Connect with us

Editorial

ਧੜੇਬੰਦੀ ਦੇ ਬਾਵਜੂਦ ਸਭ ਤੋਂ ਜਿਆਦਾ ਚਰਚਾ ਵਿੱਚ ਹੈ ਅਕਾਲੀ ਦਲ

Published

on

 

ਪਾਰਟੀ ਦੇ ਘਟਨਾਚੱਕਰ ਦੀ ਮੀਡੀਆ ਵਿੱਚ ਹੁੰਦੀ ਹੈ ਪੂਰੀ ਚਰਚਾ

ਕਾਂਗਰਸ ਤੋਂ ਬਾਅਦ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਅਕਾਲੀ ਦਲ ਅੱਜ ਕੱਲ ਭਾਵੇਂ ਧੜੇਬੰਦੀ ਦਾ ਸ਼ਿਕਾਰ ਹੈ ਪਰ ਇਸਦੇ ਬਾਵਜੂਦ ਉਹ ਮੀਡੀਆ ਵਿੱਚ ਸਭ ਤੋਂ ਚਰਚਿਤ ਪਾਰਟੀ ਬਣੀ ਹੋਈ ਹੈ। ਪੰਜਾਬੀ ਅਖਬਾਰਾਂ, ਰਸਾਲਿਆਂ ਅਤੇ ਟੀ ਵੀ ਚੈਨਲਾਂ ਤੇ ਲਗਾਤਾਰ ਅਕਾਲੀ ਦਲ ਦੀ ਅੰਦਰੂਨੀ ਫੁੱਟ, ਬਾਗੀ ਅਕਾਲੀ ਆਗੂਆਂ ਵੱਲੋਂ ਅਕਾਲ ਤਖਤ ਤੇ ਪੱਤਰ ਦੇਣਾ, ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕਰਨ, ਸੁਖਬੀਰ ਬਾਦਲ ਵਲੋਂ ਨਿਮਾਣੇ ਸਿੱਖ ਵਾਂਗ ਅਕਾਲ ਤਖਤ ਤੇ ਪੇਸ਼ ਹੋਣ ਦੇ ਬਿਆਨ ਸੁਰਖੀਆਂ ਵਿੱਚ ਛਾਏ ਰਹੇ ਹਨ।

ਇਸ ਤੋਂ ਇਲਾਵਾ ਵੱਖ ਵੱਖ ਬੁਧੀਜੀਵੀ ਅਤੇ ਵਿਦਵਾਨ ਲੇਖਕ ਅਕਾਲੀ ਦਲ ਬਾਰੇ ਆਪੋ ਆਪਣੇ ਵਿਚਾਰ ਅਖਬਾਰਾਂ ਵਿੱਚ ਛਪਵਾ ਰਹੇ ਹਨ, ਜਿਸ ਕਰਕੇ ਅਕਾਲੀ ਦਲ ਮੀਡੀਆ ਵਿੱਚ ਛਾਇਆ ਹੋਇਆ ਹੈ। ਇਸੇ ਤਰ੍ਹਾਂ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਅਕਾਲੀ ਦਲ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਸਬੰਧੀ ਅਕਸਰ ਚਰਚਾ ਹੋ ਰਹੀ ਹੈ।

ਸਿੱਖ ਵਿਦਵਾਨ ਕਹਿੰਦੇ ਹਨ ਕਿ ਸਿੱਖ ਦੁਨੀਆਂ ਭਰ ਵਿੱਚ ਕਿਤੇ ਵੀ ਰਹਿੰਦੇ ਹੋਣ ਪਰ ਉਹਨਾਂ ਦੇ ਪੇਕੇ ਪੰਜਾਬ ਵਿੱਚ ਹੀ ਹੁੰਦੇ ਹਨ। ਇਸੇ ਕਰਕੇ ਉਹ ਪੰਜਾਬ ਨਾਲ ਬਹੁਤ ਮੋਹ ਰੱਖਦੇ ਹਨ ਅਤੇ ਪੰਜਾਬ ਵਿੱਚ ਵਾਪਰਦੀ ਹਰ ਘਟਨਾ ਦਾ ਉਹਨਾਂ ਤੇ ਅਸਰ ਹੁੰਦਾ ਹੈ। ਦੇਸ਼ ਵਿਦੇਸ਼ ਵਿੱਚਰਹਿੰਦੇ ਸਿੱਖ ਲੰਬਾ ਸਮਾਂ ਅਕਾਲੀ ਦਲ ਨੂੰ ਪੰਥਕ ਪਾਰਟੀ ਹੋਣ ਕਰਕੇ ਸਮਰਥਣ ਦਿੰਦੇ ਰਹੇ, ਕਿਉਂਕਿ ਉਸ ਸਮੇਂ ਅਕਾਲੀ ਦਲ ਸੱਚਮੁਚ ਪੰਥਕ ਪਾਰਟੀ ਹੀ ਹੁੰਦਾ ਸੀ।

ਬਾਅਦ ਵਿੱਚ ਜਦੋਂ ਅਕਾਲੀ ਦਲ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਿਆ, ਉਦੋਂ ਤੋਂ ਹੀ ਵੱਡੀ ਗਿਣਤੀ ਸਿੱਖ ਹੌਲੀ ਹੌਲੀ ਅਕਾਲੀ ਦਲ ਤੋਂ ਦੂਰ ਹੁੰਦੇ ਗਏ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਕਾਲੀ ਦਲ ਦੇ ਪੱਕੇ ਸਮਰਥਕ ਸਿੱਖ ਵੀ ਦੂਜੀਆਂ ਪਾਰਟੀਆਂ ਵੱਲ ਖਿੱਚੇ ਗਏ , ਇਸ ਕਾਰਨ ਅਕਾਲੀ ਦਲ ਨੂੰ ਚੋਣਾਂ ਵਿੱਚ ਕਾਫੀ ਨੁਕਸਾਨ ਵੀ ਉਠਾਉਣਾ ਪਿਆ ਹੈ।

‘ਵੱਡੀ ਗਿਣਤੀ ਸਿੱਖ ਅਜਿਹੇ ਹਨ ਜੋ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜੇ ਹੋਏ ਪਰ ਇਹ ਸਿੱਖ ਆਪਣੀ ਵੋਟ ਜਰੂਰ ਪਾਉਂਦੇ ਹਨ। ਅਜਿਹੇ ਸਿੱਖਾਂ ਵਿਚ ਨੌਕਰੀਪੇਸ਼ਾ ਸਿੱਖਾਂ ਦੀ ਗਿਣਤੀ ਵਧੇਰੇ ਹਨ। ਇਹ ਸਿੱਖ ਅੰਦਰੂਨੀ ਤੌਰ ਤੇ ਪਹਿਲਾਂ ਅਕਾਲੀ ਦਲ ਦਾ ਸਮਰਥਣ ਕਰਦੇ ਰਹੇ ਹਨ ਪਰ ਹੁਣ ਅਕਾਲੀ ਦਲ ਦੇ ਕਮਜੋਰ ਹੋਣ ਅਤੇ ਧੜਿਆਂ ਵਿੱਚ ਵੰਡੇ ਜਾਣ ਤੋਂ ਅੰਦਰੂਨੀ ਤੌਰ ਤੇ ਦੁਖੀ ਹਨ। ਸਰਕਾਰੀ ਨੌਕਰੀਆਂ ਕਰਦੇ ਹੋਣ ਜਾਂ ਕਿਸੇ ਹੋਰ ਕਾਰਨ ਉਹ ਖੁਲ ਕੇ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਰਹੇ। ਇਸ ਸਮੇਂ ਦੁਨੀਆਂ ਭਰ ਦੇ ਸਿੱਖਾਂ ਦੀਆਂ ਨਜਰਾਂ ਪੰਜ ਸਿੰਘ ਸਾਹਿਬਾਨ ਵੱਲ ਲੱਗੀਆਂ ਹੋਈਆਂ ਹਨ ਕਿ ਉਹ ਅਕਾਲੀ ਦਲ ਸਬੰਧੀ ਕੀ ਫੈਸਲਾ ਕਰਦੇ ਹਨ ਅਤੇ ਅਕਾਲੀ ਦਲ ਦਾ ਮੌਜੂਦਾ ਸੰਕਟ ਕਿਵੇਂ ਹੱਲ ਕਰਦੇ ਹਨ।

ਬਿਊਰੋ

Continue Reading

Editorial

ਸ਼ਹਿਰ ਵਿੱਚ ਲਗਾਤਾਰ ਵੱਧਦੀ ਮੰਗਤਿਆਂ ਦੀ ਸੱਮਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ

Published

on

By

 

ਪਿਛਲੇ ਕੁੱਝ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਮੰਗਤਿਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਹਨਾਂ ਮੰਗਤਿਆਂ ਦੀ ਗਿਣਤੀ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਜਿਸ ਪਾਸੇ ਵੀ ਨਜਰ ਮਾਰੋ ਇਹ ਮੰਗਤੇ ਨਜਰ ਆ ਜਾਂਦੇ ਹਨ। ਸ਼ਹਿਰ ਦੀਆਂ ਲਗਭਗ ਸਾਰੀਆਂ ਟ੍ਰੈਫਿਕ ਲਾਈਟਾਂ, ਬਾਜ਼ਾਰਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਅੱਗੇ ਜਾ ਕੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਚੁੱਕੀ ਹੈ।

ਇਹ ਮੰਗਤੇ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਘੇਰ ਕੇ ਖੜ੍ਹ ਜਾਂਦੇ ਹਨ। ਛੋਟੇ ਛੋਟੇ ਬੱਚਿਆਂ ਨੂੰ ਚੁੱਕੀ ਘੁੰਮ ਰਹੀਆਂ ਪ੍ਰਵਾਸੀ ਔਰਤਾਂ, ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਛੋਟੇ ਛੋਟੇ ਬੱਚੇ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਇਹ ਭਿਖਾਰੀ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਲੋਕਾਂ ਤੋਂ ਭੀਖ ਮੰਗਦੇ ਦਿਖਦੇ ਹਨ। ਹੋਰ ਤਾਂ ਹੋਰ ਕਈ ਛੋਟੇ ਛੋਟੇ ਬੱਚੇ (ਲਗਭਗ 5-7 ਸਾਲ ਤਕ ਦੀ ਉਮਰ ਦੇ) ਵੀ ਇਸੇ ਤਰ੍ਹਾਂ ਲੋਕਾਂ ਅੱਗੇ ਹੱਥ ਫੈਲਾਈ ਭੀਖ ਮੰਗਦੇ ਦਿਖਦੇ ਹਨ। ਇਹਨਾਂ ਮੰਗਤਿਆਂ ਦੇ ਇਸ ਤਰ੍ਹਾਂ ਅਚਾਨਕ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਇਹ ਭਿਖਾਰੀ ਉਦੋਂ ਤੱਕ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਜਦੋਂ ਤੱਕ ਉਨ੍ਹਾਂ ਨੂੰ ਕੁੱਝ ਨਾ ਕੁੱਝ ਮਿਲ ਨਾ ਜਾਵੇ ਅਤੇ ਜੇਕਰ ਇਹਨਾਂ ਨੂੰ ਕੁੱਝ ਨਾ ਮਿਲੇ ਤਾਂ ਕਈ ਵਾਰ ਇਹ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਭੱਜ ਜਾਂਦੇ ਹਨ। ਇਹਨਾਂ ਭਿਖਾਰੀਆਂ ਦੀ ਵੱਧਦੀ ਗਿਣਤੀ ਕਾਰਨ ਸ਼ਹਿਰਵਾਸੀ ਕਾਫੀ ਤੰਗ ਹੁੰਦੇ ਹਨ ਅਤੇ ਇਸ ਸਮੱਸਿਆ ਦੇ ਹਲ ਦੀ ਮੰਗ ਵੀ ਕਰਦੇ ਹਨ। ਸ਼ਹਿਰ ਵਾਸੀ ਅਕਸਰ ਇਹ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਦੇ ਬਾਹਰਵਾਰ ਬਣੀਆਂ ਝੁੱਗੀ ਕਲੋਨੀਆਂ ਵਿੱਚ ਰਹਿਣ ਵਾਲੇ ਕੁੱਝ ਪੇਸ਼ੇਵਰ ਲੋਕ ਬਾਕਾਇਦਾ ਇਹਨਾਂ ਭਿਖਾਰੀਆਂ ਦੇ ਗਿਰੋਹ ਚਲਾਉਂਦੇ ਹਨ ਅਤੇ ਇਹਨਾਂ ਵਲੋਂ ਭਿਖਾਰੀਆਂ ਤੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਈ ਜਾਂਦੀ ਹੈ। ਇਹਨਾਂ ਭਿਖਾਰੀਆਂ ਦੇ ਠੀਏ ਵੀ ਤੈਅ ਹਨ ਅਤੇ ਇਹ ਆਪਣੇ ਠੀਏ ਤੇ ਕਿਸੇ ਹੋਰ ਨੂੰ ਭੀਖ ਨਹੀਂ ਮੰਗਣ ਦਿੰਦੇ।

ਆਮ ਲੋਕ ਇਹਨਾਂ ਭਿਖਾਰੀਆਂ ਦੀ ਤਰਸਯੋਗ ਹਾਲਤ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਆਦਿ ਦੇ ਦਿੰਦੇ ਹਨ ਅਤੇ ਇਹ ਭਿਖਾਰੀ ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਇਹ ਭਿਖਾਰੀ ਸਾਰਾ ਦਿਨ ਇਕੱਠੀ ਕੀਤੀ ਜਾਣ ਵਾਲੀ ਭੀਖ ਦੀ ਰਕਮ ਨਾਲ ਰਾਤ ਨੂੰ ਸ਼ਰਾਬ ਅਤੇ ਹੋਰ ਨਸ਼ੇ ਵੀ ਕਰਦੇ ਹਨ। ਸਥਾਨਕ ਫੇਜ਼ 7 ਦੇ ਅੰਬਾ ਵਾਲਾ ਚੌਂਕ ਤੋਂ ਕੁੰਭੜਾ ਚੌਂਕ ਵੱਲ ਜਾਂਦੀ ਮੁੱਖ ਸੜਕ ਦੇ ਫੇਜ਼ 7 ਵਾਲੇ ਪਾਸੇ ਪੈਛੀਆਂ ਕੋਠੀਆਂ ਦੇ ਵਸਨੀਕ ਸ਼ਿਕਾਇਤ ਕਰਦੇ ਹਨ ਕਿ ਰਾਤ ਨੂੰ ਇਹ ਭਿਖਾਰੀ ਉਹਨਾਂ ਦੀਆਂ ਕੋਠੀਆਂ ਦੇ ਪਿੱਛੇ ਵਾਲੀ ਖਾਲੀ ਥਾਂ ਤੇ ਇਕੱਠੇ ਹੋ ਕੇ ਸ਼ਰਾਬ ਪੀਂਦੇ ਅਤੇ ਖਰਮਸਤੀਆਂ ਕਰਦੇ ਹਨ। ਨਸ਼ਾ ਕਰਨ ਦੌਰਾਨ ਇਹ ਭਿਖਾਰੀ ਕਾਫੀ ਰੌਲਾ ਪਾਉਂਦੇ ਹਨ ਅਤੇ ਬਾਅਦ ਵਿੱਚ ਇਹ ਉੱਥੇ ਫੁਟਪਾਥ ਤੇ ਹੀ ਸੋ ਜਾਂਦੇ ਹਨ।

ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਭਿਖਾਰੀਆਂ ਵਲੋਂ ਜਨਤਕ ਥਾਵਾਂ ਤੇ ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਤੇ ਇਹਨਾਂ ਮੰਗਤਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਇਸ ਸੰਬੰਧੀ ਚੰਡੀਗੜ੍ਹ ਪੁਲੀਸ ਵਲੋਂ ਉੱਥੇ ਭੀਖ ਮੰਗਣ ਵਾਲੇ ਮੰਗਤਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇੱਥੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੰਡੀਗੜ੍ਹ ਵਿੱਚ ਮੰਗਤਿਆਂ ਦੇ ਖਿਲਾਫ ਕਾਰਵਾਈ ਹੋਣ ਦੇ ਡਰ ਕਾਰਨ ਉੱਥੇ ਭੀਖ ਮੰਗਣ ਵਾਲਿਆਂ ਵਲੋਂ ਵੀ ਹੁਣ ਇੱਥੇ ਆਪਣੇ ਟਿਕਾਣੇ ਕਾਇਮ ਕਰ ਲਏ ਗਏ ਹਨ।

ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਭਿਖਾਰੀਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਭਿਖਾਰੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਸ਼ਹਿਰ ਵਿੱਚ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਉਣ ਦੀ ਇਸ ਕਾਰਵਾਈ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸੰਬੰਧੀ ਪੁਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇ।

Continue Reading

Editorial

ਜ਼ਿਮਨੀ ਚੋਣਾਂ ਵਿੱਚ ਸੱਤਾਧਾਰੀ ਧਿਰ ਨੂੰ ਭਾਰੀ ਪੈ ਸਕਦੇ ਹਨ ਸਖਤ ਫੈਸਲੇ

Published

on

By

 

ਲੋਕਾਂ ਦੀ ਨਾਰਾਜਗੀ ਕਾਰਨ ਹੋ ਸਕਦਾ ਹੈ ਨੁਕਸਾਨ

ਪੰਜਾਬ ਦੀ ਸੱਤਾ ਤੇ ਕਾਬਜ ਆਮ ਅਦਾਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਦਰਾਂ ਵਿੱਚ ਕੀਤੇ ਵਾਧੇ, ਚੰਨੀ ਸਰਕਾਰ ਵਲੋਂ ਦਿੱਤੀ ਬਿਜਲੀ ਸਬਸਿਡੀ ਖਤਮ ਕਰਨ ਅਤੇ ਬੱਸ ਕਿਰਾਏ ਵਿੱਚ ਵਾਧਾ ਕਰਨ ਨਾਲ ਜਿੱਥੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਵਿਰੋਧੀ ਪਾਰਟੀਆਂ ਇਸ ਕਾਰਨ ਸਰਕਾਰ ਦੀ ਨਿਖੇਧੀ ਕਰ ਰਹੀਆਂ ਹਨ।

ਤਿਉਹਾਰਾਂ ਤੋਂ ਬਾਅਦ ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਚੋਣਾਂ ਨੂੰ ਜਿੱਤਣ ਲਈ ਸਿਆਸੀ ਪਾਰਟੀਆਂ ਵੱਲੋਂ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸਰਕਾਰ ਦੇ ਉਪਰੋਕਤ ਫੈਸਲਿਆਂ ਦਾ ਜਿਮਨੀ ਚੋਣਾਂ ਤੇ ਵੀ ਅਸਰ ਪੈ ਸਕਦਾ ਹੈ ਅਤੇ ਸੱਤਾਧਾਰੀ ਧਿਰ ਨੂੰ ਚੋਣਾਂ ਦੌਰਾਨ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਪੈਟਰੋਲ ਡੀਜਲ ਤੇ ਵੈਟ ਦਰਾਂ ਵਿੱਚ ਵਾਧੇ ਕਾਰਨ ਪੈਟਰੋਲ ਡੀਜਲ ਮਹਿੰਗੇ ਹੋ ਗਏ ਹਨ। ਬੱਸਾਂ ਦੇ ਕਿਰਾਏ ਵਧਣ ਕਾਰਨ ਬੱਸ ਸਫਰ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਸਬਸਿਡੀ ਖਤਮ ਕਰਨ ਨਾਲ ਵੀ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਨਾਰਾਜ ਹੋ ਰਹੇ ਹਨ।

ਪੰਜਾਬ ਦੇ ਸਾਰੇ ਵਰਗਾਂ ਵੱਲੋਂ ਪੈਟਰੋਲ ਡੀਜਲ ਤੇ ਵੈਟ ਦਰਾਂ ਵਧਾਉਣ ਅਤੇ ਬਿਜਲੀ ਸਬਸਿਡੀ ਖਤਮ ਕਰਨ ਦਾ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ। ਵੈਟ ਦਰਾਂ ਵਧਾਉਣ ਕਾਰਨ ਪੰਜਾਬ ਵਿੱਚ ਪੈਟਰੋਲ ਡੀਜਲ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਉਪਰ ਹੋਰ ਆਰਥਿਕ ਬੋਝ ਪੈ ਗਿਆ ਹੈ। ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨ ਹੋਣ ਕਰਕੇ ਪਹਿਲਾਂ ਹੀ ਖਰਚੇ ਜਿਆਦਾ ਹੋ ਰਹੇ ਹਨ, ਉਪਰੋਂ ਸਰਕਾਰ ਨੇ ਵੈਟ ਵਧਾ ਕੇ ਪੈਟਰੋਲ ਡੀਜਲ ਮਹਿੰਗੇ ਕਰ ਦਿੱਤੇ ਹਨ ਜਿਸ ਕਾਰਨ ਲੋਕਾਂ ਦਾ ਖਰਚਾ ਹੋਰ ਵੱਧ ਗਿਆ ਹੈ ਜਦੋਂਕਿ ਲੋਕਾਂ ਦੀ ਆਮਦਨੀ ਪਹਿਲਾਂ ਜਿੰਨੀ ਹੀ ਹੈ।

ਸਰਕਾਰ ਵਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਦਾ ਵੀ ਭਾਰੀ ਵਿਰੋਧ ਹੋ ਰਿਹਾ ਹੈ। ਇਸਦੀ ਉਹਨਾਂ ਲੋਕਾਂ ਤੇ ਬਹੁਤ ਜਿਆਦਾ ਮਾਰ ਪਈ ਹੈ ਜਿਹੜੇ ਰੋਜਾਨਾ ਸਫਰ ਕਰਦੇ ਹਨ। ਅਜਿਹੇ ਵੱਡੀ ਗਿਣਤੀ ਲੋਕ ਹਨ ਜਿਹੜੇ ਨਾਲ ਲੱਗਦੇ ਖੇਤਰਾਂ ਤੋਂ ਮੁਹਾਲੀ ਚੰਡੀਗੜ੍ਹ ਕੰਮ ਲਈ ਆਉਂਦੇ ਹਨ ਅਤੇ ਕਿਰਾਇਆ ਵੱਧ ਜਾਣ ਨਾਲ ਉਹਨਾਂ ਦਾ ਮਹੀਨੇ ਦਾ ਬਜਟ ਵਿਗੜਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਵਿੱਚ ਭਾਵੇਂ ਕਿ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਹਰ ਸਾਲ ਵਾਧਾ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਦੀਆਂ ਤਨਖਾਹਾਂ ਸਾਲ ਬਾਅਦ ਵੀ ਘੱਟ ਹੀ ਵਧਦੀਆਂ ਹਨ। ਜੇ ਕੋਈ ਪ੍ਰਾਈਵੇਟ ਮੁਲਾਜਮ ਤਨਖਾਹ ਵਧਾਉਣ ਲਈ ਕਹਿੰਦਾ ਹੈ ਤਾਂ ਅਕਸਰ ਮਾਲਕ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੰਦੇ ਹਨ।

ਇਸ ਤੋਂ ਇਲਾਵਾ ਸਬਜੀਆਂ, ਦਾਲਾਂ ਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪਹਿਲਾਂ ਹੀ ਲੋਕ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਮਨੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਵੈਟ ਦਰਾਂ ਵਿੱਚ ਕੀਤੇ ਗਏ ਵਾਧੇ, ਬਿਜਲੀ ਸਬਸਿਡੀ ਖਤਮ ਕਰਨ ਤੇ ਬੱਸ ਕਿਰਾਏ ਵਿੱਚ ਕੀਤੇ ਵਾਧੇ ਦਾ ਜਵਾਬ ਜਰੂਰ ਮਿਲੇਗਾ।

ਬਿਊਰੋ

Continue Reading

Editorial

ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਆਮ ਲੋਕ

Published

on

By

 

 

ਸ਼ੇਰ, ਚੀਤਾ ਆਉਣ ਦੀਆਂ ਫੈਲਾਈਆਂ ਜਾ ਰਹੀਆਂ ਨੇ ਅਫਵਾਹਾਂ

ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਸ਼ੇਰ ਅਤੇ ਚੀਤਾ ਆਉਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਸੋਸ਼ਲ ਮੀਡੀਆ ਤੇ ਕੁੱਝ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਇਸ ਸੰਬੰਧੀ ਭਾਵੇਂ ਪੁਲੀਸ ਵੱਲੋਂ ਜਾਂਚ ਤੋਂ ਬਾਅਦ ਸਪਸ਼ਟ ਕੀਤਾ ਗਿਆ ਹੈ ਕਿ ਇਹ ਵੀਡੀਓ ਫਰਜੀ ਹਨ ਅਤੇ ਸ਼ੇਰ ਜਾਂ ਚੀਤਾ ਆਉਣ ਦੀ ਸਿਰਫ ਅਫਵਾਹ ਫੈਲਾਈ ਜਾ ਰਹੀ ਹੈ।

ਬੀਤੇ ਦਿਨ ਫਤਹਿਗੜ੍ਹ ਸਾਹਿਬ ਨੇੜਲੇ ਪਿੰਡ ਪੀਰਜੈਨ ਦੇ ਇੱਕ ਪੈਟਰੋਲ ਪੰਪ ਤੇ ਸ਼ੁਕਰਵਾਰ ਰਾਤ ਨੂੰ ਸ਼ੇਰ ਆਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਇਸ ਪੈਟਰੋਲ ਪੰਪ ਤੇ ਸ਼ੇਰ ਘੁੰਮ ਰਿਹਾ ਸੀ, ਜਦੋਂ ਪੁਲੀਸ ਨੇ ਇਸ ਪੈਟਰੋਲ ਪੰਪ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਇਹ ਵੀਡੀਓ ਫਰਜੀ ਹੈ ਅਤੇ ਕੁਝ ਲੋਕਾਂ ਵੱਲੋਂ ਸ਼ੇਰ ਆਉਣ ਦੀ ਸਿਰਫ ਅਫਵਾਹ ਫੈਲਾਈ ਗਈ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਪਟਿਆਲਾ ਜ਼ਿਲੇ ਦੇ ਪਿੰਡ ਚਨਾਰਥਲ ਖੁਰਦ ਵਿੱਚ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਦੇਖੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ 3 ਸਤੰਬਰ ਨੂੰ ਪਿੰਡ ਸਾਨੀਪੁਰ ਵਿੱਚ ਤੇਂਦੂਏ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਵਨ ਵਿਭਾਗ ਨੇ ਫਰਜੀ ਕਰਾਰ ਦਿਤਾ ਸੀ।

ਪਿਛਲੇ ਕੁਝ ਦਿਨਾਂ ਤੋਂ ਅਕਸਰ ਕਿਸੇ ਨਾ ਕਿਸੇ ਇਲਾਕੇ ਵਿੱਚ ਸ਼ੇਰ ਜਾਂ ਚੀਤਾ ਆਉਣ ਦੀ ਅਫਵਾਹ ਫੈਲਾਈ ਜਾ ਰਹੀ ਹੈ, ਜਿਸ ਕਾਰਨ ਆਮ ਲੋਕ ਦਹਿਸ਼ਤ ਵਿੱਚ ਆ ਜਾਂਦੇ ਹਨ। ਕੁੱਝ ਸ਼ਰਾਰਤੀ ਅਨਸਰ ਸ਼ੇਰ ਜਾਂ ਚੀਤੇ ਦੀ ਫਰਜੀ ਵੀਡੀਓ ਨੂੰ ਕਿਸੇ ਨਾ ਕਿਸੇ ਇਲਾਕੇ ਨਾਲ ਜੋੜ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਹਨ ਅਤੇ ਇਹ ਵੀਡੀਓ ਤੁਰੰਤ ਹੀ ਵਾਇਰਲ ਹੋ ਜਾਂਦੀ ਹੈ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਜਾਂਦੀ ਹੈ। ਇਸ ਦਹਿਸ਼ਤ ਕਾਰਨ ਲੋਕ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣ ਵੇਲੇ ਝਿਜਕਦੇ ਹਨ ਅਤੇ ਲੋਕ ਖੁਦ ਵੀ ਡਰਦੇ ਹਨ। ਜਦੋਂ ਪੁਲੀਸ ਤੇ ਜੰਗਲਾਤ ਵਿਭਾਗ ਅਜਿਹੀਆਂ ਵੀਡੀਓ ਤੇ ਸਬੰਧਿਤ ਸਥਾਨ ਤੇ ਪਹੁੰਚ ਕੇ ਜਾਂਚ ਕਰਦੇ ਹਨ ਤਾਂ ਇਹ ਵੀਡੀਓ ਫਰਜੀ ਪਾਈਆਂ ਜਾਂਦੀਆਂ ਹਨ।

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰੀਕੇ ਨਾਲ ਅਫਵਾਹਾਂ ਫੈਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੇ ਪ੍ਰਬੰਧ ਕਰੇ। ਇਸਦੇ ਨਾਲ ਨਾਲ ਇਸ ਗੱਲ ਦੇ ਵੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਕਿ ਜਦੋਂ ਵੀ ਅਜਿਹੀ ਕੋਈ ਅਫਵਾਹ ਸਾਮ੍ਹਣੇ ਆਉਂਦੀ ਹੈ ਤਾਂ ਉਸਦੀ ਜਾਂਚ ਕਰਕੇ ਲੋਕਾਂ ਦੇ ਸਾਮ੍ਹਣੇ ਸੱਚਾਈ ਲਿਆਂਦੀ ਜਾਵੇ ਤਾਂ ਜੋ ਲੋਕਾਂ ਵਿੱਚ ਡਰ ਨਾ ਫੈਲੇ।

ਬਿਊਰੋ

Continue Reading

Latest News

Trending