡੇ ਕੁੜੀਆਂ) ਦੇ ਇਹ ਟੋਲੇ ਇਕੱਠੇ ਹੁੰਦੇ ਹਨ ਅਤੇ ਇਹਨਾਂ ਵਲੋਂ ਵੱਡੇ ਗਰੁੱਪਾਂ ਵਿੱਚ ਇਕੱਠੇ ਹੋ ਕੇ ਹੋਲੀ ਖੇਡੀ ਜਾਂਦੀ ਹੈ। ਇਸ ਦੌਰਾਨ ਹੁਲੱੜਬਾਜੀ ਵੀ ਹੁੰਦੀ ਹੈ ਅਤੇ ਨਸ਼ੇ ਵਿੱਚ ਟੱਲੀ ਹੋਏ ਨੌਜਵਾਨਾਂ ਵਲੋਂ ਕੁੜੀਆਂ ਨਾਲ ਛੇੜਛਾੜ ਵੀ ਕੀਤੀ ਜਾਂਦੀ ਹੈ ਜਿਸ ਕਾਰਨ ਇਹਨਾਂ ਵਿੱਚ ਝਗੜੇ ਵੀ ਹੁੰਦੇ ਹਨ। ਹੋਲੀ ਮੌਕੇ ਹੋਣ ਵਾਲੇ ਇਹ ਇਕੱਠ ਇਹਨਾਂ ਨੌਜਵਾਨਾਂ ਦੀਆਂ ਪੁਰਾਣੀਆਂ ਦੁਸ਼ਮਣੀਆਂ ਕੱਢਣ ਦਾ ਵੀ ਜਰੀਆ ਬਣਦੇ ਹਨ ਅਤੇ ਇਹਨਾਂ ਦਾ ਆਪਸ ਵਿੱਚ ਟਕਰਾਓ ਵੀ ਹੁੰਦਾ ਹੈ। ਮਾਰਕੀਟਾਂ ਵਿੱਚ ਪੂਰਾ ਦਿਨ ਚਲਣ ਵਾਲਾ ਇਹ ਹੁੜਦੰਗ ਸ਼ਹਿਰ ਦੇ ਮਾਹੌਲ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।

ਹੋਲੀ ਖੇਡਣ ਦੇ ਬਹਾਨੇ ਹੁੜਦੁੰਗ ਮਚਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਕਾਫੀ ਜਿਆਦਾ ਹੋਣ ਕਾਰਨ ਵੀ ਪੁਲੀਸ ਇਹਨਾਂ ਉਪਰ ਸਖਤ ਕਾਰਵਾਈ ਤੋਂ ਪਰਹੇਜ ਕਰਦੀ ਹੈ ਜਿਸਦਾ ਇਹ ਨੌਜਵਾਨ ਨਾਜਾਇਜ ਫਾਇਦਾ ਚੁੱਕਦੇ ਹਨ। ਇਸ ਦੌਰਾਨ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਆਮ ਲੋਕਾਂ ਤੇ ਰੰਗਾਂ ਦੀ ਥਾਂ ਲੋਕਾਂ ਤੇ ਗਰੀਸ, ਕਾਲਾ ਤੇਲ, ਸੜਿਆ ਤੇਲ ਜਾਂ ਕੋਈ ਹੋਰ ਤਰਲ ਪਦਾਰਥ ਸੁੱਟ ਕੇ ਉਹਨਾਂ ਨੂੰ ਪ੍ਰੇਸ਼ਾਨ ਕਰਕੇ ਮਜਾ ਲੈਂਦੇ ਹਨ। ਮੁਹਾਲੀ ਨਗਰ ਨਿਗਮ ਦੇ ਅਧੀਨ ਪੈਂਦੇ ਪਿੰਡ ਸੋਹਾਣਾ ਵਿੱਚ ਤਾਂ ਗੰਦੇ ਪਾਣੀ ਨਾਲ ਹੋਲੀ ਖੇਡਣ ਅਤੇ ਲੋਕਾਂ ਦੇ ਘਰਾਂ ਅੱਗੇ ਹੱਡਾ ਰੋੜੀ ਦੀ ਗੰਦਗੀ ਸੁੱਟਣ ਦੀ ਪੁਰਾਣੀ ਰਵਾਇਤ ਹੈ। ਜਿਸ ਕਾਰਨ ਜੇ ਕੋਈ ਅਣਜਾਣ ਵਿਅਕਤੀ ਭੁੱਲ ਭੁਲੇਖੇ ਜਾਂ ਕਿਸੇ ਕੰਮ ਉਸ ਪਿੰਡ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਉਥੇ ਗੰਦੇ ਪਾਣੀ ਨਾਲ ਹੋਲੀ ਖੇਡਦੇ ਲੋਕਾਂ ਅਤੇ ਗਲੀਆਂ ਵਿੱਚ ਪਈਆਂ ਜਾਨਵਰਾਂ ਦੀਆਂ ਹੱਡੀਆਂ ਕਾਰਨ ਬਹੁਤ ਪ੍ਰੇਸ਼ਾਨੀ ਹੁੰਦੀ ਹੈ।

ਸਥਾਨਕ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਹੋਲੀ ਦੇ ਤਿਉਹਾਰ ਮੌਕੇ ਹੋਲੀ ਖੇਡਣ ਦੇ ਬਹਾਨੇ ਹੁਲੜਬਾਜੀ ਕਰਨ, ਸ਼ਰਾਰਤਾਂ ਕਰਨ, ਹੁੜਦੁੰਗ ਮਚਾਉਣ ਅਤੇ ਬੁਲੇਟ ਦੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਪ੍ਰਬੰਧ ਕਰੇ। ਇਸ ਤਰੀਕੇ ਨਾਲ ਕੀਤੀ ਜਾਂਦੀ ਇਸ ਹੁੱਲੜਬਾਜੀ ਤੇ ਕਾਬੂ ਕਰਨਾ ਪੁਲੀਸ ਪ੍ਰਸ਼ਾਸ਼ਨ ਦੀ ਜਿੰਮੇਵਰੀ ਹੈ ਅਤ।ੇ ਇਸ ਸੰਬੰਧੀ ਅਗਾਉਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਵਿੱਚ ਸੁਰਖਿਆ ਭਾਵਨਾ ਬਾਣੀ ਰਹੇ ਅਤੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਰਕਰਾਰ ਰਹੇ।

 

Continue Reading

Editorial

ਭਾਰਤੀ ਵਿਦਿਆਰਥੀਆਂ ਵਿੱਚ ਘਟਿਆ ਵਿਦੇਸ਼ ਜਾ ਕੇ ਪੜਾਈ ਕਰਨ ਦਾ ਰੁਝਾਨ

Published

on

By

 

 

ਵਿਕਸਿਤ ਦੇਸ਼ਾਂ ਵਲੋਂ ਲਾਗੂ ਪਾਬੰਦੀਆਂ ਕਾਰਨ ਵਿਦੇਸ਼ ਜਾ ਕੇ ਪੜ੍ਹਣ ਵਾਲਿਆਂ ਦੀ ਗਿਣਤੀ ਘਟੀ

ਬੀਤੇ ਦਿਨ ਲੋਕ ਸਭਾ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਨੇ ਇੱਕ ਰਿਪੋਰਟ ਪੇਸ਼ ਕਰਕੇ ਦਾਅਵਾ ਕੀਤਾ ਕਿ ਕੈਨੇਡਾ, ਅਮਰੀਕਾ ਅਤੇ ਯੂ ਕੇ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਇੱਕ ਸਾਲ ਵਿੱਚ 27 ਫੀਸਦੀ ਘਟ ਗਈ ਹੈ। ਇਹ ਗਿਣਤੀ 2023 ਵਿੱਚ 604,926 ਸੀ ਜੋ 2024 ਵਿੱਚ ਘਟ ਕੇ 440,556 ਹੋ ਗਈ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਇਹ ਗਿਰਾਵਟ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਕੁੱਲ 15 ਫੀਸਦੀ ਗਿਰਾਵਟ ਤੋਂ ਵੱਧ ਹੈ, ਜੋ ਕਿ ਇਸੇ ਸਮੇਂ ਦੌਰਾਨ 892,989 ਤੋਂ ਘਟ ਕੇ 759,064 ਰਹਿ ਗਈ।

ਇਹਨਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨੋਂ ਦਿਨ ਘੱਟ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਕਾਨੂੰਨ ਸਖਤ ਕਰ ਦਿਤੇ ਗਏ ਹਨ। ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ਾਂ ਵਿੱਚ ਪੜ੍ਹਣ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਸਤੀ ਲੇਬਰ ਸਮਝਿਆ ਜਾਂਦਾ ਹੈ। ਇਸ ਕਰਕੇ ਹੀ ਵਿਦਿਆਰਥੀਆਂ ਨੂੰ ਕੰਮ ਬਦਲੇ ਘੱਟ ਪੈਸੇ ਦਿਤੇ ਜਾਂਦੇ ਹਨ, ਜਦੋਂ ਕਿ ਉਹਨਾਂ ਦੇਸ਼ਾਂ ਦੇ ਮੁੂਲ ਲੋਕਾਂ ਨੂੰ ਉੇਸੇ ਕੰਮ ਬਦਲੇ ਵੱਧੇ ਪੈਸੇ ਦਿਤੇ ਜਾਂਦੇ ਹਨ। ਇਸ ਤਰ੍ਹਾਂ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਿੱਖਿਆ ਵੀ ਬਹੁਤ ਮਹਿੰਗੀ ਹੋ ਰਹੀ ਹੈ, ਜਿਸ ਕਾਰਨ ਵਿਦੇਸ਼ ਜਾ ਕੇ ਪੜਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ।

ਜ਼ਿਕਰਯੋਗ ਹੈ ਲੋਕ ਸਭਾ ਵਿੱਚ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਅੰਕੜਾ ਕੇਰਲ ਦੇ ਮਲੱਪੁਰਮ ਤੋਂ ਆਈ. ਯੂ. ਐਮ. ਐਲ. ਸੰਸਦ ਮੈਂਬਰ ਈ ਟੀ ਮੁਹੰਮਦ ਬਸ਼ੀਰ ਦੇ ਸਵਾਲਾਂ ਦੇ ਜਵਾਬ ਵਿੱਚ ਸਾਂਝਾ ਕੀਤਾ ਗਿਆ ਸੀ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਉਨ੍ਹਾਂ ਭਾਰਤੀਆਂ ਬਾਰੇ ਬਿਊਰੋ ਆਫ਼ ਇਮੀਗ੍ਰੇਸ਼ਨ ਦਾ ਅੰਕੜਾ ਸਾਂਝਾ ਕੀਤਾ ਜਿਨ੍ਹਾਂ ਨੇ ਵਿਦੇਸ਼ ਯਾਤਰਾ ਲਈ ‘ਪੜ੍ਹਾਈ/ਸਿੱਖਿਆ’ ਨੂੰ ਆਪਣਾ ਉਦੇਸ਼ ਦਸਿਆ ਸੀ।

ਵਿਦੇਸ਼ ਜਾ ਕੇ ਪੜਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਜਾਣ ਦਾ ਇੱਕ ਅਰਥ ਇਹ ਵੀ ਹੈ ਕਿ ਉਹਨਾਂ ਵਿਦਿਆਰਥੀਆਂ ਵੱਲੋਂ ਹੁਣ ਭਾਰਤ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਿਖਿਆ ਪ੍ਰਾਪਤ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹਨਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਰੌਣਕਾਂ ਪਰਤ ਆਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਮੇਤ ਵੱਖ- ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਪੜੇ ਲਿਖੇ ਨੌਜਵਾਨਾਂ ਲਈ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਕਾਰਨ ਵੀ ਵਿਦਿਆਰਥੀਆਂ ਵਿੱਚ ਵਿਦੇਸ਼ ਜਾ ਕੇ ਪੜਾਈ ਕਰਨ ਤੇ ਕੰਮ ਕਰਨ ਦੀ ਥਾਂ ਭਾਰਤ ਵਿੱਚ ਰਹਿ ਕੇ ਹੀ ਪੜਾਈ ਕਰਨ ਅਤੇ ਨੌਕਰੀਆਂ ਪ੍ਰਾਪਤ ਕਰਨ ਜਾਂ ਕੋਈ ਕੰਮ ਧੰਦਾ ਕਰਨਾ ਦਾ ਰੁਝਾਨ ਵੱਧਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੇ ਲੱਖਾਂ ਵਿਦਿਆਰਥੀ ਪੜਾਈ ਕਰਨ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ। ਜਿਹਨਾਂ ਦਾ ਇੱਕੋ ਇੱਕ ਮਕਸਦ ਉਹਨਾਂ ਦੇਸ਼ਾਂ ਦੀ ਨਾਗਰਿਕਤਾ ਪ੍ਰਾਪਤ ਕਰਨਾ ਹੈ। ਇਹ ਵਿਦਿਆਰਥੀ ਵਿਦੇਸ਼ ਜਾ ਕੇ ਪੜਾਈ ਦੇ ਨਾਲ ਕੰਮ ਵੀ ਕਰਦੇ ਹਨ। ਜਿਸ ਕਰਕੇ ਉਹ ਆਪਣੀ ਪੜਾਈ ਦਾ ਖਰਚਾ ਕੱਢ ਲੈਂਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਵਿਦਿਆਰਥੀਅ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾ ਅੱਗੇ ਰੁਜਗਾਰ ਅਤੇ ਰਿਹਾਇਸ਼ ਦੇ ਮਸਲੇ ਖੜੇ ਹੋ ਗਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਮਹਿੰਗਾਈ ਸਭ ਹੱਦਾਂ ਬੰਨੇ ਟੱਪ ਗਈ ਹੈ। ਵਿਹਲੇ ਵਿਦਿਆਰਥੀਆਂ ਕੋਲ ਆਪਣੀਆਂ ਫੀਸਾਂ ਭਰਨ ਲਈ ਵੀ ਪੈਸੇ ਨਹੀਂ ਹੁੰਦੇ, ਜਿਸ ਲਈ ਉਹ ਭਾਰਤ ਆਪਣੇ ਮਾਪਿਆਂ ਨੂੰ ਫੀਸਾਂ ਲਈ ਪੈਸੇ ਭੇਜਣ ਲਈ ਕਹਿੰਦੇ ਹਨ, ਜਦੋਂਕਿ ਉਹਨਾਂ ਨੂੰ ਵਿਦੇਸ਼ਾਂ ਵਿੱਚ ਕੰਮ ਨਹੀਂ ਮਿਲਦੇ ਜਾਂ ਬਹੁਤ ਘੱਟ ਪੈਸੇ ਤੇ ਕੰਮ ਮਿਲਦੇ ਹਨ।

ਇਸ ਤੋਂ ਇਲਾਵਾ ਵਿਦੇਸ਼ਾਂ ਦੇ ਕਈ ਕਾਲਜਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸਾਂ ਲਗਾ ਕੇ ਪੜਾਉਣ ਦੀ ਥਾਂ ਆਨ ਲਾਈਨ ਸਿੱਖਿਆ ਦਿਤੀ ਜਾ ਰਹੀ ਹੈ, ਜਿਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਮਹਿਸੂਸ ਕਰ ਰਹੇ ਹਨ ਕਿ ਜੇ ਉਹਨਾਂ ਨੇ ਆਨਲਾਈਨ ਸਿਖਿਆ ਹੀ ਪ੍ਰਾਪਤ ਕਰਨੀ ਹੈ ਤਾਂ ਉਹਨਾਂ ਨੂੰ 25-25 ਲੱਖ ਰੁਪਏ ਖਰਚ ਕੇ ਵਿਦੇਸ਼ ਆਉਣ ਦੀ ਕੀ ਲੋੜ ਹੈ। ਆਨ ਲਾਈਨ ਸਿਖਿਆ ਤਾਂ ਉਹ ਆਪਣੇ ਦੇਸ਼ ਵਿੱਚ ਰਹਿ ਕੇ ਵੀ ਪ੍ਰਾਪਤ ਕਰ ਸਕਦੇ ਹਨ। ਇਸ ਕਾਰਨ ਵੀ ਭਾਰਤ ਦੇ ਵੱਡੀ ਗਿਣਤੀ ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ ਹੈ। ਭਾਰਤ ਵਿੱਚ ਸਿਖਿਆ ਪ੍ਰਾਪਤ ਕਰਨ ਦੇ ਇਹਨਾਂ ਵਿਦਿਆਰਥੀਆਂ ਨੂੰ ਬਹੁਤ ਫਾਇਦੇ ਹਨ। ਇਕ ਤਾਂ ਉਹਨਾਂ ਦੇ ਖਰਚੇ ਘੱਟ ਹੁੰਦੇ ਹਨ, ਦੂਜਾ ਉਹ ਆਪਣੇ ਪਰਿਵਾਰ ਦੇ ਨਾਲ ਵੀ ਰਹਿੰਦੇ ਹਨ।

ਹਾਲਾਂਕਿ ਇਹ ਰੁਝਾਨ ਤਤਕਾਲੀ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਵਿਦੇਸ਼ ਜਾ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੋਰ ਘਟੇਗੀ ਜਾਂ ਵਧੇਗੀ, ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸੇਗਾ।

ਬਿਊਰੋ

Continue Reading

Editorial

ਹੋਲੀ ਮੌਕੇ ਹੁੰਦੀ ਕੈਮੀਕਲ ਰੰਗਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗੇ

Published

on

By

 

ਹੋਲੀ ਮੌਜਮਸਤੀ ਦਾ ਤਿਉਹਾਰ ਹੈ ਅਤੇ ਲੋਕ ਇਸਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਦਿਨ ਲੋਕ ਪੁਰਾਣੀ ਦੁਸ਼ਮਣੀ ਭੁਲਾ ਕੇ ਅਤੇ ਇੱਕ ਦੂਜੇ ਤੇ ਰੰਗ ਪਾ ਕੇ ਗਲੇ ਲੱਗਦੇ ਹਨ ਅਤੇ ਇਕੱਠੇ ਹੋ ਕੇ ਖੁਸ਼ੀਆਂ ਮਣਾਉਂਦੇ ਹਨ। ਹੋਲੀ ਦਾ ਤਿਉੁਹਾਰ ਇਸੇ ਹਫਤੇ ਮਣਾਇਆ ਜਾਣਾ ਹੈ ਅਤੇ ਬਾਜਾਰਾਂ ਵਿੱਚ ਹੋਲੀ ਦੌਰਾਨ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਮਾਨ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਵਲੋਂ ਹੋਲੀ ਨਾਲ ਸਬੰਧਿਤ ਸਮਾਨ ਅਤੇ ਵੱਖ ਵੱਖ ਤਰਾਂ ਦੇ ਰੰਗ ਸਜਾ ਕੇ ਵੇਚਣ ਲਈ ਦੁਕਾਨਾਂ ਸਜਾ ਲਈਆਂ ਗਈਆਂ ਹਨ ਅਤੇ ਇਸ ਦੌਰਾਨ ਲੋਕਾਂ ਵਲੋਂ ਹੋਲੀ ਦਾ ਸਾਮਾਨ ਵੇਚਣ ਵਾਲੀਆਂ ਇਹਨਾਂ ਦੁਕਾਨਾਂ ਤੇ ਲੋਕਾਂ ਵਲੋਂ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।

ਹਰ ਸਾਲ ਅਜਿਹਾ ਵੇਖਣ ਵਿੱਚ ਆਉਂਦਾ ਹੈ ਕਿ ਹੋਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਲੋਕਾਂ ਵਲੋਂ ਆਮ ਰੰਗਾਂ ਦੀ ਥਾਂ ਕੈਮੀਕਲ ਵਾਲੇ ਜਾਂ ਤੇਜ ਅਸਰ ਵਾਲੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇਹ ਰੰਗ ਬਹੁਤ ਪੱਕੇ ਹੁੰਦੇ ਹਨ ਅਤੇ ਕਈ ਕਈ ਦਿਨ ਤਕ ਨਹੀਂ ਉਤਰਦੇ। ਇਸਦੇ ਨਾਲ ਹੀ ਇਹ ਰੰਗ ਮਨੁਖ ਦੀ ਚਮੜੀ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ ਅਤੇ ਇਹਨਾਂ ਕਾਰਨ ਅਕਸਰ ਲੋਕਾਂ ਨੂੰ ਐਲਰਜੀ ਹੋ ਜਾਂਦੀ ਹੈ ਜਾਂ ਉਹਨਾਂ ਦੀ ਚਮੜੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ। ਕਈ ਵਿਅਕਤੀਆਂ ਉਪਰ ਇਸ ਤਰਾਂ ਦੇ ਰੰਗ ਸੁੱਟਣ ਕਾਰਨ ਉਹਨਾਂ ਦੀ ਚਮੜੀ ਜਲਣ ਲੱਗਦੀ ਹੈ ਅਤੇ ਚਮੜੀ ਵਿਚ ਖਾਰਸ ਹੋਣ ਲੱਗਦੀ ਹੈ। ਕਈ ਕਈ ਦਿਨ ਤਕ ਨਾ ਉਤਰਨ ਵਾਲੇ ਇਹਨਾਂ ਰੰਗਾਂ ਕਾਰਨ ਲੋਕਾਂ ਦੀ ਚਮੜੀ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੇ ਕਪੜਿਆਂ ਤੇ ਚੜ੍ਹਿਆ ਇਹ ਪੱਕਾ ਰੰਗ ਉਤਰਦਾ ਹੀ ਨਹੀਂ ਹੈ। ਇਸ ਦੌਰਾਨ ਇਨਾਂ ਰੰਗਾਂ ਨੂੰ ਉਤਾਰਨ ਦੇ ਚੱਕਰ ਵਿੱਚ ਅਕਸਰ ਕਪੜੇ ਜਰੂਰ ਬਦਰੰਗ ਜਿਹੇ ਜਰੂਰ ਹੋ ਜਾਂਦੇ ਹਨ।

ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਕੈਮੀਕਲ ਅਤੇ ਤੇਜ ਅਸਰ ਵਾਲੇ ਰੰਗ ਭਾਰਤ ਵਿੱਚ ਨਹੀਂ ਬਣਦੇ ਅਤੇ ਇਹਨਾਂ ਨੂੰ ਚੀਨ ਤੋਂ ਮੰਗਾਇਆ ਜਾਂਦਾ ਹੈ। ਇਹਨਾਂ ਲੋਕਾਂ ਦੀ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਇਨਾਂ ਰੰਗਾਂ ਨੂੰ ਵੇਚਣ ਵਾਲੇ ਹੀ ਜਾਣਦੇ ਹੋਣਗੇ, ਪਰ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਇਹਨਾਂ ਰੰਗਾਂ ਕਾਰਨ ਅਕਸਰ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦ ੇਹਨ। ਇਸ ਤੋਂ ਇਲਾਵਾ ਹੋਲੀ ਮੌਕੇ ਕੁਝ ਸ਼ਰਾਰਤੀ ਅਨਸਰ ਰੰਗਾਂ ਦੇ ਨਾਲ ਕਾਲੇ ਤੇਲ, ਗਰੀਸ ਅਤੇ ਅਜਿਹੇ ਹੋਰ ਪਦਾਰਥਾਂ ਨੂੰ ਮਿਲਾ ਕੇ ਦੂਜਿਆਂ ਦੇ ਸ਼ਰੀਰ ਉਪਰ ਮਲ ਦਿੰਦੇ ਹਨ। ਜਿਸ ਵਿਅਕਤੀ ਦੇ ਸ਼ਰੀਰ ਉੱਪਰ ਇਹ ਗੰਦਗੀ ਮਲੀ (ਜਾਂ ਸੁੱਟੀ) ਜਾਂਦੀ ਹੈ ਉਸਨੂੰ ਭਾਰੀ ਤਕਲੀਫ ਸਹਿਣੀ ਪੈਂਦੀ ਹੈ। ਪਰੰਤੂ ਅਜਿਹਾ ਕਰਨ ਵਾਲੇ ਦੂਜਿਆਂ ਨੂੰ ਤਕਲੀਫ ਦੇ ਕੇ ਹੋਰ ਵੀ ਖੁਸ਼ ਹੁੰਦੇ ਹਨ। ਅਜਿਹੇ ਲੋਕ ਅਸਲ ਵਿੱਚ ਮਾਨਸਿਕ ਰੋਗੀ ਹੁੰਦੇ ਹਨ, ਜਿਹੜੇ ਦੂਜੇ ਲੋਕਾਂ ਨੰ ਦੁਖ ਪਹੁੰਚਾਊਣ ਲਈ ਕਿਸੇ ਨਾ ਕਿਸੇ ਬਹਾਨੇ ਦੀ ਭਾਲ ਵਿੱਚ ਰਹਿੰਦੇ ਹਨ ਅਤੇ ਹੋਲੀ ਮੌਕੇ ਆਪਣੀਆਂ ਕਾਰਵਾਈਆਂ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।

ਹੋਲੀ ਮੌਕੇ ਜਿਹੜੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ, ਉਹਨਾਂ ਰੰਗਾਂ ਵਿੱਚ ਮਿਲਾਵਟ ਵੀ ਕੀਤੀ ਜਾਂਦੀ ਹੈ ਅਤੇ ਕੁੱਝ ਲਾਲਚੀ ਕਿਸਮ ਦੇ ਦੁਕਾਨਦਾਰ ਵਧੇਰੇ ਮੁਨਾਫਾ ਕਮਾਉਣ ਲਈ ਅਸਲੀ ਰੰਗਾਂ ਵਿਚ ਨਕਲੀ ਰੰਗ ਮਿਲਾਉਂਦੇ ਹਨ ਜਾਂ ਫਿਰ ਅਸਲੀ ਕਹਿ ਕੇ ਨਕਲੀ ਰੰਗ ਵੇਚ ਦਿੰਦੇ ਹਨ। ਅਜਿਹਾ ਕਰਕੇ ਇਹ ਦੁਕਾਨਦਾਰ ਖੁਦ ਤਾਂ ਮੋਟੀ ਕਮਾਈ ਕਰਦੇ ਹਨ ਪਰ ਇਹ ਲੋਕ ਦੂਜਿਆਂ ਨੂੰ ਨਕਲੀ ਰੰਗਾਂ ਦੇ ਰੂਪ ਵਿੱਚ ਬਿਮਾਰੀਆਂ ਵੇਚਦੇ ਹਨ। ਆਮ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਹੋਲੀ ਖੇਡਣ ਲਈ ਜਿਹੜੇ ਰੰਗ ਲੈ ਕੇ ਦੇ ਰਹੇ ਹਨ, ਉਹ ਅਸਲੀ ਹਨ ਜਾਂ ਨਕਲੀ। ਇਹਨਾਂ ਰੰਗਾਂ ਵਿਚ ਕੀਤੀ ਗਈ ਮਿਲਾਵਟ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਜਿੱਦ ਅੱਗੇ ਝੁਕਦਿਆਂ ਉਹਨਾਂ ਦੀ ਪਸੰਦ ਦੇ ਰੰਗ ਖਰੀਦਣੇ ਪਂੈਦੇ ਹਨ। ਬੱਚਿਆ ਨੂੰ ਅਕਸਰ ਕੈਮੀਕਲ ਵਾਲੇ ਚਟਕੀਲੇ ਰੰਗ ਪਸੰਦ ਆਉਦੇ ਹਨ ਅਤੇ ਇਹਨਾਂ ਕੈਮੀਕਲ ਰੰਗਾਂ ਦੀ ਵੱਡੇ ਪੱਧਰ ਤੇ ਵਿਕਰੀ ਹੁੰਦੀ ਹੈ।

ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਕੈਮੀਕਲ ਵਾਲੇ, ਖਤਰਨਾਕ ਅਤੇ ਨਕਲੀ ਰੰਗਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਮਾਰਕੀਟ ਵਿਚ ਸਿਰਫ ਅਸਲੀ ਰੰਗ ਵਿਕਣ ਲਈ ਰੱਖਣ ਦਿੱਤੇ ਜਾਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹੋਲੀ ਮੌਕੇ ਆਪਣੀ ਜਾਣ ਪਹਿਚਾਣ ਵਾਲੇ ਦੁਕਾਨਦਾਰ ਤੋਂ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਰੰਗ ਖਰੀਦਣ। ਪ੍ਰਸ਼ਾਸ਼ਨ ਵਲੋਂ ਹੋਲੀ ਮੌਕੇ ਰੰਗਾਂ ਤੋਂ ਇਲਾਵਾ ਹੋਰ ਵਸਤਾਂ ਦੀ ਵਰਤੋਂ ਤੇ ਨਾਲ ਸਖਤੀ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਹੋਲੀ ਦੇ ਤਿਉਹਾਰ ਮੌਕੇ ਕਿਸੇ ਨੂੰ ਪਰੇਸ਼ਾਨ ਨਾ ਹੋਣਾ ਪਵੇ।

Continue Reading

Latest News

Trending