Editorial
ਮਨੋਰੰਜਨ ਦੇ ਵੱਖ ਵੱਖ ਸਾਧਨਾਂ ਰਾਂਹੀ ਹੁੰਦੇ ਅੰਧਵਿਸ਼ਵਾਸ ਦੇ ਪਸਾਰ ਤੇ ਸਖਤੀ ਨਾਲ ਰੋਕ ਲੱਗੇ
ਸਾਡੇ ਦੇਸ਼ ਵਿੱਚ ਅੰਧਵਿਸ਼ਵਾਸ਼, ਜਾਦੂ ਟੋਨਾ, ਤੰਤਰ ਮੰਤਰ ਦਾ ਆਪਣਾ ਵਜੂਦ ਹੈ ਅਤੇ ਸਾਡੇ ਮਨੋਰੰਜਨ ਦੇ ਸਾਧਨ ਇਸਦਾ ਪਸਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਪਿਛਲੇ ਦਹਾਕਿਆਂ ਦੌਰਾਨ ਫਿਲਮਾਂ ਅਤੇ ਟੀ ਵੀ ਪ੍ਰੋਗਰਾਮ ਸਾਡੇ ਦੇਸ਼ ਦੇ ਲੋਕਾਂ ਦੇ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਰਹੇ ਹਨ ਅਤੇ ਹੁਣ ਇਹਨਾਂ ਦੇ ਨਾਲ ਆਨਲਾਈਨ ਪਲੇਟਫਾਰਮ ਵੀ ਜੁੜ ਗਏ ਹਨ ਜਿਹਨਾਂ ਵਿੱਚ ਆਮ ਲੋਕਾਂ ਦੇ ਵੇਖਣ ਲਈ ਕਈ ਤਰ੍ਹਾਂ ਦੇ ਸੀਰੀਅਲ ਅਤੇ ਫਿਲਮਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਇਹਨਾਂ ਆਨ ਲਾਈਨ ਪਲੇਟਫਾਰਮਾਂ ਦੀ ਖਾਸੀਅਤ ਇਹ ਵੀ ਹੈ ਕਿ ਇਹਨਾਂ ਦੇ ਦਰਸ਼ਕ ਆਪਣੀ ਮਰਜੀ ਅਤੇ ਸਹੂਲੀਅਤ ਦੇ ਹਿਸਾਬ ਨਾਲ ਜਦੋਂ ਚਾਹੁੰਣ ਆਪਣੇ ਪਸੰਦੀਦਾ ਪ੍ਰੋਗਰਾਮ ਦੇਖ ਸਕਦੇ ਹਨ ਜਦੋਂਕਿ ਟੀ ਵੀ ਵੇਖਣ ਵਾਲੇ ਦਰਸ਼ਕਾਂ ਨੂੰ ਕੋਈ ਵੀ ਪ੍ਰੋਗਰਾਮ ਵੇਖਣ ਲਈ ਉਸਦੇ ਪ੍ਰਸਾਰਣ ਦੇ ਸਮੇਂ ਤੇ ਟੀ ਵੀ ਦੇ ਸਾਮ੍ਹਣੇ ਬੈਠਣਾ ਪੈਂਦਾ ਹੈ।
ਪਹਿਲਾਂ ਫਿਲਮਾਂ ਦਾ ਜੋਰ ਜਿਆਦਾ ਹੁੰਦਾ ਸੀ ਅਤੇ ਲੋਕ ਆਪਣੇ ਪਰਿਵਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਬਾਕਾਇਦਾ ਪ੍ਰੋਗਰਾਮ ਬਣਾ ਕੇ ਫਿਲਮ ਵੇਖਣ ਜਾਇਆ ਕਰਦੇ ਸੀ। ਬਾਅਦ ਵਿੱਚ ਟੀ ਵੀ ਦੇ ਦੌਰ ਨੇ ਇਸ ਰੁਝਾਨ ਵਿੱਚ ਬਦਲਾਓ ਲਿਆਂਦਾ ਅਤੇ ਪਿਛਲੇ ਢਾਈ-ਤਿੰਨ ਦਹਾਕਿਆਂ ਦੌਰਾਨ ਇੱਕ ਤੋਂ ਬਾਅਦ ਇੱਕ ਲਗਾਤਾਰ ਆਰੰਭ ਹੋਏ ਨਵੇਂ ਮਨੋਰੰਜਨ ਅਤੇ ਖਬਰੀਆ ਚੈਨਲਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਉਹਨਾਂ ਨੂੰ ਤਾਜਾ ਖਬਰਾਂ ਦੇਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਕਰਨੇ ਸ਼ੁਰੂ ਕੀਤੇ ਗਏ। ਪਿਛਲੇ ਕੁੱਝ ਸਾਲਾਂ ਤੋਂ ਜੋਰ ਫੜ ਰਹੇ ਆਨ ਲਾਈਨ ਪਲੇਟ ਫਾਰਮਾਂ ਦੇ ਦੌਰ ਵਿੱਚ ਦਰਸ਼ਕਾਂ ਨੂੰ ਉਹਨਾਂ ਦੀ ਮਰਜੀ ਅਤੇ ਸਹੂਲੀਅਤ ਅਨੁਸਾਰ ਆਪਣੇ ਪਸੰਦੀਦਾ ਪ੍ਰੋਗਰਾਮ ਵੇਖਣ ਦੀ ਸੁਵਿਧਾ ਮਿਲ ਗਈ ਹੈ ਅਤੇ ਦਰਸ਼ਕਾਂ ਦਾ ਇੱਕ ਵੱਡਾ ਵਰਗ ਆਨ ਲਾਈਨ ਪਲੇਟ ਫਾਰਮਾਂ ਵੱਲ ਮੁੜ ਗਿਆ ਹੈ।
ਵੱਖ ਵੱਖ ਟੀ ਵੀ ਚੈਨਲ ਅਤੇ ਆਨਲਾਈਨ ਪਲੇਟਫਾਰਮ ਆਪਣੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾ ਕੇ ਪ੍ਰਸਾਰਿਤ ਕਰਦੇ ਹਨ ਜਿਹਨਾਂ ਵਿੱਚ ਜਾਦੂ ਟੂਣੇ, ਭੂਤਾਂ-ਪ੍ਰੇਤਾਂ, ਚੁੜੈਲਾਂ, ਡਾਇਨਾਂ, ਭਟਕਦੀਆਂ ਆਤਮਾਵਾਂ, ਨਾਗਿਨ, ਕਾਲੇ ਜਾਦੂ ਅਤੇ ਅੰਧਵਿਸ਼ਵਾਸ਼ ਵਧਾਉਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਦੇ ਸੀਰੀਅਲ ਬਣਾ ਕੇ ਵਿਖਾਏ ਜਾਂਦੇ ਹਨ। ਟੀ ਵੀ ਸੀਰੀਅਲਾਂ ਵਿੱਚ ਪਿਛਲੇ ਜਨਮ ਦੀ ਕੋਈ ਕਹਾਣੀ ਜੋੜ ਕੇ ਉਸਨੂੰ ਇਸ ਜਨਮ ਵਿੱਚ ਜਾਰੀ ਰੱਖਣ ਵਾਲੀਆਂ ਕਹਾਣੀਆਂ ਤੇ ਆਧਾਰਿਤ ਸੀਰੀਅਲ ਵੀ ਕਾਫੀ ਚਲਦੇ ਹਨ। ਇਸਤੋਂ ਇਲਾਵਾ ਵੱਖ-ਵੱਖ ਦੇਵੀ ਦੇਵਤਿਆਂ ਦੇ ਨਾਮ ਤੇ ਵੀ ਅਜਿਹੇ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਹੜੇ ਸਮਾਜ ਵਿੱਚ ਅੰਧ ਵਿਸ਼ਵਾਸ ਦਾ ਪਸਾਰ ਕਰਦੇ ਹਨ। ਫਿਲਮਾਂ ਵਿੱਚ ਵੀ ਅਜਿਹੀਆਂ ਚਮਤਕਾਰਿਕ ਕਹਾਣੀਆਂ ਵਿਖਾ ਕੇ ਅੰਧ ਵਿਸ਼ਵਾਸ ਦਾ ਪਸਾਰ ਕੀਤਾ ਜਾਂਦਾ ਹੈ ਅਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੇ ਫਿਲਮਾਂ ਆਮ ਬਣਦੀਆਂ ਹਨ। ਫਿਲਮਾਂ, ਟੀ ਵੀ ਅਤੇ ਆਨ ਲਾਈਨ ਪਲੇਟਫਾਰਮਾਂ ਤੇ ਵਿਖਾਈਆਂ ਜਾਂਦੀਆਂ ਅਜਿਹੀਆਂ ਤਮਾਮ ਕਹਾਣੀਆਂ ਵਿੱਚ ਕਿਸੇ ਨਾ ਕਿਸੇ ਅਜਿਹੇ ਤਾਂਤਰਿਕ ਜਾਂ ਜਾਦੂਗਰ ਨੂੰ ਵੀ ਜਰੂਰ ਵਿਖਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੀਆਂ ਜਾਦੂਈ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਅਤੇ ਪ੍ਰੇਤ ਆਤਮਾਵਾਂ ਨੂੰ ਆਪਣੇ ਕਬਜੇ ਵਿੱਚ ਕਰਕੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਚਾਉਂਦਾ ਹੈ।
ਅਜਿਹੀਆਂ ਕਹਾਣੀਆਂ ਦੇ ਫਿਲਮਾਂਕਣ ਦੇ ਅਸਰ ਕਾਰਨ ਵੀ ਅਕਸਰ ਵਹਿਮਾਂ ਵਿੱਚ ਫਸੇ ਆਮ ਲੋਕ ਅਜਿਹੇ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਇਸਦੇ ਨਾਲ ਨਾਲ ਕੁੱਝ ਟੀ ਵੀ ਚੈਨਲਾਂ ਤੇ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ ਦੇ ਨਾਮ ਤੇ ਵੱਖ ਵੱਖ ਬਾਬਿਆਂ ਦੇ ਇਸ਼ਤਿਹਾਰਨੁਮਾ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ਜਿਹੜੇ ਇਹਨਾਂ ਬਾਬਿਆਂ ਵਲੋਂ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਖੁਦ ਹੀ ਤਿਆਰ ਕੀਤੇ ਜਾਂਦੇ ਹਨ। ਇਹਨਾਂ ਪ੍ਰਗਰਾਮਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਇਹਨਾਂ ਬਾਬਿਆਂ ਦੇ ਕਥਿਤ ਭਗਤ ਵਾਰੀ ਵਾਰੀ ਆਪਣੇ ਦੁਖੜੇ ਦੱਸਦੇ ਹਨ ਅਤੇ ਇਹ ਬਾਬੇ ਆਪਣੇ ਸ਼ਰਧਾਲੂਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਨ। ਅਜਿਹੇ ਪ੍ਰੋਗਰਾਮ ਭੋਲੇ ਭਾਲੇ ਲੋਕਾਂ ਦੇ ਦਿਲੋ ਦਿਮਾਗ ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਲੋਕਾਂ ਵਿੱਚ ਅੰਧਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ਦਾ ਪਸਾਰ ਹੁੰਦਾ ਹੈ।
ਅਜਿਹੀਆਂ ਫਿਲਮਾਂ ਅਤੇ ਹੋਰ ਪ੍ਰੋਗਰਾਮਾਂਕਾਰਨ ਅੰਧਵਿਸ਼ਵਾਸ਼ ਦੇ ਇਸ ਲਗਾਤਾਰ ਵੱਧਦੇ ਪਸਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਭੂਤਾਂ ਪ੍ਰੇਤਾਂ, ਆਤਮਾਵਾਂ, ਤੰਤਰ ਮੰਤਰ, ਜਾਦੂ ਟੂਣੇ ਦਾ ਪ੍ਰਚਾਰ ਕਰਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਗੁੰਮਰਾਹਕੁੰਨ ਪ੍ਰੋਗਰਾਮਾਂ ਉਪਰ ਪਾਬੰਦੀ ਲਗਾਈ ਜਾਵੇ। ਇਸਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਉਣ ਵਾਲੇ ਅਖੌਤੀ ਬਾਬਿਆਂ ਦੇ ਪੋ੍ਰਗਰਾਮਾਂ ਦੇ ਪ੍ਰਸਾਰਣ ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਵਿੱਚ ਅੰਧਵਿਸ਼ਵਾਸ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ।
Editorial
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਖਿਲਾਫ ਕਾਰਵਾਈ ਕਰੇ ਪ੍ਰਸ਼ਾਸਨ
ਸਾਡੇ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਗਿਣਤੀ ਵਿੱਚ ਪਿਛਲੇ ਕੁੱਝ ਸਾਲਾਂ ਦੌਰਾਨ ਭਾਰੀ ਵਾਧਾ ਹੋਇਆ ਹੈ ਅਤੇ ਹਾਲਾਤ ਇਹ ਹੋ ਚੁੱਕੇ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਹਰ ਵੇਲੇ ਇਹਨਾਂ ਆਟੋ ਰਿਕਸ਼ਿਆਂ ਦੀ ਭੀੜ ਦਿਖਦੀ ਹੈ। ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਨੂੰ ਤੇਜ ਰਫਤਾਰ ਵਿੱਚ ਇੱਕ ਦੁੂਜੇ ਨਾਲ ਰੇਸ ਲਗਾਉਂਦਿਆਂ ਅਤੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖਿਆ ਜਾ ਸਕਦਾ ਹੈ। ਪਰੰਤੂ ਹੈਰਾਨੀ ਦੀ ਗੱਲ ਹੈ ਕਿ ਆਮ ਵਾਹਨ ਚਾਲਕਾਂ ਦੇ ਹਰ ਮਾਮੂਲੀ ਗਲਤੀ ਤਕ ਲਈ ਉਹਨਾਂ ਦਾ ਤੁਰੰਤ ਚਾਲਾਨ ਵਾਲੀ ਮੁਹਾਲੀ ਟੈ੍ਰਫਿਕ ਪੁਲੀਸ ਦੇ ਮੁਲਾਜਮ ਇਹਨਾਂ ਆਟੋ ਰਿਕਸ਼ਿਆਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਕਾਫੀ ਹੱਦ ਤਕ ਅਣਦੇਖਿਆ ਕਰ ਦਿੰਦੇ ਹਨ।
ਇਸ ਵੇਲੇ ਹਾਲਾਤ ਇਹ ਹਨ ਕਿ ਕਿਸੇ ਵੀ ਮੁੱਖ ਸੜਕ ਤੇ ਤੇਜ ਰਫਤਾਰ ਨਾਲ ਜਾ ਰਿਹਾ ਕਿਸੇ ਆਟੋ ਰਿਕਸ਼ਾ ਦਾ ਚਾਲਕ ਅਚਾਨਕ ਕਿਸੇ ਸਵਾਰੀ ਨੂੰ ਵੇਖ ਕੇ ਸੜਕ ਦੇ ਵਿਚਕਾਰ ਕਦੋਂ ਬਰੇਕ ਲਗਾ ਦੇਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੋਣ ਤੇ ਜਾਂ ਤਾਂ ਆਟੋ ਦੇ ਪਿੱਛੇ ਆ ਰਹੇ ਵਾਹਨ ਖੁਦ ਨੂੰ ਆਟੋ ਨਾਲ ਟਕਰਾਉਣ ਤੋਂ ਬਹੁਤ ਮੁਸ਼ਕਿਲ ਨਾਲ ਬਚਾਉਂਦੇ ਹਨ ਜਾਂ ਫਿਰ ਉਸ ਨਾਲ ਟਕਰਾ ਜਾਂਦੇ ਹਨ। ਅਜਿਹੇ ਵਿੱਚ ਜੇਕਰ ਕੋਈ ਵਾਹਨ ਚਾਲਕ ਇਹਨਾਂ ਆਟੋ ਰਿਕਸ਼ਿਆਂ ਚਾਲਕਾਂ ਨੂੰ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਠੀਕ ਤਰੀਕੇ ਨਾਲ ਆਟੋ ਚਲਾਉਣ ਲਈ ਕਹਿੰਦਾ ਹੈ ਤਾਂ ਇਹ ਉਲਟਾ ਉਸ ਵਿਅਕਤੀ ਨਾਲ ਹੀ ਲੜਣ ਲੱਗ ਜਾਂਦੇ ਹਨ ਅਤੇ ਮਿੰਟਾਂ ਵਿੱਚ ਹੀ ਉੱਥੇ ਵੱਡੀ ਗਿਣਤੀ ਆਟੋ ਚਾਲਕ ਇਕੱਠੇ ਹੋ ਕੇ ਉਲਟਾ ਦੂਜੇ ਵਾਹਨ ਚਾਲਕਾਂ ਤੇ ਹੀ ਦਬਾਓ ਪਾਊਣਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਆਟੋ ਚਾਲਕਾਂ ਨੇ ਆਪੋ ਆਪਣੀਆਂ ਯੂਨੀਅਨਾਂ, ਧੜੇ ਅਤੇ ਗਰੁਪ ਵੀ ਬਣਾਏ ਹੋਏ ਹਨ ਜਿਹੜੇ ਕਿਸੇ ਮਾਮੂਲੀ ਜਿਹੀ ਗੱਲ ਤੇ ਲੜਾਈ ਝਗੜਾ ਕਰਨ ਲਗਦੇ ਹਨ ਅਤੇ ਤੁਰੰਤ ਇਕਠੇ ਹੋ ਕੇ ਆਮ ਲੋਕਾਂ ਉਪਰ ਦਬਾਓ ਪਾਉਂਦੇ ਹਨ।
ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਨਾ ਦਿੱਤੇ ਜਾਣ ਕਾਰਨ ਆਮ ਲੋਕ ਇਹਨਾਂ ਆਟੋ ਰਿਕਸ਼ਿਆਂ ਤੇ ਸਫਰ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਇਹ ਆਟੋ ਚਾਲਕ ਲੋਕਾਂ ਦੀ ਇਸ ਮਜਬੂਰੀ ਦਾ ਪੂਰਾ ਫਾਇਦਾ ਚੁੱਕਦੇ ਹਨ। ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਰਿਕਸ਼ਿਆਂ ਦੇ ਰੇਟ ਤੈਅ ਨਾ ਕੀਤੇ ਜਾਣ ਕਾਰਨ ਇਹ ਆਟੋ ਚਾਲਕ ਲੋਕਾਂ ਤੋਂ ਮੂੰਹ ਮੰਗਿਆ ਕਿਰਾਇਆ ਮੰਗਦੇ ਹਨ। ਸਵੇਰ ਅਤੇ ਸ਼ਾਮ ਵੇਲੇ (ਜਦੋਂ ਲੋਕਾਂ ਨੂੰ ਆਪਣੇ ਦਫਤਰ ਜਾਂ ਕੰਮ ਤੇ ਪਹੁੰਚਣ ਅਤੇ ਵਾਪਸ ਪਰਤਣ ਦੀ ਜਲਦੀ ਹੁੰਦੀ ਹੈ) ਇਹ ਆਟੋ ਚਾਲਕ ਆਪਣੇ ਕੋਲ ਆਉਣ ਵਾਲੇ ਮੁਲਾਜਮਾਂ ਦੀ ਮਜਬੂਰੀ ਦਾ ਪੂਰਾ ਫਾਇਦਾ ਚੁਕਦੇ ਹਨ ਅਤੇ ਉਹਨਾਂ ਤੋਂ ਮੂੰਹ ਮੰਗੇ ਪੈਸੇ ਵਸੂਲਦੇ ਹਨ। ਹਾਲਾਂਕਿ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਦੇ ਕਿਰਾਏ ਬਾਰੇ ਤਾਂ ਫਿਰ ਵੀ ਲੋਕਾਂ ਨੂੰ ਥੋੜ੍ਹੀ ਜਾਣਕਾਰੀ ਹੁੰਦੀ ਹੈ ਪਰੰਤੂ ਜਿਹੜੇ ਵਿਅਕਤੀ ਹੋਰਨਾਂ ਇਲਾਕਿਆਂ ਤੋਂ ਕਿਸੇ ਕੰਮ ਲਈ ਮੁਹਾਲੀ ਆ ਕੇ ਆਟੋ ਰਿਕਸ਼ੇ ਦੀ ਸਵਾਰੀ ਲੈਂਦੇ ਹਨ ਉਹਨਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਆਟੋ ਚਾਲਕ ਉਸ ਵਿਅਕਤੀ ਨੂੰ ਬਿਨਾ ਵਜ੍ਹਾ ਇਧਰ ਉਧਰ ਘੁੰਮਾਉਣ ਅਤੇ ਲੰਬਾ ਗੇੜਾ ਲਵਾਉਣ ਤੋਂ ਬਾਅਦ ਉਸਦੀ ਮੰਜਿਲ ਤਕ ਪੰਹੁਚਾਉੱਦੇ ਹਨ ਅਤੇ ਫਿਰ ਮੂੰਹ ਮੰਗਿਆ ਕਿਰਾਇਆ ਵਸੂਲਦੇ ਹਨ। ਅਜਿਹਾ ਹੋਣ ਕਾਰਨ ਜਿੱਥੇ ਲੋਕਾਂ ਦਾ ਜਰੂਰੀ ਸਮਾਂ ਬਰਬਾਦ ਹੁੰਦਾ ਹੈ ਉੱਥੇ ਉਹਨਾਂ ਦੀ ਸਿੱਧੇ ਤਰੀਕੇ ਨਾਲ ਲੁੱਟ ਵੀ ਕੀਤੀ ਜਾਂਦੀ ਹੈ।
ਸਾਡੇ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਹੋਰਨਾਂ ਰਾਜਾਂ ਤੋਂ ਆਏ ਪਰਵਾਸੀ ਹਨ, ਜਿਹਨਾਂ ਵਿੱਚੋਂ ਕਈ ਤਾਂ ਅਜਿਹੇ ਹਨ ਜਿਹਨਾਂ ਨੂੰ ਨਾ ਤਾਂ ਆਟੋ ਚਲਾਉਣ ਦਾ ਕੋਈ ਤਜਰਬਾ ਹੁੰਦਾ ਹੈ ਅਤੇ ਨਾ ਹੀ ਉਹਨਾਂ ਕੋਲ ਇਸਦਾ ਕੋਈ ਲਾਈਸੰਸ ਹੀ ਹੁੰਦਾ ਹੈ। ਇਹ ਵਿਅਕਤੀ ਯੂ ਪੀ, ਬਿਹਾਰ ਤੋਂ ਰੁਜਗਾਰ ਦੀ ਭਾਲ ਵਿੱਚ ਇੱਥੇ ਆਉਂਦੇ ਹਨ ਅਤੇ ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਆਪਣੇ ਨਾਲ ਚਾਰ ਪੰਜ ਦਿਨ ਆਟੋ ਤੇ ਘੁਮਾ ਕੇ ਆਟੋ ਚਲਾਉਣ ਦੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਆਟੋ ਕਿਰਾਏ ਤੇ ਦਿਵਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਸਿਖਾਂਦਰੂ ਚਾਲਕ ਕਿਰਾਏ ਤੇ ਆਟੋ ਲੈ ਕੇ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਂਦੇ ਰਹਿੰਦੇ ਹਨ।
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਇਸ ਸੰਬੰਧੀ ਜਿੱਥੇ ਇਹਨਾਂ ਆਟੋ ਰਿਕਸ਼ਿਆਂ ਦਾ ਕਿਰਾਇਆ ਤੈਅ ਕੀਤਾ ਜਾਣਾ ਚਾਹੀਦਾ ਹੈ ਉੱਥੇ ਟੈ੍ਰਫਿਕ ਨਿਯਮਾਂ ਦੀ ਉਲਘਣਾ ਕਰਨ ਵਾਲੇ ਆਟੋ ਰਿਕਸ਼ਿਆਂ ਦੇ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਵਲੋਂ ਕੀਤੀਆਂ ਜਾਂਦੀਆਂ ਆਪਹੁਦਰੀਆਂ ਤੇ ਰੋਕ ਲੱਗੇ ਅਤੇ ਆਮ ਵਾਹਨ ਚਾਲਕਾਂ ਦੀ ਪਰੇਸ਼ਾਨੀ ਦੂਰ ਹੋਵੇ।
Editorial
ਫਿਲਮ ਜਗਤ ਵਿੱਚ ਮਹਿਲਾ ਕਲਾਕਾਰਾਂ ਨਾਲ ਹੁੰਦਾ ਹੈ ਕਈ ਤਰ੍ਹਾਂ ਦਾ ਵਿਤਕਰਾ
ਫਿਲਮੀ ਦੁਨੀਆਂ ਦਾ ਸੱਚ ਬਿਆਨ ਗਈ ਮਾਧੁਰੀ ਦੀਕਸ਼ਿਤ
ਆਈਫਾ-2025 (ਆਈ. ਆਈ. ਐਫ. ਏ.) ਹਫ਼ਤੇ ਦੀ ਸ਼ੁਰੂਆਤ ਮੌਕੇ ‘ਸਿਨੇਮਾ ਵਿੱਚ ਔਰਤਾਂ ਦਾ ਸਫ਼ਰ’ ਸੈਸ਼ਨ ਵਿੱਚ ਸ਼ੂਮਲੀਅਤ ਦੌਰਾਨ ਮਾਧੁਰੀ ਦੀਕਸ਼ਿਤ ਨੇ ਕਿਹਾ ਹੈ ਕਿ ਹਿੰਦੀ ਫਿਲਮਾਂ ਵਿੱਚ ਮਹਿਲਾ ਕਲਾਕਾਰਾਂ ਨੂੰ ਮਰਦ ਕਲਾਕਾਰਾਂ ਨਾਲੋਂ ਘੱਟ ਮਿਹਨਤਾਨਾ ਮਿਲਦਾ ਹੈ। ਇਹ ਗੱਲ ਕਰਕੇ ਮਾਧੁਰੀ ਦੀਕਸ਼ਿਤ ਨੇ ਫਿਲਮੀ ਦੁਨੀਆਂ ਦੀ ਅਸਲੀਅਤ ਪੇਸ਼ ਕੀਤੀ ਹੈ।
ਲੰਬੇ ਸਮੇਂ ਤੋਂ ਵੱਖ ਵੱਖ ਰੂਪ ਵਿੱਚ ਇਹ ਚਰਚਾ ਹੁੰਦੀ ਰਹੀ ਹੈ ਕਿ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਔਰਤ ਅਦਾਕਾਰਾਂ ਨੂੰ ਮਰਦ ਕਲਾਕਾਰਾਂ ਦੇ ਮੁਕਾਬਲੇ ਘੱਟ ਪੈਸੇ ਮਿਲਦੇ ਹਨ ਅਤੇ ਕਈ ਵਾਰ ਉਹਨਾਂ ਨੂੰ ਅੰਗ ਪ੍ਰਦਰਸ਼ਨ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਮਹਿਲਾ ਕਲਾਕਾਰਾਂ ਦੇ ਅੰਗ ਪ੍ਰਦਰਸ਼ਨ ਨੂੰ ਫਿਲਮ ਦੀ ਕਹਾਣੀ ਦੀ ਮੰਗ ਕਿਹਾ ਜਾਂਦਾ ਹੈ। ਮਾਧੁਰੀ ਦੀਕਸ਼ਤ ਨੇ ਕਿਹਾ ਹੈ ਕਿ ”ਔਰਤਾਂ ਨੂੰ ਹਰ ਵਾਰ ਖ਼ੁਦ ਨੂੰ ਸਾਬਤ ਕਰਨਾ ਪੈਂਦਾ ਹੈ ਅਤੇ ਇਹ ਦੱਸਣਾ ਪੈਂਦਾ ਹੈ ਕਿ ਅਸੀਂ ਬਰਾਬਰ ਹਾਂ ਅਤੇ ਅਸੀਂ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕਦੀਆਂ ਹਾਂ।
ਉਨ੍ਹਾਂ ਦਾ ਕਹਿਣਾ ਹੈ ਕਿ ਗ਼ੈਰ-ਬਰਾਬਰੀ ਖਤਮ ਹੋਣ ਤੋਂ ਅਸੀਂ ਹਾਲੇ ਵੀ ਬਹੁਤ ਦੂਰ ਹਾਂ। ਇਸ ਲਈ ਸਾਨੂੰ ਲਗਾਤਾਰ ਕੰਮ ਕਰਨਾ ਪਵੇਗਾ। ਇਸ ਮੌਕੇ ਆਸਕਰ ਜੇਤੂ ਨਿਰਮਾਤਾ ਗੁਨੀਤ ਮੋਂਗਾ ਨੇ ਕਿਹਾ ਕਿ ਮਹਿਲਾ ਕਲਾਕਾਰਾਂ ਨੂੰ ਹੋਰ ਮੌਕੇ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ, ”ਮਿਹਨਤਾਨੇ ਵਿੱਚ ਸਪੱਸ਼ਟ ਤੌਰ ਤੇ ਪਾੜਾ ਹੈ।” ਫਿਲਮੀ ਦੁਨੀਆਂ ਦੀਆਂ ਦੋ ਪ੍ਰਸਿੱਧ ਹਸਤੀਆਂ ਵੱਲੋਂ ਕਹੀ ਗਈ ਇਹ ਗੱਲ ਹਕੀਕਤ ਦੇ ਨੇੜੇ ਹੈ ਅਤੇ ਸੱਚਾਈ ਭਰਪੂਰ ਹੈ।
ਫਿਲਮ ਨਗਰੀ ਬਾਰੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਚਕਾਚੌਂਧ ਭਰੀ ਇਸ ਦੁਨੀਆਂ ਦਾ ਕਾਲਾ ਸੱਚ ਬਹੁਤ ਭਿਆਨਕ ਹੈ। ਮਾਧੁਰੀ ਨੇ ਤਾਂ ਸਿਰਫ ਮਹਿਲਾ ਕਲਾਕਾਰਾਂ ਨੂੰ ਘੱਟ ਪੈਸੇ ਮਿਲਣ ਦੀ ਹੀ ਗੱਲ ਕੀਤੀ ਹੈ, ਜਦੋਂ ਕਿ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਕਈ ਮਹਿਲਾ ਕਲਾਕਾਰ ਜਿਨਸੀ ਸ਼ੋਸਣ ਦੀਆਂ ਵੀ ਸ਼ਿਕਾਰ ਹੋ ਚੁੱਕੀਆਂ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਕਸਰ ਫਿਲਮਾਂ ਵਿੱਚ ਕੰਮ ਦੇਣ ਜਾਂ ਦਿਵਾਉਣ ਦੇ ਬਹਾਨੇ ਵੀ ਅਨੇਕਾਂ ਲੋਕ ਫਿਲਮਾਂ ਵਿੱਚ ਕੰਮ ਕਰਨ ਦੀਆਂ ਚਾਹਵਾਨ ਅੱਲੜ ਲੜਕੀਆਂ ਦਾ ਹਰ ਤਰ੍ਹਾਂ ਸ਼ੋਸਣ ਕਰਦੇ ਹਨ। ਇਸ ਵਿਸ਼ੇ ਤੇ ਕਈ ਫਿਲਮਾਂ ਵਿੱਚ ਵੀ ਗੱਲ ਚੱਲ ਚੁੱਕੀ ਹੈ। ਇਸ ਦੇ ਬਾਵਜੂਦ ਸਭ ਕੁਝ ਹੋ ਰਿਹਾ ਹੈ ਪਰ ਕਿਸੇ ਵੀ ਫਿਲਮ ਅਦਾਕਾਰਾ ਨੇ ਇਸ ਬਾਰੇ ਖੁੱਲ ਕੇ ਕਦੇ ਚਰਚਾ ਨਹੀਂ ਕੀਤਾ ਕਿਉਂਕਿ ਇਸ ਤਰ੍ਹਾਂ ਦੀ ਚਰਚਾ ਕਰਨ ਨਾਲ ਉਸ ਨੂੰ ਆਪਣੇ ਫਿਲਮੀ ਕੈਰੀਅਰ ਦੇ ਖਤਮ ਹੋਣ ਦਾ ਖਤਰਾ ਹੋ ਜਾਂਦਾ ਹੈ। ਸ਼ਾਇਦ ਕੈਰੀਅਰ ਬਚਾਉਣ ਲਈ ਹੀ ਫਿਲਮੀ ਅਦਾਕਾਰਾਂ ਇਹ ਸਭ ਕੁਝ ਸਹਿਣ ਕਰੀ ਜਾ ਰਹੀਆਂ ਹਨ।
ਸਿਰਫ ਹਿੰਦੀ ਫਿਲਮਾਂ ਹੀ ਨਹੀਂ ਬਲਕਿ ਹੋਰਨਾ ਭਾਸ਼ਾਵਾਂ ਵਿੱਚ ਬਣਨ ਵਾਲੀਆਂ ਫਿਲਮਾਂ ਦੀਆਂ ਮਹਿਲਾ ਕਲਾਕਾਰਾਂ ਨਾਲ ਵੀ ਅਕਸਰ ਕਈ ਤਰਾਂ ਦਾ ਵਿਤਕਰਾ ਕੀਤਾ ਜਾਂਦਾ ਹੈ। ਅਕਸਰ ਹੀ ਮਹਿਲਾ ਕਲਾਕਾਰ ਨੂੰ ਫਿਲਮਾਂ ਵਿੱਚ ਘੱਟ ਕਪੜਿਆਂ ਵਿੱਚ ਦਿਖਾਇਆ ਜਾਂਦਾ ਹੈ। ਕਈ ਵਾਰ ਤਾਂ ਪਹਾੜਾਂ ਦੇ ਵਿੱਚ ਗਾਣੇ ਗਾਉਂਦੇ ਹੋਏ ਹੀਰੋ ਤਾਂ ਜੈਕਿਟ ਤੇ ਜੀਨ ਜਾਂ ਕੋਟ ਪੈਂਟ ਪਾ ਕੇ ਨੱਚ ਰਿਹਾ ਹੁੰਦਾ ਹੈ ਪਰ ਹੀਰੋਈਨ ਅੱਧਨੰਗੀ ਹਾਲਤ ਵਿੱਚ ਨੱਚ ਰਹੀ ਹੁੰਦੀ ਹੈ। ਅਸਲ ਵਿੱਚ ਘੱਟ ਕਪੜੇ ਪਾਉਣ ਲਈ ਵੀ ਫਿਲਮਾਂ ਬਣਾਉਣ ਵਾਲਿਆਂ ਵੱਲੋਂ ਹੀ ਮਹਿਲਾ ਕਲਾਕਾਰਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਵੀ ਉਠਾਇਆ ਜਾਂਦਾ ਹੈ।
ਭਾਰਤੀ ਫਿਲਮ ਉਦਯੋਗ ਦੁਨੀਆਂ ਵਿੱਚ ਵਿਸ਼ੇਸ ਥਾਂ ਰੱਖਦਾ ਹੈ, ਇਸ ਵਿੱਚ ਕਈ ਗੁਣ ਵੀ ਹਨ ਪਰ ਇਹਨਾਂ ਗੁਣਾਂ ਦੀ ਚਰਚਾ ਦੇ ਨਾਲ ਨਾਲ ਇਸ ਦੇ ਦੋਸ਼ਾਂ ਅਤੇ ਅਗੁਣਾਂ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ। ਵੇਖਣ ਵਿੱਚ ਆਇਆ ਹੈ ਕਿ ਕਈ ਫਿਲਮਾਂ ਸਿਰਫ ਨਾਇਕਾਵਾਂ ਦੇ ਸਹਾਰੇ ਹੀ ਚਲਦੀਆਂ ਹਨ ਪਰ ਫੇਰ ਵੀ ਭਾਰਤ ਵਿੱਚ ਨਾਇਕਾ ਪ੍ਰਧਾਨ ਫਿਲਮਾਂ ਬਹੁਤ ਘੱਟ ਬਣਦੀਆਂ ਹਨ। ਫਿਲਮਾਂ ਵਿੱਚ ਜੇ ਹੀਰੋ ਦੀ ਕੋਈ ਭੈਣ ਦਿਖਾਈ ਜਾਂਦੀ ਹੈ ਤਾਂ ਉਸ ਦੀ ਪਹਿਲੀ ਝਲਕ ਵੇਖ ਕੇ ਦਰਸ਼ਕ ਸਮਝ ਜਾਂਦੇ ਹਨ ਕਿ ਇਸ ਨਾਲ ਵੀਲੇਨ ਜਾਂ ਹੋਰ ਕੋਈ ਫਿਲਮੀ ਗੁੰਡਾ ਬਲਾਤਕਾਰ ਜਾਂ ਛੇੜਛਾੜ ਕਰੇਗਾ। ਇਸ ਤਰ੍ਹਾਂ ਅਜਿਹੇ ਦ੍ਰਿਸ਼ ਦਿਖਾਉਣ ਲਈ ਫਿਲਮਾਂ ਵਿੱਚ ਹੀਰੋ ਦੀ ਭੈਣ ਦਾ ਰੋਲ ਪਾ ਦਿਤਾ ਜਾਂਦਾ ਹੈ। ਇਸ ਬਹਾਨੇ ਵੀ ਅਸਲ ਵਿੱਚ ਮਹਿਲਾਵਾਂ ਦੇ ਸਰੀਰ ਦੀ ਨੁਮਾਇਸ ਹੀ ਕੀਤੀ ਜਾਂਦੀ ਹੈ ਪਰ ਇਸ ਵਰਤਾਰੇ ਵਿਰੁੱਧ ਕੋਈ ਵੀ ਨਹੀਂ ਬੋਲਦਾ।
ਇਹ ਠੀਕ ਹੈ ਕਿ ਭਾਰਤ ਵਿੱਚ ਕਈ ਸਿਖਿਆਦਾਇਦ ਫਿਲਮਾਂ ਵੀ ਬਣਦੀਆਂ ਹਨ ਪਰ ਅਕਸਰ ਉਹ ਬਾਕਸ ਆਫਿਸ ਤੇ ਫਲਾਪ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਫਿਲਮਾਂ ਸੱਚਾਈ ਤੇ ਅਧਾਰਿਤ ਵੀ ਬਣਦੀਆਂ ਹਨ ਪਰ ਉਹਨਾਂ ਤੇ ਸੈਂਸਰ ਬੋਰਡ ਦੀ ਕੈਂਚੀ ਚਲ ਜਾਂਦੀ ਹੈ ਜਾਂ ਉਹਨਾਂ ਫਿਲਮਾਂ ਨੂੰ ਰਿਲੀਜ ਹੀ ਨਹੀਂ ਕੀਤਾ ਜਾਂਦਾ। ਜਦੋਂ ਕਿ ਜਿਹੜੀਆਂ ਫਿਲਮਾਂ ਵਿੱਚ ਮਹਿਲਾ ਕਲਾਕਾਰਾਂ ਦੇ ਘੱਟ ਕਪੜੇ ਪਾਏ ਹੁੰਦੇ ਹਨ ਤੇ ਉਹਨਾਂ ਵੱਲੋਂ ਉਤੇਜਿਤ ਡਾਂਸ ਕੀਤਾ ਹੁੰਦਾ ਹੈ ਅਤੇ ਦੋਹਰੇ ਅਰਥਾਂ ਵਾਲੇ ਡਾਇਲਾਗ ਬੋਲੇ ਜਾਂਦੇ ਹਨ, ਉਹਨਾਂ ਫਿਲਮਾਂ ਨੂੰ ਤੂਰੰਤ ਰਿਲੀਜ ਕਰ ਦਿਤਾ ਜਾਂਦਾ ਹੈ। ਅਜਿਹੀਆਂ ਫਿਲਮਾਂ ਬਾਕਿਸ ਆਫਿਸ ਤੇ ਹਿੱਟ ਵੀ ਹੋ ਜਾਂਦੀਆਂ ਹਨ। ਇਸੇ ਕਰਕੇ ਵੱਡੀ ਗਿਣਤੀ ਫਿਲਮ ਨਿਰਮਾਤਾ ਆਪਣੀਆਂ ਫਿਲਮਾਂ ਵਿੱਚ ਨੰਗੇਜ ਨੂੰ ਮੁੱਖ ਰਖਦੇ ਹਨ, ਜਿਸ ਨੂੰ ਫਿਲਮੀ ਮਸਾਲਾ ਕਿਹਾ ਜਾਂਦਾ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਫਿਲਮ ਪੂਰੀ ਤਰਾਂ ਮਸਾਲੇ ਭਰਪੂਰ ਹੈ।
ਇਹ ਠੀਕ ਹੈ ਕਿ ਭਾਰਤ ਵਿੱਚ ਕੁਝ ਧਾਰਮਿਕ ਫਿਲਮਾਂ ਵੀ ਬਣਦੀਆਂ ਹਨ, ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਕੁਝ ਫਿਲਮਾਂ ਚੰਗੀਆਂ ਵੀ ਬਣਦੀਆਂ ਹਨ ਪਰ ਉਹਨਾਂ ਦੀ ਗਿਣਤੀ ਵੀ ਘੱਟ ਹੈ। ਭਾਰਤ ਵਿੱਚ ਜਿਆਦਾਤਰ ਫਿਲਮਾਂ ਅਪਰਾਧ ਪਿਠਭੂਮੀ ਅਤੇ ਨੰਗੇਜਤਾ ਭਰਪੂਰ ਹੀ ਬਣਾਈਆਂ ਜਾਂਦੀਆਂ ਹਨ ਕਿਉਂਕਿ ਅਕਸਰ ਅਜਿਹੀਆਂ ਫਿਲਮਾਂ ਚੰਗੀ ਕਮਾਈ ਕਰ ਲੈਂਦੀਆਂ ਹਨ। ਇਸ ਸਭ ਵਿੱਚ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਲਾਕਾਰਾਂ ਨੂੰ ਘੱਟ ਪੈਸੇ ਮਿਲਣ ਜਾਂ ਕਈ ਤਰਾਂ ਦੀਆਂ ਵਧੀਕੀਆਂ ਹੋਣ ਦੀ ਚਰਚਾ ਨਾਂਹ ਦੇ ਬਰਾਬਰ ਹੁੰਦੀ ਹੈ।
ਬਿਊਰੋ
Editorial
ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਜਿੰਮੇਵਾਰੀ
ਤਿੰਨ ਸਾਲ ਪਹਿਲਾਂ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਹੁੰਦੇ ਪ੍ਰਰਵਾਸ ਨੂੰ ਰੋਕਣ ਲਈ ਪੰਜਾਬ ਵਿੱਚ ਹੀ ਰੁਜਗਾਰ ਦੇ ਲੋੜੀਂਦੇ ਪ੍ਰਬੰਧ ਕਰਨ ਦਾ ਦਾਅਵਾ ਕਰਕੇ ਸੱਤਾ ਹਾਸਿਲ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਉਣ ਦੇ ਮੋਰਚੇ ਤੇ ਹੁਣ ਤਕ ਕਾਗਜੀ ਦਾਅਵੇ ਤਾਂ ਬਹੁਤ ਕੀਤੇ ਗਏ ਹਨ, ਪਰੰਤੂ ਜਮੀਨੀ ਹਾਲਾਤ ਦੀ ਗੱਲ ਕਰੀਏ ਤਾਂ ਇਹ ਗੱਲ ਕਾਫੀ ਹੱਦ ਤਕ ਬਿਆਨਬਾਜੀ ਤਕ ਹੀ ਸੀਮਿਤ ਦਿਖਦੀ ਹੈ ਅਤੇ ਬੇਰੁਜਗਾਰੀ ਦੇ ਮੁੱਦੇ ਤੇ ਸਰਕਾਰ ਦੇ ਖਿਲਾਫ ਹੁੰਦੇ ਪ੍ਰਦਰਸ਼ਨ ਸਰਕਾਰ ਦੀ ਨਾਕਾਮੀ ਦੀ ਕਹਾਣੀ ਖੁਦ ਬਿਆਨ ਕਰਦੇ ਹਨ।
ਪੰਜਾਬ ਦੀ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦੇਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਇਸ ਸੰਬੰਧੀ ਵੀ ਵਿਰੋਧੀ ਪਾਰਟੀਆਂ ਵਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸਰਕਾਰ ਵਲੋਂ ਦਿੱਤੀਆਂ ਗਈਆਂ ਨੌਕਰੀਆਂ ਵਿੱਚ ਵੀ ਪੰਜਾਬੀ ਨੌਜਵਾਨਾਂ ਦੇ ਮੁਕਾਬਲੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਵੱਧ ਨੌਕਰੀਆਂ ਮਿਲੀਆਂ ਹਨ। ਅਸਲੀਅਤ ਇਹੀ ਹੈ ਕਿ ਪੰਜਾਬ ਸਰਕਾਰ ਨਾ ਤਾਂ ਸੂਬੇ ਦੇ ਨੌਜਵਾਨਾਂ ਨੂੰ ਲੋੜੀਂਦਾ ਰੁਜਗਾਰ ਮੁਹਈਆ ਕਰਵਾਉਣ ਵਿੱਚ ਕਾਮਯਾਬ ਹੋ ਪਾਈ ਹੈ ਅਤੇ ਨਾ ਹੀ ਪੰਜਾਬ ਤੋਂ ਵਿਦੇਸ਼ਾਂ ਵੱਲ ਹੁੰਦੇ ਪਰਵਾਸ ਤੇ ਕੋਈ ਰੋਕ ਲੱਗ ਪਾਈ ਹੈ।
ਇਸ ਦੌਰਾਨ ਸਰਕਾਰ ਦੇ ਹਿਮਾਇਤੀ ਇਹ ਤਰਕ ਦਿੰਦੇ ਦਿਖਦੇ ਹਨ ਕਿ ਨਵੀਂ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਮੁਕਾਬਲੇ ਕਈ ਗੁਨਾ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਰਕਾਰ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕਰਨ ਵੇਲੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਪਰੰਤੂ ਜਦੋਂ ਮਾਨ ਸਰਕਾਰ ਵਲੋਂ ਆਪਣੇ ਹੁਣ ਤਕ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਬਖਾਨ ਕਰਨ ਵਾਲੀ ਇਸ਼ਤਿਹਾਰੀ ਮੁਹਿੰਮ ਚਲਾਉਂਦੀ ਹੈ ਤਾਂ ਫਿਰ ਉਸਦੀ ਕਾਰਗੁਜਾਰੀ ਬਾਰੇ ਗੱਲ ਤਾਂ ਹੋਣੀ ਹੀ ਹੈ।
ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਨਵੀਂ ਸਰਕਾਰ ਵਲੋਂ ਨਾ ਤਾਂ ਪੰਜਾਬੀ ਨੌਜਵਾਨਾਂ ਵਾਸਤੇ ਨਵੇਂ ਰੁਜਗਾਰ ਸਿਰਜਨ ਵਾਸਤੇ ਕੋਈ ਪਾਲਸੀ ਸਾਮ੍ਹਣੇ ਲਿਆਂਦੀ ਗਈ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਮੁੱਢਲੀ ਕਾਰਵਾਈ ਹੋਈ ਹੈ। ਉੱਪਰੋਂ ਸਰਕਾਰ ਵਲੋਂ ਕੀਤੇ ਜਾਂਦੇ ਹਵਾ ਹਵਾਈ ਦਾਅਵਿਆਂ ਕਾਰਨ ਲੋਕਾਂ ਦਾ ਭਰੋਸਾ ਵੀ ਡਗਮਗਾਉਣ ਲੱਗ ਗਿਆ ਹੈ। ਇਸ ਦੌਰਾਨ ਨੌਜਵਾਨਾਂ ਨੂੰ ਲੋੜੀਂਦਾ ਰੁਜਗਾਰ ਨਾ ਮਿਲਣ ਕਾਰਨ ਜਿੱਥੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੀ ਕਤਾਰ ਲਗਾਤਾਰ ਲੰਬੀ ਅਤੇ ਹੋਰ ਲੰਬੀ ਹੁੰਦੀ ਜਾ ਰਹੀ ਹੈ ਉੱਥੇ ਸੂਬੇ ਵਿੱਚ ਬੇਰੁਜਗਾਰ ਨੌਜਵਾਨਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਸਰਕਾਰੀ ਨੌਕਰੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਿੱਜੀ ਖੇਤਰ ਵਿੱਚ ਵੀ ਨੌਕਰੀਆਂ ਨਾ ਮਿਲਣ ਕਾਰਨ ਬੇਰੁਜਗਾਰਾਂ ਦੀ ਕਤਾਰ ਵੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਲੋੜੀਂਦਾ ਰੁਜਗਾਰ ਮੁਹਈਆ ਕਰਵਾਉਣ ਵਿੱਚ ਨਾਕਾਮ ਰਹਿਣ ਕਾਰਨ ਜਿਆਦਾਤਰ ਨੌਜਵਾਨ ਨਾ ਸਿਰਫ ਸਰਕਾਰ ਤੋਂ ਨਿਰਾਸ਼ ਦਿਖਦੇ ਹਨ ਬਲਕਿ ਬੇਰੁਜਗਾਰੀ ਵਿੱਚ ਹੋਣ ਵਾਲੇ ਇਸ ਵਾਧੇ ਕਾਰਨ ਵਿਹਲੇ ਘੁੰਮਣ ਵਾਲੇ ਸਾਡੇ ਨੌਜਵਾਨ ਸਮਾਜ ਲਈ ਵੱਡੀ ਸਿਰਦਰਦੀ ਬਣ ਰਹੇ ਹਨ। ਪੰਜਾਬ ਵਿੱਚ ਲੰਬਾਂ ਸਮਾਂ ਅੱਤਵਾਦ ਰਹਿਣ ਦਾ ਇਕ ਕਾਰਨ ਵੀ ਬੇਰੁਜਗਾਰੀ ਹੀ ਸੀ ਕਿਉਂਕਿ ਉਸ ਸਮੇਂ ਵੀ ਪੜੇ ਲਿਖੇ ਵਿਹਲੇ ਫਿਰਦੇ ਨੌਜਵਾਨ ਪੈਸੇ ਜਾਂ ਕਿਸੇ ਹੋਰ ਲਾਲਚ ਵਿੱਚ ਗਲਤ ਰਾਹ ਤੁਰ ਪਏ ਸਨ। ਹੁਣ ਤਾਂ ਪੰਜਾਬ ਵਿੱਚ ਨੌਜਵਾਨ ਪੀੜੀ ਨਸ਼ੇ ਦੀ ਆਦੀ ਹੋ ਚੁੱਕੀ ਹੈ ਜਿਸ ਦਾ ਇਕ ਵੱਡਾ ਕਾਰਨ ਨੌਜਵਾਨਾਂ ਕੋਲ ਰੁਜਗਾਰ ਦਾ ਨਾ ਹੋਣਾ ਵੀ ਹੈ।
ਜਮੀਨੀ ਹਾਲਾਤ ਇਹ ਹਨ ਕਿ ਸੂਬੇ ਦੇ ਵੱਡੀ ਗਿਣਤੀ ਨੌਜਵਾਨ ਬੇਰੁਜਗਾਰ ਹਨ। ਸਾਡੇ ਪੜ੍ਹੇ ਲਿਖੇ ਨੌਜਵਾਨਾਂ ਦੇ ਵਿਹਲੇ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਚੰਗੀ ਨੌਕਰੀ ਉਹਨਾਂ ਨੂੰ ਮਿਲਦੀ ਨਹੀਂ ਹੈ ਅਤੇ ਛੋਟਾ ਮੋਟਾ ਕੰਮ ਕਰਨ ਲਈ ਉਹ ਤਿਆਰ ਨਹੀਂ ਹੁੰਦੇ ਅਤੇ ਜਿਸਨੂੰ ਵੀ ਵੇਖੋ ਉਹ ਵਿਦੇਸ਼ ਜਾਣ ਦੀ ਤਿਆਰੀ ਵਿੱਚ ਦਿਖਦਾ ਹੈ। ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਇਸ ਵੱਧਦੇ ਰੁਝਾਨ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਹੋ ਰਿਹਾ ਹੈ ਜਿਸਦੇ ਪੜੇ ਲਿਖੇ ਨੌਜਵਾਨ ਵਿਦੇਸ਼ ਜਾ ਰਹੇ ਹਨ।
ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਮੁਹਈਆ ਕਰਵਾਏ ਅਤੇ ਵਿਹਲੇ ਘੁੰਮ ਰਹੇ ਨੌਜਵਾਨਾਂ ਨੂੰ ਬਣਦਾ ਰੁਜਗਾਰ ਮੁਹਈਆ ਕਰਵਾਏ ਤਾਂ ਜੋ ਸਾਡੇ ਨੌਜਵਾਨ ਵਿਦੇਸ਼ ਜਾਣ ਦਾ ਮੋਹ ਤਿਆਗ ਕੇ ਸੂਬੇ ਦੀ ਤਰੱਕੀ ਵਿੱਚ ਹਿੱਸੇਦਾਰ ਬਣਨ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ