Mohali
ਖਰੜ ਦੀ ਨਿੱਝਰ ਰੋਡ ਤੇ ਖੜ੍ਹਦੇ ਸੀਵਰੇਜ ਦੇ ਗੰਦੇ ਬਦਬੂਦਾਰ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਇਸ ਖੇਤਰ ਦੇ ਵਸਨੀਕ
ਸੜਕ ਤੇ ਛੱਡਿਆ ਜਾਂਦਾ ਹੈ ਨਿੱਜੀ ਬਿਲਡਰ ਵਲੋਂ ਬਣਾਏ ਫਲੈਟਾਂ ਦੇ ਸੀਵਰੇਜ ਦਾ ਗੰਦਾ ਪਾਣੀ
ਖਰੜ, 31 ਜੁਲਾਈ (ਸ.ਬ.) ਖਰੜ ਨਗਰ ਕੌਂਸਲ ਵਲੋਂ ਭਾਵੇਂ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਮੁਹਈਆ ਕਰਵਾਉਣ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਅਸਲੀਅਤ ਇਹ ਹੈ ਕਿ ਪ੍ਰਸ਼ਾਸ਼ਨ ਦੀ ਅਣਦੇਖੀ ਕਾਰਨ ਲੋਕ ਨਰਕਮਈ ਹਾਲਾਤ ਵਿੱਚ ਜੀਣ ਲਈ ਮਜਬੂਰ ਹਨ। ਇਸਦਾ ਕਾਰਨ ਇਹ ਹੈ ਕਿ ਪਿਛਲੇ ਸਾਲਾਂ ਦੌਰਾਨ ਖਰੜ ਵਿੱਚ ਪ੍ਰਾਈਵੇਟ ਬਿਲਡਰਾਂ ਵਲੋਂ ਧੜਾਧੜ ਮਕਾਨ ਅਤੇ ਫਲੈਟ ਉਸਾਰੇ ਗਏ ਹਨ ਅਤੇ ਨਗਰ ਕੌਂਸਲ ਵਲੋਂ ਇਹਨਾਂ ਫਲੈਟਾਂ ਅਤੇ ਮਕਾਨਾਂ ਦੇ ਨਕਸ਼ੇ ਪਾਸ ਕਰਕੇ ਆਪਣਾ ਖਜਾਨਾ ਵੀ ਭਰਿਆ ਗਿਆ ਹੈ ਪਰੰਤੂ ਇਹਨਾਂ ਫਲੈਟਾਂ ਅਤੇ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਨਿਕਲਣ ਵਾਲੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਬੁਨਿਆਦੀ ਢਾਂਚਾ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਖਰੜ ਦੇ ਜਿਆਦਾਤਰ ਖੇਤਰਾਂ ਵਿੱਚ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ।
ਖਰੜ ਦੀ ਨਿੱਝਰ ਸੜਕ ਜਿਹੜੀ ਚੰਡੀਗੜ੍ਹ ਖਰੜ ਸੜਕ ਤੋਂ ਪਿੰਡ ਬਲਿਆਲੀ ਤਕ ਜਾਂਦੀ ਹੈ ਦੇ ਉੱਪਰ ਵੀ ਬਿਲਡਰਾਂ ਵਲੋਂ ਅਜਿਹੇ ਕਈ ਛੋਟੇ ਵੱਡੇ ਪ੍ਰੋਜੈਕਟ ਬਣਾਏ ਗਏ ਹਨ ਜਿਹਨਾਂ ਵਿੱਚ ਲੋਕਾਂ ਨੂੰ ਪਲਾਟ ਅਤੇ ਫਲੈਟ ਆਦਿ ਵੇਚੇ ਗਏ ਅਤੇ ਇਸ ਥਾਂ ਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕੁੱਝ ਜਿਆਦਾ ਹੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਇਸ ਸੜਕ ਤੇ ਐਸ ਬੀ ਪੀ ਹੋਮ ਦੇ ਪ੍ਰੋਜੈਕਟ ਤੋਂ ਲੈ ਕੇ ਛੱਜੂ ਮਾਜਰਾ ਦੇ ਗੁਰੂਦੁਆਰਾ ਸਾਹਿਬ ਤਕ ਦੀ ਥਾਂ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਦਾ ਸ਼ਿਕਾਰ ਹੈ ਅਤੇ ਇਸ ਸੜਕ ਤੇ ਹਰ ਵੇਲੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇਹ ਸੜਕ ਬਹੁਤ ਜਿਆਦਾ ਚਲਦੀ ਹੈ ਕਿਉਂਕਿ ਇਸ ਖੇਤਰ ਦੀਆਂ ਵੱਖ ਵੱਖ ਕਾਲੋਨੀਆਂ ਦੇ ਵਸਨੀਕ ਮੁਹਾਲੀ ਚੰਡੀਗੜ੍ਹ ਜਾਣ ਲਈ ਇਸ ਸੜਕ ਤੋਂ ਹੋ ਕੇ ਏਅਰਪੋਰਟ ਸੜਕ ਤੇ ਆਉਂਦੇ ਜਾਂਦੇ ਹਨ ਪਰੰਤੂ ਸੜਕ ਤੇ ਖੜ੍ਹੇ ਗੰਦੇ ਬਦਬੂਦਾਰ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਸਹਿਣੀ ਪੈਂਦੀ ਹੈ।
ਇਸ ਸੜਕ ਤੋਂ ਹੋ ਕੇ ਰੋਜਾਨਾ ਚੰਡੀਗੜ੍ਹ ਆਉਂਦੇ ਜਾਂਦੇ ਲੋਕਾਂ ਦਾ ਕਹਿਣਾ ਹੈ ਕਿ ਖਰੜ ਦੀ ਵਿਧਾਇਕਾ ਨੂੰ ਭਾਵੇਂ ਪੰਜਾਬ ਵਿੱਚ ਕੈਬਿਨਟ ਮੰਤਰੀ ਦੀ ਕੁਰਸੀ ਵੀ ਮਿਲੀ ਹੋਈ ਹੈ ਪਰੰਤੂ ਲੱਗਦਾ ਹੈ ਕਿ ਖਰੜ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦਾ ਸਮਾਂ ਉਸ ਕੋਲ ਨਹੀਂ ਹੈ।
ਇਸ ਸੜਕ ਤੇ ਪੈਂਦੀ ਸ਼ਿਵਾਲਿਕ ਸਿਟੀ ਦੀ ਬੂਥ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੜਕ ਤੇ ਇੱਥੇ ਬਣੇ ਐਸ ਬੀ ਹੋਮ ਦੇ 10 ਮੰਜਿਲਾ ਫਲੈਟਾਂ ਦੇ ਸੀਵਰੇਜ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇਸ ਖੇਤਰ ਦੀ ਮਿਉਂਸਪਲ ਕੌਂਸਲ ਭਾਵੇਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਪਰੰਤੂ ਉਸਦਾ ਵੀ ਇਸ ਪੱਖੋਂ ਜੋਰ ਨਹੀਂ ਚਲਦਾ। ਉਹਨਾਂ ਕਿਹਾ ਕਿ ਇਸ ਸੜਕ ਤੇ ਖੜ੍ਹਦਾ ਇਹ ਪਾਣੀ ਬਾਅਦ ਵਿੱਚ ਮਾਰਕੀਟ ਦੀ ਪਾਰਿਕੰਗ ਵਿੱਚ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਦਾ ਲਾਂਘਾ ਤਕ ਰੁਕ ਜਾਂਦਾ ਹੈ ਅਤੇ ਉਹਨਾਂ ਦੀ ਦੁਕਾਨਦਾਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਇਸ ਸੰਬੰਧੀ ਇਲਾਕਾ ਕੌਂਸਲਰ ਜਸਬੀਰ ਕੌਰ ਨੇ ਕਿਹਾ ਕਿ ਇਸ ਥਾਂ ਤੇ ਐਸ ਬੀ ਪੀ ਹੋਮ ਦੇ ਪ੍ਰਬੰਧਕਾਂ ਵਲੋਂ ਛੱਡੇ ਜਾਂਦੇ ਗੰਦੇ ਪਾਣੀ ਕਾਰਨ ਇਹ ਸਮੱਸਿਆ ਆਉਂਦੀ ਸੀ ਜਿਸਤੇ ਉਹਨਾਂ ਵਲੋਂ ਇਸ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਹਨਾਂ ਦੀਆਂ ਮੋਟਰਾਂ ਜਬਤ ਕਰਨ ਲਈ ਵੀ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਕੌਂਸਲ ਵਲੋਂ ਬਿਲਡਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸਤੋਂ ਬਾਅਦ ਬਿਲਡਰ ਵਲੋਂ ਆਪਣੇ ਗੰਦੇ ਪਾਣੀ ਦੀ ਨਿਕਾਸੀ ਲਈ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਵੇਲੇ ਜਿਹੜਾ ਪਾਣੀ ਖੜ੍ਹਾ ਹੈ ਉਹ ਬਰਸਾਤ ਦਾ ਪਾਣੀ ਹੈ ਅਤੇ ਗੁਰੂਦੁਆਰਾ ਸਾਹਿਬ ਨੇੜੇ ਪਾਣੀ ਉਪਰਫਲੋ ਹੁੰਦਾ ਹੈ। ਸ਼ਿਵਾਲਿਕ ਸਿਟੀ ਦੀ ਮਾਰਕੀਟ ਦੀ ਪਾਰਕਿੰਗ ਦੀ ਮਾੜੀ ਹਾਲਤ ਬਾਰੇ ਉਹਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਪਾਣੀ ਰੋਕਣ ਵਾਸਤੇ ਪਾਰਕਿੰਗ ਵਿੱਚ ਮਲਬਾ ਸੁੱਟ ਦਿੱਤਾ ਗਿਆ ਸੀ ਜਿਸ ਕਾਰਨ ਪਾਰਕਿੰਗ ਦੀ ਹਾਲਾਤ ਹੋਰ ਵਿਗੜ ਗਈ ਹੈ। ਉਹਨਾਂ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਦਾ ਕੰਮ ਇੱਕ ਦੋ ਦਿਨਾਂ ਵਿੱਚ ਆਰੰਭ ਹੋ ਜਾਵੇਗਾ ਅਤੇ ਇਸ ਸਮੱਸਿਆ ਦਾ ਛੇਤੀ ਹੀ ਹਲ ਹੋ ਜਾਵੇਗਾ।
Mohali
ਪਿੰਡ ਲਖਨੌਰ ਵਿੱਚ ਨਾਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਕਟਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਗ੍ਰਾਮ ਪੰਚਾਇਤ, ਪਿੰਡ ਲਖਨੌਰ ਦੇ ਵਫਦ ਵੱਲੋਂ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਸੋਨਮ ਚੌਧਰੀ ਨਾਲ ਮੁਲਾਕਾਤ ਕਰਕੇ ਪਿੰਡ ਲਖਨੌਰ ਬਲਾਕ ਮੁਹਾਲੀ ਵਿੱਚ ਨਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਨੂੰ ਕਟਵਾਉਣ ਸਬੰਧੀ ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਲਖਨੌਰ ਦੇ ਸਰਪੰਚ ਵਲੋਂ ਸਾਰੀ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਪਿੰਡ ਵਿਚ ਕਿਰਾਏਦਾਰਾਂ ਦੀਆਂ ਗਲਤ ਢੰਗ ਨਾਲ ਬਣੀਆਂ ਵੋਟਾਂ ਨੂੰ ਤੁਰੰਤ ਕਟਵਾਇਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਪਿੰਡ ਦੀ ਲਗਭਗ 1250 ਵੋਟ ਹੈ, ਜਿਸ ਵਿੱਚ ਕਰੀਬ 200 ਵੋਟਾਂ ਕਿਰਾਏਦਾਰਾਂ ਦੀਆਂ ਨਾਜਾਇਜ਼ ਬਣੀਆਂ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਿਰਾਏਦਾਰ ਕੋਈ ਘਟਨਾ ਜਾਂ ਕਰਾਇਮ ਕਰਦਾ ਹੈ ਤਾਂ ਉਹ ਰਾਤੋ ਰਾਤ ਕਮਰਾ ਖਾਲੀ ਕਰਕੇ ਭੱਜ ਜਾਂਦਾ ਹੈ, ਜਿਸ ਪਿੱਛੋਂ ਇਹਨਾਂ ਵਿਅਕਤੀਆਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਤਾਜਾ ਮਿਸਾਲ ਪਿੰਡ ਕੁੰਭੜਾ ਵਿੱਚ ਹੋਏ ਦੋ ਨੌਜਵਾਨਾਂ ਦੇ ਕਤਲ ਦੀ ਹੈ ਜਿੱਥੇ ਨੌਜਵਾਨਾਂ ਦੇ ਕਾਤਲਾਂ ਨੂੰ ਪੁਲੀਸ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਲੱਭਿਆ ਹੈ ਅਤੇ ਇਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਵਫਦ ਨੇ ਮੰਗ ਕੀਤੀ ਕਿ ਇਸ ਸਬੰਧੀ ਬੀ. ਐਲ. ਓ. ਦੀਆਂ ਡਿਊਟੀ ਲਗਾ ਕੇ ਗਲਤ ਢੰਗ ਨਾਲ ਬਣੀਆਂ ਪ੍ਰਵਾਸੀਆਂ ਦੀਆਂ ਵੋਟਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਬਰਕਰਾਰ ਰਹੇ ਅਤੇ ਪਿੰਡ ਵਿੱਚ ਹੋਣ ਵਾਲੀਆਂ ਅਣ-ਸੁਖਾਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਲਖਨੌਰ, ਕੁਲਦੀਪ ਸਿੰਘ ਪੰਚ, ਸੰਦੀਪ ਸਿੰਘ ਪੰਚ, ਜਸਪ੍ਰੀਤ ਸਿੰਘ ਪੰਚ, ਭਾਗ ਸਿੰਘ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਗੁਰਮੁਖ ਸਿੰਘ ਲੰਬੜਦਾਰ, ਅਮਰਜੀਤ ਸਿੰਘ ਪੰਚ, ਧਰਮ ਸਿੰਘ, ਜਸਪਾਲ ਸਿੰਘ ਪਾਲੀ, ਰੁਪਿੰਦਰ ਸਿੰਘ ਲੰਬੜਦਾਰ ਲਖਨੌਰ ਵੀ ਹਾਜਰ ਸਨ।
Mohali
ਟਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ
ਘਨੌਰ, 31 ਜਨਵਰੀ (ਅਭਿਸ਼ੇਕ ਸੂਦ) ਟ੍ਰੈਫਿਕ ਪੁਲੀਸ ਵਲੋਂ ਮਨਾਏ ਜਾ ਰਹੇ ਟ੍ਰੈਫਿਕ ਮਹੀਨੇ ਦੇ ਤਹਿਤ ਡੀ ਐਸ ਪੀ ਟ੍ਰੈਫਿਕ ਪੁਲੀਸ ਪਟਿਆਲਾ ਅਛਰੂ ਰਾਮ ਤੇ ਇੱਕਬਾਲ ਸਿੰਘ ਟ੍ਰੈਫਿਕ ਇੰਚਾਰਜ ਦੀ ਅਗਵਾਈ ਹੇਠ ਸਰਬਜੀਤ ਸਿੰਘ ਤੇ ਸਟਾਫ ਵੱਲੋਂ ਘਨੌਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਲਗਾ ਕੇ ਟਰੈਫਿਕ ਰੂਲਾਂ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣਾ ਯੋਗਦਾਨ ਪਾਉਦਿਆਂ ਹੋਇਆਂ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੈਫਿਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਾਉਣ, ਡਰਾਈਵਿੰਗ ਕਰਨ ਸਮੇਂ ਸੀਟ ਬੈਲਟ ਪਾਉਣ, ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਅਤੇ ਹੋਰ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਟੋ ਅਤੇ ਟਰੱਕ ਯੂਨੀਅਨਾਂ ਵਿੱਚ ਜਾ ਕੇ ਵੀ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
Mohali
ਲਗਾਤਾਰ ਵੱਧਦੇ ਅਪਰਾਧਾਂ ਤੇ ਕਾਬੂ ਕਰਨ ਦੀ ਮੰਗ
ਵਸਨੀਕਾਂ ਨੂੰ ਹੁਸ਼ਿਆਰ ਰਹਿਣ ਦੀ ਅਪੀਲ ਕੀਤੀ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਗੁਰੂ ਨਾਨਕ ਕਲੋਨੀ, ਬਡਾਲਾ ਰੋਡ (ਵਾਰਡ ਨੰ. 26, ਖਰੜ) ਦੇ ਆਗੂਆਂ ਚੇਅਰਮੈਨ ਰੱਬੀ ਸਿੰਘ, ਪ੍ਰਧਾਨ ਅਮਰ ਚੰਦ, ਜਨਰਲ ਸਕੱਤਰ ਸੋਮ ਰਾਜ ਠਾਕੁਰ, ਜੁਆਇੰਟ ਸਕੱਤਰ ਬਲਵਿੰਦਰ ਸਿੰਘ, ਖਜ਼ਾਨਚੀ ਮਾਸਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਨਾਨਕ ਕਲੋਨੀ ਵਿਖੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਵਾਧਾ ਹੋਇਆ ਹੈ।
ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਸੋਨੇ ਦੀਆਂ ਚੈਨਾਂ ਖੋਹਣ ਦੀਆਂ ਦੋ ਵਾਰਦਾਤਾਂ ਤੋਂ ਇਲਾਵਾ, ਘਰ ਵਿਚੋਂ ਗੈਸ ਸਿਲੰਡਰ ਚੋਰੀ ਦੀ ਇੱਕ ਘਟਨਾ ਲੇਡੀਜ਼ ਪੁਲੀਸ ਕਰਮਚਾਰੀ ਤੋਂ ਮੋਬਾਈਲ ਖੋਹਣ ਦੀ ਘਟਨਾ ਨੂੰ ਵੀ ਗੁੰਡਾ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ, ਭਾਵੇਂ ਕਿ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਲਿਸਟ ਬਹੁਤ ਲੰਬੀ ਹੈ।
ਉਹਨਾਂ ਕਿਹਾ ਕਿ ਇਹਨਾਂ ਅਨਸਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਹਰ ਵੇਲੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਵੱਧਦੀ ਹੈ। ਇਸ ਸੰਬੰਧੀ ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਕਮੇਟੀ ਵਲੋਂ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਸਨੀਕਾਂ ਨੂੰ ਹੁਸ਼ਿਆਰ ਰਹਿਣਾ ਲਈ ਕਿਹਾ ਗਿਆ ਹੈ। ਕਮੇਟੀ ਵਲੋਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਕਿਸੇ ਘਟਨਾ ਵੇਲੇ ਤੁਰੰਤ ਇਕੱਠ ਹੋਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
International2 months ago
ਰਨਵੇ ਦੀ ਬਜਾਏ ਸੜਕ ਤੇ ਉਤਰਿਆ ਜਹਾਜ਼, ਲੈਂਡਿੰਗ ਦੌਰਾਨ ਹੋਏ ਦੋ ਟੋਟੇ
-
International1 month ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ