Connect with us

Editorial

ਵੱਡੇ ਪੱਧਰ ਤੇ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਕਾਬੂ ਕਰੇ ਸਰਕਾਰ

Published

on

 

 

ਸਾਡੇ ਦੇਸ਼ ਵਿੱਚ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਦਾ ਧੰਦਾ ਖੁੱਲੇਆਮ ਚਲਦਾ ਹੈ ਅਤੇ ਜਿੱਥੇ ਵੀ ਵੇਖੋ ਅਜਿਹਾ ਸਾਮਾਨ ਆਮ ਵਿਕਦਾ ਹੈ। ਹਾਲਾਤ ਇਹ ਹਨ ਕਿ ਮਿਲਾਵਟਖੋਰ ਬਾਜ਼ਾਰ ਵਿੱਚ ਵਿਕਣ ਵਾਲੀ ਹਰ ਚੀਜ਼ ਵਿੱਚ ਵੱਡੇ ਪੱਧਰ ਤੇ ਮਿਲਾਵਟ ਕਰਦੇ ਹਨ। ਮਿਲਾਵਟੀ ਸਾਮਾਨ ਵੇਚਣ ਵਾਲਿਆਂ ਵਲੋਂ ਸਭ ਤੋਂ ਜ਼ਿਆਦਾ ਮਿਲਾਵਟ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਬਾਜਾਰਾਂ ਵਿੱਚ ਵਿਕਦਾ ਖਾਣ ਪੀਣ ਦਾ ਇਹ ਮਿਲਾਵਟੀ ਸਾਮਾਨ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਇਸ ਦੌਰਾਨ ਸਭ ਤੋਂ ਜਿਆਦਾ ਮਿਲਾਵਟ ਦੁੱਧ ਅਤੇ ਉਸ ਤੋਂ ਬਣਨ ਵਾਲੀਆਂ ਵਸਤੂਆਂ ਵਿੱਚ ਹੀ ਹੁੰਦੀ ਹੈ।

ਬਾਜਾਰਾਂ ਵਿੱਚ ਹੋਣ ਵਾਲੀ ਵਿਕਰੀ ਵਿੱਚ ਜਿਵੇਂ ਜਿਵੇਂ ਵਾਧਾ ਹੁੰਦਾ ਹੈ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਵੀ ਉਸੇ ਅਨੁਪਾਤ ਵਿੱਚ ਵੱਧਦੀ ਜਾਂਦੀ ਹੈ ਅਤੇ ਵਿਕਰੀ ਵਿੱਚ ਹੋਣ ਵਾਲੇ ਇਸ ਵਾਧੇ ਨਾਲ ਭਾਰੀ ਮੁਨਾਫਾ ਕਮਾਉਣ ਦੀ ਆਸ ਵਿੱਚ ਹਰ ਤਰ੍ਹਾਂ ਦੇ ਸਾਮਾਨ ਵਿੱਚ ਮਿਲਾਵਟ ਕਰਨ ਵਾਲੇ ਵੀ ਕੁੱਝ ਜਿਆਦਾ ਹੀ ਸਰਗਰਮ ਹੋ ਜਾਂਦੇ ਹਨ। ਇਸ ਸੰਬੰਧੀ ਟੀ ਵੀ ਚੈਨਲਾਂ ਵਲੋਂ ਸਮੇਂ ਸਮੇਂ ਤੇ ਦੇਸ਼ ਭਰ ਵਿੱਚ ਨਕਲੀ ਦੁੱਧ, ਖੋਆ, ਪਨੀਰ ਅਤੇ ਨਕਲੀ ਮਿਠਾਈਆਂ ਤਿਆਰ ਕਰਕੇ ਵੇਚੇ ਜਾਣ ਸੰਬੰਧੀ ਜਿਹੜੀਆਂ ਰਿਪੋਰਟਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਉਹ ਲੂ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ। ਦੁੱਧ ਅਤੇ ਉਸ ਨਾਲ ਬਣੀਆਂ ਵਸਤੂਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਮਿਲਾਵਟ ਅਤੇ ਇਹਨਾਂ ਦੇ ਨਕਲੀ ਉਤਪਾਦਨ ਦਾ ਅੰਦਾਜ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਵਿੱਚ ਦੁੱਧ ਦਾ ਜਿੰਨਾ ਉਤਪਾਦਨ ਹੁੰਦਾ ਹੈ ਉਸਦੇ ਮੁਕਾਬਲੇ ਉਸਦੀ ਖਪਤ ਦੋ-ਤਿੰਨ ਗੁਨਾ ਤਕ ਜਿਆਦਾ ਹੈ। ਇਸਤੋਂ ਇਲਾਵਾ ਦੁੱਧ ਤੋਂ ਬਣਨ ਵਾਲੀਆਂ ਮਿਠਾਈਆਂ ਅਤੇ ਹੋਰ ਪਦਾਰਥ ਵੀ ਬਹੁਤ ਜ਼ਿਆਦਾ ਖਰੀਦੇ ਵੇਚੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਖਪਤ ਜ਼ਿਆਦਾ ਹੋਣ ਕਾਰਨ ਨਕਲੀ ਦੁੱਧ, ਖੋਆ ਅਤੇ ਪਨੀਰ ਦਾ ਕਾਰੋਬਾਰ ਧੜੱਲੇ ਨਾਲ ਚਲਦਾ ਹੈ।

ਨਕਲੀ ਸਾਮਾਨ ਅਤੇ ਮਿਲਾਵਟ ਦਾ ਇਹ ਕਾਰੋਬਾਰ ਸਿਰਫ ਦੁੱਧ ਅਤੇ ਉਸਤੋਂ ਬਣਨ ਵਾਲੇ ਸਾਮਾਨ ਤਕ ਹੀ ਸੀਮਿਤ ਨਹੀਂ ਹੈ ਬਲਕਿ ਅੱਜ ਕੱਲ ਤਾਂ ਬਾਜਾਰਾਂ ਵਿੱਚ ਵਿਕਦੇ ਹਰ ਤਰ੍ਹਾਂ ਦੇ ਨਕਲੀ ਅਤੇ ਮਿਲਾਵਟੀ ਸਮਾਨ ਦੀ ਵਿਕਰੀ ਦੀਆਂ ਸ਼ਿਕਾਇਤਾਂ ਸਾਮ੍ਹਣੇ ਆਉਂਦੀਆਂ ਹਨ। ਅਨਾਜ, ਦਾਲਾਂ, ਮਸਾਲੇ ਅਤੇ ਖੁਰਾਕੀ ਤੇਲ ਸਮੇਤ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਵਿਚ ਵੱਡੇ ਪੱਧਰ ਉਪਰ ਮਿਲਾਵਟ ਕੀਤੀ ਜਾਂਦੀ ਹੈ ਅਤੇ ਅਜਿਹਾ ਸਮਾਨ ਖਰੀਦ ਕੇ ਵਰਤਣ ਵਾਲੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਸਾਮਾਨ ਉਹ ਬਾਜਾਰ ਤੋਂ ਖਰੀਦ ਕੇ ਖਾ ਰਹੇ ਹਨ, ਉਹ ਨਾ ਸਿਰਫ ਮਿਲਾਵਟੀ ਹੈ ਬਲਕਿ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਵੀ ਹੈ। ਇਸ ਦੌਰਾਨ ਵੱਡੇ ਵਪਾਰੀ ਹੋਣ ਜਾਂ ਆਮ ਦੁਕਾਨਦਾਰ, ਇਹ ਸਾਰੇ ਹੀ ਆਪਣਾ ਮੁਨਾਫਾ ਵਧਾਉਣ ਲਈ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰੰਤੂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲਾ ਤੰਤਰ ਜਿਵੇਂ ਡੂੰਘੀ ਨੀਂਦ ਸੁੱਤਾ ਰਹਿੰਦਾ ਹੈ।

ਖੁੱਲੇਆਮ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਦੇਸ਼ ਦੇ ਖਜਾਨੇ ਨੂੰ ਵੀ ਖੋਰਾ ਲਗਾਉਂਦੀ ਹੈ ਕਿਉਂਕਿ ਨਕਲੀ ਅਤੇ ਮਿਲਾਵਟੀ ਸਾਮਾਨ ਦਾ ਇਹ ਸਾਰਾ ਕਾਰੋਬਾਰ ਦੋ ਨੰਬਰ ਵਿੱਚ ਹੀ ਹੁੰਦਾ ਹੈ। ਇਸ ਸੰਬੰਧੀ ਆਮ ਲੋਕ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਇਹ ਕਾਰੋਬਾਰ ਵੱਡੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਦਾ ਹੈ ਅਤੇ ਇਸ ਕਾਰੋਬਾਰ ਨਾਲ ਹੋਣ ਵਾਲੀ ਕਮਾਈ ਦਾ ਹਿੱਸਾ ਵੀ ਉੱਪਰ ਤਕ ਜਾਂਦਾ ਹੈ। ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਚੁੱਕਦੀ ਹੈ ਅਤੇ ਸਰਕਾਰ ਵਲੋਂ ਇਸਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਨਕਲੀ ਅਤੇ ਮਿਲਾਵਟੀ ਸਾਮਾਨ ਦੀ ਇਸ ਤਰੀਕੇ ਨਾਲ ਖੁੱਲੇਆਮ ਕੀਤੀ ਜਾਂਦੀ ਵਿਕਰੀ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਦੇਸ਼ ਭਰ ਵਿਚ ਇਸਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਇਸ ਸੰਬੰਧੀ ਸਰਕਾਰੀ ਪੱਧਰ ਤੇ ਹੋਣ ਵਾਲੀ ਕਾਰਵਾਈ ਦੀ ਅਣਹੋਂਦ ਕਾਰਨ ਮਿਲਾਵਟੀ ਸਾਮਾਨ ਦੀ ਇਸ ਵਿਕਰੀ ਦਾ ਅਮਲ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਇਸ ਤਰੀਕੇ ਨਾਲ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ।

 

Continue Reading

Editorial

ਦਿਨ ਢਲਣਸਾਰ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਵੀ ਹੋਵੇ ਸਖਤ ਕਾਰਵਾਈ

Published

on

By

 

 

ਸਾਡੇ ਸ਼ਹਿਰ ਵਿੱਚ ਥਾਂ ਥਾਂ ਤੇ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਅਜਿਹੀ ਹੈ ਜਿਹੜੀ ਸਮੇਂ ਦੇ ਨਾਲ ਵੱਧਦੀ ਹੀ ਰਹੀ ਹੈ ਅਤੇ ਹੁਣ ਤਾਂ ਸਾਡੇ ਸ਼ਹਿਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਜਿਸ ਪਾਸੇ ਵੀ ਨਜ਼ਰ ਮਾਰੋ ਕੋਈ ਨਾ ਕੋਈ ਨਾਜਾਇਜ਼ ਕਬਜਾ ਨਜਰ ਆ ਹੀ ਜਾਂਦਾ ਹੈ। ਸ਼ਹਿਰ ਦੀਆਂ ਮਾਰਕੀਟਾਂ ਵਿਚਲੇ ਵਰਾਂਡੇ ਹੋਣ ਜਾਂ ਪਾਰਿਕੰਗ ਵਾਲੀ ਥਾਂ, ਹਰ ਪਾਸੇ ਇਹਨਾਂ ਨਾਜਾਇਜ਼ ਕਬਜਿਆਂ ਦੀ ਭਰਮਾਰ ਦਿਸਦੀ ਹੈ। ਇਸ ਤੋਂ ਇਲਾਵਾ ਮਾਰਕੀਟਾਂ ਦੀਆਂ ਗ੍ਰੀਨ ਬੈਲਟਾਂ ਦੇ ਕਿਨਾਰੇ, ਪਾਰਕਾਂ ਦੇ ਬਾਹਰ, ਮੁੱਖ ਸੜਕਾਂ ਦੇ ਕਿਨਾਰੇ ਅਤੇ ਰਿਹਾਇਸ਼ੀ ਖੇਤਰਾਂ ਦੀਆਂ ਗਲੀਆਂ ਤਕ ਵਿੱਚ ਇਹ ਨਾਜਾਇਜ਼ ਕਬਜ਼ੇ ਆਮ ਹੋ ਗਏ ਹਨ।

ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੇ ਪਿੱਛਲੇ ਪਾਸੇ ਜਾਂ ਪਾਰਕਿੰਗ ਦੇ ਕੋਨਿਆਂ ਵਿੱਚ ਦਿਨ ਢਲਣ ਤੋਂ ਬਾਅਦ ਅਜਿਹੇ ਰੇਹੜੀਆਂ ਫੜੀਆਂ ਵਾਲੇ (ਜਿਹੜੇ ਸੂਪ, ਚਿਕਨ, ਉਬਲੇ ਅੰਡੇ, ਮੁਰਗੇ ਦਾ ਅਚਾਰ, ਮੂਮੋ, ਸਪ੍ਰਿੰਗ ਰੋਲ, ਪਾਵ ਭਾਜੀ, ਸੈਂਡਵਿੱਚ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵੇਚਦੇ ਹਨ) ਆਪਣਾ ਤਾਮ ਝਾਮ ਸਜਾ ਲੈਂਦੇ ਹਨ ਅਤੇ ਇਹਨਾਂ ਰੇਹੜੀਆਂ ਫੜੀਆਂ ਦੇ ਆਸਪਾਸ ਖਾਣ ਪੀਣ ਦੇ ਸ਼ੌਕੀਨਾਂ ਦੀ ਭੀੜ ਵੀ ਲੱਗ ਜਾਂਦੀ ਹੈ। ਦਿਨ ਢਲਣ ਤੋਂ ਬਾਅਦ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਿੱਚੋਂ ਕਈ ਤਾਂ ਅਜਿਹੇ ਵੀ ਹਨ ਜਿਹੜੇ ਆਪਣੇ ਗ੍ਰਾਹਕਾਂ ਨੂੰ ਪਾਣੀ ਅਤੇ ਗਿਲਾਸ ਵੀ ਮੁਹਈਆ ਕਰਵਾਉਂਦੇ ਹਨ ਤਾਂ ਜੋ ਇਹਨਾਂ ਦੇ ਗ੍ਰਾਹਕ ਕਬਾਬ ਦੇ ਨਾਲ ਸ਼ਰਾਬ ਦਾ ਵੀ ਲੁਤਫ ਉਠਾ ਸਕਣ। ਇਹਨਾਂ ਰੇਹੜੀਆਂ ਫੜੀਆਂ ਦੇ ਆਸਪਾਸ ਵਿਹਲੜ ਨੌਜਵਾਨ ਮੰਡਲੀਆਂ ਬਣਾ ਕੇ ਇਕੱਠੇ ਹੋ ਜਾਂਦੇ ਹਨ ਜਿਹੜੇ ਕਈ ਵਾਰ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਨਾਲ ਛੇੜਖਾਨੀ ਤਕ ਕਰਦੇ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਤਾਂ ਖਰਾਬ ਹੁੰਦਾ ਹੀ ਹੈ, ਇਸ ਕਾਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ।

ਇਸ ਦੌਰਾਨ ਹੁੰਮਸ ਭਰੀ ਗਰਮੀ ਅਤੇ ਬਰਸਾਤ ਦਾ ਮੌਸਮ ਖਤਮ ਹੋਣ ਵੱਲ ਵੱਧ ਰਿਹਾ ਹੈ ਦਿਨ ਵੀ ਛੋਟੇ ਹੋਣ ਲੱਗ ਗਏ ਹਨ। ਛੇਤੀ ਹੀ ਸਰਦੀ ਦਾ ਮੌਸਮ ਆ ਜਾਵੇਗਾ ਅਤੇ ਹਰ ਸਾਲ ਵਾਂਗ ਸਰਦੀ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਦਿਨ ਢਲਣ ਤੇ ਹੋਣ ਵਾਲੇ ਨਾਜਇਜ਼ ਕਬਜ਼ਿਆਂ ਦੀ ਗਿਣਤੀ ਵੀ ਭਾਰੀ ਵਾਧਾ ਹੋਣਾ ਤੈਅ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਮਾਰਕੀਟਾਂ ਦੀਆਂ ਪਾਰਿਕੰਗਾਂ ਅਤੇ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਥਾਂ ਤੋਂ ਇਲਾਵਾ ਸੜਕਾਂ ਦੇ ਕਿਨਾਰੇ ਕਿਸੇ ਨਾ ਕਿਸੇ ਮੋੜ ਨੇੜੇ ਅਜਿਹੀਆਂ ਕਈ ਤਰ੍ਹਾਂ ਰੇਹੜੀਆਂ ਫੜੀਆਂ ਦਿਖਣ ਲੱਗ ਗਈਆਂ ਹਨ ਜਿਹਨਾਂ ਵਲੋਂ ਖਾਣ ਪੀਣ ਦਾ ਕਈ ਤਰ੍ਹਾਂ ਦਾ ਛੋਟਾ ਵੱਡਾ ਸਾਮਾਨ ਵੇਚਿਆ ਜਾਂਦਾ ਹੈ।

ਇਸ ਸੰਬੰਧੀ ਜੇਕਰ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ਼ ਕਬਜ਼ਿਆਂ ਨੂੰ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਹੁੰਦੇ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਜਿਹੜੀ ਥੋੜ੍ਹੀ ਬਹੁਤ ਕਾਰਵਾਈ ਕੀਤੀ ਵੀ ਜਾਂਦੀ ਹੈ ਉਹ ਵੀ ਦਿਨ ਦੇ ਸਮੇਂ ਦੌਰਾਨ ਹੀ ਹੁੰਦੀ ਹੈ ਅਤੇ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹਨਾਂ ਨਾਜਾਇਜ਼ ਕਬਜ਼ਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਤੇਜੀ ਨਾਲ ਵੱਧਦੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਥਾਂ ਤੇ ਨਾਜਾਇਜ਼ ਕਬਜ਼ਾ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਇਹਨਾਂ ਲੋਕਾਂ ਦਾ ਸਾਮਾਨ ਜਬਤ ਕੀਤਾ ਜਾਵੇ। ਆਪਣਾ ਸਾਮਾਨ ਜਬਤ ਹੋਣ ਅਤੇ ਜੁਰਮਾਨਾ ਹੋਣ ਦਾ ਡਰ ਹੀ ਇਹਨਾਂ ਨਾਜਾਇਜ਼ ਕਬਜੇ ਕਰਨ ਵਾਲਿਆਂ ਨੂੰ ਇਸ ਕਾਰਵਾਈ ਤੋਂ ਰੋਕ ਸਕਦਾ ਹੈ ਪਰੰਤੂ ਨਗਰ ਨਿਗਮ ਵਲੋਂ ਇਹਨਾਂ ਫੜੀਆਂ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਾਰਨ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਦਿਨ ਢੱਲਣ ਉਪੰਰਤ (ਨਿਗਮ ਦੇ ਦਫਤਰ ਦੀ ਛੁਟੀ ਹੋਣ ਤੋਂ ਬਾਅਦ) ਹੋਣ ਵਾਲੇ ਇਹਨਾਂ ਕਬਜ਼ਿਆਂ ਤੇ ਕਾਬੂ ਕਰਨ ਲਈ ਵਾਧੂ ਸਟਾਫ ਤੈਨਾਤ ਕੀਤਾ ਜਾਵੇ ਅਤੇ ਅਜਿਹੇ ਕਬਜ਼ਾਕਾਰਾਂ ਤੇ ਛਾਪੇਮਾਰੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਜਿੱਥੇ ਨਗਰ ਨਿਗਮ ਦੇ ਨਾਜਾਇਜ਼ ਕਬਜ਼ੇ ਹਟਾਉਣ ਵਾਲੇ ਸਟਾਫ ਦੀ ਸੁਰਖਿਆ ਲਈ ਲੋੜੀਂਦੀ ਪੁਲੀਸ ਫੋਰਸ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਦਿਨ ਢਲਣ ਤੋਂ ਬਾਅਦ ਹੋਣ ਵਾਲ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਨਾਜਾਇਜ਼ ਕਬਜ਼ਿਆਂ ਦੀ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਕਾਬੂ ਕੀਤਾ ਜਾ ਸਕੇ।

 

Continue Reading

Editorial

ਦੇਸ਼ ਦੀ ਰਾਸ਼ਟਰੀ ਰਾਜਨੀਤੀ ਤੇ ਵੱਡਾ ਪ੍ਰਭਾਵ ਪਾਉਣਗੀਆਂ ਹਰਿਆਣਾ ਅਤੇ ਜੰਮੂ ਕਸ਼ਮੀਰ ਚੋਣਾਂ

Published

on

By

 

ਇਸ ਸਮੇਂ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਚੋਣ ਸਰਗਰਮੀਆਂ ਜੋਰ ਫੜ ਗਈਆਂ ਹਨ। ਇਸ ਦੌਰਾਨ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਆਪਸੀ ਗਠਜੋੜਾਂ ਦਾ ਐਲਾਨ ਹੋ ਚੁੱਕਿਆ ਹੈ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿਹੜੇ ਆਗੂਆਂ ਨੂੰ ਪਾਰਟੀ ਟਿਕਟਾਂ ਮਿਲ ਗਈਆਂ ਹਨ, ਉਹ ਪੂਰੀ ਤਰ੍ਹਾਂ ਚੋਣ ਮੈਦਾਨ ਵਿੱਚ ਨਿਤਰ ਆਏ ਹਨ ਪਰ ਜਿਹੜੇ ਆਗੂਆਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਬਗ਼ਾਵਤ ਦੇ ਰਾਹ ਤੁਰ ਪਏ ਹਨ। ਦੋਵਾਂ ਸੂਬਿਆਂ ਵਿੱਚ ਚੋਣ ਲੜ ਰਹੀਆਂ ਕਰੀਬ ਸਾਰੀਆਂ ਹੀ ਪਾਰਟੀਆਂ ਨਾਲ ਅਜਿਹਾ ਕੁਝ ਹੀ ਹੋ ਰਿਹਾ ਹੈ।

ਹਰਿਆਣਾ ਵਿੱਚ ਜਿਥੇ ਭਾਜਪਾ ਤੀਜੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਮਾਰਨ ਦਾ ਯਤਨ ਕਰ ਰਹੀ ਹੈ, ਉਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਚੋਣਾਂ ਜਿੱਤਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਖੇਤਰੀ ਦਲ ਵੀ ਇਹਨਾਂ ਚੋਣਾਂ ਦੌਰਾਨ ਆਪਣੀ ਪੂਰੀ ਸਮਰਥਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਖੇਤਰੀ ਦਲਾਂ ਦਾ ਵੀ ਹਰਿਆਣਾ ਵਿੱਚ ਚੰਗਾ ਆਧਾਰ ਹੈ ਅਤੇ ਇਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਦੀ ਗਿਣਤੀ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਦਾ ਗਠਨ ਕਰ ਸਕਦੀ ਹੈ।

ਹਰਿਆਣਾ ਵਿੱਚ ਕਾਂਗਰਸ ਵੱਲੋਂ ਚੋਣਾਂ ਜਿੱਤਣ ਲਈ ਖਿਡਾਰੀਆਂ ਤੇ ਵੀ ਟੇਕ ਰੱਖੀ ਜਾ ਰਹੀ ਹੈ ਅਤੇ ਪ੍ਰਸਿੱਧ ਖਿਡਾਰੀਆਂ/ਪਹਿਲਵਾਨਾਂ ਦਾ ਸਮਰਥਣ ਲੈ ਕੇ ਤੇ ਉਹਨਾਂ ਨੂੰ ਟਿਕਟਾਂ ਦੇ ਕੇ ਚੋਣਾਂ ਜਿੱਤਣ ਲਈ ਪੂਰੀ ਸਰਗਰਮੀ ਦਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣਾਂ ਲੜ ਰਹੀਆਂ ਕਰੀਬ ਸਾਰੀਆਂ ਹੀ ਪਾਰਟੀਆਂ ਵੱਲੋਂ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ ਅਤੇ ਹਰਿਆਣਾ ਦੇ ਲੋਕਾਂ ਨੂੰ ਆਪਣੀ ਹੀ ਪਾਰਟੀ ਵਲੋਂ ਸਥਿਰ ਅਤੇ ਚੰਗੀ ਸਰਕਾਰ ਤੇ ਸ਼ਾਸਨ ਦੇਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।

ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੇ ਜਾਵੇ ਤਾਂ ਉਥੇ 10 ਸਾਲਾਂ ਬਾਅਦ ਚੋਣਾਂ ਹੋ ਰਹੀਆਂ ਹਨ ਅਤੇ ਜੰਮ ਕਸ਼ਮੀਰ ਦੇ ਕੇਂਦਰ ਸਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਉੱਥੇ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜਿੱਥੇ ਭਾਜਪਾ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉੱਥੇ ਕਾਂਗਰਸ ਨੇ ਇਹ ਚੋਣਾਂ ਜਿੱਤਣ ਲਈ ਇੱਕ ਖੇਤਰੀ ਪਾਰਟੀ ਨਾਲ ਸਮਝੌਤਾ ਵੀ ਕਰ ਲਿਆ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਮੁੜ ਬਹਾਲ ਕੀਤਾ ਜਾਵੇਗਾ। ਕਾਂਗਰਸ ਪਾਰਟੀ ਵੀ ਹਰ ਹੀਲੇ ਜੰਮੂ ਕਸ਼ਮੀਰ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ ਅਤੇ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਆ ਗਈ ਹੈ। ਦੂਜੇ ਪਾਸੇ ਭਾਜਪਾ ਚਾਹੁੰਦੀ ਹੈ ਕਿ ਜੰਮੂ ਕਸ਼ਮੀਰ ਵਿੱਚ ਉਸ ਦੀ ਜਿੱਤ ਹੋਵੇ ਤਾਂ ਕਿ ਉਸ ਵੱਲੋਂ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਕੀਤੇ ਗਏ ਯਤਨਾਂ ਨੂੰ ਬੂਰ ਪਵੇ।

ਪੂਰੇ ਦੇਸ਼ ਦੀਆਂ ਨਜਰਾਂ ਦੋਵਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਲੱਗੀਆਂ ਹੋਈਆਂ ਹਨ ਅਤੇ ਇੰਨਾ ਤੈਅ ਹੈ ਕਿ ਇਹਨਾਂ ਦੋਵਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਭਾਵੇਂ ਕਿਸੇ ਦੇ ਵੀ ਹੱਕ ਵਿੱਚ ਹੋਣ ਪਰੰਤੂ ਉਹ ਦੇਸ਼ ਦੀ ਰਾਜਨੀਤੀ ਤੇ ਕਾਫੀ ਗਹਿਰਾ ਅਸਰ ਛੱਡਣਗੇ।

ਬਿਊਰੋ

Continue Reading

Editorial

ਸੜਕਾਂ ਤੇ ਰੁਲਦੇ ਬਚਪਨ ਨੂੰ ਬਚਾਉਣ ਦੀ ਲੋੜ

Published

on

By

 

ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਜਿਹਨਾਂ ਮੁਲਕਾਂ ਵਿੱਚ ਬੱਚਿਆਂ ਨੂੰ ਲੋੜੀਂਦੀ ਸੁਰਖਿਆ, ਚੰਗੀ ਸਿਖਿਆ ਅਤੇ ਚੰਗਾ ਜੀਵਨ ਮਿਲਦਾ ਹੈ ਉਹ ਦੇਸ਼ ਸਭਤੋਂ ਵੱਧ ਤਰੱਕੀ ਕਰਦੇ ਹਨ ਪਰੰਤੂ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਬੱਚੇ ਅਜਿਹੇ ਹਨ ਜਿਹਨਾਂ ਨੂੰ ਆਪਣਾ ਬਚਪਨ ਬਹੁਤ ਹੀ ਦੁਸ਼ਵਾਰੀਆਂ ਵਿੱਚ ਗੁਜਾਰਨਾ ਪੈਂਦਾ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਬੱਚੇ ਜਿੱਥੇ ਬਾਲ ਮਜਦੂਰੀ ਕਰਦੇ ਹਨ ਜਾਂ ਸੜਕਾਂ ਕਿਨਾਰੇ ਬੋਰੀ ਚੁੱਕ ਕੇ ਕਬਾੜ ਫਰੋਲਦੇ ਦਿਖਦੇ ਹਨ, ਉੱਥੇ ਇਹਨਾਂ ਬੱਚਿਆਂ ਨੂੰ ਸੜਕਾਂ ਕਿਨਾਰੇ ਅਤੇ ਬਾਜਾਰਾਂ ਵਿੱਚ ਭੀਖ ਮੰਗਦਿਆਂ ਵੀ ਦੇਖਿਆ ਜਾ ਸਕਦਾ ਹੈ। ਇਸ ਸੰਬੰਧੀ ਭਾਵੇਂ ਸਰਕਾਰਾਂ ਵਲੋਂ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਕਿ ਉਹਨਾਂ ਵਲੋਂ ਬੱਚਿਆਂ ਦੀ ਭਲਾਈ ਲਈ ਬਹੁਤ ਕੰਮ ਕੀਤਾ ਗਿਆ ਹੈ ਅਤੇ ਬੱਚਿਆਂ ਦੀ ਭਲਾਈ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਕੇ ਬੇਸਹਾਰਾ ਬੱਚਿਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਪਰੰਤੂ ਅਸਲੀਅਤ ਇਹ ਹੈ ਕਿ ਦੇਸ਼ ਭਰ ਦੀਆਂ ਸੜਕਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਭੀਖ ਮੰਗਦਿਆਂ ਆਮ ਵੇਖਿਆ ਜਾ ਸਕਦਾ ਹੈ ਅਤੇ ਸੜਕਾਂ ਤੇ ਰੁਲ ਰਿਹਾ ਦੇਸ਼ ਦਾ ਬਚਪਨ ਸਰਕਾਰਾਂ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦਾ ਹੈ।

ਸਾਡੇ ਸ਼ਹਿਰ ਦੀ ਹਾਲਾਤ ਵੀ ਅਜਿਹੀ ਹੀ ਹੈ ਅਤੇ ਸ਼ਹਿਰ ਦੀਆਂ ਲਗਭਗ ਸਾਰੀਆਂ ਟ੍ਰੈਫਿਕ ਲਾਈਟਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਭੀਖ ਮੰਗਦਿਆਂ ਆਮ ਵੇਖਿਆ ਜਾ ਸਕਦਾ ਹੈ। ਇਹਨਾਂ ਵਿੱਚੋਂ ਕੁੱਝ ਬੱਚੇ ਗੁਬਾਰੇ ਜਾਂ ਅਜਿਹਾ ਕੋਈ ਹੋਰ ਛੋਟਾ ਮੋਟਾ ਸਮਾਨ ਵੇਚਦੇ ਵੀ ਨਜਰ ਆਉਂਦੇ ਹਨ। ਇਸੇ ਤਰ੍ਹਾਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵੀ ਮੈਲੇ ਕੁਚਲੇ ਕੱਪੜਿਆਂ ਵਿੱਚ ਲਿਪਟੇ ਭੀਖ ਮੰਗਣ ਵਾਲੇ ਅਜਿਹੇ ਬੱਚੇ ਆਮ ਦਿਖ ਜਾਂਦੇ ਹਨ ਜਿਹੜੇ ਹਰ ਵੇਲੇ ਆਉਣ ਜਾਣ ਵਾਲਿਆਂ ਤੋਂ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਭੀਖ ਮੰਗਦੇ ਰਹਿੰਦੇ ਹਨ। ਇਸਦੇ ਇਲਾਵਾ ਛੋਟੇ ਬੱਚੇ ਬੂਟ ਪਾਲਿਸ਼ ਜਾਂ ਅਜਿਹੇ ਹੋਰ ਛੋਟੇ ਮੋਟੇ ਕੰਮ ਜਾਂ ਬਾਲ ਮਜਦੂਰੀ ਕਰਦੇ ਵੀ ਦਿਖਾਈ ਦਿੰਦੇ ਹਨ।

ਇਸ ਸੰਬੰਧੀ ਭਾਵੇਂ ਬਾਲ ਕਲਿਆਣ ਵਿਭਾਗ ਵਲੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਬਾਲ ਮਜਦੂਰੀ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਕੋਈ ਵੀ ਦੁਕਾਨਦਾਰ ਬੱਚਿਆਂ ਤੋਂ ਬਾਲ ਮਜਦੂਰੀ ਨਾ ਕਰਵਾਏ ਪਰੰਤੂ ਇਸਦੇ ਬਾਵਜੂਦ ਇਹ ਕੰਮ ਬਾਦਸਤੂਰ ਜਾਰੀ ਰਹਿੰਦਾ ਹੈ। ਖਾਣ ਪੀਣ ਦੀਆਂ ਰੇਹੜੀਆਂ ਅਤੇ ਚਾਹ ਦੇ ਖੋਖਿਆਂ ਤੇ ਕਦੇ ਨਾ ਕਦੇ ਅਜਿਹੇ ਮੁੰਡੂ ਜਾਂ ਛੋਟੂ ਕਹਾਉਂਦੇ ਬੱਚੇ ਜੂਠੇ ਗਿਲਾਸ ਜਾਂ ਭਾਂਡੇ ਧੋਂਦੇ ਆਮ ਦਿਖ ਜਾਂਦੇ ਹਨ। ਇਸ ਤੋਂ ਇਲਾਵਾ ਦੁਕਾਨਾਂ, ਵਰਕਸ਼ਾਪਾਂ ਵਿੱਚ ਵੀ ਛੋਟੀ ਉਮਰ ਦੇ ਬੱਚੇ ਕੰਮ ਕਰਦੇ ਹਨ। ਇਹ ਬੱਚੇ ਭਾਵੇਂ 11-12 ਸਾਲ ਦੀ ਉਮਰ ਦੇ ਹੀ ਹੁੰਦੇ ਹਨ ਪਰੰਤੂ ਖੁਦ ਨੂੰ 14 ਜਾਂ 15 ਸਾਲ ਦਾ ਹੀ ਦੱਸਦੇ ਹਨ ਤਾਂ ਜੋ ਉਹਨਾਂ ਨੂੰ ਕੰਮ ਮਿਲ ਜਾਵੇ। ਅਜਿਹੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਵਿਚ ਕੰਮ ਕਰਦੇ ਬੱਚਿਆਂ ਨੂੰ ਫਿਰ ਵੀ ਇਹ ਤਸੱਲੀ ਹੁੰਦੀ ਹੈ ਕਿ ਉਹ 5-6 ਸਾਲ ਲਗਾਤਾਰ ਕੰਮ ਸਿੱਖ ਕੇ ਫਿਰ ਖੁਦ ਆਪਣਾ ਕੰਮ ਕਰਨ ਜੋਗੇ ਹੋ ਜਾਣਗੇ ਅਤੇ ਆਪਣੀ ਜਿੰਦਗੀ ਖੁਦ ਸੰਵਾਰਨ ਜੋਗੇ ਹੋ ਸਕਣਗੇ।

ਸ਼ਹਿਰ ਵਿੱਚ ਤਾਂ ਇਹ ਬਾਲ ਮਜਦੂਰ ਨਜਰ ਆ ਜਾਂਦੇ ਹਨ ਪਰੰਤੂ ਇੱਟਾਂ ਦੇ ਭੱਠਿਆਂ ਤੇ ਇੱਟਾਂ ਪੱਥਦੇ ਬੱਚੇ ਤਾਂ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦੇ, ਜਿਹਨਾਂ ਦੇ ਮਾਪੇ ਭੱਠਾ ਮਾਲਕਾਂ ਦੇ ਬੰਧੂਆਂ ਮਜਦੂਰ ਹੁੰਦੇ ਹਨ ਅਤੇ ਇਹਨਾਂ ਕੋਲ ਸਿਵਾਏ ਇੱਟਾਂ ਪੱਥਣ ਦੇ ਹੋਰ ਕੋਈ ਕੰਮ ਨਹੀਂ ਹੁੰਦਾ। ਸਭਤੋਂ ਮਾੜੀ ਹਾਲਤ ਸੜਕਾਂ ਤੇ ਭੀਖ ਮੰਗਦੇਬੱਚਿਆਂ ਦੀ ਹੈ ਜਿਹਨਾਂ ਦੀ ਜਵਾਨੀ ਵੀ ਅਕਸਰ ਗਲਤ ਕੰਮਾਂ ਵਿੱਚ ਹੀ ਬੀਤਦੀ ਹੈ। ਛੋਟੇ ਹੁੰਦਿਆਂ ਉਹਨਾਂ ਦੇ ਮਾਪੇ ਉਹਨਾਂ ਤੋਂ ਜਬਰਦਸਤੀ ਭੀਖ ਮੰਗਵਾਉਦੇ ਹਨ ਅਤੇ ਭੀਖ ਵਿੱਚ ਇਕੱਠੇ ਕੀਤੇ ਪੈਸਿਆਂ ਨਾਲ ਖੁਦ ਐਸ਼ ਪ੍ਰਸਤੀ ਕਰਦੇ ਹਨ। ਆਪਣੇ ਮਾਂ ਬਾਪ ਨੂੰ ਅਜਿਹਾ ਕਰਦਿਆਂ ਵੇਖ ਕੇ ਬੱਚਿਆਂ ਉਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਹ ਵੀ ਗਲਤ ਰਸਤੇ ਪੈ ਜਾਂਦੇ ਹਨ। ਵੱਡਿਆਂ ਦੀ ਦੇਖਾ ਦੇਖੀ ਇਹਨਾਂ ਬੱਚਿਆਂ ਨੂੰ ਵੀ ਛੋਟੀ ਉਮਰ ਤੋਂ ਹੀ ਚੋਰੀਆਂ ਕਰਨ ਅਤੇ ਨਸ਼ੇ ਕਰਨ ਦੀ ਆਦਤ ਪੈ ਜਾਂਦੀ ਹੈ ਜਿਹੜੀ ਸਾਰੀ ਉਮਰ ਉਹਨਾਂ ਦੇ ਨਾਲ ਹੀ ਚਲਦੀ ਹੈ।

ਇਸ ਵੇਲੇ ਹਾਲਾਤ ਇਹ ਹਨ ਕਿ ਤਮਾਮ ਸਰਕਾਰੀ ਦਾਅਵਿਆਂ ਦੇ ਬਾਵਜੂਦ ਦੇਸ਼ ਦੇ ਭਵਿੱਖ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿਹੜਾ ਭੀਖ ਮੰਗਕੇ ਜਾਂ ਫਿਰ ਕੋਈ ਹੋਰ ਕੰਮ ਕਰਕੇ ਜਿੰਦਗੀ ਲੰਘਾ ਰਿਹਾ ਹੈ ਅਤੇ ਇਹਨਾਂ ਬੱਚਿਆਂ ਦਾ ਬਚਪਨ ਸੜਕਾਂ ਤੇ ਰੁਲ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸੜਕਾਂ ਤੇ ਰੁਲਦੇ ਇਸ ਬਚਪਨ ਨੂੰ ਬਚਾਉਣ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਹਨਾਂ ਬੱਚਿਆਂ ਦੀ ਸਾਂਭ ਸੰਭਾਲ ਕਰਕੇ ਉਹਨਾਂ ਦੀੇ ਰਹਿਣ ਸਹਿਣ ਅਤੇ ਸਿਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਬੱਚੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਦੇਣ। ਇਹ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਜਿਸ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

Continue Reading

Latest News

Trending