Connect with us

Editorial

ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਭਾਰਤੀਆਂ ਦੀ ਦਿਲਚਸਪੀ ਵਧੀ

Published

on

 

ਭਾਰਤੀ ਮੂਲ ਦੀ ਹੈ ਟਰੰਪ ਨੂੰ ਟੱਕਰ ਦੇਣ ਵਾਲੀ ਕਮਲਾ ਹੈਰਿਸ

ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬੀਤੇ ਦਿਨਾਂ ਦੌਰਾਨ ਅਮਰੀਕਾ ਵਿਚ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ, ਜੋ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣੀਆਂ। ਪਹਿਲੀ ਘਟਨਾ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਤੇ ਹਮਲਾ ਕੀਤਾ ਗਿਆ। ਦੂਜੀ ਘਟਨਾ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਰਾਸ਼ਟਰਪਤੀ ਚੋਣ ਵਿਚੋਂ ਆਪਣਾ ਨਾਮ ਵਾਪਸ ਲੈ ਲਿਆ ਗਿਆ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਅੱਗੇ ਕਰ ਦਿੱਤਾ ਗਿਆ।

ਕਮਲਾ ਹੈਰਿਸ ਭਾਰਤੀ ਮੂਲ ਦੀ ਹੈ। ਉਸ ਦਾ ਨਾਮ ਜਿਵੇਂ ਹੀ ਬਾਈਡੇਨ ਵੱਲੋਂ ਰਾਸ਼ਟਰਪਤੀ ਚੋਣ ਲਈ ਅੱਗੇ ਕੀਤਾ ਗਿਆ ਤਾਂ ਭਾਰਤ ਦੇ ਲੋਕਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਸਬੰਧੀ ਦਿਲਚਸਪੀ ਪੈਦਾ ਹੋ ਗਈ। ਅਮਰੀਕਾ ਵਿੱਚ ਵੱਡੀ ਗਿਣਤੀ ਭਾਰਤੀ ਲੋਕ ਰਹਿੰਦੇ ਹਨ, ਜਿਹਨਾਂ ਨੇ ਅਮਰੀਕਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਾਰਤ ਤੋਂ ਵੱਡੀ ਗਿਣਤੀ ਵਿਦਿਆਰਥੀ ਵੀ ਅਮਰੀਕਾ ਪੜ੍ਹਨ ਜਾਂਦੇ ਹਨ। ਇਹਨਾਂ ਵਿਦਿਆਰਥੀਆਂ ਦਾ ਮੁਖ ਮਕਸਦ ਅਮਰੀਕਾ ਦੀ ਨਾਗਰਿਕਤਾ ਲੈ ਕੇ ਉਥੇ ਹੀ ਸੈਟਲ ਹੋਣਾ ਹੁੰਦਾ ਹੈ।

ਭਾਵੇਂ ਕਿ ਅਮਰੀਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਵਾਸੀਆਂ ਲਈ ਸਖਤ ਨਿਯਮ ਬਣਾ ਲਏ ਹਨ ਅਤੇ ਰਾਸ਼ਟਰਪਤੀ ਦੀ ਚੋਣ ਲੜ ਰਹੇ ਟਰੰਪ ਵਲੋਂ ਸਪਸ਼ਟ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ ਉਹ ਰਾਸ਼ਟਰਪਤੀ ਬਣੇ ਤਾਂ ਅਮਰੀਕਾ ਵਿੱਚ ਪੜਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਪੜਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਮੂੁਲ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।

ਦੂਜੇ ਪਾਸੇ ਰਾਸ਼ਟਰਪਤੀ ਬਾਇਡੇਨ ਜਾਂ ਕਮਲਾ ਹੈਰਿਸ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਹੁਣ ਬਾਈਡੇਨ ਦੇ ਚੋਣ ਮੈਦਾਨ ਤੋਂ ਹਟਣ ਤੋਂ ਬਾਅਦ ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਲਈ ਸਰਗਰਮ ਹੋ ਗਈ ਹੈ, ਭਾਵੇਂ ਕਿ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਸ ਨੂੰ ਅਜੇ ਉਮੀਦਵਾਰ ਵਜੋਂ ਐਲਾਨਿਆ ਜਾਣਾ ਬਾਕੀ ਹੈ, ਜਿਸਦਾ ਐਲਾਨ ਅਗਸਤ ਮਹੀਨੇ ਸ਼ਿਕਾਗੋ ਵਿੱਚ ਡੈਮੋਕ੍ਰੇਟਿਵ ਪਾਰਟੀ ਦੇ ਡੈਲੀਗੇਟਾਂ ਦੀ ਕਨਵੈਂਸ਼ਨ ਮੌਕੇ ਕੀਤਾ ਜਾਵੇਗਾ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਮਲਾ ਹੈਰਿਸ ਅਮਰੀਕਾ ਦੀ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਇਸਦਾ ਭਾਰਤ ਨੂੰ ਕੀ ਫਾਇਦਾ ਹੋਵੇਗਾ? ਇਹ ਤਾਂ ਸਭ ਨੂੰ ਪਤਾ ਹੈ ਕਿ ਜੇ ਉਹ ਜਿਤ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਉਹਨਾਂ ਅਮਰੀਕੀਆਂ ਦੀ ਭਲਾਈ ਲਈ ਉਪਰਾਲੇ ਕਰੇਗੀ, ਜੋ ਕਿ ਉਸ ਨੂੰ ਵੋਟਾਂ ਪਾ ਕੇ ਜਿਤਾਉਣਗੇ। ਭਾਰਤੀ ਇਸ ਗੱਲ ਤੇ ਮਾਣ ਜਰੂਰ ਕਰ ਸਕਦੇ ਹਨ ਕਿ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ। ਜੇ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਹੁਣ ਅਮਰੀਕਾ ਦਾ ਰਾਸ਼ਟਰਪਤੀ ਕੌਣ ਬਣੇਗਾ? ਇਸ ਦਾ ਪਤਾ ਤਾਂ ਉਥੇ ਚੋਣ ਤੋਂ ਬਾਅਦ ਹੀ ਲੱਗੇਗਾ। ਇਸ ਤੋਂ ਪਹਿਲਾਂ ਤਾਂ ਸਿਰਫ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਪਰੰਤੂ ਕਮਲਾ ਹੈਰਿਸ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਣ ਦੀ ਚਰਚਾ ਨੇ ਇਸ ਚੋਣ ਵਿੱਚ ਭਾਰਤੀਆਂ ਦੀ ਦਿਲਚਸਪੀ ਜਰੂਰ ਵਧਾ ਦਿੱਤੀ ਹੈ।

Continue Reading

Editorial

ਸਾਰੀਆਂ ਹੱਦਾਂ ਟੱਪਦੀ ਮਹਿੰਗਾਈ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ

Published

on

By

 

ਮਹਿੰਗਾਈ ਵਿੱਚ ਲਗਾਤਾਰ ਹੁੰਦਾ ਵਾਧਾ ਪਿਛਲੇ ਕਈ ਸਾਲਾਂ ਤੋਂ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਹੈ ਅਤੇ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵਾਧਾ ਲਗਾਤਾਰ ਜਾਰੀ ਹੈ। ਮੌਜੂਦਾ ਹਾਲਾਤ ਇਹ ਹਨ ਕਿ ਆਮ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ। ਇੱਕ ਤਾਂ ਪਹਿਲਾਂ ਹੀ ਅਰਥਵਿਵਸਥਾ ਦੀ ਬਦਹਾਲੀ ਨੇ ਆਮ ਲੋਕਾਂ ਦੀ ਕਮਾਈ ਘਟਾ ਦਿੱਤੀ ਹੈ, ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਹਰਾਮ ਕਰਕੇ ਰੱਖ ਦਿੱਤਾ ਹੈ ਅਤੇ ਜਨਤਾ ਨੂੰ ਮਹਿੰਗਾਈ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ।

ਇਸ ਦੌਰਾਨ ਸਰਕਾਰ ਵਲੋਂ ਲਗਾਤਾਰ ਵੱਧਦੀ ਮਹਿੰਗਾਈ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਆਮ ਆਦਮੀ ਨੂੰ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਹੋਈ ਕਿਸੇ ਤਰ੍ਹਾਂ ਦੀ ਕਟੌਤੀ ਕਿਤੇ ਨਜਰ ਨਹੀਂ ਆਉਂਦੀ ਅਤੇ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਹਰ ਛੋਟੇ ਵੱਡੇ ਸਾਮਾਨ ਜਿਵੇਂ ਦਵਾਈਆਂ, ਮਿਠਾਈਆਂ, ਕਪੜੇ, ਜੁੱਤੀਆਂ, ਕਿਤਾਬਾਂ, ਮਕਾਨ ਉਸਾਰੀ ਦਾ ਸਮਾਨ ਸਮੇਤ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ। ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਤਕ ਔਖਾ ਹੁੰਦਾ ਜਾ ਰਿਹਾ ਹੈ।

ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਪੈਟਰੋਲ ਅਤੇ ਡੀਜਲ ਉੱਪਰ ਲਗਾਏ ਜਾਣ ਵਾਲੇ ਭਾਰੀ ਭਰਕਮ ਟੈਕਸਾਂ ਕਾਰਨ ਇਹ ਸਮੱਸਿਆ ਹੋਰ ਵੀ ਜਿਆਦਾ ਵੱਧਦੀ ਹੈ। ਸਰਕਾਰ ਦੇ ਇਹਨਾਂ ਟੈਕਸਾਂ ਕਾਰਨ ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਹੋਣ ਵਾਲੇ ਵਾਧੇ ਨਾਲ ਸਾਮਾਨ ਦੀ ਢੋਆ ਢੁਆਈ ਸਮੇਤ ਹਰ ਤਰ੍ਹਾਂ ਦੇ ਖਰਚੇ ਕਾਫੀ ਜਿਆਦਾ ਵੱਧ ਜਾਂਦੇ ਹਨ ਜਿਸ ਨਾਲ ਆਮ ਲੋਕਾਂ ਦੀ ਜਰੂਰਤ ਦਾ ਸਾਮਾਨ ਹੋਰ ਮਹਿੰਗਾ ਹੋ ਜਾਂਦਾ ਹੈ ਅਤੇ ਇਸ ਕਾਰਨ ਆਮ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਪਾਸੇ ਤਾਂ ਉਹਨਾਂ ਨੂੰ ਪੈਟਰੋਲ ਅਤੇ ਡੀਜਲ ਤੇ ਲੱਗਦੇ ਇਸ ਭਾਰੀ ਟੈਕਸ ਕਾਰਨ ਆਪਣੇ ਵਾਹਨਾਂ ਲਈ ਮਹਿੰਗਾ ਪੈਟਰੋਲ ਡੀਜਲ ਖਰੀਦਣਾ ਪੈਂਦਾ ਹੈ ਅਤੇ ਦੂਜੇ ਪਾਸੇ ਇਸ ਕਾਰਨ ਮਹਿੰਗਾਈ ਵਿੱਚ ਹੋਣ ਵਾਲਾ ਵਾਧਾ ਉਹਨਾਂ ਦਾ ਕਚੂਮਰ ਕੱਢਦਾ ਰਹਿੰਦਾ ਹੈ।

ਜੇਕਰ ਸਰਕਾਰ ਦੇ ਅੰਕੜਿਆਂ ਅਨੁਸਾਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ ਕੁੱਝ ਕਮੀ ਆ ਹੁੰਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰ ਇਹਨਾਂ ਵਸਤੂਆਂ ਦੇ ਦਾਮ ਘਟਾਉਣ ਦੀ ਥਾਂ ਆਪਣਾ ਮੁਨਾਫਾ ਵਧਾ ਲੈਂਦੇ ਹਨ ਅਤੇ ਮਹਿੰਗਾਈ ਵਿੱਚ ਵਾਧਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ। ਇਸ ਮੁਨਾਫਾਖੋਰੀ ਵਿੱਚ ਉਹ ਤਮਾਮ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹਨ ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਥੋਕ ਬਾਜਾਰ ਵਿੱਚ ਕੀਮਤਾਂ ਵਿੱਚ ਆਈ ਕਮੀ ਕਾਰਨ ਇਹਨਾਂ ਕੰਪਨੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਦੀ ਲਾਗਤ ਵੀ ਭਾਵੇਂ ਘੱਟ ਜਾਂਦੀ ਹੈ ਪਰੰਤੂ ਉਹਨਾਂ ਵਲੋਂ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲਦੀ।

ਮਹਿੰਗਾਈ ਵਿੱਚ ਹੁੰਦੇ ਲਗਾਤਾਰ ਵਾਧੇ ਦੀ ਇਸ ਸਮੱਸਿਆ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਲੋੜੀਂਦੇ ਕਦਮ ਚੁੱਕੇ ਜਾਣ ਚਾਹੀਦੇ ਹਨ। ਇਸ ਕਾਰਵਾਈ ਦੇ ਤਹਿਤ ਪੈਟਰੋਲ ਅਤੇ ਡੀਜਲ ਤੇ ਲਗਾਏ ਜਾਣ ਵਾਲੇ ਟੈਕਸਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਦੇ ਨਾਲ ਨਾਲ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਵੀ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਰਕਾਰ ਵਲੋਂ ਪਰਚੂਨ ਦੁਕਾਨਦਾਰਾਂ ਲਈ ਵੀ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ। ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਵਾਜਿਬ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹ ਕੇ ਜਨਤਾ ਨੂੰ ਜਰੂਰੀ ਸਾਮਾਨ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਤਾਂ ਮਹਿੰਗਾਈ ਤੋਂ ਰਾਹਤ ਤਾਂ ਹੀ ਮਿਲੇਗੀ ਜੇਕਰ ਉਹਨਾਂ ਨੂੰ ਆਪਣੀ ਲੋੜ ਦਾ ਸਾਮਾਨ ਸਸਤੀ ਕੀਮਤ ਤੇ ਮਿਲੇਗਾ ਅਤੇ ਅਜਿਹਾ ਯਕੀਨੀ ਕਰਨ ਲਈ ਸਰਕਾਰ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

Continue Reading

Editorial

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਤੇ ਟਿਕੀਆਂ ਦੁਨੀਆ ਦੀਆਂ ਨਜ਼ਰਾਂ

Published

on

By

 

ਸਾਈਲੈਂਟ ਵੋਟਾਂ ਵੀ ਦਿਖਾਉਣਗੀਆਂ ਵੱਡਾ ਅਸਰ

ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਇਸ ਚੋਣ ਲਈ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ। ਇਸ ਚੋਣ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ।

ਇਸ ਚੋਣ ਸਬੰਧੀ ਅਮਰੀਕਾ ਵਿੱਚ ਹਰ ਹਫਤੇ ਵੱਖ ਵੱਖ ਸਰਵੇਖਣ ਕਰਵਾਏ ਜਾ ਰਹੇ ਹਨ। ਪਹਿਲਾਂ ਹੋਏ ਸਰਵੇਖਣਾਂ ਵਿੱਚ ਟਰੰਪ ਨੂੰ ਅੱਗੇ ਦੱਸਿਆ ਜਾ ਰਿਹਾ ਸੀ। ਉਸ ਤੋਂ ਬਾਅਦ ਹੋਏ ਸਰਵੇਖਣਾਂ ਵਿੱਚ ਕਮਲਾ ਹੈਰਿਸ ਅੱਗੇ ਨਿਕਲ ਗਈ ਸੀ ਪਰੰਤੂ ਇਸ ਹਫਤੇ ਦੀ ਸ਼ੁਰੂਆਤ ਵਿੱਚ ਹੋਏ ਸਰਵੇਖਣਾਂ ਵਿੱਚ ਟਰੰਪ ਫਿਰ ਅੱਗੇ ਆ ਗਏ ਹਨ। ਮੌਜੂਦਾ ਸਮੇਂ ਦੋਵੇਂ ਉਮੀਦਵਾਰ ਬਰਾਬਰੀ ਤੇ ਚੱਲ ਰਹੇ ਦੱਸੇ ਜਾ ਰਹੇ ਹਨ ਅਤੇ ਦੋਵਾਂ ਹੀ ਉਮੀਦਵਾਰਾਂ ਦੇ ਸਮਰਥਕਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

ਕਮਲਾ ਹੈਰਿਸ ਅਤੇ ਟਰੰਪ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਚੋਣ ਲਈ ਦੋਵਾਂ ਉਮੀਦਵਾਰਾਂ ਵਿੱਚ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ। ਅਮਰੀਕਾ ਵਿੱਚ ਵੱਡੀ ਗਿਣਤੀ ਨਾਗਰਿਕ ਅਜਿਹੇ ਵੀ ਹਨ, ਜੋ ਕਿ ਅਜੇ ਖੁੱਲ੍ਹ ਕੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਵਿੱਚ ਨਹੀਂ ਆਏ, ਉਹਨਾਂ ਦੀਆਂ ‘ਸਾਈਲੈਂਟ ਵੋਟਾਂ’ ਵੀ ਕਿਸੇ ਵੀ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਕਰ ਸਕਦੀਆਂ ਹਨ।

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਪੂਰੇ ਵਿਸ਼ਵ ਤੇ ਆਪਣਾ ਪ੍ਰਭਾਵ ਪਾਉਂਦੀ ਹੈ। ਇਸ ਸਮੇਂ ਰੂਸ ਤੇ ਯੂਕ੍ਰੇਨ ਅਤੇ ਇਜ਼ਰਾਇਲ ਤੇ ਫ਼ਲਸਤੀਨ ਵਿਚਾਲੇ ਜੰਗਾਂ ਚੱਲ ਰਹੀਆਂ ਹਨ, ਜਦੋਂ ਕਿ ਹੁਣ ਇਸ ਜੰਗ ਵਿੱਚ ਇਰਾਨ ਵੀ ਸ਼ਾਮਲ ਹੋ ਗਿਆ ਹੈ। ਇਜ਼ਰਾਇਲ ਦੇ ਦੁਸ਼ਮਣਾਂ ਦੀ ਗਿਣਤੀ ਭਾਵੇਂ ਵੱਧ ਰਹੀ ਹੈ, ਪਰ ਇਜ਼ਰਾਇਲ ਨੂੰ ਆਪਣੀ ਸ਼ਕਤੀਸ਼ਾਲੀ ਫ਼ੌਜ ਅਤੇ ਬੇਹੱਦ ਸ਼ਕਤੀਸ਼ਾਲੀ ਖੁਫ਼ੀਆ ਏਜੰਸੀ ਤੇ ਪੂਰਾ ਭਰੋਸਾ ਹੈ। ਭਾਵੇਂ ਕਿ ਕੁਝ ਮੁਲਕਾਂ ਵੱਲੋਂ ਜੰਗ ਦੀ ਥਾਂ ਅਮਨ ਦਾ ਪੈਗਾਮ ਦਿੱਤਾ ਜਾ ਰਿਹਾ ਹੈ ਅਤੇ ਦੁਨੀਆਂ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।

ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਦੋਵੇਂ ਹੀ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਵਿੱਚ ਵੱਡੇ ਉਲਟਫ਼ੇਰ ਹੋਏ ਹਨ। ਇਹਨਾਂ ਮਾਹਿਰਾਂ ਅਨੁਸਾਰ ਰਿਪਬਲਿਕਨ ਪਾਰਟੀ ਅਮਰੀਕਾ ਦੇ ਉੱਤਰੀ ਇਲਾਕੇ ਦੀ ਪਾਰਟੀ ਸੀ ਅਤੇ ਡੈਮੋਕਰੈਟਿਕ ਦੱਖਣੀ ਇਲਾਕੇ ਦੀ ਪਰ ਹੁਣ ਡੈਮੋਕਰੈਟਿਕ ਉੱਤਰੀ ਇਲਾਕੇ ਵਿੱਚ ਅਤੇ ਰਿਪਬਲਿਕਨ ਦੱਖਣੀ ਇਲਾਕੇ ਵਿੱਚ ਰਾਜ ਕਰਦੇ ਹਨ। ਲਿੰਕਨ ਦੀ ਅਗਵਾਈ ਵਿੱਚ ਦਾਸ ਪ੍ਰਥਾ ਖ਼ਤਮ ਕਰਨ ਵਾਲੀ ਪਾਰਟੀ ਦੀ ਅਗਵਾਈ ਹੁਣ ‘ਨਸਲਵਾਦੀ’ ਟਰੰਪ ਕਰ ਰਹੇ ਹਨ।

ਇਸ ਕਰਕੇ ਅਮਰੀਕਾ ਰਾਸ਼ਟਰਪਤੀ ਚੋਣਾਂ ਦੇ ਕੁਝ ਮਾਹਿਰ ਇਹ ਵੀ ਕਹਿੰਦੇ ਹਨ ਕਿ ਲੱਗਦਾ ਹੈ ਕਿ ਦੋਵਾਂ ਪਾਰਟੀਆਂ ਨੇ ਆਪਸ ਵਿੱਚ ਆਪਣੀਆਂ ਨੀਤੀਆਂ ਹੀ ਬਦਲ ਲਈਆਂ ਹਨ। ਇਹਨਾਂ ਪਾਰਟੀਆਂ ਦੇ ਵੱਡੀ ਗਿਣਤੀ ਸਮਰਥਕਾਂ ਵਿੱਚ ਵੀ ਇਸ ਕਰਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡੇਨ ਅਤੇ ਕਮਲਾ ਹੈਰਿਸ ਨੂੰ ਪਰਵਾਸੀਆਂ ਸਬੰਧੀ ਉਦਾਰ ਸਮਝਿਆ ਜਾਂਦਾ ਹੈ, ਜਦੋਂ ਕਿ ਟਰੰਪ ਖੁੱਲ੍ਹ ਕੇ ਪਰਵਾਸੀ ਅਤੇ ਸ਼ਰਨਾਰਥੀ ਲੋਕਾਂ ਦਾ ਵਿਰੋਧ ਕਰ ਰਹੇ ਹਨ।

ਟਰੰਪ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹਨਾਂ ਵੱਲੋਂ ਇਜ਼ਰਾਇਲ ਅਤੇ ਹਮਾਸ ਯੁੱਧ ਬੰਦ ਕਰਵਾ ਦਿੱਤਾ ਜਾਵੇਗਾ। ਕੁਝ ਇਹੋ ਜਿਹੇ ਵਿਚਾਰ ਹੀ ਉਹ ਰੂਸ ਅਤੇ ਯੂਕਰੇਨ ਯੁੱਧ ਬਾਰੇ ਵੀ ਜਾਹਿਰ ਕਰ ਰਹੇ ਹਨ। ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ ਵੱਲੋਂ ਯੂਕਰੇਨ ਅਤੇ ਇਜ਼ਰਾਇਲ ਦੀ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਮਦਦ ਨੇ ਕਈ ਸਵਾਲ ਖੜੇ ਕਰ ਦਿਤੇ ਹਨ।

ਟਰੰਪ ਦੇ ਦੋਵਾਂ ਪਾਸੇ ਹੋ ਰਹੇ ਯੁੱਧ ਖਤਮ ਕਰਵਾਉਣ ਦੇ ਦਾਅਵੇ ਨੂੰ ਮਜਬੁਤ ਮੰਨਿਆ ਜਾ ਰਿਹਾ ਹੈ, ਕਿਉਂਕਿ ਦੁਨੀਆਂ ਦੇ ਵੱਡੀ ਗਿਣਤੀ ਦੇਸ਼ ਇਹਨਾਂ ਲੜਾਈਆਂ ਤੋਂ ਦੁਖੀ ਹਨ ਅਤੇ ਉਹ ਦੇਸ਼ ਦੁਨੀਆਂ ਵਿੱਚ ਅਮਨ ਚਾਹੁੰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਕਿਹੜਾ ਉਮੀਦਵਾਰ ਜਿਤੇਗਾ ਇਹ ਤਾਂ ਇਸ ਚੋਣ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਚੱਲੇਗਾ।

ਬਿਊਰੋ

 

Continue Reading

Editorial

ਆਵਾਜ਼ ਪ੍ਰਦੂਸ਼ਨ ਵਿੱਚ ਹੁੰਦੇ ਵਾਧੇ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

Published

on

By

 

ਆਵਾਜ ਦੇ ਪਦੂਸ਼ਨ ਦੀ ਸਮੱਸਿਆ ਅਜਿਹੀ ਹੈ ਜਿਹੜੀ ਛੋਟੇ ਬੱਚੇ ਤੋਂ ਲੈ ਕੇ ਬਜੁਰਗਾਂ ਤਕ, ਸਾਰਿਆਂ ਨੂੰ ਪਰੇਸ਼ਾਨ ਕਰਦੀ ਹੈ। ਵਾਤਾਵਰਨ ਵਿੱਚ ਲਗਾਤਾਰ ਵੱਧਦੇ ਸ਼ੋਰ ਪ੍ਰਦੂਸ਼ਨ ਕਾਰਨ ਜਿੱਥੇ ਲੋਕਾਂ ਵਿੰਚ ਬੋਲੇਪਨ ਦੀ ਸਮੱਸਿਆ ਵਧ ਰਹੀ ਹੈ ਉੱਥੇ ਬੱਚਿਆਂ ਅਤੇ ਬਜੁਰਗਾਂ ਨੂੰ ਸਭਤੋਂ ਵੱਧ ਪਰੇਸ਼ਾਨ ਹੋਣਾ ਪੈਂਦਾ ਹੈ। ਬਜੁਰਗਾਂ ਨੂੰ ਇਸ ਰੌਲੇ ਵਿੱਚ ਨੀਂਦ ਨਹੀਂ ਆਂਉਂਦੀ ਅਤੇ ਇਹ ਸ਼ੋਰ ਸ਼ਰਾਬਾ ਬੱਚਿਆਂ ਦੀ ਪੜਾਈ ਦਾ ਵੀ ਭਾਰੀ ਨੁਕਸਾਨ ਕਰਦਾ ਹੈ।

ਅੱਜਕੱਲ ਵਿਆਹਾਂ ਦਾ ਸੀਜਨ ਚਲ ਰਿਹਾ ਹੈ ਅਤੇ ਇਸ ਕਾਰਨ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਇਸਦਾ ਕਾਰਨ ਇਹ ਹੈ ਕਿ ਵਿਆਹ ਦੌਰਾਨ ਢੋਲ ਢਮੱਕਾ ਤਾਂ ਹੋਣਾ ਹੀ ਹੁੰਦਾ ਹੈ ਅਤੇ ਰੋਜਾਨਾ ਵੱਡੀ ਗਿਣਤੀ ਵਿੱਚ ਹੋਣ ਵਾਲੇ ਵਿਆਹ ਸਮਾਗਮਾਂ ਦੌਰਾਨ ਇੰਨੀ ਤੇਜ ਆਵਾਜ ਵਿੱਚ ਸੰਗੀਤ ਵਜਾਇਆ ਜਾਂਦਾ ਹੈ ਕਿ ਕੰਨ ਜਿਵੇਂ ਸੁੰਨ ਜਿਹੇ ਹੋ ਕੇ ਰਹਿ ਜਾਂਦੇ ਹਨ। ਹਾਲਾਤ ਇਹ ਹਨ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਖੁੱਲ ਚੁੱਕੇ ਮੈਰਿਜ਼ ਪੈਲਿਸਾਂ ਵਿੱਚ ਬਹੁਤ ਉੱਚੀ ਆਵਾਜ ਵਿੱਚ ਸੰਗੀਤ ਵਜਾਇਆ ਜਾਂਦਾ ਹੈ ਅਤੇ ਇਸ ਦੌਰਾਨ ਆਰਕੈਸਟਰਾਂ ਵਾਲਿਆਂ ਦੇ ਸਪੀਕਰਾਂ ਦੀ ਆਵਾਜ ਵੀ ਬਹੁਤ ਉੱਚੀ ਰੱਖੀ ਜਾਂਦੀ ਹੈ।

ਇਹਨਾਂ ਪਾਰਟੀਆਂ ਦੌਰਾਨ ਇੰਨਾ ਵੱਧ ਸ਼ੋਰ ਪੈਦਾ ਕਰਨ ਵਾਲੇ ਖੁਦ ਦਾ ਨੁਕਸਾਨ ਤਾਂ ਕਰਦੇ ਹੀ ਹਨ ਹੋਰਨਾਂ ਲੋਕਾਂ ਲਈ ਵੀ ਪਰੇਸ਼ਾਨੀ ਖੜੀ ਕਰਦੇ ਹਨ। ਇਹਨਾਂ ਵਿਆਹ ਸਮਾਗਮਾਂ ਦੌਰਾਨ ਦੇਰ ਰਾਤ ਨੂੰ (ਜਦੋਂ ਆਸ ਪਾਸ ਦੇ ਲੋਕ ਸੌਂ ਜਾਂਦੇ ਹਨ) ਪਟਾਕੇ ਅਤੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਅਤੇ ਇਹ ਪਟਾਕੇ ਅਤੇ ਆਤਿਸ਼ਬਾਜੀ ਧੂਏਂ ਦੇ ਪ੍ਰਦੂਸ਼ਨ ਦੇ ਨਾਲ ਨਾਲ ਆਵਾਜ ਪ੍ਰਦੂਸ਼ਨ ਵਿੱਚ ਵੀ ਵੱਡੀ ਪੱਧਰ ਤੇ ਵਾਧਾ ਕਰਦੀ ਹੈ।

ਹਾਲਾਂਕਿ ਆਵਾਜ ਪ੍ਰਦੂਸ਼ਨ ਦੀ ਇਹ ਸਮੱਸਿਆ ਪੂਰਾ ਸਾਲ ਚਲਦੀ ਹੈ ਅਤੇ ਮੌਜੂਦਾ ਹਾਲਾਤ ਇਹ ਹਨ ਕਿ ਹਰੇਕ ਵਿਅਕਤੀ ਸ਼ੋਰ ਪ੍ਰਦੂਸ਼ਨ ਵਿੱਚ ਆਪੋ ਆਪਣਾ ਯੋਗਦਾਨ ਪਾ ਰਿਹਾ ਹੈ। ਕਈ ਵਾਰ ਉੱਚੀ ਆਵਾਜ ਵਿੱਚ ਵਜਾਏ ਜਾਂਦੇ ਡੀ ਜੇ ਕਾਰਨ ਆਮ ਲੋਕਾਂ ਵਿੱਚ ਆਪਸੀ ਝਗੜੇ ਦੀ ਨੌਬਤ ਤਕ ਆ ਜਾਂਦੀ ਹੈ ਜਿਸ ਦੌਰਾਨ ਗੱਲ ਮਾਰਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕੁੱਝ ਲੋਕ ਆਪਣੇ ਘਰਾਂ ਵਿੱਚ ਕਾਫੀ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹਨ ਅਤੇ ਕਈ ਵਾਹਨ ਚਾਲਕ ਆਪਣੇ ਵਾਹਨਾਂ ਵਿੱਚ ਅਜਿਹੇ ਸਟੀਰਿਓ ਫਿਟ ਕਰਵਾਉਂਦੇ ਹਨ ਜਿਹਨਾਂ ਦੀ ਆਵਾਜ ਦੀ ਧਮਕ ਜਮੀਨ ਤਕ ਨੂੰ ਹਿਲਾ ਦਿੰਦੀ ਹੈ।

ਇਸੇ ਤਰ੍ਹਾਂ ਧਾਰਮਿਕ ਸਥਾਨਾਂ ਵਿੱਚ ਵੀ ਸਪੀਕਰ ਲਗਾ ਕੇ ਉੱਚੀ ਆਵਾਜ ਵਿੱਚ ਧਾਰਮਿਕ ਗੀਤ ਵਜਾਏ ਜਾਂਦੇ ਹਨ, ਜਿਸ ਕਾਰਨ ਭਾਰੀ ਸ਼ੋਰ ਸ਼ਰਾਬਾ ਹੁੰਦਾ ਹੈ। ਉੱਚੀ ਆਵਾਜ ਵਿੱਚ ਚਲਾਏ ਜਾਣ ਵਾਲੇ ਸਪੀਕਰਾਂ ਤੇ ਪਾਬੰਦੀ ਹੋਣ ਦੇ ਬਾਵਜੂਦ ਅਕਸਰ ਲੋਕ ਇਹਨਾਂ ਸਪੀਕਰਾਂ ਨੂੰ ਚਲਾਕੇ ਰੱਖਦੇ ਹਨ। ਅਜਿਹਾ ਜਿਆਦਾਤਰ ਸਾਰੀ ਰਾਤ ਚਲਣ ਵਾਲੇ ਜਗਰਾਤਿਆਂ ਦੌਰਾਨ ਕੀਤਾ ਜਾਂਦਾ ਹੈ ਜਿਸ ਦੌਰਾਨ ਭਜਨ ਮੰਡਲੀਆਂ ਉੱਚੀ ਆਵਾਜ ਵਿੱਚ ਭਜਨ ਗਾਉਂਦੀਆਂ ਰਹਿੰਦੀਆਂ ਹਨ।

ਇਸ ਸ਼ੋਰ ਪ੍ਰਦੂਸ਼ਨ ਵਿੱਚ ਉਹ ਵਾਹਨ ਚਾਲਕਾਂ ਵੀ ਵੱਡਾ ਯੋਗਦਾਨ ਦਿੰਦੇ ਹਨ ਜਿਹੜੇ ਅਕਸਰ ਬਿਨਾਂ ਕਾਰਨ ਹੀ ਆਪਣੇ ਵਾਹਨਾਂ ਦੇ ਹਾਰਨ ਵਜਾਉਂਦੇ ਰਹਿੰਦੇ ਹਨ। ਕਈ ਵਿਅਕਤੀ ਤਾਂ ਅਜਿਹੇ ਵੀ ਹਨ ਜਿਹੜੇ ਜਦੋਂ ਕਿਸੇ ਦੇ ਘਰ ਜਾਂਦੇ ਹਨ ਤਾਂ ਜਦੋਂ ਤੱਕ ਅਗਲਾ ਦਰਵਾਜਾ ਨਾ ਖੋਲ੍ਹੇ ਉਹ ਹਾਰਨ ਹੀ ਵਜਾਉੁਂਦੇ ਰਹਿੰਦੇ ਹਨ। ਜਿਹਨਾਂ ਵਾਹਨਾਂ ਉਪਰ ਪ੍ਰੈਸ਼ਰ ਹਾਰਨ (ਜੋ ਬਹੁਤ ਤੇਜ ਆਵਾਜ ਪੈਦਾ ਕਰਦੇ ਹਨ) ਲੱਗੇ ਹੁੰਦੇ ਹਨ ਉਹਨਾਂ ਦੇ ਚਾਲਕ ਵਲੋਂ ਜਦੋਂ ਸੜਕ ਕਿਨਾਰੇ ਪੈਦਲ ਜਾ ਰਹੇ ਕਿਸੇ ਵਿਅਕਤੀ ਦੇ ਨੇੜੇ ਆ ਕੇ ਆਪਣਾ ਹਾਰਨ ਵਜਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਹਾਲਤ ਉਹੀ ਸਮਝ ਸਕਦਾ ਹੈ ਜਿਸਦੇ ਨਾਲ ਅਜਿਹਾ ਵਾਪਰਿਆ ਹੋਵੇ। ਹੋਰ ਤਾਂ ਹੋਰ ਮੋਟਰਸਾਇਕਲਾਂ ਵਾਲੇ ਵੀ ਬਹੁਤ ਉੱਚੀ ਆਵਾਜ ਵਿੱਚ ਹਾਰਨ ਵੀ ਵਜਾਉਂਦੇ ਹਨ ਅਤੇ ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰਾਂ ਵਿੱਚੋਂ ਪਟਾਕਿਆਂ ਦੀ ਆਵਾਜ ਕੱਢਣਾ ਜਿਵੇਂ ਨੌਜਵਾਨਾਂ ਦਾ ਫੈਸ਼ਨ ਬਣ ਗਿਆ ਹੈ।

ਲਗਾਤਾਰ ਵੱਧਦੇ ਸ਼ੋਰ ਪ੍ਰਦੂਸ਼ਨ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਵਰਤਾਰਾ ਲਗਾਤਾਰ ਵੱਧ ਰਿਹਾ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਤਰੀਕੇ ਨਾਲ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਨ ਵਾਲੀ ਸ਼ੋਰ ਪ੍ਰਦੂਸ਼ਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਅਜਿਹੇ ਲੋਕਾਂ ਦੇ ਖਿਲਾਫ ਹੋਣ ਵਾਲੀ ਸਖਤ ਕਾਰਵਾਈ ਦਾ ਡਰ ਹੀ ਸ਼ੋਰ ਪ੍ਰਦੂਸ਼ਨ ਤੇ ਕਾਬੂ ਕਰਨ ਦਾ ਸਮਰਥ ਹੋ ਸਕਦਾ ਹੈ ਇਸ ਲਈ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।

 

 

 

Continue Reading

Latest News

Trending